You are here

ਪੰਜਾਬ

ਨਿਰੋਈ ਸਿਹਤ ਦਾ ਸੁਨੇਹਾ ਦੇਣ ਖਾਤਿਰ ਲਗਾਏ ਜਾ ਰਹੇ ਹਨ ਸਿਹਤ ਮੇਲੇ :  ਡਿਪਟੀ ਕਮਿਸ਼ਨਰ  

ਮੁਹੰਮਦ ਸਦੀਕ ਐੱਮਪੀ ਫਰੀਦਕੋਟ ਹੋਏ ਉਚੇਚੇ ਤੌਰ ਤੇ ਸ਼ਾਮਿਲ
ਦੋਦਾ,ਸ੍ਰੀ ਮੁਕਤਸਰ ਸਾਹਿਬ 18 ਅਪ੍ਰੈਲ (ਰਣਜੀਤ ਸਿੱਧਵਾਂ)  : ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਹਾਜਰੀ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸਨਰ ਸ੍ਰੀ ਵਿਨੀਤ ਕੁਮਾਰ ਆਈਏਐੱਸ ਨੇ ਅੱਜ ਦੋਦਾ ਵਿਖੇ ਲਗਾਏ ਜਾ ਰਹੇ ਮੁਫ਼ਤ ਸਿਹਤ ਕੈਂਪ ਵਿੱਚ ਕਿਹਾ ਕਿ ਸਿਹਤ ਤੋਂ ਵੱਡੀ ਕੋਈ ਦੋਲਤ ਨਹੀਂ ਹੈ, ਉਹਨਾ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਉਹ ਨਿਯਮ ਅਨੁਸਾਰ ਪੋਸ਼ਟਿਕ ਖੁਰਾਕ ਸਹੀ ਸਮੇਂ ਤੇ ਲੈਣ ਅਤੇ ਵਰਜਿਸ/ਸੈਰ ਕਰਨ ਤਾਂ ਜੋ ਉਹ  ਨਿਰੋਈ ਸਿਹਤ ਪ੍ਰਾਪਤ ਕਰ ਸਕਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿਲੇ ਵਿਚ ਜੋ ਚਾਰ ਰੋਜਾ, 18,19,21 ਅਤੇ 22 ਅਪ੍ਰੈਲ ਤੱਕ  ਸਿਹਤ ਮੇਲੇ ਲਗਾਏ ਜਾ ਰਹੇ ਹਨ, ਉਹਨਾਂ ਵਿੱਚ ਸਰਕਾਰ ਦੀ ਸਾਰੀ ਮਸ਼ੀਨਰੀ ਦਾ ਜੋਰ ਲੋਕਾਂ ਨੂੰ ਸਿਹਤਯਾਬ ਕਰਨ ਲਈ ਲਗਾਇਆ ਜਾਵੇਗਾ। ਇਹਨਾਂ ਮੇਲਿਆਂ ਵਿੱਚ ਆਯੁਰਵੇਦਿਕ, ਹੋਮਿਓਪੈਥਿਕ ਡਾਕਟਰਾਂ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ, ਲੈਬ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਦਿਤੀਆਂ ਜਾਣਗੀਆਂ ਇਸ ਦੇ ਨਾਲ ਯੋਗ ਦੀ ਮਹੱਤਤਾ ਬਾਰੇ ਵੀ ਚਾਨਣਾਂ ਪਾਇਆ ਜਾਵੇਗਾ। ਇਸ ਮੌਕੇ ਬੋਲਦਿਆਂ ਐੱਮਪੀ ਮੁਹੰਮਦ ਸਦੀਕ ਨੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁਗ ਵਿੱਚ ਬੱਚੇ ਅਕਸਰ ਹੀ ਬਜ਼ਾਰ ਵਿੱਚੋਂ ਵੰਨ-ਸਵੰਨੀਆਂ ਮੂੰਹ ਦੇ ਸੁਆਦ ਵਾਲੀਆਂ ਪ੍ਰੰਤੂ ਸਿਹਤ ਲਈ ਹਾਨੀਕਾਰਕ ਚੀਜਾਂ ਖਾਣ ਦੇ ਆਦੀ ਹੋ ਰਹੇ ਹਨ, ਉਨ੍ਹਾਂ ਦੱਸਿਆ ਕਿ ਸੂਕਲਾਂ ਵਿੱਚ ਬੱਚਿਆਂ ਨੂੰ ਸਿਹਤ ਅੰਬੈਸਡਰ ਬਣਾਇਆ ਜਾ ਰਿਹਾ ਹੈ ਜੋ ਸਵੇਰ ਦੀ ਸਭਾ ਦੋਰਾਨ ਅਤੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਨੂੰ ਚੰਗਾ ਖਾਣਾ ਖਾਣ ਦੀਆਂ ਆਦਤਾਂ ਬਾਰੇ ਜਾਣਕਾਰੀ ਦੇੇਵੇਗਾ, ਇਸ ਰੁਝਾਣ ਨਾਲ ਬੱਚਿਆਂ ਵਿੱਚ ਮਾੜੀਆਂ ਚੀਜਾਂ ਖਾਣ ਦੀ ਪ੍ਰਵਿਰਤੀ ਵਿੱਚ ਠੱਲ ਪੈਣ ਦੀ ਪੂਰੀ ਉਮੀਦ ਹੈ । ਉਹਨਾਂ ਅਪੀਲ ਕੀਤੀ ਕਿ ਇਹਨਾਂ ਮੇਲਿਆਂ ਵਿੱਚ ਆ ਕੇ ਲੋਕ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏਡੀਸੀ (ਜ) ਰਾਜਦੀਪ ਕੌਰ, ਸੀਐਮਓ ਡਾ. ਰੰਜੂ ਸਿੰਗਲਾ ਵੀ ਹਾਜਰ ਸਨ ਅਤੇ ਪੋਸ਼ਣ ਅਭਿਆਨ, ਫਿੱਟ ਇੰਡੀਆਂ ਦੀਆਂ ਟੀਮਾਂ ਵੀ ਮੌਕੇ ਤੇ ਹਾਜਰ ਸਨ।

ਕੁਦਰਤ ਦੇ ਨਾਲ ਛੇੜ ਛਾੜ ਕਰਨਾ ਬੰਦ ਕਰੋ

 ਬਰਨਾਲਾ/ ਮਹਿਲ ਕਲਾਂ- 18 ਅਪ੍ਰੈਲ- (ਗੁਰਸੇਵਕ ਸੋਹੀ)-  ਹਰ ਵਾਰ ਹੁੰਦੇ ਇਸ ਮਹਾਂਪਾਪ ਤੋਂ ਬੱਚੀਏ ਜੇ ਅੱਗ ਲਗਾਏ ਬਗੈਰ ਸਰਦਾ ਨਹੀਂ ਤਾਂ ਇਨ੍ਹਾਂ ਬੇਜੁਬਾਨ ਪਰ ਸੰਜੀਵ ਰੁੱਖਾਂ ਨੂੰ ਜਰੂਰ ਬਚਾ ਲਿਓ। ਬਥੇਰੇ ਵੱਡੇ ਵੱਡੇ ਟਰੈਕਟਰ ਤੇ ਹੋਰ ਸੰਦ ਸੰਦੇੜੇ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਨੇ ।ਦੋ ਲੀਟਰ ਡੀਜ਼ਲ ਨਾਲ ਕੋਈ ਗ਼ਰੀਬੀ ਨੀ ਆਉਣ ਲੱਗੀ। ਦੇ ਲਿਓ ਦੋ ਚਾਰ ਗੇੜੇ ਇਨ੍ਹਾਂ ਦੇ ਨੇੜੇ ਰੋਟਾਵੇਟਰ ਨਾਲ। ਕਣਕ ਦੇ ਘੱਟ ਝਾੜ ਦਾ ਐਡਾ ਨੁਕਸਾਨ ਵੀ ਝੱਲ ਹੀ ਲਿਆ ,ਹੁਣ ਇਹਦੇ ਨਾਲ ਕੀ ਫਰਕ ਪੈਣ ਲੱਗਿਆ। ਬਾਕੀ ਸਭ ਕੁੱਝ ਪੈਸਾ ਵੀ ਨੀ ਹੁੰਦਾ। ਇਹ ਦਰਖ਼ਤ ਸਾਨੂੰ ਫਲ ਫਰੂਟ ,ਮੇਵੇ ,ਔਸ਼ਧੀਆਂ ,ਤਪਦੀ ਦੁਪਹਿਰ ਚ ਠੰਡੀ ਛਾਂ ,ਸਾਹ ਲੈਣ ਲਈ ਸ਼ੁੱਧ ਆਕਸ਼ੀਜਨ ,ਘਰਾਂ  ਕੋਠੀਆਂ ਚ ਵਰਤੋਂ  ਲਈ ਲੱਕੜੀ  ਦਿੰਦੇ ਹਨ । ਪਰ ਇਵਜ ਚ ਮੰਗਦੇ ਇਹੀ ਨੇ ਕਿਹਾ ਸਾਨੂੰ ਜਿਉਂਦੇ ਜੀਅ ਨਾ ਫੂਕੋ ਜਿਸ ਆਖ਼ਰੀ ਦਿਨ ਤੁਸੀਂ ਮੱਚਣਾ ਹੋਇਆ ਅਸੀਂ ਥੋਡੇ ਨਾਲ ਮੱਚਾਂਗੇ। ਹੈ ਕਿਸੇ ਦਾ ਐਡਾ ਵੱਡਾ ਜ਼ੇਰਾ । ਅਸੀਂ ਸਭ ਕੁੱਝ ਸਮਝਦੇ ਹੋਏ ਰੁੱਖਾਂ ਇਨ੍ਹਾਂ ਪ੍ਰਤੀ ਐਨੇ ਬੇਰੁੱਖੇ ਅਤੇ   ਅਵੇਸਲੇ ਕਿਉਂ ਹਾਂ , ਇਹ ਸਾਡੀ ਬਹੁਤ ਵੱਡੀ ਤ੍ਰਾਸ਼ਦੀ ਹੈ       ਮੁਖਤਿਆਰ ਸਿੰਘ ਪੱਖੋ ਕਲਾਂ

*ਢਾਈ ਮਹੀਨੇ ਬਾਅਦ ਸ਼ੁਰੂ ਹੋਣੀ ਵਾਲੀ ਬਿਜਲੀ ਸਹੂਲਤ 'ਤੇ ਕਰੋੜਾਂ ਦੀ ਇਸ਼ਤਿਹਾਰਬਾਜ਼ੀ ਅੱਜ ਹੀ ਕਿਉਂ?*

*ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮਨਪ੍ਰੀਤ ਬਾਦਲ ਵਾਂਗੂ ਚੁੱਪ,ਮਾਨ ਵੱਲੋਂ ਧੜਾਧੜ ਐਲਾਨ*

 

ਬਰਨਾਲਾ /ਮਹਿਲ ਕਲਾਂ - 18 ਅਪ੍ਰੈਲ- (ਗੁਰਸੇਵਕ ਸਿੰਘ ਸੋਹੀ ) -ਲੰਘੀਆਂ ਚੋਣਾਂ 'ਚ ਪੰਜਾਬ ਦੀ ਸੱਤਾ ਹਥਿਆਉਣ ਲਈ ਜਿੱਥੇ ਤਰ੍ਹਾਂ ਤਰ੍ਹਾਂ ਦੇ ਐਲਾਨ ਹੋ ਰਹੇ ਸਨ , ਉੱਥੇ ਵਾਅਦਿਆਂ, ਦਾਅਵਿਆਂ ਤੇ ਗਾਰੰਟੀਆਂ ਦਾ ਰੁਝਾਨ ਸਿਖਰ ਤੇ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਸਾਬਕਾ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ, ਉਥੇ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਵਾਅਦਿਆਂ ਨੂੰ ਗਾਰੰਟੀਆਂ ਦਾ ਰੂਪ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆਉਂਦੇ ਅਤੇ ਪ੍ਰੈੱਸ ਕਾਨਫ਼ਰੰਸ ਕਰਕੇ ਗਰੰਟੀਆਂ ਦੇ ਰੂਪ ਵਿਚ ਚੋਣ ਵਾਅਦੇ ਕਰ ਜਾਦੇ। ਹੁਣ ਜਦੋਂ ਆਮ ਆਦਮੀ ਪਾਰਟੀ ਪੂਰਨ ਬਹੁਮੱਤ ਨਾਲ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਚਲਾ ਰਹੀ ਹੈ, ਤੇ ਇੱਕ ਮਹੀਨਾ ਪੂਰਾ ਕਰ ਚੁੱਕੀ ਹੈ। ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਾਬੜਤੋੜ ਐਲਾਨ ਕੀਤੇ ਜਾਣ ਲੱਗੇ, ਜੋ ਨਿਰੰਤਰ ਜਾਰੀ ਹਨ।  ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਸੁਰੱਖਿਆ ਚ ਸ਼ਾਮਲ ਕਰਮੀ ਵਾਪਸ ਲੈਣਾ   ਵੀ ਸਿਆਸੀ ਸਿਆਸੀ ਸਟੰਟ ਸੀ, ਕਿਉਂਕਿ ਸਰਕਾਰੀ ਕਾਨੂੰਨਾਂ ਮੁਤਾਬਕ ਉਹ ਆਪਣੇ ਆਪ ਵਾਪਸ ਆ ਜਾਣੇ ਸਨ ਤੇ ਨਵੇਂ ਮੰਤਰੀਆਂ ਨਾਲ ਸੁਰੱਖਿਆ ਵਿੱਚ ਜੁੜ ਜਾਣੇ ਸੀ। 36 ਹਜਾਰ ਨੌਕਰੀਆਂ ਦਾ ਐਲਾਨ ਹੁੰਦਿਆਂ ਹੀ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੈ ਜੈ ਕਾਰ ਕਰਨੀ ਸ਼ੁਰੂ ਕਰ ਦਿੱਤੀ। ਪਰ ਬੇਰੁਜ਼ਗਾਰ ਊਠ ਦੇ ਬੁੱਲ੍ਹ ਵਾਂਗ ਹੁਣ ਵੀ ਥੱਲੇ ਨੀਝ ਲਾ ਕੇ ਦੇਖ ਰਹੇ ਹਨ ਕਿ ਕਦੋਂ ਡਿੱਗੇਗਾ ਤੇ ਕਦੋਂ ਨੌਕਰੀਆਂ ਮਿਲਣਗੀਆਂ। ਬੇਰੁਜ਼ਗਾਰ ਅੱਜ ਵੀ ਕੰਧਾਂ ਵਿੱਚ ਟੱਕਰਾਂ ਮਾਰਦੇ ਧਰਨੇ ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਕੇਂਦਰ ਦੀ ਮੋਦੀ ਸਰਕਾਰ ਦੇ ਜੁਮਲਿਆਂ ਵਾਂਗ ਪੰਜਾਬ ਅੰਦਰ ਆਪ ਵੱਲੋਂ ਜੁਲਮਾਬਾਜੀ ਜੋਰਾਂ ਸੋਰਾਂ ਨਾਲ ਕੀਤੀ ਜਾ ਰਹੀ ਹੈ। ਇਕ ਵਿਧਾਇਕ ਇੱਕ ਪੈਨਸ਼ਨ ਦਾ ਐਲਾਨ ਹੁੰਦਿਆਂ ਹੀ ਜਿਵੇਂ ਪੰਜਾਬੀਆਂ ਨੂੰ ਕੋਈ ਜਾਦੂ ਦੀ ਛੜੀ ਮਿਲ ਗਈ ਹੋਵੇ। ਪੰਜਾਬ ਦੇ ਭਗਵੰਤ ਮਾਨ ਨੂੰ ਚਾਹੁਣ ਵਾਲੇ ਲੋਕਾਂ ਨੇ ਇਸ ਫ਼ੈਸਲੇ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ। ਇਹ ਐਲਾਨ ਵੀ ਅਜੇ ਕਾਗਜ਼ਾਂ ਵਿੱਚ ਹੀ ਲਟਕ ਰਿਹਾ ਹੈ। 16 ਅਪਰੈਲ ਨੂੰ ਭਗਵੰਤ ਮਾਨ ਵੱਲੋਂ ਸਸਤੀ ਬਿਜਲੀ ਨੂੰ ਲੈ ਕੇ ਕੀਤੇ ਐਲਾਨ ਨੂੰ ਦੇਸ਼ ਦੇ ਹਰ ਭਾਸ਼ਾਈ ਅਖ਼ਬਾਰਾਂ ਵਿੱਚ ਪਹਿਲੇ ਪੰਨੇ ਦੇ ਇਸ਼ਤਿਹਾਰ ਰੂਪ ਵਿੱਚ ਕਰੋੜਾਂ ਰੁਪਏ ਦੇਕੇ ਪ੍ਰਚਾਰਿਆ ਗਿਆ। ਭਾਵੇਂਕਿ ਇਸ ਐਲਾਨ ਨੂੰ ਲੈ ਕੇ ਪੰਜਾਬ ਵਿੱਚ ਦੁਚਿੱਤੀ ਵਾਲਾ ਮਾਹੌਲ ਬਣ ਗਿਆ ਹੈ,ਪਰ 1 ਜੁਲਾਈ (ਢਾਈ ਮਹੀਨੇ) ਤੋਂ ਬਾਅਦ ਪੂਰੇ ਹੋਣ ਵਾਲੇ ਐਲਾਨ ਤੇ ਏਨੀ ਇਸਤਿਹਾਰਬਾਜੀ ਅਤੇ ਇਨ੍ਹਾਂ ਪ੍ਰਚਾਰ ਕਿਉਂ। ਪੰਜਾਬ ਦੀ ਸੱਤਾ ਹਥਿਆਉਣ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਆਗੂਆਂ ਤੇ ਜੋ ਪੈਸੇ ਦੀ ਬੇਫਜ਼ੂਲੀ ਤੇ ਦੋਸ਼ ਲਾਏ ਜਾ ਰਹੇ ਸਨ। ਪ੍ਰਾਈਵੇਟ ਵਿੱਦਿਅਕ ਅਦਾਰਿਆਂ ਨੂੰ ਲੈ ਕੇ ਕੀਤੇ ਐਲਾਨ,ਬਿਜਲੀ ਸਪਲਾਈ ਨੂੰ ਲੈ ਕੇ ਕੀਤੇ ਐਲਾਨ,ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਨੂੰ ਲੈ ਕੇ ਕੀਤੇ ਐਲਾਨ,ਰੇਤੇ ਦੀ ਮਾਈਨਿੰਗ ਨੂੰ ਲੈ ਕੇ ਕੀਤੇ ਐਲਾਨ,ਸਰਕਾਰੀ ਸਕੂਲਾਂ ਦੇ ਸੁਧਾਰ ਲਈ ਕੀਤੇ ਐਲਾਨ,ਸਿਹਤ ਸਹੂਲਤਾਂ ਲਈ ਕੀਤੇ ਐਲਾਨ ਤੇ ਹੋਰ ਐਲਾਨ ਅੱਜ ਵੀ ਕਾਗਜ਼ਾਂ ਵਿੱਚ ਹੀ ਸੀਮਤ ਹਨ। ਆਮ ਆਦਮੀ ਪਾਰਟੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਾਂਗ ਚੁੱਪ ਚਾਪ ਦਿਖਾਈ ਦੇ ਰਹੇ ਹਨ, ਜਦਕਿ ਮੁੱਖ ਮੰਤਰੀ ਵੱਲੋਂ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ। 01 ਮਹੀਨਾ ਪੂਰਾ ਹੋਣ ਤੇ ਭਾਵੇਂਕਿ ਲੋਕ ਆਮ ਆਦਮੀ ਪਾਰਟੀ ਨੂੰ ਵਧਾਈ ਵੀ ਦੇ ਰਹੇ ਹਨ, ਪਰ ਆਪ ਸਰਕਾਰ ਦੇ ਅਗਲੇ ਕਾਰਜਕਾਰ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ,ਸਿਹਤ ਤੇ ਸਿੱਖਿਆ ਸਹੂਲਤਾਂ ਵਿੱਚ ਚੰਗੇ ਸੁਧਾਰ,ਭ੍ਰਿਸ਼ਟਾਚਾਰ ਨੂੰ ਨੱਥ,ਪੰਜਾਬ ਦੀ ਡਾਵਾਂਡੋਲ ਆਰਥਿਕਤਾ ਨੂੰ ਲੀਹਾਂ ਤੇ ਲਿਆਉਣਾ ਅਤੇ ਆਬਕਾਰੀ ਨੀਤੀ ਚ ਚੰਗੇ ਸੁਧਾਰਾਂ ਦੀ ਲੋੜ ਹੈ। ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੱਡੀਆਂ ਉਮੀਦਾਂ ਲਾ ਕੇ ਬੈਠੇ ਹਨ, ਹਰ ਬਿਆਨ ਤੇ ਐਲਾਨ ਸੋਚ ਸਮਝ ਕੇ ਕਰਨ ਦੀ ਲੋੜ ਹੈ। ਢਾਈ ਮਹੀਨੇ ਬਾਅਦ ਮਿਲਣ ਵਾਲੀ ਸਰਕਾਰੀ ਸਹੂਲਤ ਤੇ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕਰਕੇ, ਜਿੱਥੇ ਆਪਣੀ ਸਥਿਤੀ ਹਾਸੋਹੀਣੀ ਬਣਾਈ ਜਾ ਰਹੀ ਹੈ, ਉਥੇ ਪੰਜਾਬ ਦਾ ਵੀ ਆਰਥਿਕ ਦੀਵਾਲਾ ਕੱਢਿਆ ਜਾ ਰਿਹਾ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ  ਤੇ ਸਮੁੱਚੀ ਕੈਬਨਿਟ ਨੂੰ ਸੁਹਿਰਦਤਾ ਨਾਲ ਸੋਚਣ ਅਤੇ ਆਰਥਿਕ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਨੂੰ ਚਲਾਉਣ ਦੀ ਲੋੜ ਹੈ।

ਸਬ ਡਿਵੀਜ਼ਨ ਗਰਿੱਡ ਮਹਿਲਕਲਾਂ ਅੱਗੇ ਕਿਸ‍ਾਨਾ ਨੇ ਬਿਜਲੀ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ  

 ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਤਾਂ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਟਰੈਫਿਕ ਜਾਮ ਕਰਕੇ ਧਰਨਾ ਦਿੱਤਾ ਜਾਵੇਗਾ-ਕਿਸਾਨ ਆਗੂ    

ਬਰਨਾਲਾ /ਮਹਿਲ ਕਲਾਂ- 18 ਅਪ੍ਰੈਲ (ਗੁਰਸੇਵਕ ਸੋਹੀ) -ਪਿੰਡ ਕਲਾਲਮਾਜਰਾ ਅਤੇ ਸਹਿਜੜਾ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਸੈਕਟਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਡਿਵੀਜ਼ਨ ਗਰਿੱਡ ਮਹਿਲ ਕਲਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਖੇਤੀਬਾੜੀ ਸੈਕਟਰ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਸੁਧਾਰ ਲਿਆ ਕੇ ਕਿਸਾਨਾਂ ਨੂੰ ਪੂਰੀ 10 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬਲਾਕ ਮਹਿਲ ਕਲਾਂ ਇਕਾਈ ਦੇ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਮੱਘਰ ਸਿੰਘ ਸਹਿਜੜਾ, ਬੀ ਕੇ ਯੂ ਡਕੌਂਦਾ ਦੇ ਆਗੂ ਕਰਮਜੀਤ ਸਿੰਘ ਕਲਾਲਮਾਜਰਾ, ਬਲਵਿੰਦਰ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਚੋਣਾਂ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਸੈਕਟਰਾਂ ਲਈ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀਆਂ ਦੀਆਂ ਗਰੰਟੀਆਂ ਦੇ ਕੇ ਦਾਅਵੇ ਕਰਦੀ ਨਹੀਂ ਸੀ ਥੱਕਦੀ, ਪਰ ਦੂਜੇ ਪਾਸੇ ਸਰਕਾਰ ਵੱਲੋਂ ਕਿਸਾਨਾਂ ਨਾਲ ਚੋਣਾਂ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਸੈਕਟਰਾਂ ਨੂੰ 12 ਘੰਟੇ ਬਿਜਲੀ ਸਪਲਾਈ ਤਾਂ ਕੀ ਸੀ ਦੇਣੀ  ਸਗੋਂ ਪਹਿਲਾਂ ਮਿਲਦੀ ਕਿਸਾਨਾਂ  8 ਘੰਟੇ ਬਿਜਲੀ ਸਪਲਾਈ ਵਿੱਚੋਂ ਸਿਰਫ 2 ਘੰਟੇ ਬਿਜਲੀ ਸਪਲਾਈ ਪਾਵਰ ਕੱਟ ਲਗਾ ਕੇ ਦਿੱਤੀ ਜਾ ਰਹੀ ਬਿਜਲੀ ਸਪਲਾਈ ਕਾਰਨ ਪਿੰਡ ਸਹਿਜੜਾ ਅਤੇ ਕਲਾਲ ਮਾਜਰਾ ਦੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਖੇਤਾਂ ਵਿੱਚ ਖੜ੍ਹੀ ਮੱਕੀ, ਮੂੰਗੀ ਦੀਆਂ ਫ਼ਸਲਾਂ ਤੋਂ ਇਲਾਵਾ ਹਰਾ ਚਾਰੇ ਨੂੰ ਪਾਣੀ ਨਾ ਮਿਲਣ ਕਰਕੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਅਤੇ ਚਾਰਾ ਸੁੱਕ ਰਿਹਾ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਖੇਤੀਬਾੜੀ ਸੈਕਟਰਾਂ ਲਈ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਸੁਧਾਰ ਕਰਕੇ ਕਿਸਾਨਾਂ ਨੂੰ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਬ ਡਿਵੀਜ਼ਨ ਗਰਿੱਡ ਮਹਿਲ ਕਲਾਂ ਵੱਲੋਂ ਪਿੰਡ ਸਹਿਜੜਾ ਅਤੇ ਕਲਾਲ ਮਾਜਰਾ ਤੇ ਖੇਤੀਬਾੜੀ ਸੈਕਟਰ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਸਬ ਡਿਵੀਜ਼ਨ ਗਰਿੱਡ ਕਸਬਾ ਮਹਿਲ ਕਲਾਂ ਦੇ ਗੇਟ ਅੱਗੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਜਥੇਬੰਦੀਆ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਕਿਸਾਨਾਂ ਨੇ ਸਬ ਡਿਵੀਜ਼ਨ ਮਹਿਲ ਕਲਾਂ ਗਰਿੱਡ ਦੇ ਐਸਡੀਓ ਨਿਤਿਨ ਕੁਮਾਰ ਗਰਗ ਨੂੰ ਆਪਣਾ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਕੁਲਵਿੰਦਰ ਸਿੰਘ ਕਲਾਲਮਾਜਰਾ, ਸਰਬਜੀਤ ਸਿੰਘ,ਗੁਰਮੇਲ ਸਿੰਘ,ਬਹਾਦਰ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਜਗਪਾਲ ਸਿੰਘ, ਗੁਰਦੀਪ ਸਿੰਘ ਕਲਾਲ ਮਾਜਰਾ, ਹਰਵਿੰਦਰ ਸਿੰਘ, ਜਤਿੰਦਰ ਸਿੰਘ ਸੋਹੀ, ਮੇਜਰ ਸਿੰਘ ਸਹਿਜੜਾ,ਹਰਪ੍ਰੀਤ ਸਿੰਘ ਸਹਿਜੜਾ, ਜਸਪਾਲ ਸਿੰਘ ਸਹਿਜੜਾ, ਕਰਨੈਲ ਸਿੰਘ ਸਹਿਜਡ਼ਾ ਇਲਾਵਾ ਹੋਰ ਜਥੇਬੰਦੀਆਂ ਦੇ ਵਰਕਰ ਖਪਤਕਾਰ ਵੀ ਹਾਜ਼ਰ ਸਨ।

ਸ਼ਹਿਰਾਂ ਤੇ ਪਿੰਡਾਂ ’ਚ ਬਿਨ੍ਹਾਂ ਭੇਦਭਾਵ ਵਿਕਾਸ ਕਰਵਾ ਰਹੀ ਹੈ ਪੰਜਾਬ ਸਰਕਾਰ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਪਿੰਡ ਨਿਊ ਸ਼ਾਂਤੀ ਨਗਰ ’ਚ 10 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੇ ਨਿਕਾਸ ਤੇ ਗਲੀ ਦੇ ਨਿਰਮਾਣ ਕਾਰਜ ਦੇ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ,17 ਅਪ੍ਰੈਲ (ਰਣਜੀਤ ਸਿੱਧਵਾਂ)  :   ਮਾਲ, ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ, ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਪਿੰਡ ਨਿਊ ਸ਼ਾਂਤੀ ਨਗਰ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੇ ਨਿਕਾਸ ਅਤੇ ਇੱਕ  ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਤੇ ਪਿੰਡਾਂ ਵਿੱਚ  ਬਿਨ੍ਹਾਂ ਕਿਸੇ ਭੇਦ-ਭਾਵ ਦੇ ਵਿਕਾਸ ਕਾਰਜ ਕਰਵਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਸ਼ਚਿਤ ਸਮੇਂ ਵਿੱਚ ਨਿਪਟਾਰਾ ਕਰ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਵਿਕਾਸ ਪ੍ਰੋਜੇਕਟ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਦੀਆਂ ਹੋਰ ਸਮੱਸਿਆਵਾਂ ਦਾ ਵੀ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਦੇ ਲਗਭਗ ਹਰ ਖੇਤਰ ਵਿੱਚ ਜ਼ਰੂਰੀ ਵਿਕਾਸ ਕਾਰਜ ਕਰਵਾ ਕੇ ਲੋਕਾਂ ਲਈ ਹਰ ਸੁਵਿਧਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਸਾਰੇ ਪਿੰਡਾਂ ਵਿੱਚ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ। ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਿਰਫ਼ ਇੱਕ ਮਹੀਨੇ ਵਿੱਚ ਹੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਬੇਮਿਸਾਲ ਕੰਮ ਕਰਦੇ ਹੋਏ ਸੂਬੇ ਦੇ ਲੋਕਾਂ ਦੀ ਹਰ ਜ਼ਰੂਰੀ ਮੰਗ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਸੂਬੇ ਦੇ ਹਿੱਤ ਵਿੱਚ ਕਈ ਇਤਿਹਾਸਕ ਫੈਸਲੇ ਲੈਣ ਜਾ ਰਹੀ ਹੈ। ਇਸ ਮੌਕੇ ਕੌਂਸਲਰ ਜਸਪਾਲ ਸਿੰਘ ਚੇਚੀ, ਵਰਿੰਦਰ ਸ਼ਰਮਾ ਬਿੰਦੂ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 70742 ਮੀਟ੍ਰਿਕ ਟਨ ਕਣਕ ਦੀ ਆਮਦ

63743 ਮੀਟ੍ਰਿਕ ਟਨ ਕਣਕ ਦੀ ਖ਼ਰੀਦ

ਖਰੀਦੀ ਕਣਕ ਵਿੱਚੋਂ 30155 ਮੀਟ੍ਰਿਕ ਟਨ ਦੀ ਹੋਈ ਲਿਫਟਿੰਗ
ਫ਼ਤਹਿਗੜ੍ਹ ਸਾਹਿਬ, 17 ਅਪਰੈਲ  (ਰਣਜੀਤ ਸਿੱਧਵਾਂ)  : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 70742 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 63743 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ  ਨੇ ਦੱਸਿਆ ਕਿ ਖ਼ਰੀਦੀ ਕਣਕ ਵਿੱਚੋਂ ਪਨਗ੍ਰੇਨ ਨੇ 18145, ਮਾਰਕਫੈੱਡ ਨੇ 10447, ਪਨਸਪ ਨੇ 9588, ਵੇਅਰ ਹਾਊਸ ਨੇ  11740 ,ਐੱਫ ਸੀ ਆਈ ਨੇ 5023 ਮੀਟ੍ਰਿਕ ਟਨ ਕਣਕ ਅਤੇ  ਵਪਾਰੀਆਂ ਨੇ 8800 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੀਆਂ 33 ਮੰਡੀਆਂ ਵਿੱਚ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਮੰਡੀਆਂ ਵਿੱਚ ਪਾਣੀ, ਲਾਈਟਾਂ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਸ੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਕਣਕ ਦੀ ਖਰੀਦ ਸਬੰਧੀ ਬਾਰਦਾਨੇ ਦੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਣਕ ਦੀ ਖਰੀਦ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਬਿਨਾਂ ਝਿਜਕ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਸਕਦਾ ਹੈ। ਦਰਪੇਸ਼ ਸਮੱਸਿਆ ਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ

ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਆਦੇਸ਼  
ਸ੍ਰੀ ਮੁਕਤਸਰ ਸਾਹਿਬ 17 ਅਪ੍ਰੈਲ  (ਰਣਜੀਤ ਸਿੱਧਵਾਂ)  : ਬਤੌਰ ਡਿਪਟੀ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਣ ਦੇ ਅਗਲੇ ਹੀ ਦਿਨ ਆਈਏਐੱਸ ਸ੍ਰੀ ਵਿਨੀਤ ਕੁਮਾਰ  ਨੇ ਅੱਜ ਕਣਕ ਦੀ ਖਰੀਦ ਸਬੰਧੀ ਜ਼ਮੀਨੀ ਹਕੀਕਤ ਤੋਂ ਰੁਬਰੂ ਹੋਣ ਲਈ ਜ਼ਿਲ੍ਹੇ ਦੀਆਂ ਮਲੋਟ ਅਤੇ ਗਿੱਦੜਬਾਹਾ ਅਨਾਜ ਮੰਡੀਆਂ ਦਾ ਦੌਰਾ ਕੀਤਾ।ਉਨ੍ਹਾਂ ਕਿਸਾਨਾ, ਆੜਤੀਆਂ ਅਤੇ  ਖਰੀਦ ਏਜੰਸੀਆਂ ਨਾਲ ਮੌਕੇ ਤੇ ਗੱਲਬਾਤ ਕਰਕੇ  ਪ੍ਰਬੰਧਾਂ ਦਾ ਲਿਆ ਜਾਇਜ਼ਾ ।ਉਹਨਾਂ ਅਧਕਾਰੀਆਂ ਨੂੰ ਹਦਾਇਤ ਕੀਤੀ ਕੀ ਕਿਸੇ ਵੀ ਹਾਲਤ ਵਿੱਚ ਕਣਕ ਦੀ ਆਮਦ ਅਤੇ ਖਰੀਦ ਵਿਚ 24 ਘੰਟੇ ਤੋਂ ਵੱਧ ਦਾ ਵਖਵਾ ਨਾ ਪਵੇ। ਮਲੋਟ  ਦੀ ਮੰਡੀ ਵਿਖੇ ਉਹਨਾਂ ਤੋਲ  ਦਾ ਨਿਰੀਖਣ ਕੀਤਾ ਅਤੇ ਆੜਤੀਆਂ ਨੂੰ ਕਿਹਾ ਕਿ ਜਿੱਥੇ ਵੀ ਮਜਦੂਰਾਂ ਦੀ ਕਮੀ ਆ ਰਹੀ ਹੈ ਉਸ ਨੂੰ ਜਲਦ ਪੂਰਾ ਕਰਕੇ ਕਣਕ ਦੀ ਖਰੀਦ ਵਿੱਚ ਤੇਜੀ ਲਿਆਂਦੀ ਜਾਵੇ। ਉਹਨਾ ਹਦਾਇਤ ਕੀਤੀ ਕਿ ਇਸ ਸਬੰਧੀ ਪਹਿਲਾਂ ਤੋਂ ਹੀ ਪ੍ਰਬੰਧ ਮੁਕੰਮਲ ਕਰ ਲਏ ਜਾਣ ਤਾਂ ਜ਼ੋ ਕਿਸਾਨਾਂ ਨੂੰ ਗਰਮੀ ਵਿੱਚ  ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਮੰਡੀਆਂ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ  ਨੂੰ ਹਦਾਇਤ ਕੀਤੀ ਕਿ ਵੱਧ ਰਹੇ ਤਾਪਮਾਨ ਕਾਰਣ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਨੂੰ ਪੀਣ ਵਾਲੇ ਪਾਣੀ ਦੀ ਕਿਲਤ ਨਾ ਆਉਣ ਦਿਤੀ ਜਾਵੇ ।
ਉਹਨਾਂ ਯਕੀਨ ਦੁਆਇਆ ਕਿ ਜ਼ਿਲ੍ਹਾ  ਪ੍ਰਸ਼ਾਸ਼ਨ ਹਰ ਹੀਲੇ ਹਾੜੀ  ਦੀ ਇਸ ਫਸਲ ਨੂੰ ਸੁਚੱਜੇ ਢੰਗ ਨਾਲ ਅਤੇ ਬਿਨ੍ਹਾਂ ਕਿਸੇ ਰੁਕਾਵਟ ਦੇ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਖਰੀਦ ਏਜੰਸੀਆਂ ਨੂੰ ਇਹ ਵੀ ਹਿਦਾਇਤ ਕੀਤੀ ਕਿ ਕਣਕ ਦੀ ਫਸਲ ਨਿਰਧਾਰਤ ਅਨਾਜ ਮੰਡੀਆਂ ਵਿੱਚੋਂ ਹੀ ਖਰੀਦੀ ਜਾਵੇ ਅਤੇ ਕਿਸੇ ਵੀ ਪ੍ਰਾਈਵੇਟ ਵਿਆਕਤੀ ਨੇ ਕਣਕ ਦੀ ਖਰੀਦ ਕਰਨੀ ਹੈ, ਉਹ ਅਨਾਜ ਮੰਡੀਆਂ ਵਿੱਚੋਂ ਹੀ ਖਰੀਦੇਗਾ ਤਾਂ ਜੋ ਮਾਰਕਿਟ ਕਮੇਟੀ ਦੀ ਚੋਰੀ ਨੂੰ ਰੋਕਿਆ ਜਾ ਸਕੇ।

ਪੰਜਾਬ ਸਰਕਾਰ ਵੱਲੋ 300 ਯੂਨਿਟ ਬਿਜਲੀ ਮਾਫ ਕਰਨ ਦੀ ਖੁਸੀ ਵਿਚ ਲੱਡੂ ਵੰਡੇ

ਹਠੂਰ,17,ਅਪ੍ਰੈਲ-(ਕੌਸ਼ਲ ਮੱਲ੍ਹਾ)-ਪੰਜਾਬ ਸਰਕਾਰ ਵੱਲੋ ਸੂਬਾ ਵਾਸੀਆ ਲਈ ਇੱਕ ਜੁਲਾਈ ਤੋ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫਤ ਦੇਣ ਦੀ ਖੁਸੀ ਵਿਚ ਅੱਜ ਆਮ-ਆਦਮੀ ਪਾਰਟੀ ਇਕਾਈ ਹਠੂਰ ਦੇ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਹਠੂਰ ਵਿਖੇ ਲੱਡੂ ਵੰਡ ਕੇ ਖੁਸੀ ਦਾ ਇਜਹਾਰ ਕੀਤਾ ਗਿਆ।ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਹਠੂਰ ਨੇ ਕਿਹਾ ਕਿ ਪੰਜਾਬ ਦੀ ਪਹਿਲੀ ‘ਆਪ’ਸਰਕਾਰ ਹੈ ਜੋ ਪਹਿਲੇ ਮਹੀਨੇ ਵਿਚ ਹੀ ਆਪਣੇ ਚੋਣਾ ਸਮੇਂ ਕੀਤੇ ਵਾਅਦਿਆ ਨੂੰ ਇੱਕ-ਇੱਕ ਕਰਕੇ ਪੂਰੇ ਕਰ ਰਹੀ ਹੈ।ਉਨ੍ਹਾ ਕਿਹਾ ਕਿ ਅੱਜ ਸੂਬੇ ਦਾ ਹਰ ਵਰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੋ ਖੁਸ ਦਿਖਾਈ ਦੇ ਰਿਹਾ ਹੈ ਅਤੇ ਅੱਜ ਪੰਜਾਬ ਵਿਚ 300 ਯੂਨਿਟ ਪ੍ਰਤੀ ਮਹੀਨੇ ਮੁਫਤ ਬਿਜਲੀ ਦੇ ਕੇ ਪੰਜਾਬ ਵਾਸੀਆ ਦਾ ਦਿੱਲ ਜਿੱਤ ਲਿਆ ਹੈ।ਉਨ੍ਹਾ ਕਿਹਾ ਕਿ ਇਸ ਦੇ ਨਾਲ ਹੀ 25 ਹਜਾਰ ਨਵੀਆ ਸਰਕਾਰੀ ਨੌਕਰੀਆ ਦਾ ਐਲਾਨ,35 ਹਾਜ਼ਰ ਠੇਕਾ ਅਧਾਰਿਤ ਮੁਲਾਜ਼ਮ ਰੈਗੂਲਰ ਹੋਣਗੇ ਅਤੇ ਆਟਾ-ਦਾਲ ਸਕੀਮ ਵੀ ਲਾਭਪਾਤਰੀਆ ਦੇ ਘਰ ਤੱਕ ਪਹੁੰਚਾਉਣ ਦਾ ਸੱਭ ਤੋ ਵੱਡਾ ਵਾਅਦਾ ਆਪ ਸਰਕਾਰ ਨੇ ਹੀ ਪੂਰਾ ਕੀਤਾ ਹੈ ਅਤੇ ਅੱਜ ਵਿਰੋਧੀ ਪਾਰਟੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡਮੁੱਲੀ ਕਾਰਜਗਾਰੀ ਬਾਰੇ ਸੋਚਣ ਲਈ ਮਜਬੂਰ ਹਨ।ਇਸ ਮੌਕੇ ਉਨ੍ਹਾ ਨਾਲ ਨੰਬਰਦਾਰ ਸੁਖਵਿੰਦਰ ਸਿੰਘ,ਹਰਜੀਤ ਸਿੰਘ,ਭਾਗ ਸਿੰਘ ਗੋਲਡੀ,ਬਲਵਿੰਦਰ ਸਿੰਘ,ਦਰਸ਼ਨ ਸਿੰਘ ਤੂਰ,ਰਾਮਰੱਖਾ ਸਿੰਘ,ਹਰਪ੍ਰੀਤ ਸਿੰਘ,ਗੁਰਚਰਨ ਸਿੰਘ ਰਾਮਗੜ੍ਹੀਆ,ਸਕੱਤਰ ਪਰਮਿੰਦਰ ਸਿੰਘ,ਸਿਮਰਜੋਤ ਸਿੰਘ ਗਾਹਿਲੇ,ਅਮਰ ਸਿੰਘ,ਇੰਦਰਜੀਤ ਸਿੰਘ,ਕਾਲਾ ਸਿੰਘ ਆਦਿ ਹਾਜ਼ਰ ਸਨ।

ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਗੁੱਜਰਵਾਲ ਵਿਖੇ ਸਰਕਾਰੀ ਡਿਸਪੈਂਸਰੀ ਦੇ ਨਵੀਨੀਕਰਨ ਦੇ ਕੰਮ ਦੀ ਕਰਵਾਈ ਸ਼ੁਰੂਆਤ

ਇਸ ਪਿੰਡ ਦੇ ਪਰਉਪਕਾਰੀ ਅਤੇ ਐਨ ਆਰ ਆਈਜ਼ ਭਾਰਤੀਆਂ ਨੇ ਮਿਲ ਕੇ 10 ਲੱਖ ਰੁਪਏ ਇਕੱਠੇ ਕੀਤੇ ਅਤੇ ਸਰਕਾਰੀ ਡਿਸਪੈਂਸਰੀ ਦੀ ਖੰਡਰ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ
ਦੇ ਲਈ ਸਹਿਯੋਗ ਕੀਤਾ

ਸਰਕਾਰੀ ਡਿਸਪੈਂਸਰੀ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ

ਗੁੱਜਰਵਾਲ (ਲੁਧਿਆਣਾ), 16 ਅਪ੍ਰੈਲ  (ਰਣਜੀਤ ਸਿੱਧਵਾਂ)   :  ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਐਨ ਆਰ ਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਐਨ ਆਰ ਆਈਜ਼ ਭਾਰਤੀਆਂ ਦਾ ਡਾਟਾਬੇਸ ਤਿਆਰ ਕਰੇਗੀ ਤਾਂ ਜੋ  ਪੰਜਾਬ ਸਰਕਾਰ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਪ੍ਰੋਜੈਕਟਾਂ ਲਈ ਉਨ੍ਹਾਂ ਦਾ ਸਹਿਯੋਗ ਲੈਣ ਲਈ ਉਨ੍ਹਾਂ ਨਾਲ ਸੰਪਰਕ ਕਰ ਸਕੇ। ਕੈਬਨਿਟ ਮੰਤਰੀ ਨੇ ਅੱਜ ਪਿੰਡ ਗੁੱਜਰਵਾਲ ਦਾ ਦੌਰਾ ਕਰਕੇ ਇਸੇ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਹਾਕਮ ਸਿੰਘ ਠੇਕੇਦਾਰ, ਜੀਵਨ ਸਿੰਘ ਸੰਗੋਵਾਲ, ਮਨਵਿੰਦਰ ਸਿੰਘ ਗਿਆਸਪੁਰਾ, ਹਰਦੀਪ ਸਿੰਘ ਮੁੰਡੀਆਂ, ਲਾਭ ਸਿੰਘ ਉਗੋਕੇ, ਸੀਨੀਅਰ ਆਪ ਆਗੂ ਡਾ.ਕੇ.ਐਨ.ਐਸ. ਕੰਗ, ਏ.ਡੀ.ਸੀ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ, ਐਸ.ਪੀ (ਐਚ) ਪਿਰਥੀਪਾਲ ਸਿੰਘ, ਐਸ.ਡੀ.ਐਮ.  ਜਗਦੀਪ ਸਹਿਗਲ ਤੋਂ ਇਲਾਵਾ ਕਈ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ। ਇਸ ਮੌਕੇ ਉਨ੍ਹਾਂ ਇਸ ਸਰਕਾਰੀ ਡਿਸਪੈਂਸਰੀ ਨੂੰ ਅਪਗ੍ਰੇਡ ਕਰਨ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਪਿੰਡ ਦੇ ਛੱਪੜ ਦੀ ਸਫ਼ਾਈ ਲਈ ਐਸਟੀਮੇਟ ਤਿਆਰ ਕਰਨ ਲਈ ਬੀ.ਡੀ.ਪੀ.ਓ. ਨੂੰ ਕਿਹਾ ਗਿਆ।
ਪਿੰਡ ਗੁੱਜਰਵਾਲ ਦੇ ਪਰਉਪਕਾਰੀ ਅਤੇ ਐਨ ਆਰ ਆਈ ਭਾਰਤੀਆਂ ਨੇ ਪਿੰਡ ਵਿੱਚ ਸਾਲ 1926 ਵਿੱਚ ਸਥਾਪਿਤ ਕੀਤੀ ਗਈ ਸਰਕਾਰੀ ਡਿਸਪੈਂਸਰੀ ਦੀ ਟੁੱਟੀ-ਭੱਜੀ ਇਮਾਰਤ ਦੇ ਨਵੀਨੀਕਰਨ ਅਤੇ ਨਵੀਨੀਕਰਨ ਲਈ ਇੱਕਜੁੱਟ ਹੋ ਕੇ ਕੰਮ ਕੀਤਾ ਹੈ। ਇਸ ਮੌਕੇ ਪਿੰਡ ਦੇ ਇੱਕ ਐੱਨ.ਆਰ.ਆਈ. ਕੈਨੇਡਾ ਵਾਸੀ ਕੁਲਦੀਪ ਸਿੰਘ ਗਰੇਵਾਲ ਅੱਗੇ ਆਏ ਹਨ।  ਇਸ ਮੋਕੇ 10 ਲੱਖ ਰੁਪਏ ਦੇ ਫੰਡ ਦੇ ਕੰਮ ਲਈ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਕਿ ਇਸ ਸਰਕਾਰੀ ਡਿਸਪੈਂਸਰੀ ਨੂੰ ਅਪਗ੍ਰੇਡ ਕਰਕੇ ਘੱਟੋ-ਘੱਟ 25 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਐਨ ਆਰ ਆਈਜ਼ ਨੂੰ ਪਿੰਡਾਂ ਦੇ ਸਕੂਲਾਂ, ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਗੋਦ ਲੈਣ ਲਈ ਕਿਹਾ ਜਾਵੇਗਾ।  ਉਨਾਂ ਕਿਹਾ ਕਿ ਪੰਜਾਬ ਸਰਕਾਰ ਉਨਾਂ ਨੂੰ ਸਾਡੇ ਸੂਬੇ ਦੇ ਵਿਕਾਸ ਲਈ ਜਿੰਨਾ ਵੀ ਯੋਗਦਾਨ ਪਾਉਣ ਲਈ ਕਹੇਗੀ ਉਹ ਪੂਰਾ ਸਹਿਯੋਗ ਕਰਨਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਐਨ ਆਰ ਆਈਜ਼ ਭਾਰਤੀਆਂ ਨਾਲ ਸਬੰਧਤ ਕੇਸਾਂ ਲਈ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਚਾਰ ਵਿਸ਼ੇਸ਼ ਅਦਾਲਤਾਂ ਸਥਾਪਤ ਕਰੇਗੀ।  ਉਨ੍ਹਾਂ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਐਨ ਆਰ ਆਈਜ਼ ਭਾਰਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੀਸੀਐਸ ਰੈਂਕ ਦਾ ਨੋਡਲ ਅਫ਼ਸਰ ਲਗਾਇਆ ਜਾਵੇਗਾ। ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਸ. ਧਾਲੀਵਾਲ ਨੇ ਕਿਹਾ ਕਿ ਐਨ.ਆਰ.ਆਈਜ਼ ਭਾਰਤੀਆਂ ਨੂੰ ਆਪਣੀ ਮਾਤ ਭੂਮੀ ਦੀ ਬਿਹਤਰੀ ਲਈ ਅਗਵਾਈ ਕਰਨੀ ਚਾਹੀਦੀ ਹੈ, ਜਿਸ ਲਈ ਪੰਜਾਬ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਹਿਯੋਗ ਦੇਵੇਗੀ।ਇਸ ਮੌਕੇ ਐਨਆਰਆਈ ਅਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।

ਜਥੇਦਾਰ ਬਲਦੇਵ ਸਿੰਘ ਚੂੰਘਾ ਭਗਵੰਤ ਮਾਨ ਦੇ ਹੱਕ ਵਿੱਚ ਖੜ੍ਹ ਗਏ  

ਬਰਨਾਲਾ/ ਮਹਿਲ ਕਲਾਂ (ਗੁਰਸੇਵਕ ਸੋਹੀ)-  ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸਰਾਬ ਪੀ ਕੇ ਦਮਦਮਾ ਸਾਹਿਬ ਜਾਣ ਦੇ ਸੁਖਬੀਰ ਬਾਦਲ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਭਗਵੰਤ ਮਾਨ ਦੇ ਹੱਕ ਵਿੱਚ ਖੜ ਗਏ ਹਨ।ਪਿਛਲੇ ਕੁਝ ਸਮੇਂ ਤੋਂ ਬਾਦਲਾਂ ਦੇ ਖਿਲਾਫ ਖੁਲਕੇ ਬੋਲ ਰਹੇ ਜਥੇਦਾਰ ਚੁੰਘਾ ਆਉਣ ਵਾਲੇ ਸਮੇਂ ਚ ਕੋਈ ਫੈਸਲਾ ਲੈ ਸਕਦੇ ਹਨ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਣਨ ਦੀ ਲਾਲਸਾ ਦਿਲ ਵਿੱਚ ਸਮੋਈ ਬੈਠੇ  ਜਥੇਦਾਰ ਚੁੰਘਾ ਦਾ ਫਿਲਹਾਲ ਨੰਬਰ ਲਗਦਾ ਦਿਖਾਈ ਨਹੀਂ ਦੇ ਰਿਹਾ। ਤਿੰਨ ਵਾਰ ਸ਼੍ਰੋਮਣੀ ਕਮੇਟੀ ਮੈਂਬਰ, ਇੱਕ ਵਾਰ ਐਗਜੈਕਟਿਵ ਮੈਂਬਰ, ਮਾਰਕੀਟ ਕਮੇਟੀ ਚੇਅਰਮੈਨ ,ਦੋ ਵਾਰ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਬਣਨ ਵਾਲੇ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਪਾਰਟੀ ਚ ਤਕੜਾ ਅਧਾਰ ਸੀ ਪਰ ਪਾਰਟੀ ਕੋਲ ਕੋਈ ਪੱਖ ਰੱਖਣ ਦੀ ਬਿਜਾਏ ਸਿੱਧੇ ਰੂਪ ਵਿੱਚ ਬਾਦਲ ਪਰਿਵਾਰ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ।ਜਥੇਦਾਰ ਚੁੱਘਾ ਵੱਲੋ ਭਗਵੰਤ ਮਾਨ ਦੇ ਹੱਕ ਵਿੱਚ ਖੁਲਕੇ ਆਉਣ ਦਾ ਕੋਈ ਫਾਇਦਾ ਹੁੰਦਾ ਹੈ ਜਾਂ ਫੇਰ ਨਹੀ ਇਸ ਉੱਪਰ ਲੋਕਾਂ ਦੀਆਂ ਨਜ਼ਰਾਂ ਟੀਕਿਆਂ ਰਹਿਣਗੀਆਂ।

ਜ਼ਿਲ੍ਹਾ ਜਲੰਧਰ ਬਣਿਆ ਕਣਕ ਦੀ ਖ਼ਰੀਦ ਵਿੱਚ ਮੋਹਰੀ  

ਜਲੰਧਰ 16 ਅਪ੍ਰੈਲ (ਰਣਜੀਤ ਸਿੱਧਵਾਂ)  :ਜ਼ਿਲ੍ਹਾ ਜਲੰਧਰ ਨੇ ਜ਼ਿਲ੍ਹੇ ਦੇ ਸਾਰੇ 78 ਖ਼ਰੀਦ ਕੇਂਦਰਾਂ 'ਤੇ 72 ਘੰਟਿਆਂ ਦੇ ਅੰਦਰ 214.73 ਫੀਸਦੀ ਕਣਕ ਦੀ ਲਿਫ਼ਟਿੰਗ ਕਰਕੇ ਸੂਬੇ ਭਰ 'ਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਹੁਣ ਤੱਕ ਕੁੱਲ 81547 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 13635 ਮੀਟ੍ਰਿਕ ਟਨ ਕਣਕ ਦੀ ਲਿਫ਼ਟਿੰਗ 72 ਘੰਟਿਆਂ ਵਿੱਚ ਹੋਣੀ ਸੀ ਜਦਕਿ ਏਜੰਸੀਆਂ ਵੱਲੋਂ 29279 ਮੀਟ੍ਰਿਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਗਈ ਹੈ, ਜੋ ਕਿ ਟੀਚੇ ਦਾ 214.73 ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ ਫ਼ਸਲ ਦੀ ਲਿਫ਼ਟਿੰਗ ਵਿੱਚ ਸੂਬੇ ਵਿੱਚ ਮੋਹਰੀ ਬਣ ਕੇ ਉਭਰਿਆ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫ਼ਸਲ ਦੀ ਸਮੇਂ ਸਿਰ ਖ਼ਰੀਦ, ਲਿਫ਼ਟਿੰਗ ਅਤੇ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਸਮੁੱਚੀ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਘਨਸ਼ਿਆਮ ਥੋਰੀ ਨੇ ਖ਼ਰੀਦ ਦੇ ਕਾਰਜ ਨਾਲ ਜੁੜੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਫ਼ਸਲ ਆਉਣ ਤੋਂ ਬਾਅਦ ਇਸ ਦੀ ਨਿਰਧਾਰਤ ਸਮੇਂ ਦੇ ਅੰਦਰ ਲਿਫ਼ਟਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਖ਼ਰੀਦ ਦੇ ਹਰ ਪੜਾਅ 'ਤੇ ਕਿਸਾਨਾਂ ਦੀ ਸਹਾਇਤਾ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ। ਉਨ੍ਹਾਂ ਸਪੱਸ਼ਟ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਜ਼ਨ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ, ਪਖਾਨਿਆਂ ਦੀ ਸਹੂਲਤ, ਛਾਂ ਆਦਿ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਮੁੱਚੇ ਸੀਜ਼ਨ ਦੌਰਾਨ ਇਹ ਰੈਂਕ ਬਰਕਰਾਰ ਰੱਖਣ ਦੇ ਨਾਲ-ਨਾਲ ਕਿਸਾਨਾਂ ਨੂੰ ਸਹਿਯੋਗ ਦੇਣ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੋਜ਼ਾਨਾ ਖ਼ਰੀਦ ਦੀ ਸਮੀਖਿਆ ਕਰਨ ਤੋਂ ਇਲਾਵਾ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਖ਼ਰੀਦ, ਲਿਫਟਿੰਗ ਅਤੇ ਅਦਾਇਗੀ ਪ੍ਰਕਿਰਿਆ ਦੀ ਵਿਅਕਤੀਗਤ ਤੌਰ ’ਤੇ ਨਿਗਰਾਨੀ ਵੀ ਕੀਤੀ ਜਾਵੇਗੀ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਹਰਸ਼ਰਨ ਸਿੰਘ ਨੇ ਦੱਸਿਆ ਕਿ ਲੇਬਰ ਅਤੇ ਟਰਾਂਸਪੋਰਟ ਸਬੰਧੀ ਸਾਰੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਖਰੀਦ ਕੇਂਦਰਾਂ 'ਤੇ 72 ਘੰਟਿਆਂ ਦੇ ਅੰਦਰ ਲਿਫ਼ਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ਰੀਦ ਦਾ ਸਮੁੱਚਾ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਅਣਗਹਿਲੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਸ੍ਰੀ ਵਿਨੀਤ ਕੁਮਾਰ, ਆਈਏਐੱਸ  ਨੇ ਸੰਭਾਲਿਆ ਡੀਸੀ ਸ੍ਰੀ ਮੁਕਤਸਰ ਸਾਹਿਬ ਦਾ ਅਹੁਦਾ  

 ਜ਼ਿਲ੍ਹੇ ਵਿੱਚ ਚੱਲ ਰਹੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ
ਸ੍ਰੀ ਮੁਕਤਸਰ ਸਾਹਿਬ 16 ਅਪ੍ਰੈਲ (ਰਣਜੀਤ ਸਿੱਧਵਾਂ) : 2012 ਬੈਚ ਦੇ ਆਈ.ਏ.ਐੱਸ ਸ੍ਰੀ ਵਿਨੀਤ ਕੁਮਾਰ ਨੇ ਅੱਜ ਬਤੌਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਆਪਣਾ ਆਹੁਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾ ਸ੍ਰੀ ਵਿਨੀਤ ਕੁਮਾਰ  ਸਪੈਸ਼ਲ ਸਕੱਤਰ ਖੇਤੀਬਾੜੀ ਅਤੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਉਸਿੰਗ ਕਾਰਪੋਰੇਸ਼ਨ ਤੋਂ ਇਲਾਵਾ ਫਿਰੋਜ਼ਪੁਰ, ਬਠਿੰਡਾ ਵਿਖੇ ਡਿਪਟੀ ਕਮਿਸ਼ਨਰ  ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਪਹਿਲਾਂ ਜ਼ਿਲ੍ਹਾ  ਪ੍ਰਬੰਧਕੀ ਕੰਪਲੈਕਸ ਵਿਖੇ ਗਾਰਡ ਆਫ਼ ਆਨਰ ਲਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ੍ਰੀਮਤੀ ਸਵਰਨਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਸ੍ਰੀ ਗਗਨਦੀਪ ਸਿੰਘ ਐਸ.ਡੀ.ਐਮ. ਗਿੱਦੜਬਾਹਾ, ਸ੍ਰੀ ਪ੍ਰਮੋਦ ਸਿੰਗਲਾ ਐਸ.ਡੀ.ਐਮ. ਮਲੋਟ ਵੀ ਮੌਜੂਦ   ਸਨ। ਚਾਲੀ ਮੁਕਤਿਆਂ ਦੀ ਯਾਦ ਵਿੱਚ ਬਣੇ ਇਤਿਹਾਸਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਵੀ ਟੇਕਿਆ, ਜਿੱਥੇ ਉਹਨਾ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਿਰੋਪਾ ਵੀ ਭੇਟ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ  ਗੈਰ ਰਸਮੀ ਗੱਲ ਬਾਤ ਕਰਦਿਆ ਜ਼ਿਲ੍ਹੇ ਦੀ ਕਾਰਜ ਸੈਲੀ ਅਤੇ ਕੰਮਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ, ਇਸ ਤੋਂ ਇਲਾਵਾ ਉਹਨਾਂ ਜ਼ਿਲ੍ਹੇ ਵਿੱਚ ਚੱਲ ਰਹੇ ਕਣਕ ਦੇ ਖਰੀਦ ਕੰਮਾਂ ਸਬੰਧੀ ਵੀ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ  ਜਾਣਕਾਰੀ ਇਕੱਤਰ ਕੀਤੀ। ਉਹਨਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਣਕ ਵੇਚਣ ਆਏ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਕਣਕ ਦੀ ਖਰੀਦ ਵਿੱਚ ਤੇਜ਼ ਲਿਆਂਦੀ ਜਾਵੇ ।

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ ਮੁੱਖ ਐਨਆਰਆਈ ਮੁੱਦਿਆਂ 'ਤੇ ਚਰਚਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

ਲੰਡਨ/ਚੰਡੀਗੜ੍ਹ, 15 ਅਪ੍ਰੈਲ (ਖਹਿਰਾ) ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ (ਸਲੋਹ, ਯੂ.ਕੇ.) ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਦੀ ਇੱਕ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ, ਗੈਰ-ਨਿਵਾਸੀ ਭਾਰਤੀਆਂ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ, ਡਾ: ਇੰਦਰਬੀਰ ਸਿੰਘ ਨਿੱਝਰ ਵਿਧਾਇਕ (ਅੰਮ੍ਰਿਤਸਰ ਦੱਖਣੀ) ਅਤੇ ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਵੀ ਮੌਜੂਦ ਸਨ।
ਐਮਪੀ ਢੇਸੀ ਨੇ ਟਿੱਪਣੀ ਕੀਤੀ, “ਮੈਂ ਮਾਣਯੋਗ ਮੁੱਖ ਮੰਤਰੀ ਦਾ ਬਹੁਤ ਧੰਨਵਾਦੀ ਹਾਂ ਜਿਸ ਨਾਲ ਉਨ੍ਹਾਂ ਨੇ ਮੇਰਾ ਸੁਆਗਤ ਕੀਤਾ। ਉਨ੍ਹਾਂ, ਐਮ.ਪੀ ਚੱਢਾ ਅਤੇ ਵਿਧਾਇਕ ਨਿੱਝਰ ਨੇ ਪਿਆਰ ਨਾਲ ਆਪਣਾ ਕੀਮਤੀ ਸਮਾਂ ਦਿੱਤਾ, ਜਿਸ ਵਿੱਚ ਅਸੀਂ ਪ੍ਰਵਾਸੀ ਪੰਜਾਬੀ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ, ਜਿਨ੍ਹਾਂ ਵਿੱਚ ਜ਼ਮੀਨੀ ਵਿਵਾਦ ਦੇ ਕੇਸਾਂ, ਬਲੈਕਲਿਸਟ ਕੀਤੇ ਵਿਅਕਤੀਆਂ ਅਤੇ ਲੰਮੇ ਸਮੇਂ ਤੋਂ ਸਿਆਸੀ ਕੈਦੀਆਂ ਬਾਰੇ ਚਿੰਤਾਵਾਂ, ਅਤੇ ਬਿਹਤਰ ਕਾਨੂੰਨ ਅਤੇ ਪ੍ਰਵਾਸੀ ਭਾਰਤੀ ਸਿੱਧੇ ਨਿਵੇਸ਼ ਨੂੰ ਆਕਰਸ਼ਿਤ (ਘਟਾਉਣ ਦੀ ਬਜਾਏ) ਕਰਨ ਦੀਆਂ ਨੀਤੀਆਂ। ਅਸੀਂ ਵਧੇਰੇ ਸੰਪਰਕ ਰਾਹੀਂ ਕਾਰਗੋ, ਵਪਾਰ ਅਤੇ ਸੈਰ-ਸਪਾਟੇ ਨੂੰ ਵਧਾਉਣ ਦੇ ਮਹੱਤਵ 'ਤੇ ਵੀ ਚਰਚਾ ਕੀਤੀ, ਖਾਸ ਤੌਰ 'ਤੇ ਲੰਡਨ, ਬਰਮਿੰਘਮ ਅਤੇ ਵਿਦੇਸ਼ਾਂ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੋਵਾਂ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ।
ਢੇਸੀ ਨੇ ਅੱਗੇ ਦੱਸਿਆ, “ਡਾਇਸਪੋਰਾ ਸਪੱਸ਼ਟ ਤੌਰ 'ਤੇ ਆਪਣੀ ਵਿਰਾਸਤ ਦੀ ਧਰਤੀ ਨੂੰ ਵਧਦਾ-ਫੁੱਲਦਾ ਦੇਖਣਾ ਚਾਹੁੰਦੇ ਹਨ ਅਤੇ ਇਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਵਿਦੇਸ਼ ਦੌਰਿਆਂ ਤੋਂ ਮੁੱਖ ਮੰਤਰੀ ਦੇ ਵਿਆਪਕ ਗਿਆਨ ਦੇ ਮੱਦੇਨਜ਼ਰ, ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ, ਜਿਸ ਨਾਲ ਬਿਨਾਂ ਸ਼ੱਕ ਸਹਿਯੋਗ ਅਤੇ ਤਰੱਕੀ ਵਧੇਗੀ।"

ਤਿੰਨ ਪਿੰਡਾਂ ਦੀ 215 ਏਕੜ ਖੜੀ ਕਣਕ ਸੜ ਕੇ ਸੁਆਹ, ਕਿਸਾਨਾਂ ਨੇ ਕੀਤੀ ਮੁਆਵਜੇ ਦੀ ਮੰਗ            

ਹਠੂਰ,15,ਅਪ੍ਰੈਲ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਹੇਰਾ,ਛੱਜਾਵਾਲ,ਰਾਜੋਆਣਾ ਖੁਦ ਆਦਿ  ਪਿੰਡਾਂ ਦੀ ਸੋਨੇ ਵਰਗੀ ਕਣਕ ਸੜ ਕੇ ਸੁਆਹ ਹੋ ਗਈ ।ਪੁੱਤਾਂ ਵਾਂਗ ਪਾਲੀ ਕਣਕ ਸੜਦੀ ਵੇਖ ਕਿਸਾਨਾਂ ਦੇ ਬੇ ਬਸ਼ ਦਿਲਾਂ ਤੇ ਜੋ ਬੀਤਦੀ ਸੀ ਉਸ ਨੂੰ ਬੱਸ ਰੱਬ ਹੀ ਸਮਝ ਸਕਦਾ ਸੀ ।ਭਾਵੇਂ ਅੱਜ ਤਹਿਸੀਲਦਾਰ, ਪਟਵਾਰੀ ਆਦਿ ਪ੍ਰਸਾਸਨ ਵੱਲੋਂ ਸੜੀ ਕਣਕ ਦਾ ਸਰਵੇ ਕੀਤਾ ਗਿਆ ਅਤੇ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜਣ ਉਪ੍ਰੰਤ ਕਿਸਾਨਾਂ ਨੂੰ ਮੁਆਵਜਾ ਦਿਵਾਉਣ ਦੀ ਸਿਫਾਰਸ ਕੀਤੀ ਜਾਵੇਗੀ , ਪਰ ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ੍ਹ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,ਜਗਤਾਰ ਸਿੰਘ ਬਲਾਕ ਪ੍ਰਧਾਨ ਜਗਰਾਓ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਅਤੇ ਜਿਲਾ੍ਹ ਜਨਰਲ ਸਕੱਤਰ ਧਰਮ ਸਿੰਘ ਸੂਜਾਪੁਰ ਨੇ ਹੋਏ ਕਿਸਾਨਾਂ ਦੇ ਨੁਕਸਾਨ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਤਿੰਨ ਪਿੰਡਾਂ ਹੇਰਾਂ ਦੀ 125 ਕਿੱਲੇ,ਛੱਜਾਵਾਲ ਪਿੰਡ ਦੀ 65 ਕਿੱਲੇ ਅਤੇ ਚੱਕ ਛੱਜਾਵਾਲ ਪਿੰਡ ਦੀ 25 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਹੈ।ਉਹਨਾਂ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਦੋਂ ਕਿਸਾਨ ਪਨੀਰੀ ਬੀਜਣ ਲਈ ਖੁਦ ਨਾੜ ਨੂੰ ਅੱਗ ਲਗਾਉਦੇ ਹਨ ਤਾਂ ਸਰਕਾਰ ਸੈਟੇਲਾਈਟ ਰਾਹੀ ਪਤਾ ਕਰਕੇ ਕਿਸਾਨਾਂ ਤੇ ਪਰਚੇ ਦਰਜ ਕਰ ਦਿੰਦੀ ਹੈ ,ਪ੍ਰੰਤੂ ਇਸ ਤਰਾਂ ਜਦੋਂ ਸਰਕਾਰ ਦੀ ਗਲਤੀ ਨਾਲ ਕਿਸਾਨਾਂ ਦੀ ਫਸਲ ਸੜਦੀ ਹੈ ਤਾਂ ਫਿਰ ਸਰਕਾਰ ਦੇ ਸੈਟੇਲਾਈਟ ਕੰਮ ਕਰਨਾਂ ਬੰਦ ਕਰ ਦਿੰਦੇ ਹਨ।ਉਹਨਾਂ ਇਸ ਅੱਗ ਦੀ ਘਟਨਾਂ ਤੇ ਕਿਹਾ ਕਿ ਕਿਸਾਨਾਂ ਨੇ ਬੜੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਜਦੋਂ ਕਿ ਸਰਕਾਰੀ ਫਾਇਰ ਬਿਰਗੇਡ ਗੱਡੀਆਂ ਬਹੁਤ ਲੇਟ ਘਟਣਾ ਸਥਾਨ ਤੇ ਪਹੁੰਚੀਆਂ ।ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਨੁਕਸਾਨੀ ਗਈ ਫਸਲ ਦਾ ਮੁਆਵਜਾ ਪਿਛਲੀਆਂ ਸਰਕਾਰਾਂ ਵਾਂਗ ਮਜਾਕ ਬਣਾ ਕੇ ਨਾਂ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾ ਨੂੰ ਮੁਆਵਜਾ ਪ੍ਰਤੀ ਏਕੜ 50 ਹਜਾਰ ਰੁਪਏ ਦੇ ਹਿਸਾਬ ਨਾਲ ਦਿੱਤਾ ਜਾਵੇ ਅਤੇ ਜਿਹੜੇ ਕਿਸਾਨਾਂ ਦਾ ਤੂੜੀ ਵਾਲਾ ਨਾੜ ਸੜ ਗਿਆ ਉਹਨਾਂ ਨੂੰ 5 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਮਨਜਿੰਦਰ ਸਿੰਘ ਸਿੱਧੂ ਜੱਟਪੁਰਾ,ਤਾਰਾ ਸਿੰਘ ਅੱਚਰਵਾਲ,ਇੰਦਰਜੀਤ ਸਿੰਘ ਮਾਣੂੰਕੇ,ਸਰਬਜੀਤ ਸਿੰਘ ਧੁਰਕੋਟ,ਸੁਰਜੀਤ ਸਿੰਘ ਕਲੇਰ,ਮਨਦੀਪ ਸਿੰਘ ਭੰਮੀਪੁਰਾ ਕਲਾਂ ਆਦਿ ਹਾਜਰ ਸਨ ।
 

ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ  

ਬਰਨਾਲਾ /ਮਹਿਲਕਲਾਂ- ਅਪ੍ਰੈਲ- (ਗੁਰਸੇਵਕ ਸੋਹੀ)- ਬਰਨਾਲਾ ਜ਼ਿਲ੍ਹੇ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸਿੱਖ ਕੌਮ ਦੇ ਕੌਮੀ ਤਿਉਹਾਰ ਖ਼ਾਲਸੇ ਦੇ ਸਾਜਣਾ ਦਿਵਸ ਨੂੰ ਧੂਮਧਾਮ ਨਾਲ ਮਨਾਇਆ  ਗਿਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਸੁਰਿੰਦਰ ਸਿੰਘ ਮੰਡੀਲਾ ਵਾਲੇ ਅਤੇ ਸ਼ਹੀਦਾਂ ਦੀ ਇੱਕ ਕਮੇਟੀ ਆਗੂਆਂ ਨੇ ਕਿਹਾ ਹੈ ਕਿ ਜਿਹੜੀ ਕੌਮ ਚ ਆਪਣੇ ਜਨਮ ਦਿਹਾੜੇ ਨੂੰ ਲੈ ਕੇ ਉਤਸ਼ਾਹ ਮਰ ਜਾਂਦਾ ਹੈ ਹੌਲੀ ਹੌਲੀ ਉਹ ਆਪਣੀ ਆਜ਼ਾਦੀ ਦੀ ਚਿਣਗ ਵੀ ਮਰ ਜਾਂਦੀ ਹੈ ਉਨ੍ਹਾਂ ਸੰਗਤਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਗੁਰੂਆਂ ਪੀਰਾਂ ਅਤੇ ਖ਼ਾਲਸੇ ਦੇ ਜਨਮ ਦਿਹਾੜੇ  ਬੜੀ ਧੂਮ ਧਾਮ ਨਾਲ ਅਤੇ ਵੱਡੇ ਪੱਧਰ ਤੇ ਮਨਾਉਣੇ ਚਾਹੀਦੇ ਹਨ ਤਾਂ ਹੀ ਅਸੀਂ ਗੁਰੂਆਂ ਪੀਰਾਂ ਦੇ ਦਰਸਾਏ ਮਾਰਗ ਤੇ ਚੱਲ ਸਕਦੇ ਹਾਂ ਇਸ ਸਮੇਂ ਉਨ੍ਹਾਂ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਅਤੇ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ  ਅਤੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਪਤਿੱਤਪੁਣੇ ਛੱਡ ਕੇ ਗੁਰੂ  ਵਾਲੇ ਬਣਨ ।

ਬਾਬਾ ਸਾਹਿਬ ਨੇ ਸੰਵਿਧਾਨ ਰਾਹੀਂ ਦੇਸ਼ ਦੇ ਸਾਰੇ ਵਰਗਾਂ ਨੂੰ ਦਿੱਤੇ ਸਨਮਾਨਪੂਰਵਕ ਅਧਿਕਾਰ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਡਾ. ਭੀਮ ਰਾਓ ਅੰਬੇਦਕਰ ਜੀ ਜੀ ਦੇ ਜਨਮ ਦਿਹਾੜੇ ਬੱਸ ਸਟੈਂਡ ਚੌਕ ਵਿਖੇ ਸਥਾਪਿਤ ਉਨ੍ਹਾਂ ਦੀ ਮੂਰਤੀ ’ਤੇ ਕੀਤੇ ਸ਼ਰਧਾ ਦੇ ਫੁੱਲ ਭੇੰਟ

-ਗੁਰਦੁਆਰਾ ਸਾਹਿਬ ’ਚ ਕੋਵਿਡ ਬਚਾਅ ਸਬੰਧੀ ਟੀਕਾਕਰਨ ਕੈਂਪ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ, 14 ਅਪ੍ਰੈਲ   (ਰਣਜੀਤ ਸਿੱਧਵਾਂ)   :  ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਜੀ ਨੇ ਦੇਸ਼ ਨੂੰ ਇੱਕ ਇਸ ਤਰ੍ਹਾਂ ਦਾ ਸੰਵਿਧਾਨ ਦਿੱਤਾ, ਜਿਸ ਕਾਰਨ ਭਾਰਤ ਇੱਕ ਮਜ਼ਬੂਤ ਲੋਕਤੰਤਰ ਦੇ ਤੌਰ ’ਤੇ ਸਥਾਪਿਤ ਹੋਇਆ ਹੈ। ਉਨ੍ਹਾਂ ਸੰਵਿਧਾਨ ਰਾਹੀਂ ਦੇਸ਼ ਦੇ ਸਾਰੇ ਵਰਗਾਂ ਨੂੰ ਸਨਮਾਨਪੂਰਵਕ ਅਧਿਕਾਰ ਦਿੱਤੇ ਹਨ। ਉਹ ਅੱਜ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੀ ਦੇ ਜਨਮ ਦਿਹਾੜੇ ’ਤੇ ਬੱਸ ਸਟੈਂਡ ਚੌਕ ਵਿਖੇ ਸਥਾਪਿਤ ਉਨ੍ਹਾਂ ਦੀ ਮੂਰਤੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਾਰੇ ਵਰਗਾਂ ਦੀ ਭਲਾਈ ਅਤੇ ਉਨਤੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੁੰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਈਏ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਕਜੁੱਟ ਰੱਖਣ ਲਈ ਜੋ ਕੰਮ ਬਾਬਾ ਸਾਹਿਬ ਨੇ ਕੀਤੇ ਹਨ, ਉਨ੍ਹਾਂ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਇਕ ਮਹਾਨ ਸ਼ਖਸੀਅਤ ਸਨ ਅਤੇ ਦੇਸ਼ ਤੇ ਸਮਾਜ ਲਈ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲੀਪ ਓਹਰੀ, ਵਰਿੰਦਰ ਸ਼ਰਮਾ ਬਿੰਦੂ, ਧੀਰਜ ਸ਼ਰਮਾ, ਜਸਪਾਲ ਸੁਮਨ, ਪ੍ਰਿਤਪਾਲ, ਦਲਜੀਤ ਕੁਮਾਰ, ਹੈਪੀ ਕਲੇਰ, ਹਰਮਿੰਦਰ ਸਿੰਘ, ਧਰਮਿੰਦਰ, ਅਜੇ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।  
ਇਸ ਤੋਂ ਕੈਬਨਿਟ ਮੰਤਰੀ ਨੇ ਡਾ. ਬੀ.ਆਰ.ਅੰਬੇਦਕਰ ਜਿਯੰਤੀ ’ਤੇ ਗੁਰਦੁਆਰਾ ਸ੍ਰੀ ਰਾਮਗੜੀਆ ਸਾਹਿਬ ਵਿਖੇ ਆਯੋਜਿਤ ਕੋਵਿਡ ਬਚਾਅ ਸਬੰਧੀ ਵੈਕਸੀਨੇਸ਼ਨ ਕੈਂਪ ਦੀ ਸ਼ੁਰੂਆਤ ਕੀਤੀ। ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਵਿਸਾਥੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਕੋਵਿਡ ਬਚਾਅ ਸਬੰਧੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ  ਕਈ ਰੂਪਾਂ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ ਅਤੇ ਇਸ ਦੇ ਬਚਾਅ ਦਾ ਸਿਰਫ ਇਕ ਹੀ ਤਰੀਕਾ ਹੈ ਕਿ ਅਸੀਂ ਸਾਰੇ ਟੀਕਾਕਰਨ ਕਰਵਾਈਏ। ਇਸ ਦੌਰਾਨ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਮਨਾਇਆ ਡਾ. ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ

 -ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਬੁੱਤ ’ਤੇ ਸ਼ਰਧਾ ਦੇ ਫੁੱਲ ਕੀਤੇ ਭੇਟ

ਹੁਸ਼ਿਆਰਪੁਰ, 14 ਅਪ੍ਰੈਲ (ਰਣਜੀਤ ਸਿੱਧਵਾਂ)  : ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਅਗਵਾਈ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁੱਗ ਪੁਰਸ਼ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਦਾ 131ਵਾਂ ਜਨਮ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਬਾਬਾ ਸਾਹਿਬ ਦੇ ਬੁੱਤ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੰਦੀਪ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬਾਬਾ ਸਾਹਿਬ ਦੇ ਜਨਮ ਦਿਹਾੜੇ 'ਤੇ ਜ਼ਿਲ੍ਹਾ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਬਾ ਸਾਹਿਬ ਬਹੁਤ ਹੀ ਮਹਾਨ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਨੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਹੈ। ਇਸ ਕਾਰਨ ਸਮਾਜ ਦੇ ਕਈ ਵਰਗਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਨੂੰ ਇਸ ਮਹਾਨ ਸ਼ਖਸੀਅਤ ’ਤੇ ਮਾਣ ਹੈ ਅਤੇ ਸਾਨੂੰ ਸਾਰਿਆਂ ਨੂੰ ਡਾ. ਬੀ.ਆਰ. ਅੰਬੇਦਕਰ ਦੇ ਨਕਸ਼ੇ ਕਦਮਾਂ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਨੇ ਆਪਣਾ ਪੂਰਾ ਜੀਵਨ ਸਮਾਜਿਕ ਸਦਭਾਵਨਾ ਅਤੇ ਸਭ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਬਣਾਏ ਸੰਵਿਧਾਨ ਸਦਕਾ ਹੀ ਅੱਜ ਸਾਰਾ ਦੇਸ਼ ਵਿਕਾਸ ਦੀਆਂ ਲੀਹਾਂ ਵੱਲ ਵੱਧ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਹਾਕਮ ਥਾਪਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਮੌਜੂਦ ਸਨ।

 ਜਨ ਸ਼ਕਤੀ

ਅੰਬੇਡਕਰ ਜਯੰਤੀ ਮੌਕੇ ਪਟਿਆਲਾ ਜ਼ਿਲ੍ਹੇ 'ਚ ਲੱਗੇ 8 ਜਨ ਸੁਵਿਧਾ ਕੈਂਪਾਂ ਨੂੰ ਭਰਵਾਂ ਹੁੰਗਾਰਾ

 

-ਲੋਕਾਂ ਦੇ ਘਰਾਂ ਤੱਕ ਪੁੱਜੀ ਪੰਜਾਬ ਸਰਕਾਰ, ਪ੍ਰਸ਼ਾਸਨਿਕ ਸੇਵਾਵਾਂ ਮੌਕੇ 'ਤੇ ਪ੍ਰਦਾਨ

-ਸਾਰੇ ਵਿਧਾਇਕ, ਡਿਪਟੀ ਕਮਿਸ਼ਨਰ, ਏ.ਡੀ.ਸੀ. ਤੇ ਐਸ.ਡੀ.ਐਮਜ ਵੱਲੋਂ ਕੈਂਪਾਂ 'ਚ ਸ਼ਮੂਲੀਅਤ

ਪਟਿਆਲਾ, 14 ਅਪ੍ਰੈਲ (ਰਣਜੀਤ ਸਿੱਧਵਾਂ) : ਪਟਿਆਲਾ ਜ਼ਿਲ੍ਹੇ 'ਚ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ 'ਤੇ ਅੱਜ ਡਾ. ਬੀ.ਆਰ. ਅੰਬੇਡਕਰ ਜਯੰਤੀ ਮੌਕੇ ਸਾਰੇ ਹਲਕਿਆਂ ਅੰਦਰ ਲਗਾਏ ਗਏ 8 ਜਨ ਸੁਵਿਧਾ ਕੈਂਪਾਂ ਨੂੰ ਸਥਾਨਕ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ਸਥਾਨਕ ਵਿਧਾਇਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਇਨ੍ਹਾਂ ਕੈਂਪਾਂ 'ਚ ਲੋਕਾਂ ਨੂੰ ਮੌਕੇ 'ਤੇ ਹੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਤੋਂ ਖੁਸ਼ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।
ਪਿੰਡ ਲੰਗ ਵਿਖੇ ਕੈਂਪ ਦਾ ਜਾਇਜ਼ਾ ਲੈਣ ਮਗਰੋਂ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਅਤੇ  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਨਸ਼ਿਆਂ ਦੀ ਅਲਾਮਤ ਦੇ ਖ਼ਾਤਮੇ ਲਈ ਬਣਾਈ ਯੋਜਨਾ ਬਾਰੇ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਲਈ ਰੋਡ ਮੈਪ ਤਿਆਰ ਹੈ। ਵਿਧਾਇਕ ਨੇ ਕਿਹਾ ਕਿ ਪਿੰਡ ਦੀ 40 ਸਾਲਾਂ ਤੋਂ ਨਾ ਬਣ ਸਕੀ ਸੜਕ ਨੂੰ ਪਹਿਲੇ ਸਾਲ ਹੀ ਬਣਾਕੇ ਲੰਗ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਡਾ. ਬਲਬੀਰ ਸਿੰਘ ਨੇ ਕਿਹਾ ਮਗਨਰੇਗਾ ਕਾਮਿਆਂ ਨੂੰ 200 ਤੋਂ 300 ਦਿਨ ਰੋਜ਼ਗਾਰ ਦੇਕੇ ਇਥੇ 24 ਘੰਟੇ ਪੀਣ ਵਾਲਾ ਪਾਣੀ ਤੇ ਕਮਿਉਨਿਟੀ ਬਾਇਓਗੈਸ ਪਲਾਂਟ ਰਾਹੀਂ ਰਸੋਈ ਗੈਸ ਮੁਹੱਈਆ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਜਨ ਸੁਵਿਧਾ ਕੈਂਪ ਲਗਾਉਣ ਵਾਲਾ ਪਟਿਆਲਾ, ਪਹਿਲਾ ਜ਼ਿਲ੍ਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਕੇਵਲ ਸਰਕਾਰੀ ਦਫ਼ਤਰਾਂ ਵਿੱਚ ਹੀ ਨਹੀਂ ਬਲਕਿ ਅਜਿਹੇ ਕੈਂਪਾਂ ਵਿੱਚ ਲੋਕਾਂ ਦੇ ਘਰਾਂ ਤੱਕ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਪਟਿਆਲਾ ਹਲਕੇ ਦਾ ਜਨ ਸੁਵਿਧਾ ਕੈਂਪ ਐੱਮ.ਐੱਲ.ਏ. ਅਜੀਤਪਾਲ ਸਿੰਘ ਕੋਹਲੀ ਦੇ ਸਹਿਯੋਗ ਨਾਲ ਸਰਕਾਰੀ ਮਾਡਲ ਸਕੂਲ ਫੀਲ ਖਾਨਾ ਵਿਖੇ ਲਗਾਇਆ ਗਿਆ, ਇੱਥੇ ਵਿਧਾਇਕ ਕੋਹਲੀ ਤੋਂ ਇਲਾਵਾ ਏ.ਡੀ.ਸੀ. (ਵਿਕਾਸ) ਗੌਤਮ ਜੈਨ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਚੰਦਰ ਜੋਤੀ ਸਿੰਘ ਤੇ ਤਹਿਸੀਲਦਾਰ ਰਾਮ ਕਿਸ਼ਨ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਵਸਨੀਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਨ ਅਤੇ ਅਜਿਹੇ ਕੈਂਪ ਲਗਾਤਾਰ ਲਗਾਏ ਜਾਣਗੇ।
ਸਮਾਣਾ ਹਲਕੇ ਦੇ ਪਿੰਡ ਕਲਬੁਰਛਾਂ 'ਚ ਲੱਗੇ ਜਨ ਸੁਵਿਧਾ ਕੈਂਪ ਵਿਖੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਕਿਹਾ ਕਿ ਜਿਹੜੇ ਲੋਕਾਂ ਦੀ ਕਦੇ ਸਾਰ ਨਹੀਂ ਲਈ ਗਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਅਜਿਹੇ ਕੈਂਪਾਂ ਰਾਹੀਂ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਹੈ। ਇਸ ਮੌਕੇ ਐਸ.ਡੀ.ਐਮ. ਟੀ. ਬੈਨਿਥ, ਤਹਿਸੀਲਦਾਰ ਗੁਰਲੀਨ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇਸੇ ਤਰ੍ਹਾਂ ਨਾਭਾ ਹਲਕੇ ਦਾ ਕੈਂਪ ਪਿੰਡ ਕਕਰਾਲਾ ਵਿਖੇ ਲਗਾਇਆ ਗਿਆ, ਇੱਥੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ, ਉਨ੍ਹਾਂ ਦੇ ਨਾਲ ਐਸ.ਡੀ.ਐਮ. ਕੰਨੂ ਗਰਗ ਤੇ ਤਹਿਸੀਲਦਾਰ ਰਣਜੀਤ ਸਿੰਘ ਮੌਜੂਦ ਸਨ। ਸਨੌਰ ਹਲਕੇ ਦੇ ਪਿੰਡ ਮਸੀਂਗਣ ਵਿਖੇ ਲੱਗੇ ਜਨ ਸੁਵਿਧਾ ਕੈਂਪ 'ਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਉਹ ਆਮ ਲੋਕਾਂ ਦੇ ਸੇਵਾਦਾਰ ਹਨ ਤੇ ਹਲਕਾ ਵਾਸੀਆਂ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਐਸ.ਡੀ.ਐਮ. ਅੰਕੁਰਜੀਤ ਸਿੰਘ ਤੇ ਤਹਿਸੀਲਦਾਰ ਮਨਦੀਪ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਰਾਜਪੁਰਾ ਦਾ ਮਾਡਰਨ ਬੱਸ ਅੱਡਾ, ਜੋਕਿ 16 ਸਾਲ ਬਾਅਦ ਚਾਲੂ ਕੀਤਾ ਗਿਆ ਹੈ, ਵਿਖੇ ਕੈਂਪ ਦਾ ਜਾਇਜ਼ਾ ਲੈਣ ਪੁੱਜੀ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਨਿਵੇਕਲੀ ਪਹਿਲਕਦਮੀ ਨੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਹਨ। ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਕੈਂਪ 'ਚ ਪੁੱਜੇ ਆਮ ਲੋਕਾਂ ਨੂੰ ਮੌਕੇ 'ਤੇ ਹੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਘਨੌਰ ਤਹਿਸੀਲ ਦਫ਼ਤਰ ਵਿਖੇ ਲਗਾਏ ਜਨ ਸੁਵਿਧਾ ਕੈਂਪ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਪ੍ਰਸ਼ਾਸਨਿਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪੁੱਜੀ ਹੈ ਅਤੇ ਲੋਕਾਂ ਦੇ ਕੰਮ ਮੌਕੇ 'ਤੇ ਨਿਪਟਾਏ ਗਏ ਹਨ। ਉਨ੍ਹਾਂ ਨਾਲ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਤੇ ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਵੀ ਮੌਜੂਦ ਸਨ।ਇਸੇ ਤਰ੍ਹਾਂ ਹੀ ਹਲਕਾ ਸ਼ੁਤਰਾਣਾ ਦੇ ਪਿੰਡ ਖਾਂਗ ਵਿਖੇ ਲੱਗੇ ਜਨ ਸੁਵਿਧਾ ਕੈਂਪ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਅਜਿਹੇ ਕੈਂਪ ਲੋਕਾਂ ਲਈ ਮਦਦਗਾਰ ਸਾਬਤ ਹੁੰਦੇ ਹਨ ਅਤੇ ਹਲਕੇ ਵਿੱਚ ਕਿਸੇ ਵੀ ਵਸਨੀਕ ਦਾ ਕੋਈ ਕੰਮ ਬਕਾਇਆ ਨਹੀਂ ਰਹਿਣ ਦਿੱਤਾ ਜਾਵੇਗਾ।

ਚਕਰ ਵਿਚ  ਡਾ.ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ

ਹਠੂਰ,14,ਅਪ੍ਰੈਲ-(ਕੌਸ਼ਲ ਮੱਲ੍ਹਾ)- ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਚਕਰ ਵਿਖੇ ਡਾ.ਭੀਮ ਰਾਓ ਅੰਬੇਦਕਰ ਜੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਸਾਬਕਾ ਸਰਪੰਚ ਮੇਜਰ ਸਿੰਘ ਚਕਰ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ ਚਕਰ ਅਤੇ ਭਾਈ ਅਮਨਦੀਪ ਸਿੰਘ ਖਾਲਸਾ ਨੇ ਬਾਬਾ ਸਾਹਿਬ ਡਾ. ਅੰਬੇਦਕਰ ਦੇ ਜੀਵਨ ਸੰਬੰਧੀ ਅਤੇ ਉਨ੍ਹਾਂ ਦੁਆਰਾ ਭਾਰਤ ਦੇ ਹਰੇਕ ਵਰਗ ਦੇ ਲੋਕਾਂ ਲਈ ਕੀਤੇ ਕੰਮਾਂ ਦਾ ਵਰਨਣ ਆਪਣੇ ਵਿਚਾਰਾਂ ਰਾਂਹੀ ਪੇਸ਼ ਕੀਤਾ।ਉਨ੍ਹਾ ਬਾਬਾ ਸਾਹਿਬ ਦੇ ਮੁਸ਼ਕਲਾਂ ਭਰੇ ਸੰਘਰਸ਼ਮਈ  ਜੀਵਨ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.ਅੰਬੇਦਕਰ ਜੀ ਨੇ ਇਕੱਲੇ ਦਲਿਤ ਵਰਗ ਲਈ ਹੀ ਸੰਘਰਸ਼ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਭਾਰਤ ਦੇ ਹਰ ਵਰਗ ਦੇ ਹਿੱਤਾਂ ਲਈ ਆਪਣਾ ਜੀਵਨ ਸਮਰਪਿਤ ਕਰਨ ਦੇ ਨਾਲ-ਨਾਲ ਭਾਰਤੀ ਸਮਾਜ ਦੀ ਆਨ ਤੇ ਸ਼ਾਨ ਲਈ ਵੀ ਯਤਨ ਕੀਤੇ।ਇਸ ਮੌਕੇ ਖਾਲਸਾ ਪੰਥ ਦੇ ਸਾਜਨਾ ਦਿਵਸ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।ਇਸ ਮੌਕੇ ਸਮੂਹ ਪਿੰਡ ਵਾਸੀਆ ਵੱਲੋ ਪਿਛਲੇ ਤੇਰਾ ਸਾਲਾ ਵਿਚ ਭਗਤ ਰਵਿਦਾਸ ਕਮੇਟੀ ਚਕਰ ਵੱਲੋ ਪਿੰਡ ਵਿਚ ਕੀਤੇ ਵਿਕਾਸ ਕਾਰਜਾ ਵਾਰੇ ਜਾਣੂ ਕਰਵਾਇਆ ਅਤੇ ਭਗਤ ਰਵਿਦਾਸ ਕਮੇਟੀ ਦੀ ਸਾਬਕਾ ਕਮੇਟੀ ਨੂੰ ਪਿੰਡ ਵਾਸੀਆ ਨੇ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਅੰਤ ਵਿਚ ਸਰਪੰਚ ਸੁਖਦੇਵ ਸਿੰਘ ਨੇ ਸਮੂਹ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਬੂਟਾ ਸਿੰਘ,ਗੁਰਚਰਨ ਸਿੰਘ,ਰੂਪ ਸਿੰਘ,ਸੁੱਖਾ ਬਾਠ,ਮਨਜੀਤ ਸਿੰਘ ਜੈਦ,ਰਣਜੀਤ ਸਿੰਘ,ਮੱਖਣ ਸਿੰਘ,ਪ੍ਰਧਾਨ ਜੋਗਿੰਦਰ ਸਿੰਘ,ਸੁਖਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਭੋਲਾ ਸਿੰਘ,ਦੁੱਲਾ ਸਿੰਘ,ਭਜਨ ਸਿੰਘ,ਹਰਦੇਵ ਸਿੰਘ,ਰਣਜੋਧ ਸਿੰਘ,ਮਨਜੀਤ ਕੌਰ,ਨਾਹਰ ਕੌਰ,ਕੁਲਦੀਪ ਕੌਰ,ਰਣਜੀਤ ਕੌਰ,ਪ੍ਰਮਿੰਦਰ ਕੌਰ ਆਦਿ ਹਾਜ਼ਰ ਸਨ।

ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ

ਹਠੂਰ,14,ਅਪ੍ਰੈਲ-(ਕੌਸ਼ਲ ਮੱਲ੍ਹਾ)-ਸ੍ਰੀ ਗੁਰਦੁਆਰਾ ਬਾਬਾ ਸਾਧੂ ਰਾਮ ਜੀ ਪਿੰਡ ਰਸੂਲਪੁਰ (ਮੱਲ੍ਹਾ) ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਮੌਕੇ ਦਸਤਾਰ ਸਜਾਓ,ਦਮਾਲਾ ਸਜਾਓ,ਗੁਰਬਾਣੀ ਕੰਠ,ਲੰਮੇ ਕੇਸ,ਕਵੀਸਰੀ ਆਦਿ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾ ਮੁਕਾਬਲਿਆ ਵਿਚ ਸਰਕਾਰੀ ਹਾਈ ਸਕੂਲ ਰਸੂਲਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਦੇ ਵਿਿਦਆਰਥੀਆ ਨੇ ਵੱਧ ਚੜ੍ਹ ਕੇ ਭਾਗ ਲਿਆ।ਇਨ੍ਹਾ ਮੁਕਾਬਲਿਆ ਵਿਚੋ ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਤੇ ਪ੍ਰਬੰਧਕੀ ਕਮੇਟੀ ਵਲੋਂ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸ ਜੀ ਪੀ ਸੀ ਦੇ ਹਲਕਾ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਸਾਬਕਾ ਸਰਪੰਚ ਸੇਰ ਸਿੰਘ,ਬੀਰ ਸਿੰਘ,ਦਲਜੀਤ ਸਿੰਘ,ਰਜਿੰਦਰ ਸਿੰਘ,ਗੁਰਪ੍ਰੀਤ ਸਿੰਘ,ਭਗਤ ਸਿੰਘ,ਇਮਰਾਨ ਹੁਸੈਨ,ਚਮਕੌਰ ਸਿੰਘ,ਜਗਮੋਹਣ ਸਿੰਘ,ਅਮਨਦੀਪ ਸਿੰਘ,ਕੁਲਤਾਰ ਸਿੰਘ,ਸੁਖਵੀਰ ਸਿੰਘ ਆਦਿ ਹਾਜ਼ਰ ਸਨ।