You are here

ਪੰਜਾਬ

ਨਵਜੋਤ ਸਿੱਧੂ ਨੇ ਰੇਲਵੇ ਲਾਈਨਾਂ 'ਤੇ ਬੈਠ ਕੇ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਵੀਡੀਓ ਕੀਤੀ ਟਵੀਟ

CM ਭਗਵੰਤ ਮਾਨ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਚੁੱਕੇ ਸਵਾਲ
ਚੰਡੀਗੜ੍ਹ, 4 ਮਈ (ਜਨਸ਼ਕਤੀ ਨਿਊਜ਼ ਬਿਊਰੋ  ) ਪੰਜਾਬ 'ਚ ਰੇਲਵੇ ਲਾਈਨਾਂ 'ਤੇ ਬੈਠ ਕੇ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਇੱਕ ਵੀਡੀਓ ਅੱਜ ਸਵੇਰ ਤੋਂ ਵਾਇਰਲ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਵੀਡੀਓ ਨੂੰ ਟਵੀਟ ਕਰਕੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਟਵੀਟ 'ਚ ਕਿਹਾ ਹੈ ਕਿ ਇਹ ਵੀਡੀਓ ਫਰੀਦਕੋਟ ਨੇੜੇ ਕਿਸੇ ਥਾਂ ਦੀ ਹੈ।ਨਸ਼ੇ ਨੂੰ ਖਤਮ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਪੁਲਸ ਨੂੰ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਇਸ ਦੇ ਬਾਵਜੂਦ ਨਸ਼ਾ ਸ਼ਰੇਆਮ ਵਿਕ ਰਿਹਾ ਹੈ।ਅੱਜ ਬੁੱਧਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਨੌਜਵਾਨ ਰੇਲਵੇ ਲਾਈਨਾਂ 'ਤੇ ਬੈਠੇ ਨੌਜਵਾਨਾਂ, ਨਾਬਾਲਗ ਬੱਚਿਆਂ ਅਤੇ ਔਰਤਾਂ ਨੂੰ ਖੁੱਲ੍ਹੇਆਮ ਨਸ਼ਾ ਵੇਚ ਰਿਹਾ ਹੈ।ਸਿੱਧੂ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ ਅਤੇ ਮਾਨਯੋਗ ਹਾਈਕੋਰਟ ਨੇ ਕਈ ਮੌਕਿਆਂ 'ਤੇ ਦੇਖਿਆ ਹੈ ਕਿ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਵਿਚਕਾਰ ਗਠਜੋੜ ਮੌਜੂਦ ਹੈ, ਜਿਸ ਨੂੰ ਤੋੜਨਾ ਅਜੇ ਬਾਕੀ ਹੈ।

ਖੇਤ ਵਿੱਚ ਲਗਾਈ ਅੱਗ ਨੇ ਸਕੂਲ ਬੱਸ ਨੂੰ ਲਿਆ ਲਪੇਟ ’ਚ, 7 ਬੱਚੇ ਝੁਲਸੇ, ਤਿੰਨ ਦੀ ਹਾਲਤ ਗੰਭੀਰ

ਸਿੱਖਿਆ ਮੰਤਰੀ ਮੀਤ ਹੇਅਰ ਨੇ ਡੀਸੀ ਤੋਂ ਲਈ ਰਿਪੋਰਟ

ਗੁਰਦਾਸਪੁਰ, 4 ਮਈ ਜਨਸ਼ਕਤੀ ਨਿਊਜ਼ ਬਿਊਰੋ  )ਬਟਾਲਾ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਬਰੀਕਵਾਲ ਦੇ ਕੋਲ ਇਕ ਕਿਸਾਨ ਵੱਲੋਂ ਖੇਤ ਵਿੱਚ ਨਾੜ ਨੂੰ ਲਗਾਈ ਗਈ ਅੱਗ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ। ਖੇਤ ਵਿੱਚ ਲੱਗੀ ਅੱਗ ਨੇ ਸਕੂਲ ਬੱਸ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਜਿਸ ਵਿੱਚ 7 ਬੱਚੇ ਝੁਲਸੇ ਗਏ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਖੇਤ ਵਿੱਚ ਲਗਾਈ ਗਈ ਅੱਗ ਕਾਰਨ ਧੂੰਏ ਵਿੱਚ ਬੱਸ ਆਪਣਾ ਸੰਤੁਲਨ ਗੁਆ ਬੈਠੀ ਜਿਸ ਕਾਰਨ ਬੱਸ ਖੇਤਾਂ ਵਿੱਚ ਪਲਟ ਗਈ। ਇਸ ਕਰਨ ਬੱਸ ਨੂੰ ਅੱਗ ਲੱਗ ਗਈ, ਦੱਸਿਆ ਜਾ ਰਿਹਾ ਹੈ ਕਿ 7 ਬੱਚੇ ਅੱਗ ਵਿੱਚ ਸੜ ਗਏ ਜਿਨ੍ਹਾਂ ਵਿੱਚ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਸਿੱਖਿਆ ਮੰਤਰੀ ਨੇ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਸਿੱਖਿਆ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ, ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਨਾਲ ਵਾਪਰੇ ਹਾਦਸੇ ਦਾ ਗਹਿਰਾ ਦੁੱਖ ਹੋਇਆ। ਇਸ ਸੰਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜੀ ਨਾਲ ਗੱਲ ਕਰਕੇ ਰਿਪੋਰਟ ਲਈ ਅਤੇ ਸਰਕਾਰ ਵੱਲੋਂ ਬੱਚੇ ਦਾ ਇਲਾਜ ਮੁਫ਼ਤ ਕਰਵਾਉਣ ਅਤੇ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਉਣ ਲਈ ਕਿਹਾ ।

 

"ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ" ✍️ ਜਸਵੀਰ ਸ਼ਰਮਾਂ ਦੱਦਾਹੂਰ

ਗਲਵੱਕੜੀ ਪਾਈਏ ਦੋਸਤੋ ਰਲਮਿਲ ਪਿਆਰਾਂ ਦੀ।

ਕਦੇ ਕੋਈ ਰੁੱਤ ਨਹੀਂ ਹੁੰਦੀ ਹੈ ਤਕਰਾਰਾਂ ਦੀ।

ਨਫ਼ਰਤਾਂ ਵਾਲੇ ਬੀਜ ਨਹੀਂ ਬੀਜਣੇ ਚਾਹੀਦੇ,

ਭਰਪਾਈ ਨਹੀਂਓਂ ਹੋਣੀ ਪਈਆਂ ਦਰਾਰਾਂ ਦੀ।

ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ ਨੇ,

ਰਲਮਿਲ ਸੰਘੀ ਘੁੱਟੀਏ ਆਓ ਗਦਾਰਾਂ ਦੀ।

ਗੁਰੂ ਸਾਹਿਬ ਰਿਸ਼ੀ ਮੁਨੀ ਪੁਰਖੇ ਸੱਭ ਸਮਝਾ ਗਏ ਨੇ,

ਪਹਿਲਾਂ ਸੰਤਾਪ ਬਹੁਤ ਹੀ ਝੱਲੀ ਪਈਆਂ ਮਾਰਾਂ ਦੀ।

ਚੰਦ ਕੁ ਸਿਰ ਫਿਰੇ ਜੋ ਵੰਡੀਆਂ ਪਾਉਂਦੇ ਨੇ,

ਕਰਦੇ ਜੋ ਸਪਲਾਈ ਨੇ ਹਥਿਆਰਾਂ ਦੀ।

ਦੱਦਾਹੂਰੀਆ ਸਾਂਝ ਭਿਆਲੀ ਰੱਖਣੀ ਸਦਾ ਹੀ ਕਾਇਮ ਆਪਾਂ,

ਦਿਲੋਂ ਭੁਲਾਈਏ ਨਫ਼ਰਤ ਪਈਆਂ ਖ਼ਾਰਾਂ ਦੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

5 ਮਈ ‘ਤੇ ਵਿਸ਼ੇਸ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਕਾਰਲ ਮਾਰਕਸ 19ਵੀਂ ਸਦੀ ਜਰਮਨ ਦਾ ਮਹਾਨ ਦਾਰਸ਼ਨਿਕ

ਕਾਰਲ ਮਾਰਕਸ ਇੱਕ ਮਹਾਨ ਜਰਮਨ ਦਾਰਸ਼ਨਿਕ , ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ,ਇਨਕਲਾਬੀ 19ਵੀਂ ਸਦੀ ਵਿੱਚ ਹੋਇਆ ਸੀ।
ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਵਿੱਚ ਟਰਾਏਰ ਦੇ ਸ਼ਹਿਰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਦੱਸਿਆ ਗਿਆ ਹੈ ਕਿ ਨੌਂ ਬੱਚਿਆਂ ਵਿੱਚੋਂ ਉਹ ਤੀਜਾ ਬੱਚਾ ਸੀ।
ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ।ਇੱਕ ਵਾਰ ਉਹਨਾਂ ਦੇ ਵਿਚਾਰਾਂ ਨੂੰ ਜਰਮਨ ਸਰਕਾਰ ਸਹਿਣ ਨਾ ਕਰ ਸਕੀ ਅਤੇ ਜਰਮਨ ਸਰਕਾਰ ਦੇ ਵਿਰੋਧੀ ਵਿਹਾਰ ਕਾਰਲ ਕਾਰਲ ਮਾਰਕਸ ਆਪਣੇ ਦੇਸ਼ ਨੂੰ ਛੱਡ ਕੇ ਪੈਰਿਸ ਚਲਾ ਗਿਆ।ਪੈਰਿਸ ਪੁੱਜਣ ਮਗਰੋਂ ਕਾਰਲ ਮਾਰਕਸ ਦਾ ਇੱਕ ਹੋਰ ਜਰਮਨ ਨਾਗਰਿਕ ਫਰੈਡਰਿਕ ਏਂਜਲਸ ਨਾਲ ਮੇਲ ਹੋਇਆ। 1847 ਵਿੱਚ ਇਹ ਦੋਵੇਂ ਮਹਾਨ ਕ੍ਰਾਂਤੀਕਾਰੀ ‘ਕਮਿਊਨਿਸਟ ਲੀਗ’ਨਾਮੀ ਇੱਕ ਗੁਪਤ ਸੰਸਥਾ ਵਿੱਚ ਸਾਮਿਲ ਹੋਏ।ਇਸ ਸੰਮੇਲਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਉਹਨਾਂ ਨੇ ਕਮਿਊਨਿਸਟ ਮੈਨੀਫੈਸਟੋ ਨਾਂ ਦੀ ਮਹਾਨ ਇਤਿਹਾਸ ਦਸਤਾਵੇਜ਼ ਤਿਆਰ ਕੀਤੀ।ਇਸ ਵਿੱਚ ਉਹਨਾਂ ਨੇ ਵਿਸ਼ਵ ਦੇ ਸਾਰੇ ਕਿਰਤੀਆਂ ਨੂੰ ਇੱਕ ਮੁੱਠ ਹੋ ਕੇ ਸਾਮਵਾਦੀ ਕ੍ਰਾਂਤੀ ਲਿਆਉਣ ਦੀ ਪੁਕਾਰ ਦਿੱਤੀ ਸੀ।ਇਹ ਦਸਤਾਵੇਜ਼ 1848 ਈ. ਵਿੱਚ ਪ੍ਰਕਾਸਿਤ ਹੋਈ ।ਇਸ ਸਮੇਂ ਫਰਾਂਸ ਦੀ ਕ੍ਰਾਂਤੀ ਵਾਪਰੀ ਸੀ।ਇਸ ਕਰਕੇ ਮਾਰਕਸ ਨੂੰ ਬਰਸੇਲਜ ਵਿੱਚੋਂ ਵੀ ਕੱਢ ਦਿੱਤਾ ਗਿਆ।ਫਿਰ ਕਾਰਲ ਮਾਰਕਸ ਜਰਮਨੀ ਚਲਾ ਗਿਆ। ਫਿਰ ਜਰਮਨੀ ਵਿੱਚੋ ਵੀ ਕੱਢ ਦਿੱਤਾ ਗਿਆ।ਜਰਮਨੀ ਨੂੰ ਛੱਡਣ ਤੋਂ ਬਾਅਦ ਮਾਰਕਸ ਨੇ ਜੈਨੀ ਵਾਨ ਵੇਸਟਫਾਲੇਨ ਨਾਲ ਵਿਆਹ ਕਰ ਲਿਆ । ਉਸ ਨੇ 1843 ਦੀਆਂ ਗਰਮੀਆਂ ਅਤੇ ਖ਼ਿਜ਼ਾਂ ਕਰੂਜ਼ਨੀਸ਼ ਵਿੱਚ ਗਜ਼ਾਰੀਆਂ, ਜਿੱਥੇ ਉਸ ਨੇ ਹੀਗਲ ਦੇ ਹੱਕ ਦੇ ਦਰਸ਼ਨ ਦਾ ਆਲੋਚਨਾਤਮਿਕ ਅਧਿਐਨ ਸ਼ੁਰੂ ਕੀਤਾ।
ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਮਾਰਕਸ ਨੇ ਮਾਰਕਸਵਾਦ ਦਾ ਸਿਧਾਂਤ ਦਿੱਤਾ ਜੋ ਕਿ ਕਾਰਲ ਮਾਰਕਸ ਅਤੇ ਉਸਦੇ ਸਾਥੀ ਫਰੈਡਰਿਕ ਏਜਲਸ ਦੁਆਰਾਂ ਦਿੱਤੇ ਸਿਧਾਂਤਾਂ ਦਾ ਸਮੂਹਿਕ ਨਾਂ ਹੈ।
ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੀਆਜੀ ,ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਲਾਭ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ।
ਕਾਰਲ ਮਾਰਕਸ ਦੀਆਂ ਮਹਾਨ ਰਚਨਾਵਾਂ -
1.ਕਮਿਊਨਿਸਟ ਲੀਗ (1848)
2.ਰਾਜਨੀਤਿਕ ਅਰਥ ਮੈਨੀਫੈਸਟੋ (1859)
3.ਦਾਸ ਕੈਪੀਟਲ (1867)
4.ਵੈਲਿਊ ਪ੍ਰਾਈਸ ਪਰੋਫਟ (1867)
ਕਾਰਲ ਮਾਰਕਸ ਨੇ ਬਰਤਾਨਵੀ ਅਜਾਇਬ ਘਰ ਵਿਖੇ ਮਹਾਨ ਗ੍ਰੰਥਾਂ ਦਾ ਅਧਿਐਨ ਕੀਤਾ।ਕਾਰਲ ਮਾਰਕਸ ਦੀ ਮੌਤ 1833 ਸੀ. ਵਿੱਚ ਲੰਡਨ ਵਿਖੇ ਹੋਈ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

ਈਦ-ਉਲ-ਫਿਤਰ ਦਾ ਤਿਉਹਾਰ ਸਰਧਾ-ਭਾਵਨਾ ਨਾਲ ਮਨਾਇਆ

ਹਠੂਰ,3,ਮਈ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਮੀਨੀਆ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਮੀਨੀਆ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਬਹੁਤ ਹੀ ਸਰਧਾ-ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਮੋਲਵੀ ਤਾਲਿਬ ਮਲੇਰਕੋਟਲੇ ਵਾਲਿਆ ਨੇ ਈਦ-ਉਲ-ਫਿਤਰ ਦੀਆ ਮੁਬਾਰਕਾ ਦਿੱਤੀਆ ਅਤੇ ਅੱਲਾ ਪਾਕ ਅੱਗੇ ਦੁਆ ਕੀਤੀ ਗਈ।ਇਸ ਮੌਕੇ ਉਘੇ ਸਮਾਜ ਸੇਵਕ ਇਕਬਾਲ ਮਹੁੰਮਦ ਸੋਹਲ ਨੇ ਕਿਹਾ ਕਿ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਜਿਹੇ ਸਮਾਗਮ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ।ਇਸ ਮੌਕੇ ਮੋਲਵੀ ਤਾਲਿਬ ਮਲੇਰਕੋਟਲੇ ਵਾਲੇ ਨੂੰ ਇਕਬਾਲ ਮਹੁੰਮਦ ਅਤੇ ਸਮਾਗਮ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਬਿੱਲੂ ਮੀਨੀਆ,ਸਰਪੰਚ ਜਗਸੀਰ ਸਿੰਘ,ਜਮੀਰ ਖਾਂ,ਨਸੀਬ ਮਹੁੰਮਦ,ਹਰਮੀਤ ਖਾਂ,ਕਰਮਜੀਤ ਖਾਂ,ਜਸਪ੍ਰੀਤ ਖਾਨ,ਜਸਪ੍ਰੀਤ ਸੋਹਲ,ਰਵੀ ਖਾਂ,ਰਾਜੂ ਖਾਂ,ਗੋਰਾ ਖਾਂ,ਸਲੀਮ ਖਾਂ,ਆਸਿਫ ਅਲੀ,ਰੁਲਦੂ ਖਾਂ,ਨਾਇਬ ਖਾਂ,ਬਾਬੂ ਖਾਂ ਅਤੇ ਸਮੂਹ ਗ੍ਰਾਮ ਪੰਚਾਇਤ ਮੀਨੀਆ ਹਾਜ਼ਰ ਸੀ।
 

ਸੋਨੇ ਦਾ ਤਗਮਾ ਜੇਤੂ ਬਾਕਸਿੰਗ ਖਿਡਾਰਨ ਜਸਨਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ

ਹਠੂਰ,3,ਮਈ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ 18 ਸਾਲ ਦੀ ਉਮਰ ਵਰਗ ਦੇ ਸੂਬਾ ਪੱਧਰੀ ਬਾਕਸਿੰਗ ਮੁਕਾਬਲੇ ਖੇਡ ਸਟੇਡੀਅਮ ਫਗਵਾੜਾ ਵਿਖੇ ਹੋਏ।ਇਨ੍ਹਾ ਮੁਕਾਬਲਿਆ ਵਿਚ ਪੰਜਾਬ ਦੇ ਖਿਡਾਰੀਆ ਨੇ ਵੱਧ ਚੜ੍ਹ ਕੇ ਭਾਗ ਲਿਆ।ਇਨ੍ਹਾ ਮੁਕਾਬਲਿਆ ਵਿਚ 57 ਕਿਲੋਗ੍ਰਾਮ ਵਰਗ ਭਾਰ ਵਿਚੋ ਪਿੰਡ ਰਣਧੀਰਗੜ੍ਹ ਦੀ ਜੰਮਪਲ ਖਿਡਾਰਨ ਜਸਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ।ਇਸ ਜਿੱਤ ਦੀ ਖੁਸੀ ਵਿਚ ਪਿੰਡ ਰਣਧੀਰਗੜ੍ਹ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਭੰਮੀਪੁਰਾ ਕਲਾਂ ਨੇ ਕਿਹਾ ਕਿ ਸਾਡੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਗੁਆਢੀ ਪਿੰਡ ਰਣਧੀਰਗੜ੍ਹ ਦੀ ਧੀ ਜਸਨਪ੍ਰੀਤ ਕੌਰ ਨੇ ਸਖਤ ਮਿਹਨਤ ਕਰਕੇ ਅੱਜ ਪੰਜਾਬ ਪੱਧਰ ਦੀਆ ਖੇਡਾ ਵਿਚੋ ਸੋਨੇ ਦਾ ਤਗਮਾ ਜਿੱਤ ਕੇ ਆਪਣਾ,ਆਪਣੇ ਮਾਪਿਆ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾ ਕਿਹਾ ਕਿ ਅਸੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਜਸਨਪ੍ਰੀਤ ਕੌਰ ਨੈਸਨਲ ਅਤੇ ਵਰਲਡ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸਨ ਕਰਕੇ ਪਹਿਲਾ ਸਥਾਨ ਪ੍ਰਾਪਤ ਕਰੇ।ਇਸ ਮੌਕੇ ਕੈਪਟਨ ਬਲੌਰ ਸਿੰਘ ਨੇ ਨਗਦ ਰਾਸੀ ਅਤੇ ਸਿਰਪਾਓ ਪਾ ਕੇ ਜਸਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਪ੍ਰਸਿੱਧ ਢਾਡੀ ਭਾਈ ਪ੍ਰਿਤਪਾਲ ਸਿੰਘ ਪਾਰਸ,ਸਰਪੰਚ ਸਰਬਜੀਤ ਕੌਰ,ਸਮਾਜ ਸੇਵਕ ਕਰਮਜੀਤ ਸਿੰਘ,ਅੰਮ੍ਰਿਤਪਾਲ ਸਿੰਘ ਕੁੱਕੂ ਪਹਿਲਵਾਨ,ਬੀਬੀ ਵੀਰਪਾਲ ਕੌਰ,ਪ੍ਰਧਾਨ ਬਲਵਿੰਦਰ ਸਿੰਘ,ਦਵਿੰਦਰ ਸਿੰਘ,ਲਖਵੀਰ ਸਿੰਘ ਕਾਲਾ,ਬਲਵੀਰ ਸਿੰਘ,ਪ੍ਰਧਾਨ ਸੁਰਿੰਦਰ ਸਿੰਘ ਭੰਮੀਪੁਰਾ,ਨਿਰੰਜਣ ਸਿੰਘ,ਹਰਚੰਦ ਸਿੰਘ,ਕਿਰਨਦੀਪ ਕੌਰ,ਯੂਥ ਆਗੂ ਪ੍ਰਿਤਪਾਲ ਸਿੰਘ ਰਣਧੀਰਗੜ੍ਹ,ਕਬੱਡੀ ਖਿਡਾਰੀ ਜਸਵਿੰਦਰ ਸਿੰਘ ਹਾਸ਼,ਤੇਜਾ ਸਿੰਘ,ਗੁਰਮੇਲ ਸਿੰਘ,ਮੋਹਣ ਸਿੰਘ,ਪਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਸਿੰਘ ਆਦਿ ਹਾਜ਼ਰ ਸਨ।  

ਅੱਖਾ ਦਾ ਫਰੀ ਚੈਕ ਅੱਪ ਕੈਪ ਲਗਾਇਆ ਗਿਆ

ਹਠੂਰ,2,ਮਈ-(ਕੌਸ਼ਲ ਮੱਲ੍ਹਾ)-ਗਦਰੀ ਬਾਬਾ ਹਰਦਿੱਤ ਸਿੰਘ ਯਾਦਗਾਰੀ ਕਲੱਬ ਲੰਮਾ ਅਤੇ ਦਸ਼ਮੇਸ ਯੂਥ ਵੈਲਫੇਅਰ ਕਲੱਬ ਲੰਮਾ ਦੀ ਅਗਵਾਈ ਹੇਠ ਸਵ:ਸਰਦਾਰਾ ਸਿੰਘ ਤੱਤਲਾ ਦੀ ਯਾਦ ਨੂੰ ਸਮਰਪਿਤ ਬਲਜੀਤ ਸਿੰਘ ਕੈਨੇਡਾ ਅਤੇ ਅਰਸ਼ ਸਿੰਘ ਕੈਨੇਡਾ ਦੇ ਵਿਸ਼ੇਸ ਯੋਗਦਾਨ ਸਦਕਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਪਿੰਡ ਲੰਮਾ ਵਿਖੇ ਸਲਾਨਾ ਅੱਖਾ ਦਾ ਫਰੀ ਚੈੱਕ ਅੱਪ ਕੈਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਐਟੀ ਡਰੱਗ ਅਤੇ ਬਲੱਡ ਸੇਵਾ ਫਾਊਡੇਸ਼ਨ ਦੇ ਹਲਕਾ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਕੈਪ ਵਿਚ 270 ਵਿਅਕਤੀਆ ਨੇ ਆਪਣੀਆ ਅੱਖਾ ਦਾ ਚੈਕ ਅੱਪ ਕਰਵਾਇਆ ਅਤੇ 61 ਵਿਅਕਤੀਆ ਦੀਆ ਅੱਖਾ ਦੇ ਅਪਰੇਸਨ ਕੱਲ ਨੂੰ ਸ਼ੰਕਰਾ ਆਈ ਹਸਪਤਾਲ ਮੁੱਲਾਪੁਰ ਵਿਖੇ ਫਰੀ ਕਰਵਾਏ ਜਾਣਗੇ ਅਤੇ ਅਪ੍ਰੇਸਨ ਕਰਨ ਉਪਰੰਤ ਕਲੱਬ ਵੱਲੋ ਮਰੀਜਾ ਨੂੰ ਘਰ-ਘਰ ਜਾ ਕੇ ਛੱਡਿਆ ਜਾਵੇਗਾ।ਇਸ ਮੌਕੇ ਸਮੂਹ ਕਲੱਬ ਦੇ ਆਹੁਦੇਦਾਰਾ ਨੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਰਾਏਕੋਟ,ਬਾਬਾ ਬਲਵੀਰ ਸਿੰਘ ਲੰਮੇ,ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਅਤੇ ਸਮੂਹ ਡਾਕਟਰਾ ਦੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਕਿਸਾਨ ਆਗੂ ਮਨਜਿੰਦਰ ਸਿੰਘ ਸਿੱਧੂ,ਇੰਦਰਜੀਤ ਸਿੰਘ,ਐਨ ਆਰ ਆਈ ਸਭਾ ਜਗਰਾਓ ਦੇ ਪ੍ਰਧਾਨ ਜਰਨੈਲ ਸਿੰਘ ਯੂ ਕੇ,ਸਾਬਕਾ ਸਰਪੰਚ ਮਲਕੀਤ ਸਿੰਘ ਲੰਮੇ,ਦਰਸ਼ਨ ਸਿੰਘ,ਹਰਪਾਲ ਸਿੰਘ,ਬਲਵਿੰਦਰ ਸਿੰਘ ਫੌਜੀ, ਚਰਨ ਸਿੰਘ ਮਾਹੀ,ਹੈਪੀ ਸਿੰਘ,ਪ੍ਰੀਤਮ ਸਿੰਘ,ਬਬਲਾ ਸਿੰਘ,ਦਲਵੀਰ ਸਿੰਘ ਮਨੀਲਾ,ਜਰਨੈਲ ਸਿੰਘ,ਬੂਟਾ ਸਿੰਘ ਆਦਿ ਹਾਜ਼ਰ ਸਨ।

ਚੋਰੀ ਦੇ ਸਮਾਨ ਸਮੇਤ ਤਿੰਨ ਕਾਬੂ

ਹਠੂਰ,2,ਮਈ-(ਕੌਸ਼ਲ ਮੱਲ੍ਹਾ)-ਤਿੰਨ ਦਿਨ ਪਹਿਲਾ ਪਿੰਡ ਭੰਮੀਪੁਰਾ ਕਲਾਂ ਦੇ ਇੱਕ ਘਰ ਵਿਚ ਚੋਰੀ ਹੋ ਗਈ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ 29 ਅਪ੍ਰੈਲ ਨੂੰ ਪਿੰਡ ਭੰਮੀਪੁਰਾ ਕਲਾਂ ਦੇ ਇੱਕ ਘਰ ਵਿਚੋ ਇੱਕ ਐਲ ਸੀ ਡੀ,ਇਨਵਾਟਰ,ਬੈਟਰਾ,ਸੀ ਸੀ ਟੀ ਵੀ ਕੈਮਰਿਆ ਦਾ ਡੀ ਵੀ ਆਰ ਅਤੇ ਹੋਰ ਸਮਾਨ ਚੋਰੀ ਹੋਇਆ ਸੀ।ਇਸ ਚੋਰੀ ਦੀ ਹਠੂਰ ਪੁਲਿਸ ਨੇ ਬਰੀਕੀ ਨਾਲ ਜਾਚ ਕਰਕੇ  ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।ਉਨ੍ਹਾ ਦੱਸਿਆ ਕਿ ਚੋਰੀ ਕਰਨ ਵਾਲੇ ਨੌਜਵਾਨਾ ਦੀ ਪਛਾਣ ਸੂਰਜ ਸਿੰਘ ਉਰਫ ਪੱਪੀ ਪੁੱਤਰ ਸੁਰਜੀਤ ਸਿੰਘ,ਰੂਬੀ ਪੁੱਤਰ ਸਾਧੂ ਸਿੰਘ ਵਾਸੀ ਅਗਵਾੜ ਖੁਵਾਜਾ ਬਾਜੂ ਜਗਰਾਓ ਅਤੇ ਹਰਦੀਪ ਸਿੰਘ ਉਰਫ ਕੈਡਾ ਪੁੱਤਰ ਕੇਸਰ ਸਿੰਘ ਵਾਸੀ ਭੰਮੀਪੁਰਾ ਕਲਾਂ ਵਜੋ ਹੋਈ ਹੈ ਅਤੇ ਇਨ੍ਹਾ ਵੱਲੋ ਚੋਰੀ ਕੀਤਾ ਸਾਰਾ ਸਮਾਨ ਮਿਲ ਗਿਆ ਹੈ ਅਤੇ ਇਨ੍ਹਾ ਚੋਰਾ ਖਿਲਾਫ ਰਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਭੰਮੀਪੁਰਾ ਕਲਾਂ ਦੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਨੰਬਰ 34 ਧਾਰਾ 457,380 ਆਈ ਪੀ ਸੀ ਤਹਿਤ ਪੁਲਿਸ ਥਾਣਾ ਹਠੂਰ ਵਿਖੇ ਦਰਜ ਕਰ ਲਿਆ ਹੈ ਇਨ੍ਹਾ ਤਿੰਨੇ ਦੋਸੀਆ ਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਇੱਕ ਦਿਨ ਦਾ ਰਿਮਾਡ ਮਿਲ ਗਿਆ ਹੈ ਅਤੇ ਹੋਰ ਤਫਤੀਸ ਜਾਰੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਜਗਜੀਤ ਸਿੰਘ,ਗੁਰਮੀਤ ਸਿੰਘ,ਇੰਦਰਜੀਤ ਸਿੰਘ,ਸਤਵਿੰਦਰ ਸਿੰਘ,ਕੁਲਵੰਤ ਸਿੰਘ,ਜਸਵਿੰਦਰ ਸਿੰਘ,ਰਾਮ ਸਿੰਘ ਆਦਿ ਹਾਜ਼ਰ ਸਨ।

ਈਦ ਦੇ ਤਿਉਹਾਰ ‘ਤੇ ਵਿਸ਼ੇਸ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਈਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹੜਾ ‘ਔਂਦ’ ਭਾਵ ਮੁੜ ਆਉਣਾ ਧਾਤੂ ਤੋਂ ਨਿਕਲਿਆ ਹੈ।ʻਈਦ ਅਲ-ਫਿਤ੍ਰ, ਮੁਸਲਮਾਨਾਂ ਦਾ ਇੱਕ ਤਿਉਹਾਰ ਹੈ। ਵਿਸ਼ਵ ਭਰ ’ਚ ਮੁਸਲਮਾਨ ਭਾਈਚਾਰੇ ਵੱਲੋਂ ਇਹ ਤਿਉਹਾਰ ਬੜੇ ਚਾਅ
ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਈਦ ਉਲ ਫ਼ਿਤਰ ਦਾ ਤਿਉਹਾਰ ਪਹਿਲੀ ਵਾਰ 624 ਈਸਵੀ ਵਿਚ ਮਨਾਇਆ ਗਿਆ ਸੀ।ਈਦ ਅਲ-ਅਧਾ ਵੀ ਚੰਨ ਰਾਹੀਂ ਹੀ ਤੈਅ ਕੀਤੀ ਜਾਂਦੀ ਹੈ।ਰਮਜ਼ਾਨ ਦਾ ਚੰਨ ਵਿਖਾਈ ਦੇਣ ਮਗਰੋਂ, ਮੁਸਲਮਾਨ ਲੋਕ ਇਕ ਮਹੀਨੇ ਲਈ ‘ਰੋਜ਼ੇ’ ਰਖਦੇ ਹਨ। ਮਹੀਨੇ ਦੇ ਸਮਾਪਤ ਹੋਣ ‘ਤੇ ਈਦ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਈਦ ਉਦੋਂ ਸ਼ੁਰੂ ਹੋਈ ਜਦੋਂ ਪੈਗੰਬਰ ਮੁਹੰਮਦ ਮੱਕਾ ਤੋਂ ਮਦੀਨਾ ਆਏ ਸਨ। ਮੁਹੰਮਦ ਸਾਹਿਬ ਨੇ ਕੁਰਾਨ ਵਿਚ ਦੋ ਪਵਿੱਤਰ ਦਿਨਾਂ ਵਿਚ ਈਦ-ਉਲ-ਫ਼ਿਤਰ ਦੀ ਤਜਵੀਜ਼ ਕੀਤੀ। ਇਸੇ ਕਾਰਨ ਈਦ ਦਾ ਤਿਉਹਾਰ ਸਾਲ ਵਿਚ ਦੋ ਵਾਰ ਮਨਾਇਆ ਜਾਂਦਾ ਹੈ। ਜਿਸ ਵਿਚ ਪਹਿਲੀ ਈਦ-ਉਲ-ਫ਼ਿਤਰ (ਮਿੱਠੀ ਈਦ) ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਦੂਸਰੀ ਨੂੰ ਈਦ-ਉਲ-ਅਜਹਾ (ਬਕਰੀਦ) ਵਜੋਂ ਜਾਣਿਆ ਜਾਂਦਾ ਹੈ।
ਭਾਰਤ ਵਿਚ ਸਾਰੇ ਸਮੁਦਾਇ ਇਸਨੂੰ ਰਲ-ਮਿਲ ਕੇ ਮਨਾਉਂਦੇ ਹਨ।ਹਿੰਦੂ , ਈਸਾਈ ਅਤੇ ਸਿੱਖ ਸਾਰੇ ਹੀ ਵਿਸ਼ੇਸ਼ ਤੌਰ ‘ਤੇ ਆਪਣੇ ਹਿੰਦੂ ਮੁਸਲਮਾਨ ਮਿੱਤਰਾਂ ਨੂੰ ਮਿਲਣ ਲਈ ਜਾਂਦੇ ਹਨ ਅਤੇ ਉਨਾਂ ਨੂੰ ਈਦ-ਮੁਬਾਰਕ ਦਿੰਦੇ ਹਨ।
ਇਹ ਮੁਸਲਮਾਨ ਰਮਦਾਨ ਅੱਲ -ਮੁਬਾਰਕ ਮਹੀਨੇ ਦੇ ਬਾਅਦ ਇੱਕ ਮਜ਼ਹਬੀ ਖੁਸ਼ੀ ਦਾ ਤਿਓਹਾਰ ਮਨਾਉਂਦੇ ਹਨ। ਮੁਸਲਮਾਨ ਸਵੇਰੇ ਮਸੀਤ ਵਿੱਚ ਜਾ ਕੇ ਈਦ ਉਲ-ਫ਼ਿਤਰ ਦੀ ਨਮਾਜ਼ ਪੜ੍ਹਦੇ ਹਨ ਅਤੇ ਪਰਿਵਾਰ ਵਾਲੇ ਨੂੰ ਮਿਲਦੇ ਹਨ। ਈਦ ਦਾ ਦਿਹਾੜਾ ‘ਸ਼ਾਵਾਲ’’ ਮਹੀਨੇ ਦੇ ਪਹਿਲੇ ਦਿਨ ਆਉਂਦਾ ਹੈ।ਇਹ ਦਿਨ ਖੁਸ਼ੀਆਂ ਅਤੇ ਖੇੜਿਆਂ ਭਰਪੂਰ ਹੁੰਦਾ ਹੈ। ਇਸ ਦਿਨ ਮੁਸਲਮਾਨ ਲੋਕ ਇਸ਼ਨਾਨ ਕਰਦੇ ਹਨ ਅਤੇ ਸੋਹਣੇ ਕੱਪੜੇ ਪਹਿਣਦੇ ਹਨ। ਉਹ ਮਸਜਿਦ ਜਾਂਦੇ ਹਨ ਅਤੇ ਉਥੇ ਨਮਾਜ਼ ਅਦਾ ਕਰਦੇ ਹਨ। ਉਹ ਈਦ ਮਬਾਰਕ’ ਕਹਿ ਕੇ ਇਕ ਦੂਸਰੇ ਉਹ ਇਕ ਦੂਸਰੇ ਦੇ ਗਲੇ ਮਿਲਦੇ ਹਨ।ਮਠਿਆਈਆਂ ਤੇ ਤੋਹਫ਼ੇ ਭੇਂਟ ਕਰਦੇ ਹਨ। ਮੁਬਾਰਕਬਾਦ ਦਿੰਦੇ ਹਨ।
ਈਦ ਦੇ ਮਨਾਉਣ ਨਾਲ ਰਾਸ਼ਟਰੀ-ਏਕੇ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ।ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ, ਪੈਗੰਬਰ ਮੁਹੰਮਦ ਸਾਹਬ ਦੀ ਅਗਵਾਈ 'ਚ ਜੰਗ-ਏ-ਬਦਰ 'ਚ ਮੁਸਲਮਾਨਾਂ ਦੀ ਜਿੱਤ ਹੋਈ ਸੀ। ਜਿੱਤ ਦੀ ਖ਼ੁਸ਼ੀ 'ਚ ਲੋਕਾਂ ਨੇ ਈਦ ਮਨਾਈ ਸੀ ਤੇ ਘਰਾਂ 'ਚ ਮਿੱਠੇ ਪਕਵਾਨ ਬਣਾਏ ਗਏ ਸੀ। ਇਸ ਤਰ੍ਹਾਂ ਨਾਲ ਈਦ-ਉਲ-ਫਿਤਰ ਦੀ ਸ਼ੁਰੂਆਤ ਜੰਗ-ਏ-ਬਦਰ ਤੋਂ ਬਾਅਦ ਹੋਈ ਸੀ। 
ਈਦ-ਉਲ-ਫਿਤਰ ਦੇ ਦਿਨ ਲੋਕ ਅੱਲਾਹ ਦਾ ਸ਼ੁੱਕਰੀਆ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਹੀ ਰਹਿਮਤ ਨਾਲ ਉਹ ਪੂਰੇ ਇਕ ਮਹੀਨੇ ਤਕ ਰਮਜ਼ਾਨ ਦਾ ਵਰਤ ਰੱਖ ਪਾਉਂਦੇ ਹਨ। ਅੱਜੇ ਦੇ ਦਿਨ ਲੋਕ ਆਪਮੀ ਕਮਾਈ ਦਾ ਕੁਝ ਹਿੱਸਾ ਗਰੀਬ ਲੋਕਾਂ 'ਚ ਵੰਡ ਦਿੰਦੇ ਹਨ। ਉਨ੍ਹਾਂ ਨੂੰ ਤੋਹਫੇ ਦੇ ਤੌਰ 'ਤੇ ਕੱਪੜੇ, ਮਿਠਾਈ ਆਦਿ ਦਿੰਦੇ ਹਨ। ।ਇਹ ਦਿਹਾੜੇ ਮਿੱਠੀਆਂ ਸੇਵੀਆਂ ਪਕਾਉਣ ਦਾ ਸਭ ਤੋਂ ਪ੍ਰਸਿੱਧ ਅਤੇ ਪ੍ਰਮੁੱਖ ਰਿਵਾਜ ਹੈ।ਕੁਝ ਇਕ ਥਾਵਾਂ ‘ਤੇ ਈਦ ਦੇ ਮੇਲੇ ਵੀ ਲੱਗਦੇ ਹਨ। ਈਦ ਦਾ ਤਿਉਹਾਰ “ਸਭ ਨਾਲ ਪਿਆਰ ਕਰੋ ਅਤੇ ਕਿਸੇ ਨਾਲ ਨਫ਼ਰਤ ਨਾ ਕਰੋ’’ ਦਾ ਸੰਦੇਸ਼ ਦਿੰਦਾ ਹੈ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

ਮੁਗਲ ਸਾਮਰਾਜ ਦਾ ਦੂਜਾ ਸ਼ਾਸਕ - ਹੁਮਾਯੂੰ  ✍️ ਪੂਜਾ 

ਹੁਮਾਯੂੰ ਦਾ ਪੂਰਾ ਨਾਮ ਨਸੀਰੂਦੀਨ ਮੁਹੰਮਦ ਹੁਮਾਯੂੰ ਸੀ।ਹੁਮਾਯੂੰ ਨਾਮ ਦਾ ਅਰਥ ਅਮੀਰ ਹੈ।ਹੁਮਾਯੂੰ ਦਾ ਜਨਮ 6 ਮਾਰਚ 1508 ਨੂੰ ਕਾਬੁਲ ਵਿੱਚ ਹੋਇਆ ਸੀ। ਜਿਸ ਦੀ ਮਾਤਾ ਦਾ ਨਾਮ ਮਹਿਮ ਬੇਗਮ ਸੀ। ਹੁਮਾਯੂੰ ਬਾਬਰ ਦਾ ਸਭ ਤੋਂ ਵੱਡਾ ਪੁੱਤਰ ਸੀ।ਬਾਬਰ ਨੇ ਹੁਮਾਯੂੰ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰ ਦਿੱਤਾ ਸੀ।ਬਾਬਰ ਦੀ ਮੌਤ ਤੋਂ ਚਾਰ ਦਿਨ ਬਾਅਦ 30 ਦਸੰਬਰ 1530 ਈ: ਨੂੰ ਉਸ ਦੇ ਵੱਡੇ ਪੁੱਤਰ ਹੁਮਾਯੂੰ ਨੂੰ ਮੁਗਲਾਂ ਦੇ ਗੱਦੀ 'ਤੇ ਬਿਠਾਇਆ ਗਿਆ ਅਤੇ ਉਸ ਦੀ ਤਾਜਪੋਸ਼ੀ ਕੀਤੀ ਗਈ। ਹੁਮਾਯੂੰ ਇਕਲੌਤਾ ਮੁਗਲ ਸ਼ਾਸਕ ਸੀ ਜਿਸਨੇ ਆਪਣੇ ਪਿਤਾ ਬਾਬਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਮੁਗਲ ਸਾਮਰਾਜ ਨੂੰ ਆਪਣੇ ਚਾਰ ਭਰਾਵਾਂ ਵਿਚ ਵੰਡ ਦਿੱਤਾ।ਹੁਮਾਯੂੰ ਨੇ ਅਫਗਾਨਿਸਤਾਨ, ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ 1530-1540 ਅਤੇ ਫਿਰ 1555-1556 ਵਿਚ ਸ਼ਾਸਨ ਕੀਤਾ ਅਸਲ ਵਿਚ, ਇਹ ਵੰਡ ਸਾਮਰਾਜ, ਅੰਨ੍ਹੇਵਾਹ ਕੀਤਾ ਗਿਆ, ਸਮੇਂ ਦੇ ਨਾਲ ਹੁਮਾਯੂੰ ਲਈ ਘਾਤਕ ਸਾਬਤ ਹੋਇਆ। ਭਾਵੇਂ ਉਸ ਦੇ ਸਭ ਤੋਂ ਤਕੜੇ ਦੁਸ਼ਮਣ ਅਫਗਾਨ ਸਨ ਪਰ ਭਰਾਵਾਂ ਦਾ ਅਸਹਿਯੋਗ ਅਤੇ ਹੁਮਾਯੂੰ ਦੀਆਂ ਕੁਝ ਨਿੱਜੀ ਕਮਜ਼ੋਰੀਆਂ ਉਸ ਦੀ ਅਸਫਲਤਾ ਦਾ ਕਾਰਨ ਸਾਬਤ ਹੋਈਆਂ।ਹੁਮਾਯੂੰ ਨੇ ਚਾਰ ਜੰਗਾਂ ਲੜੀਆਂ- (1) ਦੇਵਰਾ ਦੀ ਲੜਾਈ:- 1531 ਈ. (2) ਚੌਸਾ ਦੀ ਲੜਾਈ :- 1539 ਈ. (3) ਬਿਲਗ੍ਰਾਮ:- 1540 ਅਤੇ ਸਰਹਿੰਦ ਦੀ ਜੰਗ 1555 ਈਸਵੀ ਵਿੱਚ ਲੜੀ ਗਈ। ਚੌਸਾ ਦੀ ਲੜਾਈ ਚੌਸਾ ਦੀ ਲੜਾਈ ਭਾਰਤੀ ਇਤਿਹਾਸ ਵਿੱਚ ਲੜੀਆਂ ਗਈਆਂ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਹੈ, ਜੋ ਕਿ 26 ਜੂਨ, 1539 ਨੂੰ ਹੁਮਾਯੂੰ ਅਤੇ ਸ਼ੇਰ ਸ਼ਾਹ ਵਿਚਕਾਰ ਹੋਈ ਸੀ। ਇਹ ਚੌਸਾ ਦੇ ਸਥਾਨ 'ਤੇ ਲੜਿਆ ਗਿਆ ਸੀ. ਚੌਸਾ ਦੀ ਲੜਾਈ ਵਿਚ ਹੁਮਾਯੂੰ ਨੂੰ ਆਪਣੀਆਂ ਕੁਝ ਗਲਤੀਆਂ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। ਹੁਮਾਯੂੰ ਨੂੰ ਜੰਗ ਦੇ ਮੈਦਾਨ ਤੋਂ ਭੱਜਣਾ ਪਿਆ।
ਹੁਮਾਯੂੰ ਦੀ ਜੀਵਨੀ ਦਾ ਨਾਮ ਹੁਮਾਯੂੰਨਾਮਾ ਹੈ ਜੋ ਉਸਦੀ ਭੈਣ ਗੁਲਬਦਨ ਬੇਗਮ ਦੁਆਰਾ ਲਿਖੀ ਗਈ ਹੈ।1533 ਈ: ਵਿੱਚ ਹੁਮਾਯੂੰ ਨੇ ਦਿਨਪਨਾਹ ਨਾਮ ਦੇ ਇੱਕ ਨਵੇਂ ਸ਼ਹਿਰ ਦੀ ਸਥਾਪਨਾ ਕੀਤੀ।ਹੁਮਾਯੂੰ ਜੋਤਿਸ਼ ਵਿੱਚ ਵਿਸ਼ਵਾਸ਼ ਰੱਖਦਾ ਸੀ ਅਤੇ ਹਫ਼ਤੇ ਦੇ ਸੱਤਾਂ ਦਿਨਾਂ ਵਿੱਚ ਵੱਖ-ਵੱਖ ਰੰਗਾਂ ਦੇ ਕੱਪੜੇ ਪਹਿਨਦਾ ਸੀ।
ਦਿੱਲੀ ਦੇ ਤਖਤ 'ਤੇ ਬੈਠਣ ਤੋਂ ਬਾਅਦ ਹੁਮਾਯੂੰ ਜ਼ਿਆਦਾ ਦੇਰ ਤੱਕ ਸੱਤਾ ਦਾ ਆਨੰਦ ਨਹੀਂ ਮਾਣ ਸਕਿਆ। ਜਨਵਰੀ 1556 ਵਿਚ, ਜਦੋਂ ਉਹ ਦਿੱਲੀ ਦੇ ਦੀਨਪਨਾਹ ਭਵਨ ਵਿਚ ਸਥਿਤ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਹੇਠਾਂ ਉਤਰ ਰਿਹਾ ਸੀ, ਤਾਂ ਉਸ ਦੀ ਠੋਕਰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ।ਉਸ ਦੀ ਮੌਤ ਤੋਂ ਕੁਝ ਦਿਨਾਂ ਬਾਅਦ, ਉਸ ਦੀ ਪਤਨੀ ਹਮੀਦਾ ਬਾਨੋ ਨੇ "ਹੁਮਾਯੂੰ ਦਾ ਮਕਬਰਾ" ਬਣਵਾਇਆ। ਇਹ ਉਨ੍ਹਾਂ ਵਿਚੋਂ ਇਕ ਹੈ। ਅੱਜ ਦਿੱਲੀ ਦੀਆਂ ਇਤਿਹਾਸਕ ਇਮਾਰਤਾਂ, ਅਤੇ ਇਹ ਮੁਗਲ ਆਰਕੀਟੈਕਚਰ ਦਾ ਇੱਕ ਸ਼ਾਨਦਾਰ ਨਮੂਨਾ ਹੈ।
ਹੁਮਾਯੂੰ ਦੇ ਜੀਵਨ ਤੋਂ ਇਹ ਪ੍ਰੇਰਨਾ ਮਿਲਦੀ ਹੈ ਕਿ ਜੋ ਮੁਸ਼ਕਲਾਂ ਦਾ ਸਾਹਮਣਾ ਦਲੇਰੀ ਨਾਲ ਕਰਦੇ ਹਨ, ਉਹ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਇਸ ਲਈ, ਬਿਨਾਂ ਰੁਕੇ ਆਪਣੇ ਟੀਚੇ ਵੱਲ ਵਧਦੇ ਰਹੋ। ਇਤਿਹਾਸਕਾਰ ਲੈਨਪੁਲ ਨੇ ਹੁਮਾਯੂੰ ਬਾਰੇ ਕਿਹਾ ਹੈ,
ਹੁਮਾਯੂੰ ਡਿੱਗਦੇ-ਡਿੱਗਦੇ ਇਸ ਜੀਵਨ ਤੋਂ ਮੁਕਤ ਹੋ ਗਿਆ, ਜਿਵੇਂ ਸਾਰੀ ਉਮਰ ਹੇਠਾਂ ਡਿੱਗਦਾ ਰਿਹਾ ਸੀ।
ਪੂਜਾ 9815591967

ਈਦ-ਉਲ-ਫਿਤਰ ਦੇ ਮੌਕੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ  ਦੀ ਆਮਦ ਸਬੰਧੀ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ

ਮੁੱਖ ਮੰਤਰੀ ਪੰਜਾਬ ਮਾਲੇਰਕੋਟਲਾ ਦੀ ਇਤਿਹਾਸਕ ਵੱਡੀ ਈਦਗਾਹ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣਗੇ
ਮਾਲੇਰਕੋਟਲਾ 02 ਮਈ (ਰਣਜੀਤ ਸਿੱਧਵਾਂ)  :  ਈਦ-ਉਲ-ਫਿਤਰ ਦੇ ਮੌਕੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਮਾਲੇਰਕੋਟਲਾ ਦੀ ਇਤਿਹਾਸਕ ਵੱਡੀ ਈਦਗਾਹ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਸ਼ਿਰਕਤ ਕਰ ਰਹੇ ਹਨ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਈਦ-ਉਲ-ਫਿਤਰ ਸਮਾਗਮ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਡੀ ਈਦਗਾਹ ਦਾ ਮੁਆਇਨਾ ਕਰਨ ਉਪਰੰਤ ਸਾਂਝੀ ਕੀਤੀ । ਇਸ ਮੌਕੇ ਐੱਸ.ਐੱਸ.ਪੀ. ਮਾਲੇਰਕੋਟਲਾ ਸ੍ਰੀਮਤੀ ਅਲਕਾ ਮੀਨਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ,ਐੱਸ.ਪੀ. ਇੰਵੇਸਟੀਗੇਸ਼ਨ ਸ੍ਰੀ ਰਮਨੀਸ ਕੁਮਾਰ,ਉਪ ਕਪਤਾਨ ਪੁਲਿਸ ਇੰਵੇਸਟੀਗੇਸ਼ਨ ਸ੍ਰੀ ਸੋਰਵ ਜ਼ਿੰਦਲ , ਉਪ ਕਪਤਾਨ ਪੁਲਿਸ ਮਾਲੇਰਕੋਟਲਾ ਸ੍ਰੀ ਮਨਦੀਪ ਸਿੰਘ, ਉਪ ਕਪਤਾਨ ਪੁਲਿਸ ਅਮਰਗੜ੍ਹ ਸ੍ਰੀ ਸੰਦੀਪ ਸਿੰਘ, ਉਪ ਕਪਤਾਨ ਪੁਲਿਸ ਸ੍ਰੀ ਰਣਜੀਤ ਸਿੰਘ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ  ਸਨ ।                
ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਨੇ ਸਮਾਗਮ ਵਾਲੇ ਸਥਾਨ ਤੋਂ ਇਲਾਵਾ ਹੈਲੀਪੈਡ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਰੂਟ ਪਲਾਨ, ਸੁਰੱਖਿਆ ਪ੍ਰਬੰਧ, ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਈਦ-ਉਲ-ਫਿਤਰ ਦੇ ਮੌਕੇ ਆਮ ਜਨਤਾ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ  ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲੈਂਸ ਦਾ ਖ਼ਾਸ ਪ੍ਰਬੰਧ ਕਰਨ ਤੋਂ ਇਲਾਵਾ ਸਬੰਧਿਤ ਅਧਿਕਾਰੀਆਂ ਨੂੰ ਸਮਾਗਮ ਵਾਲੀ ਥਾਂ ਤੇ ਸਾਫ਼-ਸਫ਼ਾਈ, ਪੀਣ ਵਾਲਾ ਸਾਫ਼ ਪਾਣੀ ਅਤੇ ਪਾਣੀ ਦਾ ਛਿੜਕਾਓ ਆਦਿ ਕਰਨਾ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤੇ।
ਇਸ ਉਪਰੰਤ ਵਿਧਾਇਕ ਮਾਲੇਰਕੋਟਲਾ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ. ਸ੍ਰੀਮਤੀ ਅਲਕਾ ਮੀਨਾ ,ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਈਦ-ਉਲ-ਫਿਤਰ ਸਮਾਗਮ ਦੇ ਪ੍ਰਬੰਧਾਂ ਜਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ।

ਸਿਹਤ ਵਿਭਾਗ ਦੀ ਟੀਮ ਵੱਲੋਂ ਮਿਠਾਈਆਂ ਦੀਆ ਦੁਕਾਨਾਂ ਦੀ ਚੈਕਿੰਗ

ਮਾਲੇਰਕੋਟਲਾ 02 ਮਈ   (ਰਣਜੀਤ ਸਿੱਧਵਾਂ)   :  ਈਦ ਦੇ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਮਿਠਾਈਆਂ ਮੁਹੱਈਆ ਕਰਾਉਣ ਦੇ ਮੰਤਵ ਨਾਲ  ਅੱਜ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਗੱਲ ਦੀ ਜਾਣਕਾਰੀ ਸਹਾਇਕ ਕਮਿਸ਼ਨਰ ਫੂਡ ਮਲੇਰਕੋਟਲਾ ਸ੍ਰੀਮਤੀ ਰਾਖੀ ਵਿਨਾਇਕ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਦੌਰਾਨ ਸਾਫ਼ ਸੁਥਰੇ ਢੰਗ ਨਾਲ ਮਿਠਾਈਆਂ ਬਣਾਉਣ, ਫੂਡ ਸੇਫਟੀ ਅਥਾਰਿਟੀ ਵੱਲੋਂ ਮਾਨਤਾ ਪ੍ਰਾਪਤ ਰੰਗਾਂ ਦੀ ਵਰਤੋਂ ਕਰਨ ਅਤੇ  ਮਿਠਾਈਆਂ ਉਤੇ ਬੈਸਟ ਬਿਫੋਰ ਤਰੀਕ ਲਿਖਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ।  ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ  ਕਿ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਮਾਲੇਰਕੋਟਲਾ ਦੇ ਕਿਲ੍ਹਾ ਰਹਿਮਤਗੜ੍ਹ , ਨਵਾਂ ਕਿਲ੍ਹਾ, ਨਾਭਾ ਰੋਡ ਅਤੇ ਟਰੱਕ ਯੂਨੀਅਨ ਚੌਕ ਤੇ  ਸਥਿਤ ਵੱਖ-ਵੱਖ ਮਠਿਆਈ ਦੀਆਂ  ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ  ਦੋ ਸੁਧਾਰ ਨੋਟਿਸ ਜਾਰੀ ਕੀਤੇ ਗਏ ਅਤੇ ਲਗਪਗ ਦਸ ਕਿੱਲੋ ਜ਼ਿਆਦਾ ਰੰਗਾਂ ਵਾਲੀ ਮਿਠਾਈ ਨਸ਼ਟ ਕਰਵਾਈ ਗਈ। ਫੂਡ ਕਾਰੋਬਾਰੀਆਂ ਨੂੰ ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਅਤੇ ਖੁਰਾਕ ਸੁਰੱਖਿਆ ਐਕਟ ਅਧੀਨ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਸਬੰਧੀ ਸਖਤੀ ਨਾਲ ਤਾੜਨਾ ਕਰਦੇ ਹੋਏ ਕਿਹਾ  ਜੇਕਰ ਕੋਈ ਵੀ ਫੂਡ ਵਿਕਰੇਤਾ ਗ਼ੈਰ ਮਿਆਰੀ ਜਾਂ ਮਿਲਾਵਟੀ ਖਾਧ ਪਦਾਰਥ  ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਕੈਬਨਿਟ ਮੰਤਰੀ ਜਿੰਪਾ ਨੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਲਈ ਦੋ ਫਾਇਰ ਬ੍ਰਿਗੇਡ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਹੁਸ਼ਿਆਰਪੁਰ, 2 ਮਈ  (ਰਣਜੀਤ ਸਿੱਧਵਾਂ)  : ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਇਹੀ ਕਾਰਨ ਹੈ ਕਿ ਐਨੇ ਥੋੜੇ ਸਮੇਂ ਵਿੱਚ ਹੀ ਸਰਕਾਰ ਨੇ ਸੂਬੇ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਏ ਹਨ। ਉਹ ਵਿਧਾਇਕ ਸ੍ਰੀ ਜੈ ਕ੍ਰਿਸ਼ਨ ਰੋੜੀ ਦੀ ਹਾਜ਼ਰੀ ਵਿੱਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਲਈ ਦੋ ਫਾਇਰ ਬ੍ਰਿਗੇਡ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਦੀ ਲੰਬੇ ਸਮੇਂ ਤੋਂ ਫਾਇਰ ਬ੍ਰਿਗੇਡ ਗੱਡੀਆਂ ਦੀ ਮੰਗ ਸੀ, ਜਿਸ ਮੰਗ ਨੂੰ ਪੰਜਾਬ ਸਰਕਾਰ ਨੇ ਪਹਿਲ ਦੇ ਆਧਾਰ ’ਤੇ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸੇ ਤਰ੍ਹਾਂ ਹੋਰ ਵਿਧਾਨ ਸਭਾ ਹਲਕਿਆਂ ਦੀਆਂ ਮੰਗਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਜੁੜੀ ਹਰ ਛੋਟੀ ਤੋਂ ਛੋਟੀ ਮੰਗ ਨੂੰ ਗੰਭੀਰਤਾ ਨਾਲ ਪੂਰਾ ਕਰ ਰਹੀ ਹੈ। ਇਸ ਦੌਰਾਨ ਵਿਧਾਇਕ ਗੜ੍ਹਸ਼ੰਕਰ ਸ੍ਰੀ ਜੈ ਕ੍ਰਿਸ਼ਨ ਰੋੜੀ ਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜੀ ਕਣਕ ਦੀ 100 ਫੀਸਦ ਖਰੀਦ

ਮੰਡੀਆਂ ਵਿੱਚ ਪੁੱਜੀ 186196  ਮੀਟ੍ਰਿਕ ਟਨ ਕਣਕ
168182 ਮੀਟ੍ਰਿਕ ਟਨ ਕਣਕ ਦੀ ਹੋਈ ਲਿਫਟਿੰਗ
 ਖਰੀਦੀ ਕਣਕ ਦੀ ਇਵਜ ਵਜੋਂ ਕਿਸਾਨਾਂ ਨੂੰ  325.86 ਕਰੋੜ ਰੁਪਏ ਜਾਰੀ
ਫ਼ਤਹਿਗੜ੍ਹ ਸਾਹਿਬ, 02 ਮਈ (ਰਣਜੀਤ ਸਿੱਧਵਾਂ)  : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 1,86,196 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਤੇ ਸਾਰੀ ਦੀ ਸਾਰੀ ਕਣਕ ਖ਼ਰੀਦ ਲਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਖ਼ਰੀਦੀ ਕਣਕ ਵਿੱਚੋਂ ਪਨਗ੍ਰੇਨ ਨੇ 35784,  ਮਾਰਕਫੈੱਡ ਨੇ 44292, ਪਨਸਪ ਨੇ 40275, ਵੇਅਰ ਹਾਊਸ ਨੇ 29555 ,ਐੱਫ.ਸੀ.ਆਈ ਨੇ 16518, ਮੀਟ੍ਰਿਕ ਟਨ ਕਣਕ ਅਤੇ ਵਪਾਰੀਆਂ ਨੇ 19772 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਕਣਕ ਵਿੱਚੋਂ 1,68,182 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਖਰੀਦੀ ਕਣਕ ਦੀ ਇਵਜ ਵਜੋਂ  325.86 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਸੂਬੇ ’ਚ ਵਿਕਾਸ ਕਾਰਜਾਂ ਦੀ ਲੜੀ ਲਗਾਤਾਰ ਰਹੇਗੀ ਜਾਰੀ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਵਾਰਡ ਨੰਬਰ 8 ’ਚ 16.25 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 2 ਮਈ   (ਰਣਜੀਤ ਸਿੱਧਵਾਂ)  : ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣਾ ਪੰਜਾਬ ਸਰਕਾਰ ਦੀ ਮੁੱਖ ਪਹਿਲਕਦਮੀ ਹੈ, ਜਿਸ ਤਹਿਤ ਸੂਬੇ ਵਿੱਚ ਲਗਾਤਾਰ ਵਿਕਾਸ ਕੰਮਾਂ ਦੀ ਲੜੀ ਇਸੇ ਤਰ੍ਹਾਂ ਜਾਰੀ ਰਹੇਗੀ। ਉਹ ਵਾਰਡ ਨੰਬਰ 8 ਦੇ ਮੁਹੱਲਾ ਅਸਲਾਮਾਬਾਦ ਵਿੱਚ ਵੱਖ-ਵੱਖ ਗਲੀਆਂ ਦੇ ਨਿਰਮਾਣ ਕੰਮਾਂ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 16.25 ਲੱਖ ਰੁਪਏ ਦੀ ਲਾਗਤ ਨਾਲ ਇਲਾਕੇ ਦੀਆਂ ਗਲੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨਾਲ ਕਮਿਸ਼ਨਰ ਨਗਰ ਨਿਗਮ ਸ੍ਰੀ ਕਰਣੇਸ਼ ਸ਼ਰਮਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਹੀ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਵਾਸੀਆਂ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰ ਦਿੱਤਾ ਜਾਵੇਗਾ। ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਕੰਮ ਵਿਚ ਗੁਣਵੱਤਾ ਪੱਖੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਖੁਦ ਜਾ ਕੇ ਸਾਰੇ ਕੰਮਾਂ ਦਾ ਜਾਇਜ਼ਾ ਲੈਣ ਅਤੇ ਸਪੈਸ਼ਲ ਟੀਮ ਤੋਂ ਵੀ ਕੰਮਾਂ ਦੀ ਚੈਕਿੰਗ ਵੀ ਕਰਵਾਈ ਜਾਵੇਗੀ। ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰੀ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਯੋਜਨਾਬਧ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਲੋਕਾਂ ਦੀ ਸੁਵਿਧਾ ਲਈ ਹਰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਕੌਂਸਲਰ ਸ੍ਰੀ ਮੁਖੀ ਰਾਮ, ਐਕਸੀਅਨ ਨਗਰ ਨਿਗਮ ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਵਰਿੰਦਰ ਸ਼ਰਮਾ ਬਿੰਦੂ, ਸ੍ਰੀ ਸੁਮੇਸ਼ ਸੋਨੀ, ਸ੍ਰੀ ਵਰਿੰਦਰ ਵੈਦ ਤੋਂ ਇਲਾਵਾ ਇਲਾਵਾ ਨਿਵਾਸੀ ਵੀ ਮੌਜੂਦ ਸਨ।

ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਤੇ ਗ਼ਲਤ ਸੂਚਨਾ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਸਥਾਪਤ

ਗ਼ਲਤ ਪੋਸਟਾਂ ਦੀ ਸੂਚਨਾ ਦੇਣ ਲਈ ਸਾਈਬਰ ਸੈੱਲ ਦਾ ਵਟਸਐਪ ਨੰਬਰ 9592912900 ਤੇ ਈਮੇਲ ਜਾਰੀ

ਟਵਿਟਰ ਹੈਂਡਲ 'ਤੇ ਡਾਇਰੈਕਟ ਮੈਸੇਜ ਵੀ ਕੀਤਾ ਜਾ ਸਕਦਾ ਹੈ : ਸਾਕਸ਼ੀ ਸਾਹਨੀ

ਕਿਸੇ ਵੀ ਗ਼ਲਤ ਸੂਚਨਾ, ਅਫ਼ਵਾਹ ਜਾਂ ਭੜਕਾਊ ਪੋਸਟ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ :  ਡੀ.ਸੀ.

ਪਟਿਆਲਾ, 1 ਮਈ  (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਸ਼ਲ ਮੀਡੀਆ 'ਤੇ ਫੈਲਦੇ ਭੜਕਾਊ ਬਿਆਨਾਂ, ਅਫ਼ਵਾਹਾਂ, ਸਨਸਨੀਖੇਜ਼ ਖ਼ਬਰਾਂ ਅਤੇ ਗ਼ਲਤ ਅਤੇ ਤੱਥਹੀਣ ਪੋਸਟਾਂ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਭਵਿੱਖ 'ਚ ਅਜਿਹਾ ਹੋਣ ਤੋਂ ਰੋਕਣ ਲਈ ਆਪਣੇ ਦਫ਼ਤਰ ਵਿਖੇ ਇੱਕ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਵੀ ਸਥਾਪਤ ਕੀਤਾ ਹੈ। ਡੀ.ਸੀ. ਨੇ ਦੱਸਿਆ ਕਿ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਹੇਠਲੀ ਇਸ ਟੀਮ 'ਚ ਡੀ.ਪੀ. ਆਰ.ਓ. ਦਫ਼ਤਰ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਅਤੇ ਪੁਲਿਸ ਦੇ ਸਾਈਬਰ ਸੈੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਖ਼ੁਦ ਇਸ ਦੀ ਨਿਗਰਾਨੀ ਕਰਨਗੇ।  ਡੀ.ਸੀ. ਸਾਕਸ਼ੀ ਸਾਹਨੀ ਨੇ ਇਸ ਸਬੰਧੀਂ ਵਟਸਐਪ ਨੰਬਰ 95929-12900 ਅਤੇ ਈਮੇਲ ਆਈ. ਡੀ. ਐਸਐਮਐਮਸੀਪੀਟੀਏ ਐਟ ਜੀਮੇਲ ਡਾਟ ਕਾਮ (smmcpta@gmail.com) ਜਾਰੀ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨਾਂ, ਗ਼ਲਤ ਪੋਸਟਾਂ ਅਤੇ ਸਨਸਨੀਖੇਜ਼ ਖ਼ਬਰਾਂ ਆਦਿ ਨੂੰ ਅੱਗੇ ਪੋਸਟ ਜਾਂ ਸ਼ੇਅਰ ਨਾ ਕਰਨ ਸਗੋਂ ਇਸ ਨੂੰ ਪਟਿਆਲਾ ਪੁਲਿਸ ਦੇ ਸਾਈਬਰ ਸੈੱਲ ਦੇ ਇੰਚਾਰਜ ਦੇ ਵਟਸਐਪ ਨੰਬਰ, ਈਮੇਲ ਜਾਂ ਡੀਸੀਪਟਿਆਲਾਪੀਬੀ @DCPatialaPb ਅਤੇ ਡੀਪੀਆਰਓ ਪਟਿਆਲਾ @DPROPatiala ਦੇ ਟਵਿਟਰ ਹੈਂਡਲਾਂ ਉਪਰ ਵੀ ਡਾਇਰੈਕਟ ਮੈਸੇਜ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੀ ਜਾਣਕਾਰੀ ਨੂੰ ਐਸ.ਐਸ.ਪੀ. ਪਟਿਆਲਾ ਨਾਲ ਸਾਂਝੀ ਕਰਕੇ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਇਸ ਦਾ ਮਕਸਦ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਅਤੇ ਸ਼ਾਂਤੀ ਭੰਗ ਕਰਨ ਵਾਲੀ ਕਿਸੇ ਵੀ ਖ਼ਬਰ ਜਾਂ ਗੁੰਮਰਾਹਕੁੰਨ ਪੋਸਟਾਂ ਨੂੰ ਨਸ਼ਰ ਹੋਣ ਤੋਂ ਰੋਕਣਾ ਹੈ। ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਨੂੰ ਆਪਸੀ ਸ਼ਾਂਤੀ ਤੇ ਸਦਭਾਵਨਾ ਪੈਦਾ ਕਰਨ ਲਈ ਵਰਤਣ ਨਾ ਕਿ ਨਫ਼ਰਤੀ ਭਾਸ਼ਣ ਤੇ ਅਫ਼ਵਾਹਾਂ ਫੈਲਾਉਣ ਲਈ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਨੂੰ ਵਰਤਿਆ ਜਾਵੇ। ਉਨ੍ਹਾਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਸਨਸਨੀਖੇਜ਼ ਖ਼ਬਰਾਂ ਫੈਲਾਉਣ ਵਾਲਿਆਂ ਸਮੇਤ ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜ਼ਿਲ੍ਹੇ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਿਸੇ ਵੀ ਅਜਿਹੀ ਤੱਥਹੀਣ ਪੋਸਟ ਨੂੰ ਟਵਿਟਰ, ਇੰਸਟਾਗ੍ਰਾਮ ਜਾਂ ਫੇਸਬੁਕ ਸਮੇਤ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਸਾਂਝੀ ਨਾ ਕੀਤਾ ਜਾਵੇ, ਜਿਹੜੀ ਕਿ ਸਮਾਜ ਵਿੱਚ ਅਸ਼ਾਂਤੀ ਤੇ ਦੋ ਫ਼ਿਰਕਿਆਂ ਜਾਂ ਲੋਕਾਂ ਵਿੱਚ ਝਗੜੇ ਪੈਦਾ ਕਰਦੀ ਹੋਵੇ।

ਪਿੰਡਾ ਵਿਚ ਮਈ ਦਿਵਸ ਮਨਾਇਆ

ਹਠੂਰ,1,ਮਈ-(ਕੌਸ਼ਲ ਮੱਲ੍ਹਾ)-ਖੇਤ ਮਜਦੂਰ ਯੂਨੀਅਨ ਦੇ ਆਗੂ ਕਾਮਰੇਡ ਪਰਮਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ,ਰੂੰਮੀ,ਦੇਹੜਕਾ ਅਤੇ ਕਮਾਲਪੁਰਾ ਵਿਖੇ ਮਜਦੂਰ ਦਿਵਸ ਮਨਾਇਆ ਗਿਆ।ਇਸ ਮੌਕੇ ਵੱਖ-ਵੱਖ ਆਗੂਆ ਨੇ ਵੱਡੀ ਗਿਣਤੀ ਵਿਚ ਪੁੱਜੇ ਲੋਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਤੋ 122 ਸਾਲ ਪਹਿਲਾ 1886 ਨੂੰ ਮਜਦੂਰਾ ਨੇ ਅੱਠ ਘੰਟੇ ਕੰਮ ਕਰਨ ਲਈ ਅਮਰੀਕਾ ਦੇ ਵਿਚ ਹੜਤਾਲਾ ਅਤੇ ਮੁਜਾਹਰੇ ਕੀਤੇ,ਹਕੂਮਤ ਨੇ ਮਜਦੂਰਾ ਦੀ ਤਾਕਤ ਨੂੰ ਦਬਾਉਣਾ ਚਾਹਿਆ ਪਰ ਇਹ ਅੰਦੋਲਨ ਇਤਿਹਾਸਿਕ ਹੋ ਨਿਬੜਿਆ 11 ਨਵੰਬਰ 1887 ਨੂੰ ਮਜਦੂਰਾ ਦੀ ਜਿੱਤ ਹੋਈ ਅਤੇ ਅੱਠ ਘੰਟੇ ਕੰਮ ਕਰਨ ਦੀ ਦਿਹਾੜੀ ਲਾਗੂ ਹੋਈ।ਪ੍ਰੰਤੂ ਹੁਣ ਫਿਰ ਸਰਕਾਰਾ ਮਜਦੂਰਾ ਦੇ ਹੱਕਾ ਤੇ ਡਾਕੇ ਮਾਰ ਰਹੀਆ ਹਨ।ਉਨ੍ਹਾ ਕਿਹਾ ਕਿ ਅਸੀ ਮੰਗ ਕਰਦੇ ਹਾਂ ਕਿ ਭ੍ਰਿਸਟਾਚਾਰ ਦਾ ਪੂਰਨ ਰੂਪ ਵਿਚ ਖਾਤਮਾ ਕੀਤਾ ਜਾਵੇ,ਮਹਿੰਗਾਈ ਅਤੇ ਬੇਰੁਜਗਾਰੀ ਨੂੰ  ਨੱਥ ਪਾਈ ਜਾਵੇ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਖਤਮ ਕੀਤੀਆ ਜਾਣ ਕਿਸਾਨਾ ਅਤੇ ਹਰ ਪ੍ਰਕਾਰ ਦੇ ਬਜੁਰਗਾ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸਨ ਦਿੱਤੀ ਜਾਵੇ ਵਿਿਦਆ ਅਤੇ ਸਿਹਤ ਸਹੂਲਤਾ ਮੁਫਤ ਦਿੱਤੀਆਂ ਜਾਣ,ਆਗਣਵਾੜੀ ਵਰਕਰਾ,ਆਸਾ ਵਰਕਰਾ ਐਨ.ਐਸ.ਐਮ ਕਾਮੇ ਜੰਗਲਾਤ ਵਿਭਾਗ ਵਿਚ ਕੰਮ ਕਰਦੇ ਠੇਕੇ ਤੇ ਭਰਤੀ ਮੁਲਾਜਮਾ ਨੂੰ ਜਲਦੀ ਪੱਕਾ ਕੀਤਾ ਜਾਵੇ ।ਇਸ ਮੌਕੇ ਉਨ੍ਹਾ ਨਾਲ ਭਰਪੂਰ ਸਿੰਘ,ਬਲਦੇਵ ਸਿੰਘ,ਕਰਮਜੀਤ ਸਿੰਘ,ਮੰਗੂ ਸਿੰਘ,ਪਾਲ ਸਿੰਘ,ਪਰਮਜੀਤ ਸਿੰਘ,ਮੱਖਣ ਸਿੰਘ,ਮੋਹਣ ਸਿੰਘ, ਹਾਕਮ ਸਿੰਘ ਡੱਲਾ,ਗਾਣੋ ਸਿੰਘ ਆਦਿ ਹਾਜਰ ਸਨ।

ਕਪੂਰਥਲਾ ਹਲਕੇ ਦੇ ਪਿੰਡ ਡਾਲਾ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਲਾਇਆ ਗਿਆ ਚੈੱਕਅੱਪ ਅਵੇਅਰ ਨੈੱਸ ਕੈਂਪ

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਉਚੇਚੇ ਤੌਰ ਤੇ ਸ਼ਿਰਕਤ

ਕਪੂਰਥਲਾ, 1 ਮਈ (ਜਨਸ਼ਕਤੀ ਨਿਊਜ਼ ਬਿਊਰੋ ) ਦੁਨੀਆਂ ਦੀ ਨਾਮਵਰ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਅੱਜ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਡਾਲਾ ਵਿਖੇ ਕੈਂਸਰ ਅਵੇਰਨੈਸ ਅਤੇ ਫ੍ਰੀ ਚੈੱਕਅਪ ਫ੍ਰੀ ਦਵਾਈਆਂ ਦਾ ਕੈਂਪ ਲਾਇਆ ਗਿਆ । ਜਿਸ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਆਖਿਆ ਵਰਲਡ ਕੈਂਸਰ ਕੇਅਰ ਦਾ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜੇ ਕਿ ਵੱਡੀ ਪੱਧਰ ਉੱਪਰ ਲੋਕਾਂ ਨੂੰ ਕੈਂਸਰ ਅਤੇ ਹੋਰ ਭਿਆਨਕ ਬੀਮਾਰੀਆਂ ਦੇ ਚੈੱਕਅੱਪ ਕਰਕੇ ਮੌਕੇ ਤੇ ਹੀ ਇਲਾਜ ਪ੍ਰਤੀ ਜਾਗਰੂਕ ਕਰਦੇ ਹਨ । ਉਨ੍ਹਾਂ ਐੱਨਆਰਆਈ ਵੀਰਾਂ ਨੂੰ ਵਰਲਡ ਕੈਂਸਰ ਕੇਅਰ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ । ਇਸ ਸਮੇਂ ਵਰਲਡ ਕੈਂਸਰ ਕੇਅਰ ਵੱਲੋਂ ਡਾ ਧਰਮਿੰਦਰ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਦਾਨੀ ਵੀਰਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵਰਲਡ ਕੈਂਸਰ ਕੇਅਰ ਦੇ ਕੈਂਪਾਂ ਤੋਂ ਫਾਇਦਾ ਲੈਣ ਦੀ ਬੇਨਤੀ ਕੀਤੀ ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਤੇ ਸਕਿਉਰਿਟੀ ਇੰਪਲਾਈਜ਼ ਯੂਨੀਅਨ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ  

ਫ਼ਰੀਦਕੋਟ, ਮਈ   ( ਜਨਸ਼ਕਤੀ ਨਿਊਜ ਬਿਊਰੋ ) ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਦੇ ਸਕਿਉਰਟੀ ਇੰਪਲਾਈਜ ਯੂਨੀਅਨ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ , ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਝੰਡਾ ਲਹਿਰਾਇਆ ਗਿਆ । ਇਸ ਸਮੇਂ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋਂ ਜੀ ਨੇ ਸ਼ਰਧਾਂਜਲੀ ਭੇਟ ਕਰਦਿਆਂ , ਸਮੂਹ ਮੁਲਾਜ਼ਮਾਂ ਨੂੰ ਦੱਸਿਆ , ਆਮ ਆਦਮੀ ਪਾਰਟੀ ਹੱਥੀਂ ਕਿਰਤ ਕਰਨ ਵਾਲਿਆਂ ਦੀ ਪਾਰਟੀ ਹੈ । ਇਹ ਹਮੇਸ਼ਾ ਮੁਲਾਜ਼ਮਾਂ , ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕ ਚ' ਖੜਨ ਵਾਲੀ ਹੈ । ਭਵਿੱਖ  ਵਿੱਚ ਮੁਲਾਜ਼ਮਾਂ , ਮਜ਼ਦੂਰਾਂ ਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬਹੁਤ ਵਧੀਆ ਸਕੀਮਾਂ ਘੜ ਰਹੀ ਹੈ । ਇਸ ਤੋਂ ਬਾਅਦ ਪੰਜਾਬ ਸੁਬਾਰਡੀਨੇਟ ਸਰਵਿਸਜ਼ ਯੂਨੀਅਨ ਫਰੀਦਕੋਟ ਦੇ ਸਾਬਕਾ ਪ੍ਰਧਾਨ ਸ੍ਰ ਪ੍ਰਦੀਪ ਸਿੰਘ ਬਰਾੜ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਬਾਰੇ ਪੂਰਨ ਜਾਣਕਾਰੀ ਦਿੱਤੀ । ਆਖ਼ਿਰ ਵਿਚ ਯੂਨੀਅਨ ਦੇ ਪ੍ਰਧਾਨ ਸ੍ਰ ਸੁਖਵਿੰਦਰ ਸਿੰਘ ਵੱਲੋਂ  , ਸਾਰੇ ਸਾਥੀਆਂ ਤੇ ਹਲਕਾ ਵਿਧਾਇਕ ਜੀ ਦਾ ਧੰਨਵਾਦ ਕੀਤਾ । ਇਸ ਸਮੇਂ ਹਾਜ਼ਿਰ , ਜਰਨਲ ਸਕੱਤਰ ਸ਼ਿਵਨਾਥ ਦਰਦੀ , ਖਜਾਨਚੀ ਰਾਜੀਵ ਸ਼ਰਮਾ , ਲਲਿਤ ਕੁਮਾਰ , ਸਤਨਾਮ ਸਿੰਘ , ਸੁਖਦੇਵ ਮਚਾਕੀ , ਜਗਸੀਰ ਸ਼ਾਹੀ , ਮਨਵੀਰ ਸਿੰਘ , ਰਣਜੀਤ ਸਿੰਘ , ਰਾਜਪ੍ਰੀਤ , ਰਾਜਵਿੰਦਰ ਸਿੰਘ , ਜਸਕਰਨ ਸਿੰਘ , ਦਵਿੰਦਰ ਢੁੱਡੀ , ਅੰਗਰੇਜ਼ ਸਿੰਘ , ਰਾਮ ਸਿੰਘ ਆਦਿ ।

ਡਾਕਟਰ ਅਮਨਦੀਪ ਸਿੰਘ ਦੀ 'ਸੁਣਿਓ! ਕੀ ਕਹਿੰਦੇ ਅੱਖਰ’ ਕਿਤਾਬ ਹੋਈ ਰਿਲੀਜ਼

ਮੋਗਾ, 1 ਮਈ (ਮਨਜਿੰਦਰ ਗਿੱਲ ) ਇੰਡੀਅਨ ਫਾਰਮਾਸਿਸਟ ਐਸੋਸੀਏਸ਼ਨ ਦੀ ਪੰਜਾਬ ਇਕਾਈ ਵੱਲੋਂ ਡਾਕਟਰ ਅਮਨਦੀਪ ਸਿੰਘ ਦੁਆਰਾ ਲਿਖਿਤ ਕਿਤਾਬ 'ਸੁਣਿਓ! ਕੀ ਕਹਿੰਦੇ ਅੱਖਰ’ (ਸਾਂਝਾ ਕਾਵਿ ਸੰਗ੍ਰਹਿ) ਰਿਲੀਜ਼ ਕੀਤੀ ਗਈl ਇਸ ਮੌਕੇ ਆਈ ਪੀ ਏ ਦੇ ਡਾ. ਸੰਜੇ ਬਾਂਸਲ ਪ੍ਰਧਾਨ, ਡਾ. ਅਰੁਣ ਕੌੜਾ ਜਨਰਲ ਸਕੱਤਰ, ਡਾ. ਵੀਰ ਵਿਕਰਮ ਚੇਅਰਮੈਨ ਵਿਗਿਆਨ ਅਤੇ ਖੋਜ ਕਮੇਟੀ, ਸ੍ਰੀ ਹਰਵਿੰਦਰ ਕਮਲ ਵਾਈਸ ਚੇਅਰਮੈਨ ਅਤੇ ਸੈਂਟਰਲ ਆਬਜ਼ਰਵਰ, ਡਾ. ਬਲਜਿੰਦਰ ਸਿੰਘ ਬਾਜਵਾ, ਸ੍ਰੀ ਕਮਲ ਕਾਂਤ, ਸ੍ਰੀ ਚਾਰੁਲ, ਸ੍ਰੀ ਕੈਲਾਸ਼ ਹਾਜ਼ਰ ਸਨ l ਇਸ ਮੌਕੇ ਹਰਵਿੰਦਰ ਕਮਲ ਜੀ ਨੇ ਦੱਸਿਆ ਕਿ ਡਾ. ਅਮਨਦੀਪ ਸਿੰਘ ਆਈ ਪੀ ਏ ਪੰਜਾਬ ਇਕਾਈ ਦੇ ਪ੍ਰੋਟੋਕੋਲ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਲ ਨਾਲ ਸਾਹਿਤਕ ਗਤਵਿਧੀਆਂ ਵਿੱਚ ਵੀ ਵਧ ਚੜ ਕੇ ਹਿੱਸਾ ਲੈਂਦੇ ਹਨ। ਡਾ. ਸੰਜੇ ਬਾਂਸਲ ਨੇ ਡਾ. ਅਮਨਦੀਪ ਸਿੰਘ ਬਾਰੇ ਕਿਹਾ ਕਿ ਇਨ੍ਹਾਂ ਦੀਆਂ ਪਹਿਲਾਂ ਵੀ ਅਨੇਕਾਂ ਹੀ ਕਵਿਤਾਵਾਂ ਦੇਸ਼ ਵਿਦੇਸ਼ ਦੇ ਨਾਮਵਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਡਾ. ਵੀਰ ਵਿਕਰਮ ਨੇ ਡਾ. ਅਮਨਦੀਪ ਸਿੰਘ ਦੇ ਰੇਡੀਓ ਪ੍ਰੋਗਰਾਮਾਂ ਵਿੱਚ ਵੀ ਆਪਣੀਆਂ ਕਵਿਤਾਵਾਂ ਦੀ ਵੰਨਗੀ ਪੇਸ਼ ਕਰਨ ਦੇ ਨਾਲ ਨਾਲ ਦੱਸਿਆ ਕਿ ਇਨ੍ਹਾਂ ਦੀਆਂ ਲਿਖਤਾਂ ਵਿੱਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਹਮੇਸ਼ਾ ਝਲਕਦੀ ਹੈ। ਇਨਾਂ ਦੀਆਂ ਕਵਿਤਵਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਨ । ਪ੍ਰੋਗਰਾਮ ਦੇ ਅੰਤ ਵਿੱਚ ਸਾਰੀ ਟੀਮ ਨੇ ਡਾ. ਅਮਨਦੀਪ ਸਿੰਘ ਲਈ ਭਵਿੱਖ ਵਿੱਚ ਕਾਮਯਾਬੀ ਲਈ ਦੁਆ ਕੀਤੀ