Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਮੁੜ ਉਛਾਲ, 24 ਕੈਰੇਟ ਸੋਨਾ ₹1.25 ਲੱਖ ਤੋਂ ਪਾਰ; ਜਾਣੋ ਤਾਜ਼ਾ ਭਾਅ
ਪਿਛਲੇ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਤੋਂ ਬਾਅਦ ਹੁਣ ਕੀਮਤੀ ਧਾਤਾਂ ਦੇ ਭਾਅ ਮੁੜ ਵਧਣ ਲੱਗੇ ਹਨ। ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦਰਜ ਕੀਤੀ ਗਈ। ਦੇਸ਼ ਵਿੱਚ ਗਹਿਣੇ ਬਣਾਉਣ ਲਈ ਵਰਤੇ ਜਾਣ ਵਾਲੇ 22 ਕੈਰੇਟ ਸੋਨੇ ਦੀ ਕੀਮਤ ਲਗਭਗ 1,14,990 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ, ਜਦਕਿ 24 ਕੈਰੇਟ ਸੋਨੇ ਦਾ ਭਾਅ 1,25,530 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ। ਉੱਧਰ, ਚਾਂਦੀ ਦੀ ਕੀਮਤ ਵੀ 1.52 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਰਹੀ।
ਮਨੀਕੰਟਰੋਲ ਦੇ ਅੰਕੜਿਆਂ ਮੁਤਾਬਕ 21 ਨਵੰਬਰ ਨੂੰ 22 ਕੈਰੇਟ ਸੋਨੇ ਦੀ ਕੀਮਤ 1,12,780 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 1,23,120 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਮੁਕਾਬਲੇ 23 ਨਵੰਬਰ ਨੂੰ 22 ਕੈਰੇਟ ਸੋਨਾ 2,210 ਰੁਪਏ ਅਤੇ 24 ਕੈਰੇਟ ਸੋਨਾ 2,410 ਰੁਪਏ ਮਹਿੰਗਾ ਹੋ ਗਿਆ। 22 ਨਵੰਬਰ ਨੂੰ ਐਤਵਾਰ ਹੋਣ ਕਾਰਨ ਸਰਾਫਾ ਬਾਜ਼ਾਰ ਬੰਦ ਰਹੇ ਸਨ।
ਪਿਛਲੇ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਆਈ ਸੀ ਵੱਡੀ ਗਿਰਾਵਟ
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸੋਨੇ ਦੀਆਂ ਕੀਮਤਾਂ ਵਿੱਚ ਕਰੀਬ 9 ਤੋਂ 10 ਫ਼ੀਸਦੀ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਭਗ 15 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਕੀਮਤਾਂ ਘਟਣ ਕਾਰਨ ਗਹਿਣੇ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ। ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਘੱਟ ਕੀਮਤਾਂ 'ਤੇ ਸੋਨੇ ਦੇ ਗਹਿਣੇ ਖ਼ਰੀਦਣ ਵਿੱਚ ਵੀ ਲੋਕਾਂ ਦੀ ਦਿਲਚਸਪੀ ਵਧੀ ਸੀ। ਹਾਲਾਂਕਿ, ਹੁਣ ਕੀਮਤਾਂ ਵਿੱਚ ਮੁੜ ਤੇਜ਼ੀ ਆਉਣ ਨਾਲ ਖ਼ਰੀਦਦਾਰਾਂ ਦੀ ਚਿੰਤਾ ਵਧ ਸਕਦੀ ਹੈ।
ਅਮਰੀਕੀ ਫੈਡਰਲ ਰਿਜ਼ਰਵ ਅਤੇ ਡਾਲਰ ਦਾ ਕੀਮਤਾਂ 'ਤੇ ਅਸਰ
ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਪਿੱਛੇ ਅਮਰੀਕੀ ਫੈਡਰਲ ਰਿਜ਼ਰਵ ਦੀ ਵਿਆਜ ਦਰਾਂ ਸਬੰਧੀ ਨੀਤੀ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਵਿਆਜ ਦਰਾਂ ਵਿੱਚ ਤੁਰੰਤ ਵਾਧੇ ਦੀਆਂ ਸੰਭਾਵਨਾਵਾਂ ਘਟਣ ਨਾਲ ਸੋਨੇ ਵਰਗੀਆਂ ਕੀਮਤੀ ਧਾਤਾਂ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ। ਇਸ ਤੋਂ ਇਲਾਵਾ ਪਿਛਲੇ ਹਫ਼ਤੇ ਆਈ ਵੱਡੀ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ ਵੱਲੋਂ ਮੁੜ ਖ਼ਰੀਦਦਾਰੀ ਕੀਤੇ ਜਾਣ ਨੇ ਵੀ ਕੀਮਤਾਂ ਨੂੰ ਸਹਾਰਾ ਦਿੱਤਾ ਹੈ।
ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਡਾਲਰ ਦੀ ਚਾਲ, ਫੈਡਰਲ ਰਿਜ਼ਰਵ ਦੇ ਵਿਆਜ ਦਰਾਂ ਸਬੰਧੀ ਫ਼ੈਸਲੇ ਅਤੇ ਕੌਮਾਂਤਰੀ ਆਰਥਿਕ ਹਾਲਾਤ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।