ਪੰਜਾਬ ਸਰਕਾਰ ਦੀ ਸਰਕਾਰੀ ਪੌਲੀਟੈਕਨਿਕ ਕਾਲਜਾਂ ਦੇ 36 ਕਰੋੜ ਦੇ ਫੰਡਾਂ ’ਤੇ ਨਜ਼ਰ, ਖ਼ਜ਼ਾਨੇ ’ਚ ਜਮ੍ਹਾਂ ਕਰਾਉਣ ਦੇ ਹੁਕਮ
ਪੰਜਾਬ ਸਰਕਾਰ ਨੇ ਸੂਬੇ ਦੇ 26 ਸਰਕਾਰੀ ਬਹੁ-ਤਕਨੀਕੀ ਕਾਲਜਾਂ ਕੋਲ ਪਏ ਕਰੀਬ 36 ਕਰੋੜ ਰੁਪਏ ਦੇ ਫੰਡ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਫੰਡਾਂ ਵਿੱਚ ‘ਵਿਕਾਸ ਫੰਡ’ ਅਤੇ ‘ਸਟੂਡੈਂਟ ਫੰਡ’ ਦੀ ਰਾਸ਼ੀ ਸ਼ਾਮਲ ਹੈ, ਜੋ ਆਮ ਤੌਰ ’ਤੇ ਵਿਦਿਆਰਥੀਆਂ ਦੀ ਭਲਾਈ ਅਤੇ ਕਾਲਜਾਂ ਦੇ ਵਿਕਾਸ ਕਾਰਜਾਂ ਲਈ ਵਰਤੀ ਜਾਂਦੀ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਪੰਜਾਬ ਵਿੱਚ ਕੁੱਲ 26 ਸਰਕਾਰੀ ਬਹੁ-ਤਕਨੀਕੀ ਕਾਲਜ ਹਨ, ਜਿਨ੍ਹਾਂ ਵਿੱਚ 8,812 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਇਨ੍ਹਾਂ ਕਾਲਜਾਂ ਵਿੱਚ ਹਰੇਕ ਵਿਦਿਆਰਥੀ ਤੋਂ ਸਾਲਾਨਾ 3,650 ਰੁਪਏ ਵਿਕਾਸ ਫੰਡ ਅਤੇ 2,500 ਰੁਪਏ ਸਟੂਡੈਂਟ ਫੰਡ ਵਜੋਂ ਵਸੂਲੇ ਜਾਂਦੇ ਹਨ। ਤਕਨੀਕੀ ਸਿੱਖਿਆ ਵਿਭਾਗ ਨੇ 20 ਨਵੰਬਰ ਨੂੰ ਵਿੱਤ ਵਿਭਾਗ ਦੇ 28 ਸਤੰਬਰ 2026 ਦੇ ਪੱਤਰ ਦਾ ਹਵਾਲਾ ਦਿੰਦਿਆਂ ਕਾਲਜਾਂ ਨੂੰ ਇਹ ਰਾਸ਼ੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਕਾਲਜਾਂ ਕੋਲ ਮੌਜੂਦ ਐੱਫ.ਡੀ. ਦੀ ਰਾਸ਼ੀ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਕਾਲਜਾਂ ਕੋਲ ਵਿਕਾਸ ਫੰਡ ਦੇ 25.95 ਕਰੋੜ ਰੁਪਏ ਅਤੇ ਸਟੂਡੈਂਟ ਫੰਡ ਦੇ ਕਰੀਬ 10 ਕਰੋੜ ਰੁਪਏ ਪਏ ਹਨ। ਇਸ ਰਾਸ਼ੀ ਦਾ ਵੱਡਾ ਹਿੱਸਾ ਲੈਬਾਂ ਅਤੇ ਵਰਕਸ਼ਾਪਾਂ ਦੀ ਅਪਗ੍ਰੇਡੇਸ਼ਨ, ਅਧਿਆਪਕਾਂ ਦੀ ਸਿਖਲਾਈ, ਵਿਦਿਅਕ ਟੂਰ ਅਤੇ ਹੋਰ ਵਿਦਿਆਰਥੀ ਭਲਾਈ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ।
ਸਰਕਾਰ ਦੇ ਹੁਕਮਾਂ ਤੋਂ ਬਾਅਦ ਪੌਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਸੌਂਪ ਕੇ ਇਨ੍ਹਾਂ ਫੰਡਾਂ ਨੂੰ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਰਾਸ਼ੀ ਸਰਕਾਰੀ ਵਿਭਾਗ ਦੀ ਆਮਦਨ ਨਹੀਂ, ਸਗੋਂ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਭਲਾਈ ਲਈ ਇਕੱਠੀ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਖੇਡਾਂ, ਸਭਿਆਚਾਰਕ ਸਰਗਰਮੀਆਂ, ਮੈਡੀਕਲ ਸਹੂਲਤਾਂ, ਸਪੋਰਟਸ ਮੀਟ, ਸੈਮੀਨਾਰਾਂ, ਪ੍ਰੀਖਿਆਵਾਂ ਅਤੇ ਕਾਲਜਾਂ ਦੇ ਅੰਦਰੂਨੀ ਵਿਕਾਸ ਕਾਰਜਾਂ ਲਈ ਕੀਤੀ ਜਾਂਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਵਿਦਿਆਰਥੀਆਂ ਅਤੇ ਸੰਸਥਾਵਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਐੱਫ.ਡੀਜ਼ ਨੂੰ ਸਮੇਂ ਤੋਂ ਪਹਿਲਾਂ ਤੁੜਵਾਉਣ ਨਾਲ ਵਿੱਤੀ ਨੁਕਸਾਨ ਹੋ ਸਕਦਾ ਹੈ।
ਵਿੱਤੀ ਮੁਸ਼ਕਲਾਂ ਕਾਰਨ ਲਿਆ ਫ਼ੈਸਲਾ
ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਵਿੱਤੀ ਮੁਸ਼ਕਲਾਂ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਤੋਂ ਉਨ੍ਹਾਂ ਕੋਲ ਪਈ ਰਾਸ਼ੀ ਸਰਕਾਰੀ ਖ਼ਜ਼ਾਨੇ ਵਿੱਚ ਵਾਪਸ ਮੰਗਵਾਈ ਜਾ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਕਾਲਜਾਂ ਕੋਲ ਸਾਲਾਂ ਤੋਂ ਇਹ ਰਾਸ਼ੀ ਬਿਨਾਂ ਵਰਤੋਂ ਦੇ ਪਈ ਹੈ, ਜਿਸ ਕਾਰਨ ਇਸ ਨੂੰ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ ਵਿਦਿਆਰਥੀਆਂ ਅਤੇ ਕਾਲਜਾਂ ਦੀਆਂ ਲੋੜਾਂ ਲਈ ਬਜਟ ਵਿੱਚ ਲੋੜੀਂਦੇ ਫੰਡ ਰੱਖੇ ਜਾਣਗੇ ਅਤੇ ਕਿਸੇ ਵੀ ਵਿਕਾਸ ਕਾਰਜ ਜਾਂ ਵਿਦਿਆਰਥੀ ਭਲਾਈ ਦੀ ਗਤੀਵਿਧੀ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।