You are here

ਲੁਧਿਆਣਾ

ਸਰਦ ਰੁੱਤ ਵਿਚ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਕੈਂਪ ਸ਼ੁਰੂ 

ਲੁਧਿਆਣਾ 9 ਅਕਤੂਬਰ (ਟੀ. ਕੇ.) ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਲੋਜੀ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਬਾਰੇ ਵਿਸ਼ੇਸ਼ ਸਿਖਲਾਈ ਕੋਰਸ ਲਗਾਇਆ ਜਾ ਰਿਹਾ ਹੈ| ਇਹ ਕੋਰਸ 9 ਅਕਤੂਬਰ ਤੋਂ 13 ਅਕਤੂਬਰ ਤੱਕ ਲਾਇਆ ਜਾ ਰਿਹਾ ਹੈ ਅਤੇ ਇਸ ਕੋਰਸ ਵਿੱਚ 76 ਸਿਖਿਆਰਥੀ ਭਾਗ ਲੈ ਰਹੇ ਹਨ|  ਡਾ. ਤੇਜਿੰਦਰ ਸਿੰਘ ਰਿਆੜ, ਐਸੋਸੀਏਟ ਡਾਇਰੈਕਟਰ ਅਤੇ ਅੱਪਰ ਨਿਰਦੇਸ਼ਕ ਸੰਚਾਰ ਨੇ ਦੱਸਿਆ ਕਿ ਪੰਜ ਦਿਨਾਂ ਦੀ ਟਰੇਨਿੰਗ ਵਿਚ ਸਿਖਿਆਰਥੀਆਂ ਨੂੰ ਖੁੰਬਾਂ ਉਗਾਉਣ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਸਿਖਲਾਈ ਦਿੱਤੀ ਜਾਵੇਗੀ| ਇਸ ਦੇ ਮੰਡੀਕਰਨ ਬਾਰੇ ਅਤੇ ਬੈਂਕ ਵੱਲੋਂ  ਕਰਜ਼ਾ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ ਜਾਵੇਗਾ|  ਡਾ. ਪ੍ਰੇਰਨਾ ਕਪਿਲਾ, ਕੋਰਸ ਕੋਆਰਡੀਨੇਟਰ ਨੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਬਹੁਤ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਖੁੰਬਾਂ ਦੀ ਖੇਤੀ ਕਰ ਰਹੇ ਹਨ ਜਿਸ ਤੋਂ ਉਹ ਚੰਗਾ ਮੁਨਾਫਾ ਕਮਾ ਰਹੇ ਹਨ ਕਿਉਂਕਿ ਇਹ ਧੰਦਾ ਘੱਟ ਪੈਸੇ ਨਾਲ ਸ਼ੁਰੂ ਕਰ ਸਕਦੇ ਹਾਂ ਅਤੇ ਚੰਗੇ ਪੈਸੇ ਕਮਾ ਸਕਦੇ ਹਾਂ |

ਹੁਣ ਤੱਕ ਝੋਨੇ ਦੀ 80723 ਮੀਟ੍ਰਿਕ ਟਨ ਖਰੀਦ, 34987 ਮੀਟ੍ਰਿਕ ਟਨ ਲਿਫਟਿੰਗ ਕੀਤੀ ਜਾ ਚੁੱਕੀ ਹੈ - ਡਿਪਟੀ ਕਮਿਸ਼ਨਰ 

ਲੁਧਿਆਣਾ, 9 ਅਕਤੂਬਰ (ਟੀ. ਕੇ. ) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਵਿਘਨ ਤੇ ਸੁਚਾਰੂ ਖਰੀਦ ਪ੍ਰਬੰਧਾਂ ਦੀ ਵਚਨਬੱਧਤਾ ਤਹਿਤ ਝੋਨੇ ਦੀ ਖਰੀਦ ਸੀਜ਼ਨ 2023-2024 ਦੌਰਾਨ ਹੁਣ ਤੱਕ 80723 ਮੀਟ੍ਰਿਕ ਟਨ ਖਰੀਦ ਅਤੇ 34987 ਮੀਟ੍ਰਿਕ ਟਨ ਲਿਫਟਿੰਗ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੱਲ ਰਹੇ ਸਾਉਣੀ ਦੇ ਮੰਡੀਕਰਨ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ 80723 ਮੀਟਰਿਕ ਟਨ ਝੋਨੇ ਦੀ ਫਸਲ ਦੀ ਖਰੀਦ ਕੀਤੀ ਗਈ ਜਦਕਿ 34987 ਮੀਟਰਿਕ ਟਨ ਝੋਨੇ ਦੀ ਚੁਕਾਈ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀਆਂ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਖਰੀਦ ਅਤੇ ਲਿਫਟਿੰਗ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਨਾਜ ਦੀ ਮੌਕੇ 'ਤੇ ਖਰੀਦ ਦੇ ਨਾਲ-ਨਾਲ ਕਿਸਾਨਾਂ ਨੂੰ ਸਮੇਂ ਸਿਰ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 48 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਤੁਰੰਤ ਅਦਾਇਗੀ ਯਕੀਨੀ ਬਣਾਉਣ ਅਤੇ ਰਾਜ ਸਰਕਾਰ ਦੀ ਨੀਤੀ ਅਨੁਸਾਰ ਖਰੀਦ ਦੇ 72 ਘੰਟਿਆਂ ਦੇ ਅੰਦਰ-ਅੰਦਰ ਅਨਾਜ ਦੀ ਲਿਫਟਿੰਗ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਦਾ ਇੱਕ-ਇੱਕ ਦਾਣਾ ਚੁੱਕਣ ਲਈ ਵਚਨਬੱਧ ਹੈ।

ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਮੰਡੀਆਂ ਵਿੱਚ ਆਉਂਦੇ ਹੀ ਅਨਾਜ ਦੀ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਪੁੱਖਤਾ ਪ੍ਰਬੰਧ ਕੀਤੇ ਗਏ ਹਨ।

ਪੇੰਡੂ ਮਜਦੂਰ ਯੂਨੀਅਨ (ਮਸ਼ਾਲ) ਦੀ ਬਲਾਕ ਕਮੇਟੀ ਚੋਣ ਚ ਗੁਰਮੇਲ ਸਿੰਘ ਸਲੇਮਪੁਰ ਪ੍ਰਧਾਨ ਬਣੇ

ਜਗਰਾਓ, 09 ਅਕਤੂਬਰ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਸਿਧਵਾਂਬੇਟ ਬਲਾਕ ਅਧੀਨ ਪਿੰਡ ਭਮਾਲ ਵਿਖੇ ਪੇੰਡੂ ਮਜਦੂਰ ਯੂਨੀਅਨ( ਮਸ਼ਾਲ ) ਦੀ ਦਰਜਨ ਦੇ ਕਰੀਬ ਪਿੰਡ ਕਮੇਟੀਆਂ ਦੀ ਇਕੱਤਰਤਾ ਗੁਰੂਦੁਆਰਾ ਮਿੱਡੂ ਮਲ ਵਿਖੇ ਹੋਈ। ਜਿਲਾ ਕਨਵੀਨਰ ਜਸਵਿੰਦਰ ਸਿੰਘ ਭਮਾਲ ਦੀ ਅਗਵਾਈ ਚ ਹੋਈ ਇਸ ਮੀਟਿੰਗ ਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਪੇੰਡੂ ਮਜਦੂਰ ਆਗੂ ਮਦਨ ਸਿੰਘ ਜਗਰਾਂਓ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਉਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦਾ 32 ਪ੍ਰਤੀਸ਼ਤ ਹਿੱਸਾ ਸਦੀਆਂ ਤੋਂ ਜਾਤੀ ਤੇ ਜਮਾਤੀ ਦਾਬੇ ਦਾ ਸ਼ਿਕਾਰ ਨਰਕੀ ਜਿੰਦਗੀ ਜਿਉਣ ਲਈ ਮਜਬੂਰ ਹੈ। ਪਿਛਲੇ ਛਿੱਹਤਰ ਸਾਲਾਂ ਚ ਹਕੂਮਤੀ ਪਾਰਟੀਆਂ ਨੇ ਸਾਨੂੰ ਮਹਿਜ ਵੋਟ ਪਰਚੀਆਂ ਸਮਝ ਕੇ ਖੁਦੋ ਵਾਂਗ ਵਰਤਿਆ ਹੈ। ਅਤਿਅੰਤ ਦੀ ਮਹਿੰਗਾਈ,  ਬੇਰੁਜਗਾਰੀ,ਭਰਿਸ਼ਟਾਚਾਰ ਦੇ ਸਿਕੰਜੇ ਚ ਜਕੜਿਆ ਮਜਦੂਰ ਮੋਜੂਦਾ ਪੂੰਜੀਵਾਦੀ ਪ੍ਰਬੰਧ ਚ ਞਕਤ ਨੂੰ ਧੱਕਾ ਦੇਣ ਲਈ ਮਜਬੂਰ ਹੈ।ਉਨਾਂ ਕਿਹਾ ਕਿ  ਬਦਲਾਅ ਵਾਲੀ ਹਕੂਮਤ ਨੇ ਵੀ ਕਾਂਗਰਸੀਆਂ ਅਕਾਲੀਆਂ ਵਾਲੇ ਰੰਗ ਦਿਖਾ ਕੇ ਕਦੇ ਨੀਲੇ ਕਾਰਡਾਂ ਦਾ ਰਾਸ਼ਨ ਖੋਹ ਲਿਆ ਤੇ ਹੁਣ ਬਿਜਲੀ ਦਰ ਦੀ ਰਿਆਇਤ ਖੋਹ ਲਈ।  ਚਿੱਪ ਵਾਲੇ ਮੀਟਰ ਪਿੰਡਾਂ ਚ ਧੱਕੇ ਨਾਲ ਲਗਾ ਕੇ ਸਾਨੂੰ  ਬਿਜਲੀ ਵਰਤਣ ਤੋ ਆਤੁਰ ਕਰਨ ਦੀ ਖਤਰਨਾਕ ਸਾਜਿਸ਼ ਨਾਲ ਸਾਨੂੰ ਹਰ ਰੋਜ ਦੋ ਚਾਰ ਹੋਣਾ ਪੈ ਰਿਹਾ ਹੈ।ਉਨਾਂ ਗਰੀਬ ਪੇੰਡੂ ਮਜਦੂਰਾਂ ਨੂੰ ਹੱਕ ਹਾਸਲ ਕਰਨ ਲਈ ਸੂਝਵਾਨ, ਲੜਾਕੂ ਬਨਣ ਦੀ ਅਪੀਲ ਕੀਤੀ। ਇਥੇ ਸਰਵਸੰਮਤੀ ਨਾਲ ਸਿਧਵਾਂਬੇਟ 
 ਬਲਾਕ ਕਮੇਟੀ ਦੀ ਚੋਣ ਚ ਗੁਰਮੇਲ ਸਿੰਘ ਭੂਪਾ ਸਲੇਮਪੁਰ ਨੂੰ ਪ੍ਰਧਾਨ, ਜਗਰਾਜ ਸਿੰਘ ਰਾਜੂ ਸਿਧਵਾਂਬੇਟ ਨੂੰ ਸੀਨੀਅਰ ਮੀਤ ਪ੍ਰਧਾਨ, ਕਰਮ ਸਿੰਘ ਭਮਾਲ ਮੀਤ ਪ੍ਰਧਾਨ, ਰਣਜੀਤ ਸਿੰਘ ਮਿੱਠਾ ਰਾਊਵਾਲ ਜਨਰਲ ਸਕੱਤਰ , ਗੁਰਸੇਵਕ ਸਿੰਘ ਮਲਸੀਹਾਂ ਭਾਈ ਕਾ ਖਜਾਨਚੀ,ਜਗੀਰ ਸਿੰਘ ਬੱਲ ਮਦਾਰਪੁਰਾ,ਸੁਖਮੰਦਰ ਸਿੰਘ ਤਲਵਾੜਾ, ਮਨਜਿੰਦਰ ਸਿੰਘ ਟਿੱਬਾ,ਜਗਦੀਸ਼ ਸਿੰਘ ਭੈਣੀ ਅਰਾਈਆਂ ਨੂੰ ਬਲਾਕ ਕਮੇਟੀ ਮੈਂਬਰ ਚੁਣਿਆ ਗਿਆ। ਇਸ ਸਮੇਂ ਪਹਿਲੀ ਨਵੰਬਰ 2023 ਨੂੰ ਵੱਡੀ ਗਿਣਤੀ ਚ ਦੇਸ਼ ਭਗਤ ਯਾਦਗਾਰ ਹਾਲ ਜਾਲੰਧਰ ਵਿਖੇ ਗਦਰੀ ਮੇਲੇ ਤੇ ਪੰਹੁਚਣ ਦਾ ਫੈਸਲਾ ਕੀਤਾ ਗਿਆ। ਆਉਂਦੇ ਦਿਨਾਂ ਚ ਜੰਗੀ ਪੱਧਰ ਤੇ ਹੋਰ ਪਿੰਡਾਂ ਚ ਇਕਾਈਆਂ ਖੜੀਆਂ ਕਰਨ ਦਾ ਫੈਸਲਾ ਵੀ ਲਿਆ ਗਿਆ। ਇਸ ਸਮੇਂ ਕਿਸਾਨ ਆਗੂ ਪਿੰਦਰ ਸਿੰਘ ਭਮਾਲ, ਦਲਜੀਤ ਸਿੰਘ ਬਿੱਲੂ  ਆਦਿ ਹਾਜਰ ਸਨ।

ਜਗਰਾਉਂ ਗੱਲਾਂ ਮਜ਼ਦੂਰ ਯੂਨੀਅਨ ਦੀ ਹੜਤਾਲ ਜਾਰੀ

ਜਗਰਾਓ, 09 ਅਕਤੂਬਰ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)ਗੱਲਾ ਮਜਦੂਰ ਯੂਨੀਅਨ ਵਲੋ ਸਥਾਨਕ ਅਨਾਜ ਮੰਡੀ ਚ ਅਜ ਤੀਜੇ ਦਿਨ ਵੀ ਅਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਹੜਤਾਲ ਜਾਰੀ ਰੱਖੀ।  ਗੱਲਾ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਰਾਜਪਾਲ ਬਾਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੰਗਾਂ ਮੰਨਣ ਦੀ ਥਾਂ ਧਮਕੀਆਂ ਅਤੇ ਡਰਾਵਿਆਂ ਤੇ ਉਤਰ ਆਈ ਹੈ। ਪੰਜਾਬ ਪੱਧਰ ਤੇ ਆੜਤੀਆ ਐਸੋਸੀਏਸ਼ਨਾਂ  ਦੇ ਕੁਝ ਸਰਕਰਦਾ ਆਗੂ ਸਰਕਾਰ ਦੀ ਬੋਲੀ ਬੋਲ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਭਰ ਦੀਆਂ ਮੰਡੀਆਂ ਚ ਹੜਤਾਲ ਕਾਰਨ ਕੰਮਕਾਜ ਪੂਰੀ ਤਰਾਂ ਠੱਪ ਪਿਆ ਹੈ। ਧਮਕੀਆਂ ਦੀ ਥਾਂ ਸਰਕਾਰ ਨੂੰ ਮੰਗਾਂ ਮੰਨਣ ਦੇ ਰਾਹ ਤੁਰਨਾ ਚਾਹੀਦਾ ਹੈ। ਇਸ ਸਮੇਂ ਮਜਦੂਰ ਸੰਘਰਸ਼ ਦੀ ਹਿਮਾਇਤ ਚ ਉਤਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਤਰਕਸ਼ੀਲ ਆਗੂ ਮਾਸਟਰ ਸੁਰਜੀਤ ਦੋਧਰ,  ਪੇੰਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ,  ਸੁਖਦੇਵ ਸਿੰਘ ਮਾਣੂਕੇ ਨੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨੀ ਦੇਰ ਤਕ ਮਜਦੂਰ ਹੜਤਾਲ ਚਲਦੀ ਹੈ ਉਹ ਅਨਾਜ ਮੰਡੀਆਂ ਚ ਝੋਨਾ ਨਾ ਲੈਕੇ ਆਉਣ ਕਿਉਂਕਿ ਮਜਦੂਰ ਜਦੋਂ ਕੰਮ ਨਹੀਂ ਕਰ ਰਹੇ ਤਾਂ ਪ੍ਰੇਸ਼ਾਨੀ ਹੋ ਸਕਦੀ ਹੈ। ਉਨਾਂ ਅਪਣੇ ਸੰਬੋਧਨ ਚ ਸਰਕਾਰ ਨੂੰ ਕਾਂਗ੍ਰਸ ਤੇ ਅਕਾਲੀ ਦਲ ਦਾ ਰਾਹ ਛੱਡ ਮਜਦੂਰ ਮੰਗਾਂ ਜਲਦ ਮੰਨਣ ਦੀ ਜੋਰਦਾਰ ਮੰਗ ਕੀਤੀ ਹੈ। ਇਸ ਸਮੇਂ ਬੁਲਾਰਿਆਂ ਨੇ ਕੰਮ ਦੇ ਘੰਟਿਆਂ ਚ ਵਾਧਾ ਕਰਨ ਦੇ ਭਗਵੰਤ ਮਾਨ ਦੇ ਆਦੇਸ਼ਾਂ ਨੂੰ ਵੀ ਮਜਦੂਰ ਵਿਰੋਧੀ ਕਰਾਰ ਦਿੰਦਿਆਂ ਉਸ ਨੂੰ ਕਾਰਪੋਰੇਟਾਂ ਦਾ ਏਜੰਟ ਕਰਾਰ ਦਿੱਤਾ।  ਇਸ ਸਮੇਂ ਕਿਸਾਨ ਆਗੂ ਕੁੰਡਾ ਸਿੰਘ ਕਾਉਂਕੇ, ਬਲਬੀਰ ਸਿੰਘ ਅਗਵਾੜ ਲੋਪੋ ,ਮਰਿਗਰਾਜ ਸਿੰਘ ਮਜਦੂਰ ਆਗੂ ਜਗਤਾਰ ਸਿੰਘ ਤਾਰੀ, ਕੁਲਦੀਪ ਸਿੰਘ ਸਹੋਤਾ, ਗੁਰਮੀਤ ਸਿੰਘ,  ਸੋਨੂੰ ਚੋਧਰੀ, ਦੇਵ ਰਾਜ, ਸੋਮਨਾਥ, ਵਿਸਾਖਾ ਸਿੰਘ ਹਾਜਰ ਸਨ।

ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਸ਼ੰਦੇਸ਼ ਦਿੱਤਾ - ਭੁਪਿੰਦਰ ਸਿੰਘ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਲੁਧਿਆਣਾ,8 ਅਕਤੂਬਰ (  ਕਰਨੈਲ ਸਿੰਘ ਐੱਮ ਏ   ) ਜਗਤ ਗੁਰੂ ਅਤੇ ਮੁਨੱਖਤਾ ਦੇ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਮੁੱਚੀ ਮੁਨੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ, ਉੱਥੇ ਨਾਲ ਹੀ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਸਿਧਾਂਤ ਬਖਸ਼ ਕੇ ਸਾਨੂੰ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜਿਉਣ ਦੀ ਪ੍ਰੇਰਣਾ  ਦਿੱਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 

ਨਿਸ਼ਕਾਮ ਨਾਮ ਸਿਮਰਨ ਸੇਵਾ  ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਨੇ ਅੱਜ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਜਗਤ ਗੁਰੂ ਤੇ ਮੁਨੱਖਤਾ ਦੇ ਰਹਿਬਰ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ- ਜੋਤਿ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ  ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥਿਆਂ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ  ਕੰਵਲਜੀਤ ਸਿੰਘ, ਭਾਈ ਲਖਵੀਰ ਸਿੰਘ ਪੰਜੋਖੜਾ ਸਾਹਿਬ ਵਾਲੇ ਅਤੇ ਭਾਈ ਗੁਰਵਿੰਦਰ ਸਿੰਘ ਲੁਧਿਆਣੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਅਤੇ  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ  ਪਿਛਲੇ ਕਈ ਸਾਲਾਂ ਤੋਂ ਨਿਰੰਤਰ ਚਲਾਈ ਜਾ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਕੀਰਤਨ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਧਰਮ ਦੇ ਮਾਰਗ ਉਪਰ ਚੱਲਣ ,ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ। ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਂਝੇ ਤੌਰ ਤੇ ਗੁਰੂ ਘਰ ਦੇ ਕੀਰਤਨੀ ਜੱਥਿਆਂ ਦੇ ਮੈਂਬਰਾਂ ਨੂੰ ਸਿਰਪਾਉ ਭੇਟ ਕੀਤੇ । ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਰਜਿੰਦਰਪਾਲ ਸਿੰਘ ਖਾਲਸਾ(ਰਾਜੂ ਵੀਰ ਜੀ)  ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ  ਨਿਹਾਲ ਕਰੇਗਾ। ਕੀਰਤਨ ਸਮਾਗਮ  ਦੌਰਾਨ ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ,ਸ੍ਹ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ ,ਭੁਪਿੰਦਰਪਾਲ  ਸਿੰਘ ਧਵਨ  ,ਬਲਬੀਰ ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ ਰਣਜੀਤ ਸਿੰਘ ਖ਼ਾਲਸਾ, ਜਗਪ੍ਰੀਤ ਸਿੰਘ ਮੱਕੜ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘ ਪੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ,, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਤਰਕਸ਼ੀਲ ਕਾਰਕੁੰਨ ਸਾਹਿਤ ਵੈਨ ਸਮੇਤ ਸਕੂਲਾਂ ਕਾਲਜਾਂ ਵਿੱਚ ਦੇ ਰਹੇ ਨੇ ਅੰਧਵਿਸ਼ਵਾਸਾਂ ਅਤੇ ਰੂੜ੍ਹੀਵਾਦੀ ਵਿਚਾਰਾਂ ਖਿਲਾਫ ਹੋਕਾ

 ਵਿਦਿਆਰਥੀ ਵਿਖਾ ਰਹੇ ਨੇ ਭਾਰੀ ਉਤਸ਼ਾਹ
ਲੁਧਿਆਣਾ , 8 ਅਕਤੂਬਰ ( ਟੀ. ਕੇ.  )
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਮਾਜ ਵਿੱਚ ਪ੍ਰਚੱਲਤ ਰੂੜ੍ਹੀਵਾਦੀ ਵਿਚਾਰਾਂ , ਅੰਧਵਿਸ਼ਵਾਸਾਂ , ਵਹਿਮਾਂ ਭਰਮਾਂ ਦੀ ਫੈਲੀ ਧੁੰਦ ਨੂੰ ਖਤਮ ਕਰਕੇ ਨਵਾਂ ਤੇ ਨਰੋਆ ਸਮਾਜ ਉਸਾਰਨ ਹਿੱਤ ਲਗਾਤਾਰ ਯਤਨ ਜਾਰੀ ਹਨ। ਇਹਨਾਂ ਯਤਨਾ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਕੱਲ੍ਹ ਤਰਕਸ਼ੀਲ ਸਾਹਿਤ ਨਾਲ ਲੈਸ ਵੈਨ ਲੁਧਿਆਣਾ ਜ਼ੋਨ ਵਿੱਚ ਪਹੁੰਚੀ ਹੋਈ ਹੈ , ਜਿਸਨੂੰ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।ਤਰਕਸ਼ੀਲ ਸੁਸਾਇਟੀ ਦੇ ਲੁਧਿਆਣਾ ਜ਼ੋਨ ਜੱਥੇਬੰਦਕ ਮੁੱਖੀ ਜਸਵੰਤ ਜੀਰਖ ਅਤੇ ਵਿੱਤ ਮੁੱਖੀ ਆਤਮਾ ਸਿੰਘ, ਮੀਡੀਆ ਮੁੱਖੀ ਹਰਚੰਦ ਭਿੰਡਰ ਨੇ   ਦੱਸਿਆ ਕਿ ਪਿਛਲੇ ਦਿਨੀਂ ਇਹ ਵੈਨ ਕੋਹਾੜਾ ਇਕਾਈ ਦੇ ਖੇਤਰ ਦੇ ਕੁੱਝ ਸਕੂਲਾਂ ਵਿੱਚ ਤਰਕਸ਼ੀਲਤਾ ਦਾ ਹੋਕਾ ਦੇਣ ਉੁਪਰੰਤ 7 ਅਕਤੂਬਰ ਤੋਂ ਲੁਧਿਆਣਾ ਇਕਾਈ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇੱਥੇ ਸ੍ਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ, ਗੁਰੂ ਤੇਗ਼ ਬਹਾਦਰ ਨੈਸਨਲ ਕਾਲਜ ਦਾਖਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਨਸੂਰਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਤਰਕਸ਼ੀਲ ਅਤੇ ਹੋਰ ਅਗਾਂਹ ਵਧੂ ਸਾਹਿਤ ਲੈਣ ਲਈ ਬਹੁਤ ਹੀ ਸਲਾਘਾਯੋਗ ਰੁੱਚੀ ਵਿਖਾਈ।ਇਹਨਾਂ ਸਕੂਲਾਂ ਵਿੱਚ ਤਰਕਸ਼ੀਲ ਆਗੂਆਂ ਜਸਵੰਤ ਜੀਰਖ, ਆਤਮਾ ਸਿੰਘ, ਬਲਵਿੰਦਰ ਸਿੰਘ ਵੱਲੋ ਵਿਦਿਆ੍ਰਥੀਆਂ ਨੂੰ ਚੇਤਨ ਕਰਨ ਲਈ ਅਖੌਤੀ ਬਾਬਿਆਂ , ਜੋਤਸ਼ੀਆਂ, ਤਾਂਤਰਿਕਾਂ ਆਦਿ ਵੱਲੋਂ ਗੈਬੀ ਸ਼ਕਤੀਆਂ ਦੇ ਅਡੰਬਰ ਹੇਠ ਕੀਤੀਆਂ ਜਾਂਦੀਆਂ ਕਰਾਮਾਤੀ ਵਿਧੀਆਂ ਪਿੱਛੇ ਛੁਪੇ ਵਿਗਿਆਨਿਕ ਕਾਰਣਾ ਬਾਰੇ ਰੌਚਕਤਾ ਭਰਪੂਰ ਢੰਗ ਨਾਲ ਕਰਾਮਾਤੀ ਕ੍ਰਿਸ਼ਮਿਆਂ ਰਾਹੀਂ ਹੀ ਸਪਸਟ ਕੀਤਾ। ਵਿਦਿਆਰਥੀਆਂ ਨੇ ਬਹੁਤ ਹੀ ਸੰਜੀਦਗੀ ਨਾਲ ਸਭ ਕੁੱਝ ਵਿਗਿਆਨਿਕ ਨਜ਼ਰੀਆ ਅਪਣਾਉਂਦਿਆਂ ਸਮਝਿਆ ਅਤੇ ਵੱਡੀ ਪੱਧਰ ਤੇ ਸਾਹਿਤ ਖ਼ਰੀਦਿਆ । ਲੁਧਿਆਣਾ ਤੋਂ ਬਾਅਦ ਇਹ ਵੈਨ ਸੁਧਾਰ, ਜਗਰਾਓਂ ਤੇ ਮਲੇਰਕੋਟਲਾ ਤਰਕਸ਼ੀਲ ਇਕਾਈਆਂ ਦੇ ਖੇਤਰਾਂ ਵਿੱਚ ਜਾਵੇਗੀ। 9 ਅਕਤੂਬਰ ਨੂੰ ਗੋਬਿੰਦ ਨਗਰ ਅਤੇ ਪੀ ਏ ਯੂ ਵਿਖੇ ਸਕੂਲਾਂ ਵਿੱਚ ਅਗਲਾ ਪ੍ਰੋਗਰਾਮ ਕੀਤਾ ਜਾਵੇਗਾ।

ਵਿਧਾਇਕ ਛੀਨਾ ਵਲੋਂ ਹਲਕੇ 'ਚ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 08 ਅਕਤੂਬਰ (ਟੀ. ਕੇ. ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਵੱਲੋਂ ਸਥਾਨਕ ਸ਼ੇਰਪੁਰ ਚੌਂਕ ਸਥਿਤ 100 ਫੁੱਟ ਰੋਡ ਤੋਂ ਗੱਜਾ ਜੈਨ ਕਲੋਨੀ ਤੱਕ ਦੇ ਸੜਕ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਵਿਧਾਨ ਸਭਾ ਹਲਕਾ ਦੱਖਣੀ ਦਾ ਜ਼ਿਕਰ, ਪੰਜਾਬ ਦੇ ਤੇਜ਼ੀ ਨਾਲ ਵਿਕਾਸ ਕਰ ਰਹੇ ਵਿਧਾਨ ਸਭਾ ਹਲਕਿਆਂ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਸੜਕ ਪਿਛਲੇ ਲੰਮੇਂ ਸਮੇਂ ਤੋਂ ਲੁਧਿਆਣਾ ਦੱਖਣੀ ਦੇ ਪੈਂਡਿੰਗ ਕੰਮਾਂ ਦੇ ਵਿੱਚ ਪਈ ਸੀ ਜਿਸ ਨੂੰ ਹੁਣ ਪਹਿਲ ਦੇ ਆਧਾਰ ਤੇ ਮੁਕੰਮਲ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸੁਵਿਧਾ ਮਿਲੇਗੀ ਅਤੇ ਉਹਨਾਂ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਹੋਵੇਗਾ। 
ਸੜਕ ਤੇ ਨਿਰਮਾਣ ਕਾਰਜਾਂ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਇਹ ਸਾਰੇ ਕੰਮ ਪਿਛਲੀਆਂ ਸਰਕਾਰਾਂ ਦੇ ਵਿੱਚ ਬਕਾਇਆ ਪਏ ਸਨ ਜਿਨਾਂ ਨੂੰ ਹੁਣ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸਦੇ ਤਹਿਤ ਸਾਡੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ। 
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਇਸੇ ਕਰਕੇ ਅਸੀਂ ਆਮ ਲੋਕਾਂ ਦੀ ਸੁਵਿਧਾਵਾਂ ਦੇ ਮੁਤਾਬਿਕ ਹੀ ਕੰਮ ਕਰ ਰਹੇ ਹਾਂ।

ਵਿਧਾਇਕ ਬੱਗਾ ਨੇ ਮੱਛਰਾਂ ਦੀ ਰੋਕਥਾਮ ਲਈ ਸ਼ਹਿਰ ਵਿੱਚ ਤੇਜ਼ ਕੀਤੀ ਫੌਗਿੰਗ ਮੁਹਿੰਮ ਨੂੰ ਦਿੱਤੀ ਹਰੀ ਝੰਡੀ

ਲੁਧਿਆਣਾ, 08 ਅਕਤੂਬਰ(ਟੀ. ਕੇ.) ਮੱਛਰਾਂ ਦੀ ਰੋਕਥਾਮ ਅਤੇ ਡੇਂਗੂ ਵਰਗੀਆਂ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਐਤਵਾਰ ਨੂੰ ਬਸਤੀ ਜੋਧੇਵਾਲ ਚੌਂਕ ਤੋਂ ਸ਼ਹਿਰ ਵਿੱਚ ਤੇਜ਼ ਕੀਤੀ ਫੋਗਿੰਗ ਮੁਹਿੰਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਨਗਰ ਨਿਗਮ ਵੱਲੋਂ ਪਹਿਲਾਂ ਹੀ ਸ਼ਹਿਰ ਭਰ ਵਿੱਚ ਫੌਗਿੰਗ ਮੁਹਿੰਮ  ਚਲਾਈ ਜਾ ਰਹੀ ਹੈ ਅਤੇ ਸ਼ਹਿਰ ਵਾਸੀਆਂ ਨੂੰ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਇਸ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।

ਫੌਗਿੰਗ ਡਰਾਈਵ ਹੁਣ ਵਿਭਾਗ ਵੱਲੋਂ ਤਿਆਰ ਕੀਤੇ ਪ੍ਰੋਗਰਾਮ ਅਨੁਸਾਰ ਦਿਨ ਵਿੱਚ ਦੋ ਵਾਰ ਚਲਾਈ ਜਾਵੇਗੀ।

ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਫੌਗਿੰਗ ਮੁਹਿੰਮ ਚਲਾਉਣ ਲਈ 10 ਵੱਡੀਆਂ ਫੌਗਿੰਗ ਮਸ਼ੀਨਾਂ ਅਤੇ 95 ਛੋਟੀਆਂ ਫੌਗਿੰਗ ਮਸ਼ੀਨਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਹੋਈਆਂ ਹਨ। ਹੁਣ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਖਾਸ ਕਰਕੇ ਉੱਚ ਜੋਖਮ ਵਾਲੇ ਇਲਾਕਿਆਂ ਵਿੱਚ ਦਿਨ ਵਿੱਚ ਦੋ ਵਾਰ ਫੋਗਿੰਗ ਕੀਤੀ ਜਾਵੇਗੀ।

ਜ਼ਿਲ੍ਹਾ ਸਿਹਤ ਵਿਭਾਗ (ਸਿਵਲ ਸਰਜਨ ਦਫ਼ਤਰ) ਵੱਲੋਂ ਉੱਚ ਜੋਖਮ ਵਾਲੇ ਇਲਾਕਿਆਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਉਨ੍ਹਾਂ ਇਲਾਕਿਆਂ ਵਿੱਚ ਫੋਗਿੰਗ ਮੁਹਿੰਮ ਚਲਾਉਣ ਲਈ ਨਗਰ ਨਿਗਮ ਨੂੰ ਵੀ ਸੂਚੀ ਪ੍ਰਦਾਨ ਕੀਤੀ ਗਈ ਹੈ।

ਨਗਰ ਨਿਗਮ ਨੇ ਸ਼ਡਿਊਲ ਤਿਆਰ ਕਰ ਲਿਆ ਹੈ ਅਤੇ ਉੱਚ ਜੋਖਮ ਵਾਲੇ ਇਲਾਕਿਆਂ ਸਮੇਤ ਸ਼ਹਿਰ ਦੇ ਸਾਰੇ 95 ਵਾਰਡਾਂ ਵਿੱਚ ਫੌਗਿੰਗ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ।

ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ, ਸੀ.ਐਸ.ਓ. ਅਸ਼ਵਨੀ ਸਹੋਤਾ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਵਿਧਾਇਕ ਬੱਗਾ ਨੇ ਦੱਸਿਆ ਕਿ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਨਗਰ ਨਿਗਮ ਅਤੇ ਜ਼ਿਲ੍ਹਾ ਸਿਹਤ ਵਿਭਾਗ (ਐਂਟੀ-ਲਾਰਵਾ ਟੀਮ) ਦੀਆਂ ਸਾਂਝੀਆਂ ਟੀਮਾਂ ਵੱਲੋਂ ਵੀ ਸ਼ਹਿਰ ਵਿੱਚ ਲਗਾਤਾਰ  ਨਿਰੀਖਣ ਕੀਤਾ ਜਾ ਰਿਹਾ ਹੈ।

ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਬੰਧਤ ਸਟਾਫ਼ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸ਼ਹਿਰ ਭਰ ਵਿੱਚ ਫੋਗਿੰਗ ਮੁਹਿੰਮ ਚਲਾਉਣ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।

ਇਸ ਦੌਰਾਨ ਵਿਧਾਇਕ ਬੱਗਾ ਅਤੇ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਖੜ੍ਹਨ ਤੋਂ ਰੋਕਣ ਕਿਉਂਕਿ ਡੇਂਗੂ ਦਾ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ।

ਐਸੀ.ਸੀ, ਬੀ.ਸੀ. ਵਰਕਰਾਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਮੰਗ ਪੱਤਰ ਦਿੱਤਾ 

ਮੁੱਲਾਂਪੁਰ ਦਾਖਾ 8 ਅਕਤੂਬਰ (ਸਤਵਿੰਦਰ  ਸਿੰਘ ਗਿੱਲ) ਐਸੀ.ਸੀ, ਬੀ.ਸੀ.ਮਲਟੀਪਰਪਜ ਹੈਲਥ ਵਰਕਰ ਅਤੇ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਕਮੇਟੀ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਚੰਡੀਗੜ੍ਹ ਡਾ: ਹਤਿੰਦਰ ਕੌਰ ਕਲੇਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਸਰਾਭਾ, ਜਸਪਾਲ ਸਿੰਘ ਜਗੇੜਾ ਨੇ ਆਖਿਆ ਕਿ ਵਿੱਚ ਸੀਨੀਆਰਤਾ ਸੂਚੀ ਵਿੱਚ ਸੋਧ ਕਰਨ ਅਤੇ ਭਖਮੀਆਂ ਮੰਗਾਂ ਬਾਰੇ ਵਿਸਥਾਰ ਪੂਰਵਕ ਆਪਣੀਆਂ ਮੰਗਾਂ ਲਈ ਮੰਗ ਪੱਤਰ ਦਿੱਤਾ। ਜੋ ਕਿ ਇਸ ਐਸ ਸੀ ਬੀ ਸੀ ਵਰਕਰਾਂ ਨੂੰ ਲੰਮੇ ਸਮੇਂ ਤੋਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜੋ ਉਸ ਦਾ ਜਦ ਤੋਂ ਜਿਆਦਾ ਹੱਲ ਹੋ ਸਕੇ। ਡਾਇਰੈਕਟਰ ਸਾਹਿਬ ਵੱਲੋਂ ਇਹਨਾਂ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਵਾਇਆ।ਇਸ ਮੌਕੇ ਸੁਰਿੰਦਰ ਸਿੰਘ ਸੇਖਾ, ਕੁਲਦੀਪ ਸਿੰਘ ਬਟਾਰੀ, ਬਲਜੋਤ ਸਿੰਘ ਬਟਾਰੀ, ਲਖਮਿੰਦਰ ਸਿੰਘ ਮੋਰਿੰਡਾ, ਕੁਲਬੀਰ ਸਿੰਘ ਈਸੜੂ, ਬਲਜੀਤ ਸਿੰਘ ਪੰਜ ਰੁੱਖਾ, ਜਸਵੀਰ ਸਿੰਘ ਮਲੌਦ, ਅਮਨਦੀਪ ਸਿੰਘ ਜਗਰਾਉਂ ਆਦਿ ਹਾਜ਼ਰ ਸਨ।

ਡੀ ਏ ਵੀ ਸੈਂਟਨਰੀ ਪਬਲਿਕ ਸਕੂਲ ਦੀਆ ਬੈਡਮਿੰਟਨ ਖਿਡਾਰਨਾਂ ਨੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ

ਜਗਰਾਉ 6 ਅਕਤੂਬਰ (ਅਮਿਤਖੰਨਾ)    67 ਵੀਆ ਜਿਲ੍ਹਾ ਪੱਧਰ ਸਕੂਲ ਖੇਡਾਂ ਵਿੱਚ ਡੀ ਏ ਵੀ ਸੈਂਟਨਰੀ ਪਬਲਿਕ ਸਕੂਲ ਦੀਆ ਬੈਡਮਿੰਟਨ ਖਿਡਾਰਨਾਂ ਨੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ ਮੰਨਤਪ੍ਰੀਤ ਕੌਰ , ਦੇਵਾਸ਼ੀ ਅਤੇ ਦੀਕਸਿਤਾ ਨੇ ਬੈਡਮਿੰਟਨ ਅੰਡਰ -17 ਸਾਲ ਲੜਕੀਆਂ ਬੀ ਸੀ ਐਮ ਸਕੂਲ ਲੁਧਿਆਣਾ ਵਿੱਖੇ ਹੋ ਰਹੇ ਜਿਲ੍ਹਾ ਬੈਡਮਿੰਟਨ ਟੂਰਨਾਮੈਂਟ ਵਿੱਚ ਖੇਡਦੇ ਹੋਏ  ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸਨ ਕੀਤਾ । ਉੱਨਾਂ ਇਹ ਵੀ ਦੱਸਿਆ ਕਿ ਪੀ ਏ ਯੂ ਯੂਨੀਵਰਸਿਟੀ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਬੈਡਮਿੰਟਨ ਖੇਡਾਂ ਵਿੱਚ ਡੀ ਏ ਵੀ ਸਕੂਲ ਜਗਰਾਉ ਦੇ ਹੀ ਸਹਿਜਪ੍ਰੀਤ ਸਿੰਘ ਨੇ ਬੈਡਮਿੰਟਨ ਅੰਡਰ 14 ਸਾਲ ਵਿੱਚ ਸਾਰੇ ਲੁਧਿਆਣੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਹਰਾ ਕੇ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲ਼ਡ ਮੈਡਲ ਪ੍ਰਾਪਤ ਕੀਤਾ ।ਸਟੇਟ ਪੱਧਰ ਤੇ ਵੀ ਸਹਿਜਪ੍ਰੀਤ ਸਿੰਘ ਬੈਡਮਿੰਟਨ ਵਿੱਚ ਵਧੀਆ ਖੇਡ ਦਾ ਪਰਦਰਸ਼ਨ ਕਰੇਗਾ  ਸਕੂਲ ਆਉਣ ਤੇ ਸਹਿਜਪ੍ਰੀਤ ਸਿੰਘ,ਮੰਨਤਪ੍ਰੀਤ ਕੌਰ,ਦੇਵਾਸ਼ੀ ਤੇ ਦੀਕਸਿਤਾ ਨੂੰ ਸਕੂਲ ਸਟਾਫ਼ ਵੱਲੋ ਵਧਾਈ ਦਿੱਤੀ ਗਈ ਤੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਡੀ ਪੀ ਈ ਹਰਦੀਪ ਸਿੰਘ ਬਿੰਜਲ , ਡੀ ਪੀ ਈ ਸੁਰਿੰਦਰ ਪਾਲ ਵਿੱਜ ਤੇ ਡੀ ਪੀ ਜਗਦੀਪ ਸਿੰਘ ਨੂੰ ਵੀ ਵਧਾਈ ਦਿੱਤੀ ।