‘ਬਾਹੂਬਲੀ ਵਾਲਾ ਰਵੱਈਆ ਛੱਡੋ’: ਐੱਸ.ਪੀ. ਨੂੰ 1 ਰੁਪਏ ਜੁਰਮਾਨਾ ਲਾਉਣ ਵਾਲੇ ਜੱਜ ਨੂੰ ਸੁਪਰੀਮ ਕੋਰਟ ਦੀ ਫਟਕਾਰ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬਿਹਾਰ ਦੇ ਇੱਕ ਸੈਸ਼ਨ ਜੱਜ ਨੂੰ ਸਖ਼ਤ ਫਟਕਾਰ ਲਗਾਉਂਦਿਆਂ ਉਨ੍ਹਾਂ ਨੂੰ ‘ਬਾਹੂਬਲੀ’ ਵਾਂਗ ਵਿਵਹਾਰ ਨਾ ਕਰਨ ਦੀ ਨਸੀਹਤ ਦਿੱਤੀ। ਮਾਮਲਾ ਇੱਕ ਪੁਲੀਸ ਸੁਪਰਡੈਂਟ (ਐੱਸ.ਪੀ.) ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਠਹਿਰਾ ਕੇ ਮਹਿਜ਼ 1 ਰੁਪਏ ਜੁਰਮਾਨਾ ਲਗਾਉਣ ਨਾਲ ਜੁੜਿਆ ਹੋਇਆ ਹੈ। ਜੱਜ ਨੇ ਇਹ ਕਾਰਵਾਈ ਅਦਾਲਤ ਦੇ ਉਸ ਹੁਕਮ ਦੀ ਕਥਿਤ ਉਲੰਘਣਾ ਕਰਨ ’ਤੇ ਕੀਤੀ ਸੀ, ਜਿਸ ਵਿੱਚ ਝੂਠੀ ਗਵਾਹੀ ਦੇਣ ਵਾਲੇ ਵਿਅਕਤੀ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਜਸਟਿਸ ਜੌਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਜੱਜ ਦੀ ਕਾਨੂੰਨੀ ਸਮਝ ’ਤੇ ਸਵਾਲ ਉਠਾਉਂਦਿਆਂ ਸਪੱਸ਼ਟ ਕੀਤਾ ਕਿ ਅਦਾਲਤ ਦੇ ਸਾਹਮਣੇ ਕੀਤੇ ਗਏ ਅਪਰਾਧ ਅਤੇ ਅਦਾਲਤੀ ਹੁਕਮ ਦੀ ਉਲੰਘਣਾ ਵਿਚ ਕਾਨੂੰਨੀ ਤੌਰ ’ਤੇ ਫ਼ਰਕ ਹੁੰਦਾ ਹੈ। ਬੈਂਚ ਨੇ ਕਿਹਾ ਕਿ ਬੀ.ਐੱਨ.ਐੱਸ.ਐੱਸ. ਦੀ ਧਾਰਾ 384 ਅਤੇ ਸੀ.ਆਰ.ਪੀ.ਸੀ. ਦੀ ਧਾਰਾ 345 ਦੇ ਅਧਿਕਾਰ ਖੇਤਰ ਨੂੰ ਸਮਝਣਾ ਜ਼ਰੂਰੀ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਅਦਾਲਤ ਵਿੱਚ ਹਿੰਸਾ ਕਰਦਾ ਹੈ, ਗਾਲ੍ਹਾਂ ਕੱਢਦਾ ਹੈ ਜਾਂ ਅਦਾਲਤ ਦੇ ਹੁਕਮ ਦੇ ਬਾਵਜੂਦ ਕਮਰਾ ਛੱਡਣ ਤੋਂ ਇਨਕਾਰ ਕਰਦਾ ਹੈ ਤਾਂ ਇਹ ਅਦਾਲਤ ਦੇ ਸਾਹਮਣੇ ਕੀਤਾ ਗਿਆ ਅਪਰਾਧ ਹੋ ਸਕਦਾ ਹੈ। ਪਰ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦੀ ਪਾਲਣਾ ਨਾ ਕਰਨਾ ਇਸ ਸ਼੍ਰੇਣੀ ਵਿੱਚ ਨਹੀਂ ਆਉਂਦਾ।

ਸੈਸ਼ਨ ਜੱਜ ਅਨਿਲ ਕੁਮਾਰ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਬੈਂਚ ਨੇ ਕਿਹਾ ਕਿ ਉਨ੍ਹਾਂ ਨੇ ਪੁਲੀਸ ਅਧਿਕਾਰੀ ਵਿਰੁੱਧ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਕੇ ਆਪਣੇ ਅਧਿਕਾਰ ਖੇਤਰ ਦੀ ਹੱਦ ਪਾਰ ਕੀਤੀ ਹੈ, ਜਦਕਿ ਇਸ ਨਾਲ ਸਬੰਧਤ ਅਪੀਲ ਪਹਿਲਾਂ ਹੀ ਪਟਨਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਸੀ।

ਸਖ਼ਤ ਲਹਿਜ਼ੇ ਵਿੱਚ ਅਦਾਲਤ ਨੇ ਜੱਜ ਨੂੰ ਆਪਣੇ ਅਧਿਕਾਰਾਂ ਦੀ ਸੀਮਾ ਵਿੱਚ ਰਹਿਣ ਦੀ ਨਸੀਹਤ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਨਿਆਂਇਕ ਅਕੈਡਮੀ ਵਿੱਚ ਭੇਜ ਕੇ ਹੋਰ ਸਿਖਲਾਈ ਦੇਣ ਦੀ ਲੋੜ ਪੈ ਸਕਦੀ ਹੈ। ਜਸਟਿਸ ਬਾਗਚੀ ਨੇ ਇਹ ਵੀ ਟਿੱਪਣੀ ਕੀਤੀ ਕਿ ਜੱਜ ਨੂੰ ਰੌਬਿਨਹੁੱਡ ਜਾਂ ਡੌਨ ਕੁਇਕਸੋਟ ਵਾਂਗ ਵਿਵਹਾਰ ਨਹੀਂ ਕਰਨਾ ਚਾਹੀਦਾ।

ਬੈਂਚ ਨੇ ਅੰਤ ਵਿੱਚ ਸੈਸ਼ਨ ਜੱਜ ਨੂੰ ਪਟਨਾ ਹਾਈ ਕੋਰਟ ਕੋਲ ਪਹੁੰਚ ਕਰਨ ਅਤੇ ਆਪਣੇ ਮਾਮਲੇ ’ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ ਕਰਨ ਦੀ ਛੋਟ ਦਿੰਦਿਆਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਸੈਸ਼ਨ ਜੱਜ ਨੇ 2023 ਦੇ ਇੱਕ ਮਾਮਲੇ ਵਿੱਚ ਰੋਹਤਾਸ ਦੇ ਤਤਕਾਲੀ ਪੁਲੀਸ ਸੁਪਰਡੈਂਟ ਨੂੰ ਕਥਿਤ ਤੌਰ ’ਤੇ ਝੂਠੀ ਗਵਾਹੀ ਦੇਣ ਵਾਲੇ ਵਿਅਕਤੀ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਵੀ ਜੱਜ ਵੱਲੋਂ ਲਗਾਤਾਰ ਹੁਕਮ ਜਾਰੀ ਕਰਨ ’ਤੇ ਪਟਨਾ ਹਾਈ ਕੋਰਟ ਨੇ ਇਤਰਾਜ਼ ਜਤਾਇਆ ਸੀ ਅਤੇ ਇਸ ਕਾਰਵਾਈ ਨੂੰ ‘ਅਜੀਬ’ ਕਰਾਰ ਦਿੱਤਾ ਸੀ।