You are here

ਪੰਜਾਬ

ਸਰਕਾਰੀ ਸਕੂਲ ਬੱਦੋਵਾਲ ਦੇ ਸਟਾਫ ਰੂਮ ਦੀ ਛੱਤ ਡਿੱਗੀ, ਚਾਰ ਅਧਿਆਪਕਾ ਆਈਆਂ ਥੱਲੇ, ਇੱਕ ਦੀ ਮੌਤ ਤਿੰਨ ਗੰਭੀਰ ਜਖਮੀ

ਘਟਨਾਂ ਸਥਾਨ ’ਤੇ ਸਾਂਸਦ ਬਿੱਟੂ, ਵਿਧਾਇਕ ਇਆਲੀ, ਡਾ. ਕੰਗ , ਮੈਡਮ ਡੀ.ਸੀ, ਐੱਸ.ਐੱਸ.ਪੀ ਸਮੇਤ ਹੋਰ ਅਧਿਕਕਾਰੀ ਪੁੱਜੇ
ਮੁੱਲਾਂਪੁਰ ਦਾਖਾ 23 ਅਗਸਤ  (ਸਤਵਿੰਦਰ ਸਿੰਘ ਗਿੱਲ)–
ਪਿੰਡ ਬੱਦੋਵਾਲ ਦੇ ਸਰਕਾਰੀ  ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਮਹਿਲਾ ਸਟਾਫ ਰੂਮ ਦੀ ਛੱਤ ਡਿੱਗਣ ਕਾਰਨ ਚਾਰ ਅਧਿਆਪਕਾ ਥੱਲੇ ਆ ਗਈਆਂ, ਜਿਸਦੇ ਸਿੱਟੇ ਵਜੋਂ ਇੱਕ ਦੀ ਮੌਤ ਹੋ ਗਈ ਜਦਕਿ ਤਿੰਨ ਅਧਿਆਪਕਾਵਾ ਮੈਡੀਵਿਓ ਹਸਪਤਾਲ ਵਿੱਚ ਜੇਰੇ ਇਲਾਜ ਹਨ। ਘਟਨਾਂ ਸਥਾਨ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ ਕੰਗ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਜਿਲ੍ਹਾ ਸਿੱਖਿਆ ਅਫਸਰ ਮੈਡਮ ਡਿੰਪਲ ਮਦਾਨ, ਐੱਸ.ਐੱਸ.ਪੀ ਨਵਨੀਤ ਸਿੰਘ ਬੈਂਸ., ਡੀਐੱਸ.ਪੀ ਅਮਨਦੀਪ ਸਿੰਘ ਐਸ.ਡੀ.ਐਮ. ਲੁਧਿਆਣਾ ਪੱਛਮੀ ਹਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮੁੱਲਾਂਪੁਰ ਮਨਦੀਪ ਸਿੰਘ, ਥਾਣਾ ਦਾਖਾ ਮੁੱਖੀ ਦੀਪਕਰਨ ਸਿੰਘ ਤੂਰ (ਡੀ.ਐਸ.ਪੀ. ਅੰਡਰ ਟਰੇਨਿੰਗ) ਸਮੇਤ ਹੋਰ ਵੀ ਆਲਾ ਅਧਿਕਾਰੀ ਪੁੱਜੇ।


             ਜਿਲ੍ਹਾ ਸਿੱਖਿਆ ਅਫਸਰ ਮੈਡਮ ਡਿੰਪਲ ਮਦਾਨ, ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਸਕੂਲ ਨੂੰ ਐੱਮ.ਈ.ਨੈੱਸ ਵਿੱਚ ਲੈਣ ਕਰਕੇ ਸਕੂਲ ਦੀ ਦਿੱਖ ਬਦਲਣ ਲਈ ਸਕੂਲ ਅੰਦਰ ਮੁਰੰਮਤ ਦਾ ਕੰਮ ਚਲ ਰਿਹਾ ਸੀ, ਰੋਜ਼ਾਨਾਂ ਦੀ ਤਰ੍ਹਾਂ ਸਕੂਲ ਦਾ ਸਮੁੱਚਾ ਸਟਾਫ ਬੱਚਿਆ ਨੂੰ ਪੜ੍ਹਾਉਣ ਉਪਰੰਤ ਸਕੂਲ ਦੇ ਸਟਾਫ ਰੂਮ ਵਿੱਚ ਬੈਠ ਜਾਂਦਾ ਹੈ, ਅੱਜ ਵੀ ਸੱਤਵਾ ਪੀਰਡ ਲੱਗਣ ਉਪਰੰਤ 5 ਮਹਿਲਾ ਅਧਿਆਪਕ ਉਕਤ ਰੂਮ ਵਿੱਚ ਸੀ, ਕਿ ਅਚਾਨਕ ਕਮਰੇ ਦੀ ਛੱਤ ਡਿੱਗ ਪਈ, ਇੱਕ ਅਧਿਆਪਕਾ ਫਟਾਫਟ ਬਚਕੇ ਬਾਹਰ ਆ ਗਈ ਜਦਕਿ 4 ਅਧਿਆਪਕਾ ਬੁਰੀ ਤਰ੍ਹਾਂ ਫਸ ਗਈਆਂ । ਛੱਤ ਡਿੱਗਣ ਦਾ ਧਮਾਕਾ ਸੁਣ ਕੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਹਫੜਾ ਦਫ਼ੀ ਮੱਚ ਗਈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬਾ ਅਨਾਊਸਮੈਂਟ ਕਰਵਾਈ ਗਈ ਅਤੇ ਪੁਲਿਸ ਵੀ ਮੌਕੇ ਤੇ ਪੁੱਜ ਗਈ। ਆਈ.ਟੀ.ਬੀ ਦੇ ਜਵਾਨ ਜਿਸਦੀ ਅਗਵਾਈ ਦੇਸਰਾਜ ਕਰ ਰਹੇ ਪੁੱਜ ਗਏ ਜਿਨ੍ਹਾਂ ਨੇ ਭਾਰੀ ਜੱਦੋ ਜਹਿਦ ਦੌਰਾਨ ਦੋ ਅਧਿਆਪਕਾ ਸੁਖਜੀਤ ਕੌਰ ਅਤੇ ਇੰਦੂ ਨੂੰ ਮਲਬੇ ਵਿੱਚੋਂ ਕੱਢ ਲਿਆ ਗਿਆ ਜਦਕਿ ਕਿ 2 ਅਧਿਆਪਕਾਂ ਰਵਿੰਦਰ ਕੌਰ ਅਤੇ ਨਰਿੰਦਰਜੀਤ ਕੌਰ ਨੂੰ ਮਲਬੇ ਵਿੱਚ ਫਸ ਗਈਆ। ਦੋ ਘੰਟੇ ਚੱਲੇ ਰੈਸਕਿਓ ਅਪ੍ਰੇਸ਼ਨ ਦੌਰਾਨ ਇਨ੍ਹਾਂ ਨੂੰ ਵੀ ਬਾਹਰ ਕੱਢ ਲਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਰਵਿੰਦਰ ਕੌਰ ਦੀ ਜੇਰੇ ਇਲਾਜ ਮੌਤ ਹੋ ਗਈ। ਘਟਨਾਂ ਸਥਾਨ ’ਤੇ ਐਨ.ਡੀ.ਆਰ.ਐਫ.ਦੇ 24 ਜਵਾਨ ਇੰਸਪੈਕਟਰ ਭਾਰਦਵਾਜ ਦੀ ਅਗੁਵਾਈ ਹੇਠ ਪੁੱਜ ਗਏ ਸਨ।  


          ਤਹਿਸੀਲਦਾਰ ਲੁਧਿਆਣਾ ਪੱਛਮੀ ਲਕਸ਼ੈ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਗਲੇ ਆਦੇਸ਼ਾਂ ਤੱਕ ਸਕੂਲ ਸੀਲ ਕਰ ਦਿੱਤਾ ਗਿਆ ਹੈ। ਇਸ ਸਕੂਲ ਦੀ ਇਮਾਰਤ ਉੱਥੇ ਪੜ੍ਹਕੇ ਗਏੇ ਬਜੁਰਗਾਂ ਅਨੁਸਾਰ ਸੰਨ 1960 ਤੋਂ ਵੀ ਪੁਰਾਣੀ ਦੱਸੀ ਗਈ ਹੈ । ਦਰਅਸਲ ਉਪਰਲੀ ਖਸਤਾ ਹਾਲਤ ਛੱਤ ਦੇ ਉੱਤੇ ਜਿਆਦਾ ਵਜਨ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ।
ਕੀ ਕਿਹਾ ਡੀ.ਸੀ ਮੈਡਮ ਨੇ - ਰੈਸਕਿਉ ਆਪਰੇਸ਼ਨ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸੁਰਭੀ ਮਲਿਕ ਨੇ ਨੇੜਿਓ ਦੇਖਿਆ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿ ਸਕੂਲ ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਕਿ ਅਚਾਨਕ ਛੱਤ ਡਿੱਗ ਪਈ ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਉਹ ਸਿੱਖਿਆ ਵਿਭਾਗ ਦੇ ਟੈਕਨੀਕਲ ਇੰਜਨੀਅਰ ਵਿਭਾਗ ਵੱਲੋਂ ਇਸ ਘਟਨਾਂ ਦੀ ਜਾਂਚ ਕਰਵਾਉਣਗੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


 ਵਿਧਾਇਕ ਇਆਲੀ ਨੇ ਕੀ ਕਿਹਾ – ਵਿਧਾਇਕ ਇਆਲੀ ਨੇ ਜਿੱਥੇ ਉਕਤ ਹਾਦਸੇ ਦਾ ਦੁੱਖ ਪ੍ਰਗਟਾਵਾ ਉੱਥੇ ਹੀ ਸਰਕਾਰ ਦੀ ਨਲਾਇਕੀ ਦਾ ਵੀ ਜਿਕਰ ਕੀਤਾ ਹੈ ਜੇਕਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਅਧਿਆਪਕਾ ਨੂੰ ਸੁਰੱਖਿਅਤ ਕਮਰੇ ਕਿਉ ਨਹੀਂ ਦਿੱਤੇ ਗਏ। ਇਸਦੀ ਜਾਂਚ ਹੋਣੀ ਚਾਹੀਦੀ ਜੋ ਵੀ ਦੋਸ਼ੀ ਪਾਇਆ ਉਸ ਵਿਰੁੱਧ ਸਖਤ ਕਾਰਵਾਈ ਹੋਵੇ।
ਐੱਮ.ਪੀ ਬਿੱਟੂ ਕੋਸਿਆ ਪੰਜਾਬ ਸਰਕਾਰ ਨੂੰ  – ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸੇਧਦਿਆ ਕਿਹਾ ਕਿ ਇੱਕ ਪਾਸੇ ਸਰਕਾਰ ਅਧਿਆਪਕਾ ਨੂੰ ਸਿੰਘਾਪੁਰ ਵਰਗੇ ਮੁਲਕਾਂ ਵਿੱਚ ਟਰੇਨਿੰਗ ਲੈਣ ਲਈ ਭੇਜ ਰਹੀ ਜਦਕਿ ਪੰਜਾਬ ਦੇ ਸਕੂਲਾਂ ਦੀ ਹਾਲਤ ਪਹਿਲਾ ਨਾਲੋਂ ਵੀ ਖਸਤਾ ਹੋ ਚੁੱਕੀ ਹੈ, ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਨ੍ਹਾਂ ਹੀ ਹੇਜ ਮਾਰਦਾ ਹੈ ਤਾਂ ਪਹਿਲਾ ਸਾਰੇ ਸਕੂਲਾਂ ਨੂੰ ਨਵੇਂ ਸਿਰਿਓ ਬਣਾਵੇ ਤੇ ਫਿਰ ਭੇਜੇ ਟਰੇਨਿਗ ਲੈਣ ਲਈ ਅਧਿਆਪਕਾ ਨੂੰ ਬਾਹਰ।

 ਮਿ੍ਰਤਕਾ ਰਵਿੰਦਰ ਕੌਰ ਦੀ ਫਾਇਲ ਤਸਵੀਰ

ਕਮਰੇ ਦੀ ਡਿੱਗੀ ਛੱਤ ਦਾ ਮਲਬਾ

ਬੇਰੋਜ਼ਗਾਰ ਨੌਜਵਾਨਾਂ ਲਈ ਮਲਟੀ ਨੈਸ਼ਨਲ ਕੰਪਨੀਆਂ 'ਚ ਕੰਮ ਕਰਨ ਦਾ ਸੁਨਹਿਰੀ ਮੌਕਾ - ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ*

ਪਾਇਲ/ਲੁਧਿਆਣਾ, 22 ਅਗਸਤ (000) - ਵਿਧਾਨ ਸਭਾ ਹਲਕਾ ਪਾਇਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਪਾਸੋਂ 31 ਅਗਸਤ ਤੱਕ ਸਿੱਖਿਆ ਸਬੰਧੀ ਵੇਰਵੇ (ਰੀਜੀਊਮ) ਦੀ ਮੰਗ ਕੀਤੀ ਹੈ ਤਾਂ ਜੋ ਪ੍ਰਾਰਥੀਆਂ ਨੂੰ ਮਲਟੀ ਨੈਸ਼ਨਲ ਕੰਪਨੀਆ ਵਿੱਚ ਕੰਮ ਕਰਨ ਦਾ ਸੁਨਹਿਰੀ ਮੌਕਾ ਮਿਲ ਸਕੇ। ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਆਗਾਮੀ ਸਤੰਬਰ ਮਹੀਨੇ ਵਿੱਚ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਚਾਹਵਾਨ ਪ੍ਰਾਰਥੀ ਜਿਹੜੇ ਕਿ 10ਵੀ, 12ਵੀ, ਗ੍ਰੇਜੂਏਟ, ਆਈ. ਟੀ.ਆਈ. ਡਿਪਲੋਮਾ, ਡਿਗਰੀ ਧਾਰਕ, ਨਰਸਿੰਗ, ਅਧਿਆਪਕ, ਜੀ.ਐਨ.ਐਮ. ਕੋਈ ਵੀ ਤਕਨੀਕੀ ਹੁਨਰ ਧਾਰਕ ਐਮ.ਬੀ.ਏ., ਇੰਜੀਨੀਅਰ, ਪੈਰਾਮੈਡੀਕਲ ਆਦਿ ਯੋੋਗਤਾ ਰੱਖਦੇ ਹਨ, ਉਹ 31 ਅਗਸਤ, 2023 ਤੱਕ ਆਪਣਾ ਰੀਜ਼ਿਊਮ ਆਮ ਆਦਮੀ ਪਾਰਟੀ ਦਫਤਰ, ਦਾਣਾ ਮੰਡੀ, ਪਾਇਲ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਵਿਧਾਇਕ ਗਿਆਸਪੁਰਾ ਨੇ ਅੱਗੇ ਦੱਸਿਆ ਕਿ ਪਾਇਲ ਹਲਕੇ ਦੇ ਨੌੋਜਵਾਨਾਂ ਦਾ ਭਵਿੱਖ ਰੋੋਸ਼ਨ ਕਰਨ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਬਿਊਰੋੋ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਕੇਂਦਰ ਲੁਧਿਆਣਾ ਵਲੋਂ ਇਹ ਸ਼ਾਨਦਾਰ ਉਪਰਾਲਾ ਕੀਤਾ ਜਾ ਰਿਹਾ ਹੈ। ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋਂ ਨੋੋਜਵਾਨਾਂ ਨੂੰੰ ਅਪੀਲ ਕਰਦਿਆਂ ਕਿਹਾ ਕਿ ਉਹ ਰੋਜ਼ਗਾਰ ਮੇਲੇ ਦਾ ਹਿੱਸਾ ਬਣਨ ਲਈ ਜਲਦ ਆਪਣੇ ਦਸਤਾਵੇਜ ਜਮ੍ਹਾਂ ਕਰਵਾਉਣ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੇ ਹੋ ਸਕਣ। ਡੀ.ਬੀ.ਈ.ਈ. ਦੇ ਰੋੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਮਿਸ ਸੁਖਮਨ ਮਾਨ ਵੱਲੋੋ ਨੋੋਜਵਾਨਾ ਨੂੰ ਆਪਣਾ ਰੀਜ਼ਿਊਮ ਦੀਆਂ 3 ਫੋੋਟੋੋ ਕਾਪੀਆ ਅਤੇ ਆਧਾਰ ਕਾਰਡ, ਜਾਤੀ ਸਰਟੀਫਿਕੇਟ, ਵਿਧਿਅਕ ਸਰਟੀਫਿਕੇਟ ਦੀਆਂ ਫੋੋਟੋੋ ਕਾਪੀਆਂ ਸਮੇਂ ਸਿਰ ਜਮ੍ਹਾ ਕਰਵਾਉਣ ਲਈ ਕਿਹਾ ਗਿਆ।

ਵਧੇਰੇ ਜਾਣਕਾਰੀ ਲਈ 98720-99100, 78886-18230 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਚੌੰਕੀਮਾਨ ਟੋਲ ਪਲਾਜ਼ਾ ਤੇ ਦੂਸਰੇ ਦਿਨ ਵੀ  ਕਿਸਾਨ  ਤੇ ਮਜ਼ਦੂਰ  ਡਟੇ ਰਹੇ 

ਦਸ਼ਮੇਸ਼ ਕਿਸਾਨ ਯੂਨੀਅਨ ਨੇ ਲੰਗਰ ਦਾ ਪ੍ਰਬੰਧ ਕੀਤਾ
ਮੁੱਲਾਂਪੁਰ ਦਾਖਾ 22 ਅਗਸਤ ( ਸਤਵਿੰਦਰ ਸਿੰਘ ਗਿੱਲ)-
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਰਾਤਰੀ ਕਿਸਾਨ ਜਥੇਬੰਦੀਆਂ ਦੇ  ਤਾਲਮੇਲ ਨਾਲ ਮੁੱਲਾਂਪੁਰ ਦਾਖਾ ਦੇ ਨਜਦੀਕ ਚੌੰਕੀਮ‍‍ਾਨ ਟੋਲ ਪਲਾਜ਼ਾ ਤੇ ਦੂਜੇ ਦਿਨ ਵੀ ਵੱਡੀ ਗਿਣਤੀ 'ਚ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਤੇ ਮਜ਼ਦੂਰ ਡਟੇ ਰਹੇ। ਦਸ਼ਮੇਸ਼ ਕਿਸਾਨ ਮਜਦੂਰ ਯੂਨੀਅਨ ਅੱਡਾ ਚੌਂਕੀਮਾਨ ਨੇ ਵੀ ਪ੍ਰਧਾਨ ਸਤਨਾਮ ਸਿੰਘ ਗਰੇਵਾਲ ਦੀ ਅਗਵਾਈ ਚ ਇਸ ਧਰਨੇ ਵਿੱਚ ਆਪਣੀ ਹਾਜਰੀ ਭਰੀ ਤੇ ਬੀਤੀ ਰਾਤ ਸਮੇਤ ਲੰਗਰ ਆਦਿ ਦਾ ਵੀ ਪ੍ਰਬੰਧ ਕੀਤਾ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਦੇਵ ਸਿੰਘ,ਖਜ਼ਾਨਚੀ ਗੁਰਮੇਲ ਸਿੰਘ,ਕਾਰਜਕਾਰੀ ਪ੍ਰਧਾਨ ਸੁਖਮੰਦਰ ਸਿੰਘ,ਪ੍ਰੈੱਸ ਸਕੱਤਰ ਅਵਤਾਰ ਸਿੰਘ,ਗੁਰਮੇਲ ਸਿੰਘ ਤਲਵੰਡੀ,ਨਛੱਤਰ ਸਿੰਘ ਹੇਹਰ, ਜਗਤਾਰ ਸਿੰਘ ਮੱਦੋਕੇ,ਬਲਵਿੰਦਰ ਸਿੰਘ ਕੋਕਰੀ, ਸਤਨਾਮ ਸਿੰਘ ਮੋਰਕਰੀਮਾ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਗੁਲਾਮ ਹੋ ਚੁੱਕੀ ਹੈ, ਜੋ ਮੋਦੀ ਸਰਕਾਰ ਦੀ ਬੋਲੀ ਬੋਲ ਰਹੀ ਹੈ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਆਇਆ ਕਿਹਾ ਕਿ ਉਹ ਹੜ੍ਹਾਂ ਲਈ ਸੂਬਾ ਸਰਕਾਰ ਨੂੰ ਕਸੂਰਵਾਰ ਆਖਦੇ ਹਨ ਅਤੇ ਬਿਨਾਂ ਦੇਰੀ ਦੇ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਦੋਗੁਣਾ ਮੁਆਵਜ਼ਾ ਦੇਣ ਦੀ ਆਦਿ ਦੀ ਮੰਗਾਂ ਵੱਲ ਸਰਕਾਰ ਦਾ ਧਿਆਨ ਦਿਵਾ ਰਹੀ ਹੈ,ਪਰ ਸੂਬਾ ਸਰਕਾਰ ਆਪਣੇ ਹੱਕਾਂ ਲਈ ਲੜਦੇ ਕਿਸਾਨਾਂ ਦੀ ਅਵਾਜ ਨੂੰ ਦਬਾਉਂਣਾ ਚਹੁੰਦੀ ਹੈ , ਪਰ ਕਿਸਾਨ ਜਥੇਬੰਦੀਆਂ ਸਰਕਾਰ ਦੀਆਂ ਇੰਨ੍ਹਾਂ ਧੱਕੇਸ਼ਾਹੀਆਂ ਤੇ ਡਰਦੀਆਂ ਨਹੀਂ ਤੇ ਜਦੋਂ ਤੱਕ ਕਿਸਾਨ ਆਗੂਆਂ ਨੂੰ ਪੰਜਾਬ ਪੁਲਿਸ ਰਿਹਾ ਨਹੀਂ ਕਰਦੀ ਧਰਨਾ ਜਾਰੀ ਰਹੇਗਾ ।ਇਸ ਮੌਕੇ ਹਾਜਰ ਬੀਬੀਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾਅ ਰਹੇ ਹਨ। ਹਾਜਰ ਕਿਸਾਨਾਂ ਤੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਲੌਂਗੋਵਾਲ ਕਾਂਡ ਨੇ ਸਾਬਤ ਕਰਤਾ ਕੇ ਪੰਜਾਬ ਸਰਕਾਰ ਲੋਕ ਮੁੱਦਿਆਂ ਤੋਂ ਭਗੌੜੀ ਹੋ ਚੁੱਕੀ ਹੈ-ਸੰਯੁਕਤ ਮੋਰਚਾ

ਲੌਂਗੋਵਾਲ ਦੇ ਕਿਸਾਨ ਪ੍ਰੀਤਮ ਸਿੰਘ ਨੂੰ ਦਿੱਤਾ ਸ਼ਹੀਦ ਦਾ ਦਰਜਾ                

ਮੋਗਾ, 22 ਅਗਸਤ (  ਜਸਵਿੰਦਰ ਸਿੰਘ ਰੱਖਰਾ) ਬੀਤੇ ਕੱਲ੍ਹ ਸੰਗਰੂਰ ਜਿਲ੍ਹੇ ਦੇ ਪਿੰਡ ਲੌਂਗੋਵਾਲ ਵਿਖੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਉੱਪਰ ਪੰਜਾਬ ਪੁਲਿਸ ਵੱਲੋਂ ਸਰਕਾਰ ਦੀ ਸ਼ਹਿ ਤੇ ਜੋ ਲਾਠੀਚਾਰਜ ਕੀਤਾ ਗਿਆ ਅਤੇ ਹਫੜਾ-ਦਫੜੀ ਵਿੱਚ ਟਰਾਲੀ ਥੱਲੇ ਆਉਣ ਨਾਲ ਕਿਸਾਨ ਪ੍ਰੀਤਮ ਸਿੰਘ ਦੀ ਜੋ ਦਰਦਨਾਕ ਮੌਤ ਹੋਈ ਹੈ ਉਸ ਦੀ ਸੰਯਕਤ ਕਿਸਾਨ ਮੋਰਚੇ ਵੱਲੋਂ ਅੱਜ ਲੌਂਗੋਵਾਲ ਵਿਖੇ ਐਮਰਜੈਂਸੀ ਮੀਟਿਂਗ ਦੌਰਾਨ ਨਖੇਧੀ ਕੀਤੀ ਹੈ,ਅਤੇ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ,ਅੱਜ ਇਸ ਮੀਟਿੰਗ ਦੀ ਪ੍ਰਧਾਨਗੀ ਸਤਨਾਮ ਸਿੰਘ ਬਹਿਰੂ,ਨਿਰਭੈਅ ਸਿੰਘ ਢੁੱਡੀਕੇ ਅਤੇ ਸਤਨਾਮ ਸਿੰਘ ਸਾਹਨੀ ਨੇ ਕੀਤੀ,ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 32 ਜਥੇਬੰਦੀਆਂ ਤੋਂ ਜੰਗਵੀਰ ਚੌਹਾਨ,ਬੂਟਾ ਸਿੰਘ ਛਾਦੀਪੁਰ,ਮਨਜੀਤ ਸਿੰਘ ਧਨੇਰ,ਬਿੰਦਰ ਸਿੰਘ ਗੋਲੇਵਾਲ,ਬਲਵਿੰਦਰ ਸਿੰਘ ਮੱਲ੍ਹੀ ਨੰਗਲ,ਰਾਜੂ ਔਲਖ,ਸੁੱਖ ਗਿੱਲ ਮੋਗਾ,ਮਲੂਕ ਸਿੰਘ ਹੀਰਕੇ,ਹਰਬੰਸ ਸਿੰਘ ਸੰਘਾ,ਕਰਮਜੀਤ ਸਿੰਘ ਕਾਦੀਆਂ,ਬਲਦੇਵ ਸਿੰਘ ਨਿਹਾਲਗੜ੍ਹ,ਗੁਰਮੀਤ ਸਿੰਘ ਮਹਿਮਾ,ਬੂਟਾ ਸਿੰਘ ਬੁਰਜ ਗਿੱਲ,ਰਘਬੀਰ ਸਿੰਘ ਬੈਨੀਪਾਲ,ਕੁਲਦੀਪ ਸਿੰਘ ਵਜੀਦਪੁਰ,ਬੀਰ ਸਿੰਘ ਬੜਵਾ,ਪ੍ਰਛੋਤਮ ਸਿੰਘ ਗਿੱਲ ਅਤੇ ਜਰਨੈਲ ਸਿੰਘ ਨੇ ਭਾਗ ਲਿਆ,ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕੇ ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਨੂੰ ਸੰਯੁਕਤ ਮੋਰਚੇ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਸੰਯੁਕਤ ਮੋਰਚੇ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੇ ਹਿਰਾਸਤ ਚ ਲੈ ਗਏ  ਕਿਸਾਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ,ਅਤੇ ਕੀਤੇ ਪਰਚੇ ਰੱਦ ਕੀਤੇ ਜਾਣ,ਅਤੇ ਜਿਨਾਂ ਅਫਸਰਾਂ ਵੱਲੋਂ ਕਿਸਾਨਾਂ ਤੇ ਤਸ਼ੱਦਦ ਕੀਤਾ ਗਿਆ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਸਰਕਾਰ ਨੇ ਤੁਰੰਤ ਇਹ ਮੰਗਾ ਲਾਗੂ ਨਾ ਕੀਤੀਆਂ ਤਾਂ 2 ਸਤੰਬਰ ਨੂੰ ਐਸ ਕੇ ਐਮ ਭਾਰਤ ਦੀ ਚੰਡੀਗੜ੍ਹ ਵਿੱਚ ਬੁਲਾਕੇ ਉਸ ਵਿੱਚ ਵੱਡਾ ਫੈਸਲਾ ਪੰਜਾਬ ਸਰਕਾਰ ਖਿਲਾਫ ਲਿਆ ਜਾ ਸਕਦਾ ਹੈ,ਨਾਲ ਹੀ ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕੇ ਇਸ ਤਰਾਂ ਸਰਕਾਰ ਕਿਸਾਨਾਂ ਦੀ ਅਵਾਜ ਨੂੰ ਦਬਾ ਨਹੀਂ ਸਕਦੀ ਸਰਕਾਰ ਜਲਦ ਕਿਸਾਨਾਂ ਹੜਾਂ ਦਾ ਮੁਆਵਜਾ ਵੀ ਦਵੇ ਨਹੀਂ ਇਹ ਸੰਘਰਸ਼ ਰੋਹ ਦਾ ਰਸਤਾ ਫੜ ਸਕਦਾ ਹੈ,ਮੀਟੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕੇ ਲੌਂਗੋਵਾਲ ਮੋਰਚੇ ਨੂੰ ਜਦ ਤੱਕ ਇਨਸਾਫ ਨਹੀਂ ਮਿਲਦਾ ਐਸ ਕੇ ਐਮ ਪੰਜਾਬ ਹਰ ਤਰਾਂ ਨਾਲ ਮੋਰਚੇ ਦਾ ਸਾਥ ਦੇਵੇਗਾ,ਇਸ ਮੌਕੇ ਦਵਿੰਦਰ ਸਿੰਘ ਕੋਟ ਈਸੇ ਖਾਂ,ਮੰਨਾ ਬੱਡੂਵਾਲ,ਹਰਬੰਸ ਸਿੰਘ ਹਾਜਰ ਸਨ!

ਗੁਰਦੁਆਰਾ ਪਾਤਸ਼ਾਹੀ ਨੌਵੀਂ ਧਮਤਾਨ ਸਾਹਿਬ ਜੀ

ਧਮਤਾਨ ਸਾਹਿਬ ਪਹਿਲਾਂ ਰਿਆਸਤ ਪਟਿਆਲਾ ਤਹਿਸੀਲ ਸੁਨਾਮ

ਗੁਰਦੁਆਰਾ ਧਮਤਾਨ ਸਾਹਿਬ ਨੂੰ ਨੌਂਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਹ ਅਸਥਾਨ ਜੀਂਦ ਸੜਕ ਤੇ ਟੋਹਾਣਾ ਤੋਂ 12 ਕਿਲੋਮੀਟਰ ਦੂਰ ਹੈ। ਰੇਲਵੇ ਸਟੇਸ਼ਨ ਧਮਤਾਨ ਤੋਂ ਡੇਢ ਕਿਲੋਮੀਟਰ ਦੱਖਣ ਪੱਛਮ ਵੱਲ ਹੈ। ਇਸ ਅਸਥਾਨ ਦਾ ਨਾਂ ਪਹਿਲਾਂ ‘ਧਮਤੋਨ’ ਸੀ। ਸੂਬਾ ਸਰਕਾਰ ਨੇ ਬਦਲ ਕੇ ਇਸ ਦਾ ਨਾਂ ਧਮਤਾਨ ਸਾਹਿਬ ਰੱਖ ਦਿੱਤਾ।
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਇਸ ਪਿੰਡ ਵਿੱਚ ਦੋ ਵਾਰ ਆਏ। ਪਹਿਲੀ ਵਾਰ 1666 ਈ: ਸੰਮਤ 1723 ਬਿਕਰਮੀ ਵਿੱਚ ਅਤੇ ਦੂਜੀ ਵਾਰ 1675 ਈ: ਸੰਮਤ 1732 ਬਿਕਰਮੀ ਨੂੰ ਆਏ। ਗੁਰੂ ਜੀ ਪਹਿਲੀ ਵਾਰ ਯਾਤਰਾ ਸਮੇਂ ਇੱਥੇ ਤਿੰਨ ਮਹੀਨੇ ਠਹਿਰੇ ਸਨ। ਪੋਠੇਹਾਰ ਦੀ ਸੰਗਤ ਨੇ ਗੁਰੂ ਜੀ ਨੂੰ ਬਹੁਤ ਮਾਇਆ ਭੇਂਟ ਕੀਤੀ। ਇੱਥੋਂ ਦੇ ਵਸਨੀਕ ਚੌਧਰੀ ਦੱਗੋ ਨੇ ਗੁਰੂ ਸਾਹਿਬ ਦੀ ਦੁੱਧ ਆਦਿ ਨਾਲ ਸੇਵਾ ਕੀਤੀ। ਗੁਰੂ ਸਾਹਿਬ ਨੇ ਉਸ ਨੂੰ ਬਾਂਗਰ ਦੇਸ਼ ਦਾ ਮਸੰਦ ਥਾਪਿਆ ਅਤੇ ਉਸ ਨੂੰ ਮਾਇਆ ਦੇ ਕੇ ਹੁਕਮ ਦਿੱਤਾ।
ਹੁਕਮ ਕਰਯੋ ਬਡ ਰੂਪ ਖੁਨਾਵਹੁ।
ਧਨ ਗਨ ਲਾਇ ਨੀਕ ਬਿਨਵਾਵਹੁ।
ਇਸ ਥਲ ਧਰਮਸਾਲ ਚਿਨਵਾਵਹੁ।
ਕੋ ਸਿਖ ਸਾਧ ਬਹੁਰ ਬੈਠਾਵੌਹੁ।
ਬਿ੍ਰੰਦ ਮਹੀਰਹੁ ਸਫਲ ਮਗਾਵਹੁ।
ਧਨ ਕੋ ਖਰਚਹੁ ਬਾਗ਼ ਲਗਾਵਹੁ।

ਭਾਵ ਇਹ ਕਿ ਇਸ ਧਨ ਨਾਲ ਤੁਸੀਂ ਖੂਹ ਲਗਾਉ, ਧਰਮਸਾਲਾ ਬਣਾਓ। ਉਸ ਵਿੱਚ ਕੋਈ ਗੁਣਵਾਨ ਸਿੱਖ ਸਾਧੂ ਬਿਠਾਓ। ਇਸ ਧਰਮਸਾਲ (ਗੁਰਦੁਆਰੇ) ਦੇ ਨਾਲ ਬਾਗ਼ ਲਵਾ ਕੇ ਉਸ ਵਿੱਚ ਫਲਦਾਰ ਦਰਖ਼ਤ ਲਗਾਓ। ਇਹ ਕੰਮ ਸ਼ਰਧਾ ਨਾਲ ਕਰਨਾ ਤੇ ਮਨ ਵਿੱਚ ਲੋਭ-ਲਾਲਚ ਨਹੀਂ ਲਿਆਉਣਾ। ਜੇ ਇਹ ਰੁਪਏ ਕਿਸੇ ਹੋਰ ਥਾਂ ’ਤੇ ਖ਼ਰਚ ਕਰੋਗੇ ਤਾਂ ਵਿਅਰਥ ਜਾਣਗੇ।
ਗੁਰੂ ਸਾਹਿਬ ਭਾਈ ਦੱਗੋ ਨੂੰ ਹੁਕਮ ਦੇ ਕੇ ਚਲੇ ਗਏ ਪਰ ਭਾਈ ਦੱਗੋ ਨੇ ਉਹ ਮਾਇਆ ਆਪਣੀ ਜ਼ਮੀਨ ਵਿੱਚ ਨਿੱਜੀ ਮਕਾਨ ਬਣਾਉਣ ਤੇ ਅਤੇ ਖੂਹ ਉਸਾਰਨ ਤੇ ਖ਼ਰਚ ਕਰ ਦਿੱਤੀ। ਕੁਝ ਸਮੇਂ ਬਾਅਦ ਦੱਗੋ ਦਿੱਲੀ ਜਾਂਦਾ ਹੋਇਆ ਗੁਰੂ ਜੀ ਨੂੰ ਮਿਲਿਆ ਤਾਂ ਗੁਰੂ ਜੀ ਨੇ ਦੱਗੋ ਨੂੰ ਪੁੱਛਿਆ, ‘‘ਭਾਈ! ਉਹ ਮਾਇਆ ਧਰਮਸਾਲਾ  ਤੇ ਖੂਹ ਉਸਾਰਨ ਤੇ ਖ਼ਰਚ ਕਰ ਦਿੱਤੀ ਹੈ ਜਾਂ ਨਹੀਂ।’’ ਤਾਂ ਦੱਗੋ ਨੇ ਉੱਤਰ ਦਿੱਤਾ, ‘‘ਮਹਾਰਾਜ! ਮੈਂ ਉਹ ਮਾਇਆ ਆਪਣੇ ਨਿੱਜੀ ਮਕਾਨ ਬਣਾਉਣ ਅਤੇ ਖੁੂਹ ਉਸਾਰਨ ਤੇ ਖ਼ਰਚ ਕਰ ਦਿੱਤੀ ਹੈ।’’ ਗੁਰੂ ਜੀ ਨੇ ਦੱਗੋ ਦੀ ਭੁੱਲ ਬਖ਼ਸ਼ਦੇ ਹੋਏ ਕਿਹਾ ਕਿ ਖੂਹ ਤੇ ਤੰਬਾਕੂ ਨਾ ਹੀ ਬੀਜਣੀ ਹੈ ਤੇ ਨਾ ਹੀ ਧਰਮਸਾਲਾ ਵਿੱਚ ਤੰਬਾਕੂ ਰੱਖੀ। ਪਿੰਡ ਆ ਕੇ ਦੱਗੋ ਚੌਧਰੀ ਨੇ ਫਿਰ ਦੋਵੇਂ ਗੱਲਾਂ ਭੁਲਾ ਦਿੱਤੀਆਂ। ਗੁਰੂ ਜੀ ਨੂੰ ਜਦ ਇਸ ਹੁਕਮ ਅਦੂਲੀ ਦਾ ਪਤਾ ਲੱਗਾ ਤਾਂ ਸੰਮਤ 1723 ਬਿਕਰਮੀ ਸੰਨ 1675 ਈ: ਵਿੱਚ ਗੁਰੂ ਸਾਹਿਬ ਦੁਬਾਰਾ ਇਸ ਅਸਥਾਨ ਤੇ ਆਏ ਤਾਂ ਸੰਗਤਾਂ ਦੀ ਸ਼ਿਕਾਇਤ ਤੇ ਗੁਰੂ ਸਾਹਿਬ ਨੇ ਫ਼ਰਮਾਨ ਜਾਰੀ ਕੀਤਾ ਕਿ
ਦੱਗੋ! ਤੇਰੇ ਘਰ ਲਿਟਣਗੇ ਗੱਦੋ।
ਜਿੱਥੇ ਕੂਆ ਨਾ ਚੱਕ,
ਇੱਥੇ ਉੱਗਣਗੇ ਅੱਕ।

ਨਤੀਜਾ ਇਹ ਹੋਇਆ ਕਿ ਦੱਗੋ ਕਿਸਾਨ ਉੱਜੜ-ਪੁੱਜੜ ਗਿਆ। ਗੁਰੂ ਸਾਹਿਬ ਜੀ ਦੇ ਨਾਲ ਇਸ ਸਮੇਂ ਭਾਈ ਨੰਦ ਲਾਲ ਜੀ ਦੇ ਖ਼ਾਨਦਾਨ ਵਿੱਚੋਂ ਭਾਈ ਰਾਮਦੇਵ ਨਾਂ ਦਾ ਇੱਕ ਸ਼ਰਧਾਲੂ ਵੀ ਮੌਜੂਦ ਸੀ। ਜੋ ਬੜੀ ਸੇਵਾ ਕਰਦਾ ਸੀ। ਇੱਕ ਦਿਨ ਭਾਈ ਰਾਮਦੇਵ ਨੇ ਮਸਤ ਹੋ ਕੇ ਗੁਰੂ ਦਰਬਾਰ ਅੱਗੇ ਅਜਿਹਾ ਜਲ ਦਾ ਛਿੜਕਾ ਕੀਤਾ ਕਿ ਇੱਕ ਤਰ੍ਹਾਂ ਨਾਲ ਮੀਂਹ ਪਾ ਦਿੱਤਾ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਉਸ ਨੂੰ ‘ਭਾਈ ਮੀਹਾਂ’ ਦੀ ਪਦਵੀ ਪ੍ਰਦਾਨ ਕੀਤੀ ਤੇ ਕਿਹਾ, ‘‘ਸਿੱਖਾ! ਤੇਰੀ ਸੇਵਾ ਥਾਂਇ ਪਈ ਹੈ।’’ ਗੁਰੂ ਸਾਹਿਬ ਤੋਂ ਬਖ਼ਸ਼ਿਸ਼ਾਂ ਲੈ ਕੇ ਝੰਡਾ ਹੱਥ ਵਿੱਚ ਫੜਿਆ ਤੇ ਗੁਰੂ ਜੀ ਦੀਆਂ ਖੜਾਵਾਂ ਲੈ ਕੇ ਉਸ ਨਗਰ ਵਿੱਚ ਸਤਿਨਾਮੁ ਵਾਹਿਗੁਰੂ ਦਾ ਸੰਦੇਸ਼ ਦਿੰਦਾ ਹੋਇਆ ਵਿਚਰਨ ਲੱਗਾ। ਭਾਈ ਮੀਹਾਂ ਜੀ ਇਸ ਧਾਰਮਿਕ ਅਸਥਾਨ ਦੇ ਪਹਿਲੇ ਮਹੰਤ ਸਨ। ਜਿਨ੍ਹਾਂ ਨੇ ਤਨ-ਮਨ ਕਰਕੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਮਾਲਵਾ, ਦੁਆਬਾ, ਮਾਝਾ ਤੇ ਸਿੰਧ ਦੀਆਂ ਸੰਗਤਾਂ ਤੱਕ ਪਹੁੰਚਾਇਆ।
1693 ਵਿੱਚ ਦੱਗੋ ਦੇ ਦਿਹਾਂਤ ਮਗਰੋਂ ਗੁਰੂ ਗੋਬਿੰਦ ਸਿੰਘ ਨੇ ਵੀ ਧਮਤਾਨ ਵਿੱਚ ਆਪਣੇ ਚਰਨ ਪਾਏ। ਭਾਈ ਦੱਗੋ ਦੇ ਬੇਟੇ ਭਾਈ ਨਗਾਹੀਆ ਨੇ ਤਨਦੇਹੀ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ। ਗੁਰੂ ਸਾਹਿਬ ਨੇ ਭਾਈ ਨਗਾਹੀਆ ਨੂੰ ਬਾਂਗਰ ਦੇਸ਼ ਦਾ ਮਸੰਦ ਥਾਪਿਆ।
ਧਮਤਾਨ ਸਾਹਿਬ ਪਹਿਲਾਂ ਰਿਆਸਤ ਪਟਿਆਲਾ ਤਹਿਸੀਲ ਸੁਨਾਮ ਦਾ ਪਿੰਡ ਸੀ। ਸੰਨ 1798-1845 ਵਿੱਚ ਪਟਿਆਲੇ ਦਾ ਮਹਾਰਾਜਾ ਕਰਮ ਸਿੰਘ ਨੇ ਬੜੀ ਸ਼ਰਧਾ ਨਾਲ ਬਹੁਤ ਸਾਰਾ ਧਨ ਖ਼ਰਚ ਕਰਕੇ ਇਸ ਅਸਥਾਨ ਦੀ ਉਸਾਰੀ ਕਰਵਾਈ। ਇਹ ਇਮਾਰਤ ਇੱਕ ਹਵੇਲੀ ਵਰਗੀ ਹੈ। ਇਸ ਤੇ ਬਹੁਤੀ ਲੱਕੜ ਹੀ ਇਸਤੇਮਾਲ ਕੀਤੀ ਗਈ ਹੈ। ਪ੍ਰਕਾਸ਼ ਅਸਥਾਨ ਉਸ ਥਾਂ ਤੇ ਬਣਿਆ ਹੈ, ਜਿੱਥੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਬਿਰਾਜੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚੇ ਥੜ੍ਹੇ ਤੇ ਵਿਚਕਾਰ ਕੀਤਾ ਜਾਂਦਾ ਹੈ। ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰੇ ਦਾ ਨਿਰਮਾਣ ਕਰਾਉਣ ਦੇ ਨਾਲ-ਨਾਲ ਸੇਵਾ ਸੰਭਾਲ ਲਈ 3200 ਰੁਪਏ ਸਾਲਾਨਾ ਤੇ 2200 ਵਿੱਘੇ ਜ਼ਮੀਨ ਗੁਰਦੁਆਰੇ ਦੇ ਨਾਂ ਲਗਵਾ ਦਿੱਤੀ। ਉਸ ਸਮੇਂ ਗੁਰਦੁਆਰੇ ਦਾ ਪ੍ਰਬੰਧ ਭਾਈ ਅਘੜ ਸਿੰਘ ਮਹੰਤ ਦੇ ਹੱਥ ਵਿੱਚ ਰਿਹਾ ਤੇ 1956 ਤੋਂ ਪੈਪਸੂ ਪੰਜਾਬ ਕਾਇਮ ਹੋਣ ਤੇ ਇਸ ਇਤਿਹਾਸਕ ਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਹੱਥ ਆ ਗਿਆ।
ਗੁਰਦੁਆਰਾ ਸਾਹਿਬ ਵਿੱਚ ਇੱਕ ਇਤਿਹਾਸਿਕ ਯਾਦਗਾਰ ਵਜੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ੍ਰੀ ਸਾਹਿਬ (ਕਿ੍ਰਪਾਨ) ਰੱਖੀ ਹੋਈ ਹੈ। ਇਹ ਸ੍ਰੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1765 ਬਿਕਰਮੀ ਸੰਨ 1708 ਈ: ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਦੱਖਣ ਵਿੱਚ ਉਸ ਦੇ ਪੰਜਾਬ ਨੂੰ ਚਾਲੇ ਪਾਉਣ ਸਮੇਂ ਦਿੱਤੀ ਸੀ। ਇਸ ਸ੍ਰੀ ਸਾਹਿਬ ਦਾ ਫਲ ਦੋ ਫੁੱਟ ਸਾਢੇ ਛੇ ਇੱਚ ਲੰਬਾ, ਵਿਚਕਾਰੋਂ ਸਵਾ ਇੰਚ ਚੌੜਾ ਮੁੱਠ ਧਾਰੀਦਾਰ ਰਹੰਮਾ ਜਮਨਾ ਸੋਨੇ-ਚਾਂਦੀ ਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਇਤਿਹਾਸਿਕ ਅਸਥਾਨ ਨੂੰ ਸੱਚ-ਖੰਡ ਸ੍ਰੀ ਹਜ਼ੂਰ ਸਾਹਿਬ ਦੀ ਡਿਓੜੀ ਦਾ ਵਰ ਦਿੱਤਾ ਹੋਇਆ ਹੈ। ਹਜ਼ੂਰ ਸਾਹਿਬ ਦੀ ਯਾਤਰਾ ਨੂੰ ਜਾਣ ਵਾਲੇ ਪਹਿਲਾਂ ਇਸ ਅਸਥਾਨ ਤੇ ਯਾਤਰਾ ਕਰਕੇ ਫਿਰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ  ਜਾਂਦੇ ਹਨ।
ਇਸ ਅਸਥਾਨ ਤੇ ਹਰ ਮਹੀਨੇ ਚੌਦਸ ਤੇ ਮੱਸਿਆ ਦੀ ਦਰਮਿਆਨੀ ਰਾਤ ਨੂੰ ਬੜਾ ਭਾਰੀ ਧਾਰਮਿਕ ਦੀਵਾਨ ਸਜਦਾ ਹੈ। ਇਸ ਤੋਂ ਇਲਾਵਾ ਹਰ ਸਾਲ ਦੋ ਮੇਲੇ ਹੋਲਾ-ਮਹੱਲਾ ਅਤੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਧਮਤਾਨ ਸਾਹਿਬ ਵਿੱਚ ਸਿੱਖਾਂ ਦੀ ਵੱਸੋਂ ਘੱਟ ਹੋਣ ਕਾਰਨ, ਆਸ-ਪਾਸ ਦੇ ਪਿੰਡਾਂ ਤੋਂ ਅਤੇ ਦੂਰ-ਦੁਰੇਡੇ ਤੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ। ਇਸ ਨਗਰ ਦੇ ਨਵੇਂ ਵਿਆਹੇ ਜੋੜੇ ਸੱਜ-ਧੱਜ ਕੇ, ਢੋਲ-ਢਮੱਕੇ ਤੇ ਬੈਂਡ ਵਾਜਿਆਂ ਨਾਲ ਗੁਰੂ ਘਰ ਵਿੱਚ ਪੁੱਜ ਕੇ ਨਿਸ਼ਾਨ ਸਾਹਿਬ ਦੀ ਚਾਰ ਵਾਰ ਪਰਕਰਮਾ ਕਰਦੇ ਹਨ। ਯਾਤਰੀਆਂ ਦੀ ਰਿਹਾਇਸ਼ ਲਈ ਸੁਚੱਜਾ ਪ੍ਰਬੰਧ ਹੈ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ

ਪੰਜਾਬੀ ਲੇਖਕ ਸ਼ਿਵ ਨਾਥ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫਸੋਸ ਦਾ ਪ੍ਰਗਟਾਵਾ

ਲੁਧਿਆਣਾ, 22 ਅਗਸਤ(ਜਨ ਸ਼ਕਤੀ ਨਿਊਜ਼ ਬਿਊਰੋ ) ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਪ੍ਰੇਰਨਾ ਨਾਲ ਸਾਹਿੱਤ ਸਿਰਜਣ ਮਾਰਗ ਤੇ ਤੁਰੇ ਪੰਜਾਬੀ ਲੇਖਕ ਸ਼ਿਵ ਨਾਥ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸ਼ਿਵ ਨਾਥ ਸਾਰੀ ਉਮਰ ਕਿਰਤ ਨੂੰ ਪਰਣਾਏ ਰਹੇ ਪਰ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਪ੍ਰੇਰਨਾ ਨਾਲ ਉਹ ਕਲਮ ਦੇ ਸਿਪਾਹੀ ਬਣੇ। ਮਾਤਾ ਗੁਜਰੀ ਕਾਲਿਜ ਫ਼ਤਹਿਗੜ੍ਹ ਸਾਹਿਬ ਚ ਪੜ੍ਹਾਉਂਦਿਆਂ ਪ੍ਰਿੰਸੀਪਲ ਸੁਜਾਨ ਸਿੰਘ ਜੀ ਨੇ ਦਰਜ਼ੀ ਦਾ ਕੰਮ ਕਰਦੇ ਕਿਰਤੀ ਸ਼ਿਵ ਨਾਥ ਨੂੰ ਸਾਹਿੱਤ ਮਾਰਗ ਤੇ ਤੋਰਿਆ। ਆਪਣੀ ਮਿਹਨਤ ਨਾਲ ਉਹ ਪੰਜਾਬੀ ਸਾਹਿੱਤ ਵਿੱਚ ਜ਼ਿਕਰਯੋਗ ਹਸਤੀ ਬਣ ਗਏ। ਉਨ੍ਹਾਂ ਦੀ ਪਹਿਲੀ ਵਾਰਤਕ ਪੁਸਤਕ “ਪ੍ਰਿੰਸੀਪਲ ਸੁਜਾਨ ਸਿੰਘ ਨਾਲ ਦਸ ਵਰ੍ਹੇ” ਨਾਲ ਸਾਹਿੱਤ ਪ੍ਰਵੇਸ਼ ਕੀਤਾ। ਉਹ ਸਹਿਜ ਤੋਰ ਤੁਰਨ ਵਾਲੇ ਲੇਖਕ ਸਨ ਜਿੰਨ੍ਹਾਂ ਨੇ ਆਪਣੇ ਮੁਰਸ਼ਦ ਪ੍ਰਿੰਸੀਪਲ ਸੁਜਾਨ ਸਿੰਘ ਵਾਂਗ ਕਦੇ ਵੀ ਕੋਈ ਖ਼ੈਰਾਇਤ ਜਾ ਰਿਆਇਤ ਨਹੀਂ ਮੰਗੀ ਸੀ। 
ਉਹ ਗਰੀਬੀ ਨਾਲ ਖ਼ੂਬ ਲੜੇ ਪਰ ਸਾਰੀ ਜ਼ਿੰਦਗੀ ਸਿੱਧੇ ਸਤੋਰ ਖੜ੍ਹੇ ਰਹੇ। ਪ੍ਰੋਃ ਦੀਦਾਰ ਸਿੰਘ ਕਰਤਾ ਸੁਮੇਲ ਤੇ ਡਾਃ ਕੇਸਰ ਸਿੰਘ ਕੇਸਰ ਉਨ੍ਹਾਂ ਦੇ ਪਹਿਲ ਪਲੇਠੇ ਕਦਰਦਾਨ ਸਨ। 
ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਕਵੀ ਸ਼ਿਵ ਨਾਥ ਇਸ ਵੇਲੇ ਅਠਾਸੀ ਸਾਲ ਦੇ ਸਨ। 
ਅੱਜ ਹੀ ਸਵੇਰੇ 8.30 ਵਜੇ ਮੁਹਾਲੀ ਵਿਖੇ ਉਨ੍ਹਾਂ ਦਾ ਦੇਹਾਂਤ ਹੋਇਆ ਹੈ। 
ਸ਼ਿਵ ਨਾਥ  ਆਮ ਲੋਕਾਂ ਦੇ ਹੱਕ ਲਈ ਲਿਖਣ ਵਾਲੇ ਲੇਖਕ ਸਨ। ਉਹ ਆਪ ਭਾਵੇਂ ਰਸਮੀ ਸਕੂਲੀ ਵਿੱਦਿਆ ਹਾਸਲ ਨਾ ਕਰ ਸਕੇ ਪਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਇੱਕੀ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਜਿਨਾਂ ਵਿਚ ‘ਬੋਝਲ ਹਵਾ’, ‘ਬਦਤਮੀਜ਼’, ‘ਅਸੀਂ ਕਤਰੇ ਹੀ ਸਹੀ’, ‘ਅੰਤਿਮ ਲੜਾਈ’, ‘ਮੈਂ ਦੀਵੇ ਕਿਸ ਤਰਾਂ ਬਾਲਾਂ’, ‘ਜਗਿਆਸਾ’, ‘ਵਰਜਿਤ ਫਲ’, ‘ਬਿਜਲੀ ਕੜਕੇ’, ‘ਸਰਘੀ ਦਾ ਸੁਪਨਾ’, ‘ਭੂਮੀ ਪੂਜਣ’, ‘ਪਛਤਾਵਾ’, ਕਾਵਿ ਸੰਗ੍ਰਹਿ,ਇਸ ਪਾਰ ਉਸ ਪਾਰ’, ‘ਗੀਤ ਦੀ ਮੌਤ’, ਕਹਾਣੀ ਸੰਗ੍ਰਹਿ ,ਜੀਵਨੀ ਸਾਹਿਤ ਵਿੱਚ ਭੁੱਲੇ ਵਿਸਰੇ ਲੋਕ’, ਅਣਫੋਲਿਆ ਵਰਕਾ’, ਯਾਦਾਂ: ‘ਸੁਜਾਨ ਸਿੰਘ ਨਾਲ ਦਸ ਵਰ੍ਹੇ’, ਸਵੈ-ਜੀਵਨੀ: ‘ਮੇਰਾ ਜੀਵਨ’, ਬਾਲ ਸਹਿਤ: ‘ਰੁੱਖ ਤੇ ਮਨੁੱਖ’, ‘ਪੈਂਤੀ ਅੱਖਰੀ’, ‘ਬਾਲ ਵਿਆਕਰਣ’, ‘ਪੰਜ ਤੱਤ’ ਸ਼ਾਮਿਲ ਹਨ। 
ਸ਼ਿਵ ਨਾਥ ਜੀ ਦੇ ਦੇਹਾਂਤ ਤੇ ਲੁਧਿਆਣਾ ਵੱਸਦੇ ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ, ਡਾਃ ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਸਹਿਜਪ੍ਰੀਤ ਸਿੰਘ ਮਾਂਗਟ, ਦੇਵਿੰਦਰ ਕੌਰ ਸੈਣੀ, ਗੁਰਚਰਨ ਕੌਰ ਕੋਚਰ, ਮਨਦੀਪ ਕੌਰ ਭਮਰਾ, ਕਰਮਜੀਤ ਸਿੰਘ ਗਰੇਵਾਲ, ਤਰਨਜੀਤ ਸਿੰਘ ਕਿੰਨੜਾ ਮੁੱਖ ਸੰਪਾਦਕ ਸੰਗੀਤ ਦਰਪਣ ਤੇ ਅਮਰਜੀਤ ਸ਼ੇਰਪੁਰੀ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

ਆਸ਼ੀਸ਼ ਗਾਂਧੀ ਨੂੰ ਸਵੱਛਤਾ ਅਭਿਆਨ ਸੁਸਾਇਟੀ ਫਗਵਾੜਾ ਰਜਿਸਟਰਡ ਦਾ ਨਿਯੁਕਤ ਕੀਤਾ ਗਿਆ ਪ੍ਰਧਾਨ

ਫਗਵਾੜਾ, 22 ਅਗਸਤ(ਜਨ ਸ਼ਕਤੀ ਨਿਊਜ਼ ਬਿਊਰੋ ) ਸਵੱਛਤਾ ਅਭਿਆਨ ਸੁਸਾਇਟੀ ਫਗਵਾੜਾ ਰਜਿਸਟਰਡ ਦੀ ਮੀਟਿੰਗ ਪ੍ਰਧਾਨ ਮਦਨ ਮੋਹਨ ਖੱਟਰ ਦੀ ਅਗਵਾਈ ਹੇਠ ਹੋਈ। ਪ੍ਰਧਾਨ ਮਦਨ ਮੋਹਨ ਖੱਟਰ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਉਣ ਵਿੱਚ ਸਹਿਯੋਗ ਦੇਣ ਲਈ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਯੂਥ ਆਗੂ ਅਤੇ ਮੈਂਬਰ ਆਸ਼ੀਸ਼ ਗਾਂਧੀ ਨੂੰ ਪ੍ਰਧਾਨ ਬਣਾਉਣ ਲਈ ਮਤਾ ਪੇਸ਼ ਕੀਤਾ ਗਿਆ ਅਤੇ ਚੇਅਰਮੈਨ ਰਮਨ ਨਹਿਰਾ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਅਤੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਆਸ਼ੀਸ਼ ਗਾਂਧੀ ਨੂੰ ਪ੍ਰਧਾਨ ਨਾਮਜ਼ਦ ਕੀਤਾ। ਚਾਰਟਰਡ ਪ੍ਰਧਾਨ ਮਦਨ ਮੋਹਨ ਖੱਟਰ ਨੇ ਨਵ-ਨਿਯੁਕਤ ਪ੍ਰਧਾਨ ਅਸ਼ੀਸ਼ ਗਾਂਧੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਸੰਸਥਾ ਦੀ ਬਿਹਤਰੀ ਲਈ ਕੰਮ ਕਰਨਗੇ ਅਤੇ ਸਮਾਜ ਵਿੱਚ ਜਨ ਜਾਗਰੂਕਤਾ ਲਿਆ ਕੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨਗੇ। ਚੇਅਰਮੈਨ ਰਮਨ ਨਹਿਰਾ ਨੇ ਵੀ ਅਸ਼ੀਸ਼ ਗਾਂਧੀ 'ਤੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵਿਚ ਬਹੁਤ ਊਰਜਾ ਹੈ ਅਤੇ ਉਹ ਸੰਸਥਾ ਦੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇ ਸੰਸਥਾ ਸਫਲਤਾ ਬੁਲੰਦੀਆਂ ਨੂੰ ਛੂਹੇਗੀ | ਜਨਰਲ ਸਕੱਤਰ ਜਸਵਿੰਦਰ ਸਿੰਘ ਚੱਗਰ ਨੇ ਕਿਹਾ ਕਿ ਨਵ-ਨਿਯੁਕਤ ਪ੍ਰਧਾਨ ਅਸ਼ੀਸ਼ ਗਾਂਧੀ ਚਾਰਟਰਡ ਪ੍ਰਧਾਨ ਮਦਨ ਮੋਹਨ ਖੱਟਰ ਦੇ ਨਿਰਦੇਸ਼ਾਂ ਹੇਠ ਕੰਮ ਕਰਦੇ ਰਹਿਣਗੇ। ਮਦਨ ਮੋਹਨ ਖੱਟਰ ਨੇ ਨਵ-ਨਿਯੁਕਤ ਪ੍ਰਧਾਨ ਆਸ਼ੀਸ਼ ਗਾਂਧੀ ਨੂੰ ਨਵੀਂ ਟੀਮ ਬਣਾਉਣ ਲਈ ਪੂਰੇ ਅਧਿਕਾਰ ਦਿੱਤੇ ਅਤੇ ਚੇਅਰਮੈਨ ਰਮਨ ਨਹਿਰਾ ਨੇ ਸੁਝਾਅ ਦਿੱਤਾ ਕਿ ਉਹ ਇੱਕ ਬੋਰਡ ਬਣਾਉਣ ਅਤੇ ਸਾਰੇ ਵੱਡੇ ਫੈਸਲੇ ਬੋਰਡ ਦੀ ਮੀਟਿੰਗ ਵਿੱਚ ਲਏ ਜਾਂਦੇ ਹਨ ਅਤੇ ਆਉਣ ਵਾਲੇ ਪ੍ਰੋਜੈਕਟਾਂ ਦੌਰਾਨ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤਾਕਿ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਜਾ ਸਕੇ ।

ਇਸ ਦੌਰਾਨ ਪਿ੍ੰਸੀਪਲ ਰਜਨੀ ਗੁਪਤਾ, ਸੁਰਿੰਦਰ ਕੌਰ, ਨੀਲਮ ਮਿਨਹਾਸ, ਪ੍ਰਦੀਪ ਮਿਨਹਾਸ, ਬਲਵੰਤ ਬੱਲੂ, ਸੁਖਦੇਵ ਸਿੰਘ, ਕਸ਼ਮੀਰੀ ਲਾਲ, ਰਾਜੀਵ ਸ਼ਰਮਾ, ਸ਼ਿਆਮਸੁੰਦਰ ਬਠਲਾ ਆਦਿ ਹਾਜ਼ਰ ਸਨ | ਨਵ-ਨਿਯੁਕਤ ਪ੍ਰਧਾਨ ਅਸ਼ੀਸ਼ ਗਾਂਧੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਾਰਿਆਂ ਨੇ ਮੇਰੇ 'ਤੇ ਜੋ ਵਿਸ਼ਵਾਸ ਪ੍ਰਗਟਾਇਆ ਹੈ, ਮੈਂ ਉਸ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਅਤੇ ਵੱਖ-ਵੱਖ ਸਕੂਲਾਂ 'ਚ ਸਵੱਛਤਾ ਅਭਿਆਨ ਸੁਸਾਇਟੀ ਦੀਆਂ ਇਕਾਈਆਂ ਬਣਾ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦੇਵਾਂਗਾ ਅਤੇ ਉਹਨਾਂ ਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਵੇਗਾ |ਉਨ੍ਹਾਂ ਦੱਸਿਆ ਕਿ ਅਗਲੇ ਪ੍ਰੋਜੈਕਟ ਵਿੱਚ ਅਧਿਆਪਕ ਦਿਵਸ 'ਤੇ ਵੱਖ-ਵੱਖ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜੋ ਅਧਿਆਪਕ ਵਿਦਿਆਰਥੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਦੇ ਰਹਿੰਦੇ ਹਨ | ਅੰਤ ਵਿੱਚ ਉਨ੍ਹਾਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

ਸਿਲਵਰ ਵਾਟਿਕਾ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਭੀਖੀ,20 ਅਗਸਤ ( ਕਮਲ ਜਿੰਦਲ )ਸਿਲਵਰ ਵਾਟਿਕਾ ਸਕੂਲ ਦੇ ਚੇਅਰਮੈਨ ਰਿਸ਼ਵ ਸਿੰਗਲਾ ਦੇ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਕਿਰਨ ਰਤਨ ਦੀ ਨਿਗਰਾਨੀ ਹੇਠ ਤੀਆਂ ਦਾ ਤਿਓਹਾਰ ਮਨਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਸਮੂਹ ਵਿਦਿਆਰਥਣਾਂ ਨੇ ਵੱਖ-ਵੱਖ ਪ੍ਰਕਾਰ ਦੀਆਂ ਸੱਭਿਅਤ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਮਹੌਲ ਨੂੰ ਚਾਰ ਚੰਨ ਲਾਏ। ਇਸ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਗਿੱਧਾ , ਭੰਗੜਾ , ਕੋਰੀਓਗ੍ਰਾਫੀ , ਬੋਲੀਆਂ ਦੀ ਸ਼ਾਨਦਾਰ ਪੇਸ਼ਕਾਰੀ ਕਰਦੇ ਹੋਏ ਮਹੌਲ ਨੂੰ ਬੰਨ੍ਹੀ ਰੱਖਿਆ। ਇਸ ਤਿਉਹਾਰ ਵਿੱਚ ਮਿਸ ਤੀਜ ਦਾ ਖਿਤਾਬ ਨਵਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਸਮਰੀਤ ਕੌਰ ਨੇ ਬੈਸਟ ਪੰਜਾਬੀ ਪਹਿਰਾਵੇ ਦਾ ਖਿਤਾਬ ਹਾਸਲ ਕੀਤਾ। ਇਨ੍ਹਾਂ ਗਤੀਵਿਧੀਆਂ ਨੂੰ ਜੱਜ ਕਰਨ ਦੀ ਭੂਮਿਕਾ ਮੈਡਮ ਰੀਨਾ ਰਾਣੀ ਅਤੇ ਬੇਅੰਤ ਕੌਰ ਵਲੋਂ ਨਿਭਾਈ ਗਈ। ਚੇਅਰਮੈਨ ਰਿਸ਼ਵ ਸਿੰਗਲਾ ਅਤੇ ਪ੍ਰਿੰਸੀਪਲ ਕਿਰਨ ਰਤਨ ਨੇ ਖਿਤਾਬ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ- ਨਾਲ ਹਰ ਖੇਤਰ ਦੀ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਹਰ ਖੇਤਰ ਨਾਲ ਜੁੜ ਕੇ ਰਿਹਾ ਜਾ ਸਕੇ । ਇਸ ਸਮੇਂ ਨਮਨ ਸਿੰਗਲਾ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਨ।

ਹੜ੍ਹ ਪ੍ਰਭਾਵਿਤ ਲੋਕਾਂ ਦੀ ਸੂਬਾ ਸਰਕਾਰ ਨੇ ਕੋਈ ਸਾਰ ਨਹੀਂ ਲਈ-ਕਾਹਨ ਸਿੰਘ ਵਾਲਾ

10 ਨਵੰਬਰ ਨੂੰ ਮਾਲਵਾ ਜੋਨ ਦਾ ਸ਼ਹੀਦੀ ਸਮਾਗਮ ਅਤਲਾ ਖੁਰਦ ਵਿਖੇ ਹੋਵੇਗਾ 

ਭੀਖੀ, 20 ਅਗਸਤ( ਕਮਲ ਜਿੰਦਲ ) ਸਰਦੂਲਗੜ੍ਹ ਏਰੀਏ ਵਿੱਚ ਹੜ੍ਹ ਆ ਜਾਣ ਕਾਰਨ ਪੰਜਾਬ ਸਰਕਾਰ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਬਲਕਿ ਸਮਾਜ ਸੇਵੀ ਸੰਸਥਾਵਾ ਅਤੇ ਆਮ ਲੋਕਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਕੇ ਵੱਡਾ ਉਪਰਾਲਾ ਕੀਤਾ ਹੈ।ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸਥਾਨਕ ਵਿਰਾਸਤ ਰੈਸਟੋਰੈਂਟ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੌਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਅੰਦਰ ਹੜ੍ਹ ਆਉਣ ਕਾਰਨ ਮਜਦੂਰਾਂ, ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਦਾ ਕਚੂੰਮਰ ਨਿਕਲ ਚੱਕਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਦੁਕਾਨਦਾਰਾਂ ਤੋਂ ਟੈਕਸ ਲੈਂਦੀਆਂ ਹਨ ਫਿਰ ਉਨ੍ਹਾਂ ਦੀ ਹਿਫਾਜਤ ਕਿਉਂ ਨਹੀ ਕਰਦੀਆਂ। ਉਨ੍ਹਾਂ ਕਿਹਾ ਕਿ ਸਮੇਂ ਦੀਆ ਸਰਕਾਰਾਂ ਨੇ ਸਮਾਂ ਰਹਿੰਦਿਆ ਇੰਨ੍ਹਾਂ ਬੰਨਾਂ ਨੂੰ ਮਜਬੂਤ ਕਰਨ ਦੀ ਜਹਿਮਤ ਨਹੀਂ ਉਠਾਈ ਬਲਕਿ ਐਨ ਮੌਕੇ ਤੇ ਆ ਕੇ ਪ੍ਰਸਾਸ਼ਨ ਦੀ ਜਾਗ ਖੁੱਲਦੀ ਹੈ। ਉਨ੍ਹਾਂ ਕਿਹਾ ਭਾਵੇਂ ਸਰਕਾਰ ਵੱਲੋਂ ਪੰਜਾਬ ਅੰਦਰ ਪ੍ਰਾਈਵੇਟ ਬਿਜਲੀ ਘਰ ਖੋਲੇ ਹੋਏ ਹਨ ਪਰ ਉਨ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਨਾ ਮਾਤਰ ਹੈ ਬਲਕਿ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ਹਿਰਾਂ ਅੰਦਰ ਵੱਡੇ ਵੱਡੇ ਮਾਲ ਖੋਲਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਨਾਲ ਛੋਟੇ ਦੁਕਾਨਦਾਰਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ ਅਤੇ ਸਾਡੀ ਭਾਈਚਾਰਕ ਸਾਂਝ ਕਮਜੌਰ ਹੁੰਦੀ ਜਾ ਰਹੀ ਹੈ।ਉਨ੍ਹਾਂ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਸੂਬੇ ਅੰਦਰ ਰੋਜਾਨਾ ਲੁੱਟ ਖੋਹ, ਕਤਲੋਗਾਰਦ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਅਤੇ ਸੂਬਾ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈਣ ਵਿੱਚ ਅਸਮਰਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ ਬੰਦ ਹੋ ਕੇ ਬਾਹਰੀ ਰਾਜਾਂ ਵਿੱਚ ਪਲਾਇਨ ਕਰ ਰਹੀ ਹੈ ਪ੍ਰੰਤੂ ਸਰਕਾਰ ਨੂੰ ਇਸਦੀ ਚਿੰਤਾਂ ਨਹੀਂ ਹੈ। ਉਨ੍ਹਾਂ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦਾ ਗਠਨ ਪੰਜਾਬ, ਪੰਜਾਬੀਅਤ ਅਤੇ ਪੰਥ ਨੂੰ ਬਚਾਉਣ ਵਾਸਤੇ ਹੋਇਆ ਹੈ।ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਚਹੇਤਿਆਂ ਤੇ ਹੋਰ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਪੰਜਾਬ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਪਾਲਿਸੀਆਂ ਪਤਾ ਨਾ ਹੋਣ ਵਾਲੇ ਲੋਕਾਂ ਨੂੰ ਸੂਬੇ ਵਿੱਚ ਲਿਆ ਕੇ ਸੂਬੇ ਦਾ ਨੁਕਸਾਨ ਕੀਤਾ ਹੈ।ਉਨ੍ਹਾਂ ਸੂਬਾ ਸਰਕਾਰਾਂ ਵੱਲੋਂ ਲੰਮੇ ਸਮੇਂ ਤੋਂ ਐਸਜੀਪੀਸੀ ਚੋਣਾਂ ਨਾ ਕਰਵਾਏ ਜਾਣ ਨੂੰ ਜਮਹੂਰੀਅਤ ਦਾ ਘਾਣ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਐਸਜੀਪੀਸੀ ਵਿੱਚ ਪਰਿਵਾਰਵਾਦ ਖਤਮ ਕਰਨ ਨੂੰ ਪਹਿਲ ਦੇਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਐਸਜੀਪੀਸੀ ਦੀਆਂ ਚੋਣਾਂ ਆਪਣੇ ਪੱਧਰ ਤੇ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਸਿੱਖੀ ਦਾ ਪ੍ਰਚਾਰ ਕਰਨ ਦੀ ਲਹਿਰ ਚਲਾਏਗੀ ਅਤੇ ਐਸਜੀਪੀਸੀ ਚੋਣਾਂ ਵਿੱਚ ਚੰਗੇ ਕਿਰਦਾਰ ਵਾਲੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਫਤਿਹ) ਆਉਣ ਵਾਲੇ ਦਿਨਾਂ ਵਿੱਚ ਸਿੱਖ ਸਹੀਦਾਂ ਦਾ ਸਨਮਾਨ ਕਰਨ ਲਈ ਸਮਾਗਮ ਆਯੋਜਿਤ ਕਰੇਗੀ ਜਿਸਦੀ ਸ਼ੁਰੂਆਤ ਮਾਨਸਾ ਜਿਲ੍ਹੇ ਦੇ ਪਿੰਡ ਅਤਲਾ ਤੋਂ ਕੀਤੀ ਜਾਵੇਗੀ ਜਿੱਥੇ ਭਾਈ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਇਹ ਸਮਾਗਮ ਆਯੋਜਿਤ ਕੀਤਾ ਜਾਵੇਗਾ।ਜਿਸ ਵਿੱਚ ਮਾਲਵੇ ਨਾਲ ਸਬੰਧਤ ਸਿੱਖ ਸਹੀਦਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਕੌਮੀ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ, ਅੰਮ੍ਰਿਤਪਾਲ ਸਿੰਘ ਲੋਂਗੋਵਾਲ ਕੌਮੀ ਜਰਨਲ ਸਕੱਤਰ, ਬਲਦੇਵ ਸਿੰਘ ਸਾਹਨੇਵਾਲੀ ਜ਼ਿਲ੍ਹਾ ਪ੍ਰਧਾਨ ਮਾਨਸਾ, ਸੂਬੇਦਾਰ ਜਗਦੇਵ ਸਿੰਘ ਰਾਏਪੁਰ ਇੰਚਾਰਜ ਮਾਲਵਾ ਜੋਨ ਸੈਨਿਕ ਵਿੰਗ, ਮਲਕੀਤ ਸਿੰਘ ਬੁਢਲਾਡਾ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ, ਜੈ ਸਿੰਘ ਭਾਦੜਾ ਜਿਲਾ ਪ੍ਰਧਾਨ ਯੂਥ ਦਲ ਮਾਨਸਾ, ਕਰਨਪ੍ਰੀਤ ਸਿੰਘ ਜੋਗਾ ਮੈਂਬਰ ਵਰਕਿੰਗ ਕਮੇਟੀ ਯੂਥ ਦਲ ਪੰਜਾਬ, ਮਨਦੀਪ ਸਿੰਘ ਰੂੜੇਕੇ ਕਲਾਂ, ਗੁਰਤੇਜ ਸਿੰਘ ਦਾਨਗੜ੍ਹ, ਕਾਲਾ ਰਾਮ ਮਿੱਤਲ ਅਤੇ ਜਗਸੀਰ ਸਿੰਘ ਛੀਨਾ ਹਾਜਰ ਸਨ।

ਵਿਕਾਸ ਕਾਰਜ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀਂ ਨਹੀਂ ਆਉਂਣ ਦਿੱਤੀ ਜਾਵੇਗੀ : ਵਿਜੈ ਸਿੰਗਲਾ 

ਭੀਖੀ,20 ਅਗਸਤ ( ਜਿੰਦਲ ) ਸਥਾਨਕ ਹਨੂੰਮਾਨ ਮੰਦਰ ਵਿੱਖੇ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਸੀਨੀਅਰ ਤੇ ਫਾਉਂਡਰ ਮੈਂਬਰ ਮਾ ਵਰਿੰਦਰ ਸੋਨੀ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਵਿਸ਼ੇਸ਼ ਤੌਰ ਤੇ ਸ਼ਿਰਕਤ। ਇਸ ਮੀਟਿੰਗ ਵਿੱਚ ਭਾਰੀ ਗਿਣਤੀ 'ਚ ਪਾਰਟੀ ਵਲੰਟੀਅਰ ਅਤੇ ਸ਼ਹਿਰ ਨਿਵਾਸੀ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਵਿਜੈ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਕਾਸ ਕਾਰਜ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀਂ ਨਹੀਂ ਆਉਂਣ ਦਿੱਤੀ ਜਾਵੇਗੀ। ਭੀਖੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਜਲਦ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਆਉਂਣ ਵਾਲੇ ਦਿਨਾਂ ਵਿੱਚ ਭੀਖੀ ਦੇ ਰੁਕੇ ਵਿਕਾਸ ਦੇ ਕਾਰਜ ਜਲਦ ਮੁਕੰਮਲ ਕਰਨ ਦਾ ਵਿਸ਼ਵਾਸ ਦਿਵਾਇਆ।ਮੀਟਿੰਗ ਦੌਰਾਨ ਨਗਰ ਪੰਚਾਇਤ ਚੋਣਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ । ਇਸ ਤੋਂ ਇਲਾਵਾ ਹਲਕਾ ਵਿਧਾਇਕ ਵਾਰਡ ਨੰ 11 ਦੇ ਉਹਨਾਂ ਘਰਾਂ ਦਾ ਮੁਆਇਨਾ ਵੀ ਕੀਤਾ। ਜਿੰਨਾਂ ਦੀਆਂ ਕੰਧਾਂ ਤੇ ਮਕਾਨ ਪਾਣੀ ਕਾਰਨ ਨੁਕਸਾਨੇ ਗਏ ਸਨ। ਉਨ੍ਹਾਂ ਵਿਚੋਂ ਕੁਝ ਮਕਾਨ ਡਿੱਗਣ ਕਿਨਾਰੇ ਹਨ। ਹਲਕਾ ਵਿਧਾਇਕ ਨੇ ਡਿਪਟੀ ਕਮਿਸ਼ਨਰ ਮਾਨਸਾ ਨਾਲ ਫੋਨ ਤੇ ਗੱਲ ਕਰਕੇ ਇਹਨਾਂ ਮਕਾਨਾਂ ਲਈ ਵਿਸ਼ੇਸ਼ ਮੁਰੰਮਤ ਲਈ ਸਹਾਇਤਾ ਰਾਸ਼ੀ ਦੇਣ ਗੱਲਬਾਤ ਕੀਤੀ। ਇਸ ਮੌਕੇ ਨਾਜਰ ਸਿੰਘ,ਮੋਨੀ (ਟਰੱਕ ਯੂਨੀਅਨ),ਗੁਰਜੰਟ ਸਿੰਘ, ਰਘਵੀਰ ਸਿੰਘ, ਅਮਨਦੀਪ ਸਿੰਘ, ਕੇਵਲ ਸ਼ਰਧਾ, ਰਾਜੇਸ਼ ਕੁਮਾਰ ਸੋਨੀ,ਮਨੀ ਮਿੱਤਲ, ਗਿਰਧਾਰੀ ਲਾਲ,ਭੁਪਿੰਦਰ ਰਿੰਕੂ, ਮਨਦੀਪ ਸਿੰਘ, ਕਰਮਜੀਤ ਸਿੰਘ ਪ੍ਰਧਾਨ,ਸੁੱਖਦੇਵ ਸਿੰਘ,ਹਰਵੰਤ ਸਿੰਘ, ਕੁਲਦੀਪ ਸਿੰਘ,ਤਾਰੀ ਸਿੰਘ, ਜਗਦੀਸ਼ ਸ਼ਰਮਾ,ਸੱਤੀ ਟੇਲਰ,ਰਾਜ ਕੁਮਾਰ, ਮਨੀਸ਼ ਕੁਮਾਰ, ਪੰਕਜ ਕੁਮਾਰ,ਕਾਲਾ ਮਿਸਤਰੀ,ਸੀਮਾ ਮਿੱਤਲ,ਕਾਲਾ ਅਨੇਜਾ ਹਜ਼ਾਰ ਸਨ।

21 ਤੋਂ 23 ਅਗਸਤ ਤੱਕ ਯੱਗ-ਸਮਾਗਮ ’ਤੇ ਵਿਸ਼ੇਸ਼

ਸੇਵਾ ਦੇ ਪੁੰਜ ਤੇ ਪਰਉਪਕਾਰੀ ਸਨ- ਸੰਤ ਨਿਸ਼ਚਲ ਸਿੰਘ ਤੇ ਸੰਤ ਤਿ੍ਲੋਚਨ ਸਿੰਘ ‘ਸੇਵਾਪੰਥੀ’
ਭਾਈ ਕਨੱਈਆ ਜੀ ਤੋਂ ਚੱਲੀ ਸੰਪਰਦਾਇ ਵਿੱਚ ਅਨੇਕ ਸੰਤ ਮਹਾਤਮਾਂ ਪੈਦਾ ਹੋਏ ਹਨ। ਇਸ ਸੰਪਰਦਾਇ ਵਿੱਚ ਦੋ ਨਾਮਵਰ ਮਹਾਂਪੁਰਸ਼ ਹੋਏ ਸਨ ਜਿਨ੍ਹਾਂ ਦਾ ਆਪਾ ਪ੍ਰਭੂ-ਭਗਤੀ, ਸੇਵਾ, ਸਿਮਰਨ ਅਤੇ ਦੂਸਰਿਆਂ ਨੂੰ ਪਰਮਾਤਮਾ ਨਾਲ ਲਿਵ ਲਾਉਣ ਲਈ ਚਾਨਣ-ਮੁਨਾਰਾ ਹੁੰਦਾ ਸੀ। ਇਹੋ ਜਿਹੇ ਹੀ ਮਹਾਨ ਤਿਆਗੀ, ਵੈਰਾਗੀ, ਪਰਉਪਕਾਰੀ, ਤਪੱਸਵੀ, ਪ੍ਰਭੂ ਭਗਤੀ ਵਿੱਚ ਲੀਨ ਸੰਤ ਨਿਸ਼ਚਲ ਸਿੰਘ ਜੀ ਤੇ ਸੰਤ ਤਿ੍ਰਲੋਚਨ ਸਿੰਘ ‘ਸੇਵਾਪੰਥੀ’ ਸਨ।
r ਸੰਤ ਨਿਸ਼ਚਲ ਸਿੰਘ:- ਸੰਤ ਨਿਸ਼ਚਲ ਸਿੰਘ ਜੀ ਦਾ ਜਨਮ 7 ਵੈਸਾਖ ਸੰਮਤ 1938 ਬਿਕਰਮੀ ਮੁਤਾਬਕ ਸੰਨ 1881 ਈ: ਨੂੰ ਪਿਤਾ ਭਾਈ ਅਮੀਰ ਸਿੰਘ ਦੇ ਘਰ ਮਾਤਾ ਪਿਆਰੀ ਦੀ ਕੁੱਖੋਂ ਮਿੱਠਾ ਟਿਵਾਣਾ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਵਿੱਚ ਹੋਇਆ। ਆਪ ਦੀ ਸਰੀਰ ਪਤਲਾ ਪਰ ਹੱਡੀਆਂ ਮੋਟੀਆਂ ਤੇ ਨਿੱਗਰ ਸਨ। ਆਪ ਤਿੰਨ ਭਰਾਵਾਂ (ਮਹਿਤਾਬ ਸਿੰਘ, ਗੁਲਾਬ ਸਿੰਘ, ਹਰਦੇਵ ਸਿੰਘ) ਅਤੇ ਤਿੰਨ ਭੈਣਾਂ ਤੋਂ ਛੋਟੇ ਸਨ ਪਰ ਅੰਗੀਠਾ ਸੇਕਦੇ ਸਾਧੂ ਨੇ ਉਹਨਾਂ ਦੇ ਸਿਰ ਉੱਪਰ ਸੱਚਾ ਹੱਥ ਰੱਖ ਕੇ ਕਿਹਾ, ‘‘ਬੀਬੀ ਜੀ! ਇਸ ਦਾ ਫ਼ਿਕਰ ਨਾ ਕਰੋ, ਇਹ ਕਈਆਂ ਨੂੰ ਖਵਾ ਕੇ ਫਿਰ ਆਪ ਖਾਇਆ ਕਰੇਗਾ।’’ ਬਚਪਨ ਵਿੱਚ ਪੰਜਾਬੀ ਵਿੱਦਿਆ ਪੜ੍ਹ ਕੇ ਗੁਰਬਾਣੀ ਦੇ ਪਾਠ ਅਭਿਆਸ ਵਿੱਚ ਲੱਗ ਗਏ। ਆਪ ਨੇ ਮਹੰਤ ਬਾਬਾ ਭਗਤ ਸਿੰਘ ਜੀ ਕੋਲ 1899 ਤੋਂ 1904 ਈ: ਤੱਕ ਪੰਜ ਸਾਲ ਲੰਗਰ ਦੀ ਸੇਵਾ ਲਗਨ ਨਾਲ ਨਿਭਾਈ।
ਸੰਤ ਨਿਸ਼ਚਲ ਸਿੰਘ ਜੀ ਨੇ ਹਰਿਦੁਆਰ ਵਿਖੇ ਉਦਾਸੀ ਮਹਾਤਮਾਂ ਕੋਲ, ਨਿਰਮਲੇ ਸੰਤ ਸ਼੍ਰੀ ਮਹੰਤ ਰਾਮ ਸਿੰਘ ਜੀ ਤੇ ਹੋਰ ਸਾਧੂ ਮਹਾਤਮਾਂ ਪਾਸੋਂ ਸੱਤ ਸਾਲ ਭਾਰਤੀ ਦਰਸ਼ਨ ਦਾ ਡੂੰਘਾ ਗਿਆਨ ਪ੍ਰਾਪਤ ਕੀਤਾ। ਸੰਤ ਨਿਸ਼ਚਲ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਸਿੰਧੀਆਂ ਦੀ ਧਰਮਸਾਲਾ ਵਿੱਚ ਰਹਿ ਕੇ ਪੰਡਲ ਬੰਨਾ ਸਿੰਘ ਪਾਸੋਂ ਵੇਦਾਂਤ ਦੇ ਪ੍ਰਮੁੱਖ ਗ੍ਰੰਥ ਪੜ੍ਹੇ। ਪੰਡਤ ਬੰਨਾ ਸਿੰਘ ਮਿੱਠੇ ਟਿਵਾਣੇ ਵਾਲੇ ਬਾਬਾ ਭਗਤ ਸਿੰਘ ਜੀ ਦੇ ਗੁਰਭਾਈ ਸਨ।  ਉਹਨਾਂ ਦੀ ਇੱਛਾ ਨਾਲ ਅੰਮ੍ਰਿਤਸਰ ਰਹਿ ਕੇ ਗਿਆਨੀ ਅਮੀਰ ਸਿੰਘ ਜੀ ਪਾਸੋਂ ਕਥਾ ਕਰਨੀ ਸਿੱਖੀ ।ਭਾਰਤੀ ਦਰਸ਼ਨ ਅਤੇ ਹੋਰ ਮੁੱਖ ਗ੍ਰੰਥਾਂ ਦਾ ਅਧਿਐਨ ਕਰਨ ਉਪਰੰਤ ਜਦੋਂ ਸੰਤ ਨਿਸ਼ਚਲ ਸਿੰਘ ਜੀ 1915 ਵਿੱਚ ਮਿੱਠਾ ਟਿਵਾਣਾ ਵਿਖੇ ਬਾਬਾ ਜਵਾਹਰ ਸਿੰਘ ਕੋਲ ਵਾਪਸ ਆਏ ਤਾਂ ਮਹੰਤ ਜਵਾਹਰ ਸਿੰਘ ਨੇ ਸਹਿਜ-ਸੁਭਾਅ ਹੀ ਹੱਸ ਕੇ ਆਖਿਆ, ‘‘ਆਓ ਪੰਡਤ ਜੀ! ਉਸ ਦਿਨ ਤੋਂ ਬਾਅਦ ਆਪ ‘ਪੰਡਤ  ਜੀ’ ਕਰਕੇ ਪ੍ਰਸਿੱਧ ਹੋ ਗਏ।’’
ਸੰਤ ਨਿਸ਼ਚਲ ਸਿੰਘ ਜੀ ਦੇ ਪਿੰਡ ਮਿੱਠੇ ਟਿਵਾਣੇ ਚਾਰ ਗੁਰਦੁਆਰੇ ਸਨ। ਇੱਕ ਉਦਾਸੀਆਂ ਦਾ ਅਤੇ ਤਿੰਨ ਸੇਵਾਪੰਥੀਆਂ ਦੇ, ਸਾਰੇ ਆਪਸ ਵਿੱਚ ਹੀ ਘਿਉ-ਖਿਚੜੀ ਵਾਂਗ ਮਿਲ ਕੇ ਰਹਿੰਦੇ ਸਨ। 1916 ਵਿੱਚ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਚਾਲੂ ਕੀਤਾ। ਜਿਸ ਵਿੱਚ ਅਣਗਿਣਤ ਸਿੱਖ, ਹਿੰਦੂ ਤੇ ਮੁਸਲਮਾਨ ਪੜ੍ਹ ਕੇ ਰੋਜ਼ੀ ਕਮਾ ਰਹੇ ਹਨ। ਪਾਕਿਸਤਾਨ ਬਣਨ ਤੱਕ ਇਹ ਸਕੂਲ ਕਾਮਯਾਬੀ ਨਾਲ ਚੱਲਦਾ ਰਿਹਾ। ਜਦ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਆਪ ਨੇ ਆਪਣਾ ਕਛਹਿਰਾ, ਤੌਲੀਆ ਲੈ ਕੇ ਜਾਣ ਦੀ ਤਿਆਰੀ ਕਰ ਲਈ, ਪਰ ਆਪ ਦਾ ਤਿਆਗ ਤੇ ਸੇਵਾ ਦੇਖ ਕੇ ਅਕਾਲੀ ਆਗੂਆਂ ਨੇ ਆਪ ਨੂੰ ਉੱਥੇ ਹੀ ‘ਮਹੰਤ’ ਥਾਪ ਦਿੱਤਾ। ਆਪ ਹਰ ਸਮੇਂ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਸਨ।
1926 ਈ: ਵਿੱਚ ਆਪ ਨੇ ਗੋਹਮਲ, ਰਾਵਲਪਿੰਡੀ, ਗੁਜ਼ਰ ਖਾਂ ਆਦਿਕਾਂ ਵਿੱਚ ਫਿਰ ਕੇ ਮੰਡੀ ਬਹਾਉਦੀਨ ਦੀ ਸੇਵਾ ਲਈ। ਮੰਡੀ ਬਹਾਉਦੀਨ ਦੇ ਬਣੇ ਹੋਏ ਡੇਰੇ ਵਿੱਚ ਆਪ ਨੇ ਅੱਠ ਆਨੇ ਦੀ ਉਗਰਾਹੀ ਨਾਲ ਸਕੂਲ ਸ਼ੁਰੂ ਕੀਤਾ। ਉੱਚ ਪੱਧਰ ਤੇ ਵਿਦਿਆਲਾ ਚਾਲੂ ਕੀਤਾ ਤੇ ਦਰਸ਼ਨੀ ਸੰਤਪੁਰਾ ਬਣਾ ਦਿੱਤਾ। ਸੁੰਦਰ ਹਰਿਮੰਦਰ ਤਿਆਰ ਕਰਵਾਇਆ। ਬਹੁਤ ਸੁੰਦਰ ਕਮਰੇ ਸੰਤਾਂ ਨੇ ਵਿਦਿਆਰਥੀਆਂ ਲਈ ਤਿਆਰ ਕੀਤੇ। ਹਰ ਵਕਤ ਲੰਗਰ ਅਤੁੱਟ ਚੱਲਦਾ। 1940 ਈ: ਵਿੱਚ ਆਪ ਯਾਤਰਾ ਟਰੇਨ (ਗੱਡੀ) ਲੈ ਕੇ ਪਟਨਾ ਸਾਹਿਬ ਗਏ। ਸ਼ੁੱਭ ਗੁਰਧਾਮਾਂ ਦੀ ਯਾਤਰਾ ਸੰਗਤਾਂ ਨੂੰ ਕਰਵਾਈ ਤੇ ਉਥੋਂ ਵਾਪਸ ਆਉਂਦਿਆਂ ਡਿਓੜ੍ਹੀ ਬਣਾਉਣ ਦਾ ਸੰਕਲਪ ਲੈ ਕੇ ਆਏ। ਉਸ ਤੋਂ ਦੂਜੇ ਸਾਲ ਜਾ ਕੇ ਸੇਵਾ ਡਿਓੜ੍ਹੀ ਦੀ ਕਰਵਾਈ ਜੋ ਬਹੁਤ ਸੁੰਦਰ ਤਿਆਰ ਕਰਵਾਈ। ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਸੇਵਾ ਆਪ ਜੀ ਨੇ ਸੰਪੂਰਨ ਕੀਤੀ ਅਤੇ ਪੰਜਾ ਸਾਹਿਬ ਦੇ ਲੰਗਰ ਵਰਗਾ ਮਿਆਰ ਕਾਇਮ ਕੀਤਾ। ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦਾ ਆਪ ਨੇ ਟੱਕ ਲਾਇਆ।
 ਸੰਤ ਨਿਸ਼ਚਲ ਸਿੰਘ ਜੀ ਨੇ ਦੇਸ਼ ਵੰਡ ਪਿੱਛੋਂ 1953 ਈ: ਵਿੱਚ 28 ਹਜ਼ਾਰ ਰੁਪਏ ਰਕਮ ਖ਼ਰਚ ਕਰਕੇ, 28 ਵਿੱਘੇ ਜ਼ਮੀਨ ਖ਼ਰੀਦ ਕੇ, 28 ਫ਼ਰਵਰੀ 1953 ਈ: ਨੂੰ ਡੇਰਾ ਸੰਤਪੁਰਾ ਵਸਾਇਆ। ਆਪ ਨੇ ਜਿੰਨੇ ਵੀ ਵਿੱਦਿਅਕ ਆਸ਼ਰਮ, ਹਸਪਤਾਲ ਬਣਾਏ, ਸਭ ਸੰਗਤਾਂ ਨੂੰ ਪੇ੍ਰਨਾ ਦੇ ਕੇ ਲੱਖਾਂ ਰੁਪਏ ਇਕੱਠਾ ਕਰਕੇ ਖ਼ੁਦ ਇਹਨਾਂ ਨੂੰ ਸਿਰੇ ਚਾੜਿਆ।
ਸੰਤ ਨਿਸ਼ਚਲ ਸਿੰਘ ਜੀ ਨੇ ਸਾਰੀ ਉਮਰ ਕਥਾ-ਵਿਖਿਆਨ ਰਾਹੀਂ ਗਿਆਨ ਦਾ ਦੀਵਾ ਜਗਾਇਆ ਇੱਕ ਵਾਰ ਪਟਨਾ ਸਾਹਿਬ ਤੋਂ ਇੱਕ ਰਾਗੀ ਜਥਾ ਆਇਆ। ਉਸ ਨੇ ਕਿਹਾ, ‘‘ਲੰਗਰ ਦੀ ਹਾਲਤ ਪਤਲੀ ਹੈ।’’ ਸੰਤਾਂ ਨੇ ਭਰੇ ਦੀਵਾਨ ਵਿੱਚ ਪ੍ਰਵਚਨ ਕਰਦਿਆਂ ਕਿਹਾ ਸੀ। ਗੁਰੂ ਕੇ ਲੰਗਰ ਦੀ ਹਾਲਤ ਕਦੇ ਪਤਲੀ ਨਹੀਂ ਹੋ ਸਕਦੀ। ਪ੍ਰਬੰਧ ਦੀ ਹਾਲਤ ਪਤਲੀ ਹੁੰਦੀ ਹੈ। ਉਹਨਾਂ ਨੇ ਕੁਝ ਮਿੰਟਾਂ ਵਿੱਚ ਹਜ਼ਾਰਾਂ ਰੁਪਏ ਇਕੱਠੇ ਕਰ ਦਿੱਤੇ। ਇੱਕ ਵਾਰ ਸੰਤ ਜੀ ਕੋਲ ਦੋ ਸ਼ਰਾਬੀ ਆਏ, ਉਹਨਾਂ ਕਿਹਾ, ‘‘ਸਾਡੀ ਅਰਦਾਸ ਕਰੋ ਤਾਂ ਕਿ ਅਸੀਂ ਸ਼ਰਾਬ ਪੀਣੀ ਛੱਡ ਦੇਈਏ।’’ ਆਪ ਜੀ ਉੱਠ ਕੇ ਦਰਬਾਰ ਹਾਲ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਤਨੇ ਤਰਲਿਆਂ ਨਾਲ ਅਰਦਾਸ ਜੋਦੜੀ, ਬੇਨਤੀ ਕੀਤੀ ਜਿਸ ਨਾਲ ਦੋਹਾਂ ਸ਼ਰਾਬੀਆਂ ਦੇ ਨੇਤਰਾਂ ਵਿੱਚੋਂ ਹੰਝੂ ਵਗਣ ਲੱਗ ਪਏ। ਸੰਤ ਨਿਸ਼ਚਲ ਸਿੰਘ ਦੁਖੀਆਂ ਦਾ ਦੁੱਖ ਵੰਡਣ ਵਾਲਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ, ਦਰਦਵੰਦਾਂ ਦਾ ਦਰਦ ਦੂਰ ਕਰਨ ਵਾਲਾ,  ਭੁੱਖਿਆਂ ਨੂੰ ਰੋਟੀ ਦੇਣ ਵਾਲਾ, ਨਿਆਸਰਿਆਂ ਨੂੰ ਆਸਰਾ ਦੇਣ ਵਾਲਾ, ਪਿਆਸਿਆਂ ਦੀ ਪਿਆਸ ਦੂਰ ਕਰਨ ਵਾਲਾ ਮਹਾਂਪੁਰਸ਼ ਸੀ।
ਸੰਤ ਨਿਸ਼ਚਲ ਸਿੰਘ ਨੇ ਅਨੇਕਾਂ ਵਿੱਦਿਅਕ ਆਸ਼ਰਮ ਬਣਾ ਕੇ ਨਵੀਂ ਪੀੜ੍ਹੀ ਨੂੰ ਸੁਰੱਖਿਅਤ ਕਰਨ ਦਾ ਬੀੜਾ ਬੰਨ੍ਹਆ। ਆਪ ਹਰ ਸਮੇਂ ਸੇਵਾ ਦੇ ਕੰਮ ਵਿੱਚ ਮੂਹਰੇ ਹੁੰਦੇ ਸਨ। ਜਿਸ ਸਮੇਂ ਮਹੰਤ ਗੁਪਾਲ ਸਿੰਘ ‘ਸੇਵਾਪੰਥੀ’ ਪਟਿਆਲਾ ਨੇ ਸਾਹਿਤ ਛਾਪਣ ਦੀ ਵਿਉਂਤ ਬਣਾਈ ਤਾਂ ਸੰਤ ਪੰਡਤ ਨਿਸ਼ਚਲ ਸਿੰਘ ਜੀ ਨੇ ਇਸ ਨੂੰ ਆਪਣਾ ਪੂਰਨ ਅਸ਼ੀਰਵਾਦ ਦਿੱਤਾ ਤੇ ਹਰ ਤਰ੍ਹਾਂ ਦਾ ਮਿਲਵਰਤਣ ਦੇ ਕੇ ਵੱਖੋ-ਵੱਖ ਪੋਥੀਆਂ ਛਪਵਾਈਆਂ। ਪੰਡਤ ਜੀ ਕਹਿੰਦੇ ਸਨ ਕਿ ਹਰ ਉੱਤਮ ਧਰਮ ਪੁਸਤਕ ਸੋਹਣੇ ਰੂਪ ਵਿੱਚ ਪ੍ਰਕਾਸ਼ਿਤ ਹੋਵੇ ਤੇ ਗੁਰਬਾਣੀ ਦੇ ਸ਼ੁੱਧ ਗੁਟਕੇ ਤੇ ਧਰਮ ਪੋਥੀਆਂ ਛਪਾ ਕੇ ਲਾਗਤ ਭੇਟਾ ਉੱਤੇ ਦਿੱਤੀਆਂ ਜਾਣ। ਇਸ ਉਦੇਸ਼ ਲਈ ਉਹਨਾਂ ਨੇ ਡੇਰਾ ਸੰਤਪੁਰਾ ਵਿਖੇ ਇੱਕ ਪਿ੍ਟਿੰਗ ਪ੍ਰੈਸ ਵੀ ਚਾਲੂ ਕੀਤੀ ਤੇ ਮਾਸਿਕ ਪੱਤਰ ‘ਗੁਰ ਸੰਦੇਸ਼’ ਵੀ ਛਪਵਾਉਂਦੇ ਰਹੇ।
ਸੰਤ ਪੰਡਤ ਨਿਸ਼ਚਲ ਸਿੰਘ ਜੀ ਨੇ ਗੁਰੂ ਨਾਨਕ ਹਾਈ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ), ਗੁਰੂ ਨਾਨਕ ਗਰਲਜ਼ ਕਾਲਜ ਤੇ ਭਾਈ ਕਨੱਈਆ ਫ੍ਰੀ ਹਸਪਤਾਲ ਦੀ ਸਥਾਪਨਾ ਕੀਤੀ। ਸੇਵਾ-ਸਿਮਰਨ ਵਿੱਚ ਲੀਨ ਤੇ ਪਰਉਪਕਾਰੀ ਸੰਤ ਪੰਡਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ 23 ਅਗਸਤ 1978 ਈ: ਨੂੰ 97 ਸਾਲ ਦੀ ਉਮਰ ਬਤੀਤ ਕਰਕੇ ਯਮੁਨਾ ਨਗਰ ਵਿਖੇ ਸੱਚ-ਖੰਡ ਜਾ ਬਿਰਾਜੇ।
r ਸੰਤ ਤਿ੍ਲੋਚਨ ਸਿੰਘ:- ਸੰਤ ਤਿ੍ਲੋਚਨ ਸਿੰਘ ਦਾ ਜਨਮ 16 ਨਵੰਬਰ 1920 ਈ: ਨੂੰ ਪਿਤਾ ਸ੍ਰ: ਰਾਮ ਸਿੰਘ ਦੇ ਘਰ ਮਾਤਾ ਕੇਸਰ ਕੌਰ ਦੀ ਕੁੱਖ ਤੋਂ ਬਲਾਕ ਨੰਬਰ 9, ਜ਼ਿਲ੍ਹਾ ਸਰਗੋਧਾ (ਪਾਕਿਸਤਾਨ) ਵਿਖੇ ਹੋਇਆ। ਆਪ ਸਕੂਲੀ ਵਿੱਦਿਆ ਪੱਖੋਂ ਅਨਪੜ੍ਹ ਸਨ। ਧਾਰਮਿਕ ਵਿਚਾਰਾਂ ਦੇ ਹੋਣ ਕਰਕੇ ਬਚਪਨ ਤੋਂ ਹੀ ਝੁਕਾਅ ਸੇਵਾ ਵੱਲ ਸੀ। ਸਰਗੋਧਾ ਸ਼ਹਿਰ ਵਿੱਚ ਸੇਵਾਪੰਥੀ ਅਸਥਾਨ ਹੋਣ ਕਰਕੇ ਤੇ ਸੰਤ ਨਿਸ਼ਚਲ ਸਿੰਘ ਜੀ ਦੇ ਆਉਣ ਕਰਕੇ ਸ਼ਹਿਰ ਵਿੱਚ ਸੰਗਤਾਂ ਦਾ ਆਉਣਾ-ਜਾਣਾ ਕਾਫ਼ੀ ਸੀ। ਸੰਤ ਨਿਸ਼ਚਲ ਸਿੰਘ ਜੀ ਜਦੋਂ ਭਾਈ ਰਾਮ ਸਿੰਘ ਦੇ ਗ੍ਰਹਿ ਜਾਂਦੇ ਸਨ ਤਾਂ ਸੰਤ ਤਿ੍ਲੋਚਨ ਸਿੰਘ ਬੜੇ ਪੇ੍ਰਮ ਨਾਲ ਸੇਵਾ ਕਰਦੇ ਸਨ। ਭਾਈ ਰਾਮ ਸਿੰਘ ਜੀ ਨੇ ਇੱਕ ਦਿਨ ਸੰਤ ਨਿਸ਼ਚਲ ਸਿੰਘ ਨੂੰ ਕਿਹਾ, ‘‘ਮਹਾਰਾਜ! ਇਹ ਬੱਚਾ ਪੜ੍ਹਦਾ ਨਹੀਂ ਹੈ ਅਤੇ ਨਾ ਹੀ ਕੋਈ ਕੰਮ ਕਰਦਾ ਹੈ।’’ ਤਾਂ ਸੰਤ ਨਿਸ਼ਚਲ ਸਿੰਘ ਜੀ ਨੇ ਕਿਹਾ, ‘‘ਇਹ ਬੱਚਾ ਸਾਨੂੰ ਦੇ ਦਿਉ।’’ ਭਾਈ ਰਾਮ ਸਿੰਘ ਜੀ ਨੇ ਕਿਹਾ, ‘‘ਇਹ ਬੱਚਾ ਤੁਹਾਡਾ ਹੀ ਹੈ, ਤੁਸੀਂ ਆਪਣੇ ਕੋਲ ਰੱਖ ਲਓ।’’ ਸੰਤ ਤਿ੍ਰਲੋਚਨ ਸਿੰਘ ਜੀ ਦੀ ਉਮਰ ਉਸ ਸਮੇਂ 15 ਸਾਲ ਦੀ ਸੀ।
ਦੇਸ਼ ਵੰਡ ਤੋਂ ਬਾਅਦ ਸੰਤ ਨਿਸ਼ਚਲ ਸਿੰਘ ਜੀ ਯਮੁਨਾ ਨਗਰ (ਹਰਿਆਣਾ) ਆਏ ਤਾਂ ਸੰਤ ਤਿ੍ਰਲੋਚਨ ਸਿੰਘ ਵੀ ਪਤਾ ਲੱਗਣ ’ਤੇ ਮਹਾਂਪੁਰਸ਼ਾਂ ਕੋਲ ਆ ਗਏ। ਆਪ ਸੰਤ ਨਿਸ਼ਚਲ ਸਿੰਘ ਜੀ ਦਾ ਹਰ ਬਚਨ ਸਤ ਕਰਕੇ ਮੰਨਦੇ ਸਨ। ਸੰਤ ਤਿ੍ਲੋਚਨ ਸਿੰਘ ਨੂੰ ਪੰਜਾਬੀ ਸੰਤ ਨਿਸ਼ਚਲ ਸਿੰਘ ਜੀ ਨੇ ਪੜ੍ਹਨੀ ਸਿਖਾਈ। ਸੰਤ ਨਿਸ਼ਚਲ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਹੀ ਸੰਤ ਤਿ੍ਲੋਚਨ ਸਿੰਘ ਪਹਿਲਾਂ ਸੰਤ ਨਿਸ਼ਚਲ ਸਿੰਘ ਜੀ ਨਾਲ ਕਥਾ ਕਰਨ ਸਮੇਂ ਪੋਥੀ ਪੜ੍ਹਨ ਲੱਗ ਗਏ ਅਤੇ ਬਾਅਦ ਵਿੱਚ ਕਥਾ ਵੀ ਕਰਨ ਲੱਗ ਗਏ।  
ਸੰਤ ਤਿ੍ਲੋਚਨ ਸਿੰਘ ਜੀ ਲੰਗਰ ਦੀ ਸੇਵਾ ਕਰਦੇ ਸਨ। ਲੰਗਰ ਤਿਆਰ ਕਰਨਾ, ਆਏ ਗਏ ਸਾਧੂ-ਮਹਾਤਮਾਂ ਦੀ ਸੰਭਾਲ ਕਰਨੀ। ਸੰਤ ਨਿਸ਼ਚਲ ਸਿੰਘ ਜੀ ਨੇ ਖੇਤੀਬਾੜੀ ਦੀ ਸੇਵਾ ਵੀ ਸੰਤ ਜੀ ਨੂੰ ਬਖ਼ਸ਼ ਦਿੱਤੀ। ਆਪ ਹਲ ਵਾਹੁੰਦੇ, ਟਰੈਕਟਰ ਚਲਾਉਂਦੇ। ਸੰਤ ਨਿਸ਼ਚਲ ਸਿੰਘ ਜੀ ਦੇ ਮੁੱਖ ਚੇਲੇ (ਸ਼ਿਸ਼) ਸੰਤ ਜੈ ਦਿਆਲ ਸਿੰਘ ਤੇ ਸੰਤ ਗ਼ਰੀਬ ਸਿੰਘ ਜੀ ਸਨ, ਪਰ ਉਹਨਾਂ ਦੋਵਾਂ ਦਾ ਅੱਗੇ-ਪਿੱਛੇ ਚਲਾਣਾ ਕਰ ਜਾਣ ਉਪਰੰਤ ਸੰਤ ਤਿ੍ਰਲੋਚਨ ਸਿੰਘ ਜੀ ਉੱਪਰ ਸਾਰੀ ਸੇਵਾ ਦੀ ਜ਼ੁੰਮੇਵਾਰੀ ਆ ਗਈ। ਸੰਤ ਨਿਸ਼ਚਲ ਸਿੰਘ ਜੀ ਦੇ ਸੱਚ-ਖੰਡ ਪਿਆਨਾ ਕਰਨ ਜਾਣ ਤੋਂ ਬਾਅਦ ਸੇਵਾਪੰਥੀ ਭੇਖ ਨੇ ਸੰਤ ਤਿ੍ਲੋਚਨ ਸਿੰਘ ਜੀ ਨੂੰ ਦਸਤਾਰਬੰਦੀ ਕਰਕੇ ਝਾੜੂ ਤੇ ਬਾਟਾ ਹੱਥ ਵਿੱਚ ਫੜਾ ਕੇ ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਦਾ ‘ਮਹੰਤ’ ਥਾਪਿਆ।
ਸੰਤ ਤਿ੍ਲੋਚਨ ਸਿੰਘ ਜੀ ਨੇ ਡੇਰੇ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਸੇਵਾ ਤੇ ਸਿਮਰਨ ਕਰਦਿਆਂ ਬਤੀਤ ਕੀਤਾ। ਸੰਤ ਨਿਸ਼ਚਲ ਸਿੰਘ ਜੀ ਜਦੋਂ ਵੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਨਾਮ-ਬਾਣੀ ਦਾ ਪ੍ਰਚਾਰ ਕਰਨ ਜਾਂਦੇ ਤਾਂ ਸੰਤ ਤਿ੍ਲੋਚਨ ਸਿੰਘ ਹਮੇਸ਼ਾਂ ਉਹਨਾਂ ਦੇ ਨਾਲ ਜਾਇਆ ਕਰਦੇ ਸਨ।
ਸੰਤ ਤਿ੍ਲੋਚਨ ਸਿੰਘ ਨੂੰ ਸੇਵਾ, ਸਿਮਰਨ ਤੇ ਦੁਨਿਆਵੀ ਮੋਹ-ਮਾਇਆ ਤੋਂ ਉਚਾਟ ਰਹਿਣ ਵਾਲੀ ਤਿਆਗੀ ਤੇ ਵੈਰਾਗੀ ਬਿਰਤੀ ਦੀ ਜਾਗ ਬਚਪਨ ਵਿੱਚ ਹੀ ਲੱਗ ਗਈ ਸੀ। ਸੰਤ ਤਿ੍ਰਲੋਚਨ ਸਿੰਘ, ਸੰਤ ਪੰਡਤ ਨਿਸ਼ਚਲ ਸਿੰਘ ਜੀ ਦੇ ਚੇਲੇ ਸਨ। ਆਪ ਜੀ ਦੀ ਸ਼ਖ਼ਸੀਅਤ ਬੜੀ ਪ੍ਰਭਾਵਸ਼ਾਲੀ ਸੀ ਤੇ ਸਮੂਹ ਸੇਵਾਪੰਥੀਆਂ ਵਿੱਚ ਆਪ ਦਾ ਬਹੁਤ ਅਦਬ-ਸਤਿਕਾਰ ਸੀ।
ਸੰਤ ਤਿ੍ਲੋਚਨ ਸਿੰਘ, ਸੰਤ ਨਿਸ਼ਚਲ ਸਿੰਘ ਟਰੱਸਟ ਦੇ ਵਾਈਸ-ਚੇਅਰਮੈਨ ਸਨ। ਸੰਤ ਤਿ੍ਲੋਚਨ ਸਿੰਘ ਜੀ ਨੇ ਸੰਤ ਨਿਸ਼ਚਲ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਥੜ੍ਹਾ ਸਾਹਿਬ ਜੋੜੀਆਂ ਬਹੁਤ ਸੁੰਦਰ ਅਤੇ ਆਲੀਸ਼ਾਨ ਬਣਾਇਆ। ਮਹੰਤ ਜਵਾਹਰ ਸਿੰਘ ਦੀਵਾਨ ਹਾਲ, ਸ਼੍ਰੀ ਗੁਰੂ ਅਮਰਦਾਸ ਲੰਗਰ ਹਾਲ, ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਆਪ ਹੱਥੀਂ ਤਿਆਰ ਕਰਵਾਇਆ। ਸੇਵਾ ਦੇ ਕਾਰਜ ਕਰਦਿਆਂ ਸੰਤ ਜੀ ਦੇ ਪੈਰਾਂ ਦੀਆਂ ਬਿਆਈਆਂ ਪਾਟ ਜਾਂਦੀਆਂ ਸਨ। ਸ਼ੁੂਗਰ ਦੀ ਤਕਲੀਫ਼ ਹੋਣ ਕਰਕੇ ਸਰੀਰ ਕਾਫ਼ੀ ਕਮਜ਼ੋਰ ਹੋ ਗਿਆ। ਲੇਕਿਨ ਸੰਤ ਜੀ ਨੇ ਆਪਣੇ ਹੱਥੀਂ ਸੇਵਾ ਕਰਨ ਦਾ ਨੇਮ ਨਹੀਂ ਛੱਡਿਆ। ਸੰਤ ਤਿ੍ਲੋਚਨ ਸਿੰਘ ਡੇਰੇ ਵਿੱਚ ਆਏ ਯਾਤਰੂਆਂ ਨੂੰ ਹੱਥੀਂ ਪ੍ਰਸ਼ਾਦਾ ਛਕਾ ਕੇ ਬਹੁਤ ਪ੍ਰਸੰਨ ਹੁੰਦੇ ਸਨ। ਉਹਨਾਂ ਨੇ 1978 ਤੋਂ 1990 ਈ: ਤੱਕ 12 ਸਾਲ ਡੇਰੇ ਦੀ ਜੋ ਸੇਵਾ ਕੀਤੀ। ਉਹ ਸੰਗਤਾਂ ਤੋਂ ਭੁੱਲੀ ਹੋਈ ਨਹੀਂ। ਸੰਤ ਤਿ੍ਲੋਚਨ ਸਿੰਘ ਜੀ ‘ਸੇਵਾਪੰਥੀ’ 27 ਅਗਸਤ 1990 ਈ: ਨੂੰ 70 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਵਿਖੇ ਸ਼੍ਰੀਮਾਨ ਮਹੰਤ ਜਗਮੋਹਨ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਬ੍ਰਹਮ-ਗਿਆਨੀ ਸੰਤ ਪੰਡਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ ਦੀ 45ਵੀਂ ਬਰਸੀ ਅਤੇ ਸੰਤ ਤਿ੍ਰਲੋਚਨ ਸਿੰਘ ਜੀ ‘ਸੇਵਾਪੰਥੀ’ ਦੀ 33ਵੀਂ ਪਾਵਨ ਮਿੱਠੀ ਯਾਦ ਵਿੱਚ ਸਾਲਾਨਾ ਯੱਗ-ਸਮਾਗਮ 21, 22 ਤੇ 23 ਅਗਸਤ ਦਿਨ ਸੋਮਵਾਰ, ਮੰਗਲਵਾਰ  ਤੇ ਬੁੱਧਵਾਰ ਨੂੰ ਬੜੇ ਪੇ੍ਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤਿੰਨ ਦਿਨ ਸਵੇਰੇ-ਸ਼ਾਮ ਵਿਸ਼ੇਸ਼ ਦੀਵਾਨ ਸਜਣਗੇ। ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਕਥਾ-ਵਾਚਕ, ਸੰਤ-ਮਹਾਂਪੁਰਸ਼ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।

ਗੁਰੂ ਕਾਸ਼ੀ ਯੂਨੀਵਰਸਿਟੀ ਦੀ "ਰੈੱਡ ਮੈਰਾਥਨ" 'ਚ ਸੇਵਕ ਅਤੇ ਅੰਕੁਸ਼ ਜੇਤੂ

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਏਡਜ਼ ਕੰਟਰੋਲ ਸੁਸਾਇਟੀ, ਪੰਜਾਬ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਬਠਿੰਡਾ ਵੱਲੋਂ ਕਾਰਜਕਾਰੀ ਉਪ ਕੁਲਪਤੀ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਦੀ ਅਗਵਾਈ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਰੈਡ ਮੈਰਾਥਨ ਆਯੋਜਿਤ ਕੀਤੀ ਗਈ, ਜਿਸ ਨੂੰ ਮੁੱਖ ਮਹਿਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ, ਰਘਬੀਰ ਸਿੰਘ ਮਾਨ ਨੇ ’ਵਰਸਿਟੀ ਗੇਟ ਤੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਕਰਨ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣ ਨਾਲ ਸਮੇਂ ਦੀ ਪਾਬੰਦੀ, ਸਹਿਣਸ਼ੀਲਤਾ ਅਤੇ ਅਨ°ਸ਼ਾਸਨ ਦੀ ਭਾਵਨਾ ਉਤਪੰਨ ਹੁੰਦੀ ਹੈ ਅਤੇ ਖਿਡਾਰੀਆਂ ਵਿਚ ਜਿੱਤ ਹਾਰ ਨੂੰ ਖੁਸ਼ੀ ਨਾਲ ਸਵੀਕਾਰ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ।


ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਖੇਡਾਂ ਅਤੇ ਕਿਰਤ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੇਵਾ ਯੋਜਨਾ ਤਹਿਤ ਯੂਨੀਵਰਸਿਟੀਆਂ ਵਿਚ ਰੈੱਡ ਰਿਬਨ ਕਲਬ ਸਥਾਪਿਤ ਕੀਤੇ ਗਏ ਹਨ। ਇਸ ਮੈਰਾਥਨ ਵਿਚ ਜ਼ਿਲ੍ਹੇ ਦੇ ਵੱਖ-ਵੱਖ ਕਲਬਾਂ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਮੈਰਾਥਨ ਵਿਚ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀ ਸੇਵਕ ਸਿੰਘ ਨੇ ਪਹਿਲਾ, ਜਸਪ੍ਰੀਤ ਸਿੰਘ ਨੇ ਦੂਜਾ ਤੇ ਜਸਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿਚੋਂ ਅੰਕੁਸਸ਼ ਨੇ ਪਹਿਲਾ, ਰਾਜਨਪ੍ਰੀਤ ਨੇ ਦੂਜਾ ਅਤੇ ਵਰਖਾ ਨੇ ਤੀਜਾ ਸਥਾਨ ਹਾਸਿਲ ਕੀਤਾ। ਆਯੋਜਕਾਂ ਵੱਲੋਂ ਜੇਤੂਆਂ ਨੂੰ ਮੈਡਲ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਐਨ.ਐਸ.ਐਸ ਕੁਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ, ਮਾਨਸਿਕ ਤੌਰ 'ਤੇ ਚੇਤਨ ਅਤੇ ਆਤਮਿਕ ਤੌਰ 'ਤੇ ਜਾਗਰੂਕ ਰਹਿਣ ਲਈ ਕਿਹਾ। ਡਾ. ਰਵੀ ਕੁਮਾਰ ਗਹਿਲਾਵਤ, ਮੁਖੀ, ਫਿਜ਼ੀਕਲ ਐਜੂਕੇਸ਼ਨ ਵਿਭਾਗ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਆਯੋਜਨਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਤੇ ਸਭਨਾਂ ਦਾ ਧੰਨਵਾਦ ਕੀਤਾ। ਮੈਰਾਥਨ ਦੇ ਸਫ਼ਲ ਆਯੋਜਨ ਵਿਚ ਪ੍ਰੋਗਰਾਮ ਅਫ਼ਸਰ ਸਿਕੰਦਰ ਸਿੰਘ, ਰਾਜਵਿੰਦਰ ਕੌਰ, ਖੁਸ਼ਦੀਪ ਸਿੰਘ, ਨਾਇਬ ਸਿੰਘ, ਅਰੁਣ ਕੁਮਾਰ, ਅਜੈਵੀਰ ਸਿੰਘ ਅਤੇ ਗੁਰਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

ਵਪਾਰੀ ਸਰਕਾਰ ਦੀ ਰੀੜ੍ਹ ਦੀ ਹੱਡੀ, ਵਪਾਰੀਆਂ ਨੂੰ ਕੋਈ ਸਮੱਸਿਆ ਆਉਣ ਨਹੀਂ ਦੇਵਾਂਗੇ- ਅਨਿਲ ਠਾਕੁਰ

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਟਰੈਂਡ ਐਂਡ ਇੰਡਸਟਰੀ ਵਿੰਗ ਦੇ ਚੇਅਰਮੈਨ ਅਨਿਲ ਠਾਕੁਰ ਨੇ ਅੱਜ ਐਸ.ਐਸ.ਡੀ ਧਰਮਸ਼ਾਲਾ ਵਿਖੇ ਰਾਮਾਂ ਮੰਡੀ ਦੇ ਵਪਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਰਾਮਾਂ ਪਹੁੰਚਣ 'ਤੇ ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਗੋਇਲ, ਮਾਰਕੀਟ ਕਮੇਟੀ ਦੇ ਚੇਅਰਮੈਨ ਟੇਕ ਸਿੰਘ ਬੰਗੀ ਅਤੇ ਸੁਰਿੰਦਰ ਢੱਲਾ ਨੇ ਅਨਿਲ ਠਾਕੁਰ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ। ਚੇਅਰਮੈਨ ਅਨਿਲ ਠਾਕੁਰ, ਸ਼ੈਲਰ ਐਸੋਸੀਏਸ਼ਨ, ਆੜ੍ਹਤੀ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ, ਪੈਸਟੀਸਾਈਡ ਐਸੋਸੀਏਸ਼ਨ ਅਤੇ ਉਦਯੋਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਸਮੂਹ ਵਪਾਰਕ ਐਸੋਸੀਏਸ਼ਨਾਂ ਨਾਲ ਅੱਜ ਹੋਈ ਮੀਟਿੰਗ ਦੌਰਾਨ ਚੇਅਰਮੈਨ ਅਨਿਲ ਠਾਕੁਰ ਨੂੰ ਸ਼ੈਲਰ ਐਸੋਸੀਏਸ਼ਨ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ, ਜਦਕਿ ਪ੍ਰਾਪਰਟੀ ਉਦਯੋਗਪਤੀਆਂ ਨੇ ਅਨਿਲ ਠਾਕੁਰ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ, ਇਸ ਤੋਂ ਇਲਾਵਾ ਉਦਯੋਗ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਦੱਸਿਆ। ਚੇਅਰਮੈਨ ਅਨਿਲ ਠਾਕੁਰ ਨੇ ਸਮੂਹ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਬੰਧਿਤ ਵਿਭਾਗ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਵਪਾਰੀਆਂ ਦੀ ਮੀਟਿੰਗ ਕਰਵਾ ਕੇ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਸਰਕਾਰ ਸਾਰੇ ਵਿਕਾਸ ਕਾਰਜ ਵਪਾਰੀਆਂ ਤੋਂ ਪ੍ਰਾਪਤ ਟੈਕਸ ਨਾਲ ਹੀ ਲਾਗੂ ਕਰਦੀ ਹੈ। ਸਰਕਾਰ ਕਿਸੇ ਵੀ ਵਪਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਚੇਅਰਮੈਨ ਅਨਿਲ ਠਾਕੁਰ ਨੇ ਸ਼ਹਿਰ ਵਿੱਚ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਇਸ ਮੌਕੇ ਟੇਕ ਸਿੰਘ ਬੰਗੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ, ਵਪਾਰ ਮੰਡਲ ਪ੍ਰਧਾਨ ਨਰਿੰਦਰ ਗੋਇਲ, ਸੁਰਿੰਦਰ ਢੱਲਾ, ਉਦਯੋਗਪਤੀ ਪ੍ਰਵੀਨ ਪੱਕਾ, ਚੌਧਰੀ ਕੈਲਾਸ਼ ਮਿੱਤਲ, ਹਰਨੇਕ ਸਿੰਘ ਮੱਕੜ, ਅਜੀਤ ਕੁਮਾਰ ਬੱਬੂ, ਜਗਦੀਸ਼ ਮਿੱਤਲ, ਕੇਵਲ ਸਿੰਗਲਾ, ਮਦਨ ਲਾਲ ਮੱਲਵਾਲਾ, ਰਵਿੰਦਰ ਕੁਮਾਰ ਪੱਪੀ, ਤਰਸੇਮ ਬਾਂਸਲ, ਅਵਿਨਾਸ਼ ਗੋਇਲ, ਸੰਦੀਪ ਭਾਗੀਵਾਂਦਰ, ਮੰਗਤ ਰਾਏ ਮਿੱਤਲ, ਗੋਲਡੀ ਮਹੇਸ਼ਵਰੀ, ਰਮੇਸ਼ ਕੁਮਾਰ ਰਮਨ, ਇਜ਼ਰਾਈਲ ਖਾਨ, ਜੀਤ ਜੈਨ, ਕੌਂਸਲਰ ਤੇਲੂ ਰਾਮ ਲਹਿਰੀ, ਜੈਪਾਲ। ਇਸ ਮੌਕੇ ਵੱਡੀ ਗਿਣਤੀ ਵਿੱਚ ਵਪਾਰੀ ਹਾਜ਼ਰ ਸਨ।

67ਵੇਂ ਪੰਜਾਬ ਜ਼ੋਨਲ ਬਾਸਕਿਟਬਾਲ ਟੂਰਨਾਮੈਂਟ ਵਿੱਚ ਬੀ ਸੀ ਐਮ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਅੰਡਰ 14 ਅਤੇ 17 ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ
ਲੁਧਿਆਣਾ, 20 ਅਗਸਤ (ਟੀ. ਕੇ. ) -
67ਵਾਂ ਪੰਜਾਬ ਜ਼ੋਨਲ ਬਾਸਕਿਟਬਾਲ ਟੂਰਨਾਮੈਂਟ ਬੀਤੇ ਦਿਨੀਂ ਡੀ ਏ ਵੀ ਸਕੂਲ ਪੱਖੋਵਾਲ ਰੋਡ ਵਿਖੇ ਕਰਵਾਇਆ ਗਿਆ, ਜਿਸ ਵਿੱਚ ਬੀ ਸੀ ਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸ਼ਤਰੀ ਨਗਰ, ਲੁਧਿਆਣਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। 
ਟੀਮ ਦੇ ਕੋਚ ਸ਼੍ਰੀ ਦੇਵ ਮਹਿਰਾ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ 14 ਅਤੇ ਅੰਡਰ 17 ਵਰਗ ਦੇ ਮੁਕਾਬਲਿਆਂ ਵਿੱਚ ਸਕੂਲ ਦੀਆਂ ਦੋਵੇਂ ਟੀਮਾਂ ਦੂਜੇ ਸਥਾਨ ਉੱਤੇ ਰਹੀਆਂ। ਉਹਨਾਂ ਕਿਹਾ ਕਿ ਉਹਨਾਂ ਦੇ ਬੱਚੇ ਭਵਿੱਖ ਦੇ ਮੁਕਾਬਲਿਆਂ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ। 

ਕਾਰਖਾਨਾ ਮਜਦੂਰ ਯੂਨੀਅਨ ਦਾ ਚੌਥਾ ਇਜਲਾਸ ਕੀਤਾ ਗਿਆ

ਲੁਧਿਆਣਾ, 20 ਅਗਸਤ (ਟੀ. ਕੇ.) ਜਮਾਲਪੁਰ, ਲੁਧਿਆਣਾ ਵਿਖੇ ਕਾਰਖਾਨਾ ਮਜਦੂਰ ਯੂਨਿਅਨ, ਪੰਜਾਬ ਨੇ ਆਪਣਾ ਦਾ ਚੌਥਾ ਇਜਲਾਸ ਸਫ਼ਲਤਾ ਨਾਲ਼ ਨੇਪੜੇ ਚਾੜਿਆ। ਇਜਲਾਸ ਦੀ ਸ਼ੁਰੂਆਤ ਹੱਕਾਂ ਤੇ ਏਕੇ ਦੀ ਅਵਾਜ ਬੁਲੰਦ ਕਰਦੇ ਜੁਝਾਰੂ ਨਾਅਰਿਆਂ ਦੌਰਾਨ ਪੁਰਾਣੀ ਆਗੂ ਕਮੇਟੀ ਵੱਲੋਂ ਯੂਨੀਅਨ ਦਾ ਝੰਡਾ ਫਹਿਰਾਉਣ ਨਾਲ਼ ਹੋਈ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਮਜਦੂਰਾਂ ਦੇ ਹੱਕਾਂ ਦੀ ਬਾਤ ਪਾਉਂਦੇ ਅਨੇਕਾਂ ਜੁਝਾਰੂ ਗੀਤ ਪੇਸ਼ ਕੀਤੇ। ਇਜਲਾਸ ਵਿੱਚ ਪਿਛਲੀ ਆਗੂ ਕਮੇਟੀ ਵੱਲੋਂ ਦੇਸ਼-ਦੁਨੀਆ ਦੀਆਂ ਹਾਲਤਾਂ, ਜਥੇਬੰਦੀ ਦੀਆਂ ਪ੍ਰਾਪਤੀਆਂ, ਘਾਟਾਂ-ਕਮਜੋਰੀਆਂ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਪੇਸ਼ ਸਿਆਸੀ-ਜਥੇਬੰਦਕ ਰਿਪੋਰਟ ਭਰਵੀਂ ਵਿਚਾਰ ਚਰਚਾ ਤੋਂ ਬਾਅਦ ਪਾਸ ਕੀਤੀ ਗਈ। ਪਿਛਲੀ ਆਗੂ ਕਮੇਟੀ ਨੇ ਆਪਣੇ ਡੇਢ ਸਾਲ ਦੇ ਸਮੇਂ ਦੀ ਸਰਗਰਮੀ ਰਿਪੋਰਟ ਤੇ ਵਿੱਤੀ ਰਿਪੋਰਟ ਵੀ ਪੇਸ਼ ਕੀਤੀ। ਪਹੁੰਚੇ ਮੈਂਬਰਾਂ ਵੱਲੋਂ ਯੂਨੀਅਨ ਦੀ ਨਵੀਂ ਆਗੂ ਕਮੇਟੀ ਚੁਣੀ ਗਈ। ਨਵੀਂ ਆਗੂ ਕਮੇਟੀ ਵਿੱਚ ਲਖਵਿੰਦਰ ਸਿੰਘ (ਪ੍ਰਧਾਨ), ਗਗਨਦੀਪ ਕੌਰ (ਮੀਤ ਪ੍ਰਧਾਨ), ਕਲਪਨਾ (ਜਨਰਲ ਸਕੱਤਰ), ਸ਼ੁਸ਼ੀਲ ਕੁਮਾਰ ਪਾਂਡੇ (ਖਜ਼ਾਨਚੀ), ਰਮੇਸ਼ ਚੰਦ, ਤੇਜੂ ਪ੍ਰਸਾਦ, ਸਵਿਤਾ ਦੇਵੀ, ਬਿੰਨੀ, ਗੁਰਦੀਪ ਸਿੰਘ, ਜੈ ਸ਼ੰਕਰ ਸਿੰਘ, ਤਿਲਕਧਾਰੀ ਸਿੰਘ ਸ਼ਾਮਲ ਹਨ।

          ਇਸ ਮੌਕੇ ਭਰਾਤਰੀ ਜਥੇਬੰਦੀ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਥੀ ਤਰਨ ਨੇ ਸੰਬੋਧਨ ਕੀਤਾ ਤੇ ਇਜਲਾਸ ਦੀ ਵਧਾਈ ਦਿੱਤੀ। ਯੂਨੀਅਨ ਦੀ ਆਗੂ ਕਲਪਨਾ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ।

          ਇਜਲਾਸ ’ਚ ਪਾਸ ਕੀਤੀ ਗਈ ਸਿਆਸੀ-ਜੱਥੇਬੰਦਕ ਰਿਪੋਰਟ ਮੁਤਾਬਿਕ ਅੱਜ ਮਜਦੂਰ ਜਮਾਤ ਬੇਹੱਦ ਚੁਣੌਤੀਪੂਰਣ ਹਾਲਤਾਂ ਵਿੱਚੋਂ ਲੰਘ ਰਹੀ ਹੈ। ਸਰਮਾਏਦਾਰ ਜਮਾਤ ਹੱਥੋਂ ਮਜਦੂਰਾਂ ਦੇ ਕਿਰਤ ਹੱਕਾਂ ਦਾ ਵੱਡੇ ਪੱਧਰ ਉੱਤੇ ਘਾਣ ਹੋ ਰਿਹਾ ਹੈ। ਨਿਗੂਣੀਆਂ ਤਨਖਾਹਾਂ ਉੱਤੇ ਮਜਦੂਰ ਹੱਡ-ਭੰਨਵੀਂ ਮਿਹਨਤ ਕਰਨ ਉੱਤੇ ਮਜਬੂਰ ਹਨ।  ਲੱਕ ਤੋੜ ਮਹਿੰਗਾਈ ਦੀ ਮਾਰ ਲਗਾਤਾਰ ਵੱਧਦੀ ਜਾ ਰਹੀ ਹੈ। ਬਹੁਗਿਣਤੀ ਕਿਰਤੀ ਅਬਾਦੀ ਆਪਣੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀ। ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਨੇ ਜਿੱਥੇ ਸਰਮਾਏਦਾਰਾਂ ਨੂੰ ਮਾਲਾਮਾਲ ਕੀਤਾ ਹੈ ਉੱਥੇ ਮਜਦੂਰ ਜਮਾਤ ਦਾ ਕਚੂਮਰ ਕੱਢਿਆ ਹੈ। ਇਹਨਾਂ ਹਾਲਤਾਂ ਵਿੱਚ ਮਜਦੂਰ ਜਮਾਤ ਦੀ ਵਿਸ਼ਾਲ ਲਾਮਬੰਦੀ ਦੀ ਲੋੜ ਹੈ। ਕਾਰਖਾਨਾ ਮਜਦੂਰ ਯੂਨੀਅਨ ਸ਼ੁਰੂ ਤੋਂ ਹੀ ਮਜਦੂਰਾਂ-ਕਿਰਤੀਆਂ ਨੂੰ ਸਿੱਖਿਅਤ ਅਤੇ ਲਾਮਬੰਦ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ। ਪਰ ਮਜਦੂਰਾਂ ਦੀ ਵੱਡੀ ਅਬਾਦੀ ਨੂੰ ਜਾਗਰੂਕ, ਲਾਮਬੰਦ ਤੇ ਜੱਥੇਬੰਦ ਕਰਨ ਦਾ ਇੱਕ ਵੱਡਾ ਕਾਰਜ ਯੂਨੀਅਨ ਦੇ ਸਾਹਮਣੇ ਹੈ। ਮਜਦੂਰਾਂ ਵਿੱਚ ਮੌਜੂਦ ਫਿਰਕਾਪ੍ਰਸਤ, ਜਾਤਵਾਦੀ, ਖੇਤਰਵਾਦੀ, ਔਰਤ-ਵਿਰੋਧੀ ਆਦਿ ਫੁੱਟ-ਪਾਊ ਵਿਚਾਰਾਂ-ਤੁਅੱਸਬਾਂ ਤੋਂ ਮਜਦੂਰ ਜਮਾਤ ਨੂੰ ਮੁਕਤ ਕਰਨ ਲਈ ਸਮੁੱਚੀ ਜੱਥੇਬੰਦੀ ਨੂੰ ਵੱਡਾ ਹੰਭਲਾ ਮਾਰਨ ਦੀ ਲੋੜ ਹੈ।

          ਇਜਲਾਸ ਵਿੱਚ ਪੰਜ ਮਤੇ ਵੀ ਪਾਸ ਕੀਤੇ ਗਏ। ਇੱਕ ਮਤਾ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ ਵਿਰੋਧੀ ਸੋਧਾਂ ਨੂੰ ਰੱਦ ਕਰਨ, ਮਜਦੂਰਾਂ ਦੇ ਸਾਰੇ ਕਾਨੂੰਨੀ ਕਿਰਤ ਹੱਕ ਲਾਗੂ ਕਰਨ ਦਾ ਪੇਸ਼ ਹੋਇਆ। ਇਸਦੇ ਨਾਲ਼ ਹੀ ਵਧਦੀ ਮਹਿੰਗਾਈ ਨੂੰ ਨੱਥ ਪਾਉਣ, ਹੜ੍ਹਾਂ ਦੀ ਰੋਕਥਾਮ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜਾ ਦੇਣ ਸਬੰਧੀ ਮਤੇ ਪੇਸ਼ ਕੀਤੇ ਗਏ। ਭਾਰਤੀ ਹਾਕਮਾਂ ਵੱਲੋਂ ਮਨੀਪੁਰ ਵਿੱਚ ਕੂਕੀ ਤੇ ਮੀਤੀ ਕੌਮੀਅਤਾਂ ਨੂੰ ਆਪਸ 'ਚ ਲੜਾਉਣ ਅਤੇ ਨੂਹ (ਮੇਵਾਤ) ਵਿੱਚ ਫਿਰਕੂ ਹਿੰਸਾ ਭੜਕਾਉਣ ਖਿਲਾਫ ਦੋ ਮਤੇ ਪੇਸ਼ ਹੋਏ। ਇਹਦੇ ਨਾਲ਼ ਹੀ ਇੱਕ ਅਹਿਮ ਮਤਾ ਉੜੀਸਾ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਲਈ ਸ਼ੋਕ ਦਾ ਇਜਹਾਰ ਕਰਦੇ ਹੋਏ ਪੂਰੇ ਭਾਰਤ ਵਿੱਚ ਰੇਲ ਹਾਦਸਿਆਂ ਦੀ ਰੋਕਥਾਮ ਲਈ ਢੁੱਕਵੇਂ ਕਦਮ ਚੁੱਕਣ ਸਬੰਧੀ ਪਾਸ ਕੀਤਾ ਗਿਆ।

ਇਜਲਾਸ ਦੇ ਅੰਤ ’ਚ ਇਲਾਕੇ ’ਚ ਮਾਰਚ ਵੀ ਕੱਢਿਆ ਗਿਆ।

ਫੋਟੋ ਪ੍ਰਦਰਸ਼ਨੀ 'ਵਨ ਥਾਊਜੈਂਡ ਵਰਡਜ' ਨੇ ਦਰਸ਼ਕਾਂ ਦਾ ਮਨ ਮੋਹਿਆ

ਵੱਖ-ਵੱਖ ਖਿੱਤਿਆਂ ਤੋਂ ਆਏ ਲੋਕਾਂ ਨੇ ਸਮਾਪਤੀ ਸਮਾਰੋਹ ਦੀ ਗਵਾਹੀ ਭਰਦਿਆਂ, ਫੋਟੋ-ਜਰਨਲਿਸਟਾਂ ਦੀ ਕਲਾ ਤੇ ਹੁਨਰ ਦੀ ਕੀਤੀ ਸ਼ਲਾਘਾ
ਲੁਧਿਆਣਾ, 20 ਅਗਸਤ (ਟੀ. ਕੇ. ) -
ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਸਥਾਨਕ ਲਕਸ਼ਮੀ ਲੇਡੀਜ਼ ਕਲੱਬ ਨੇੜੇ ਗੁਰੂ ਨਾਨਕ ਸਟੇਡੀਅਮ ਵਿਖੇ ਲਗਾਈ ਗਈ ਦੋ ਦਿਨਾ ਫੋਟੋ ਪ੍ਰਦਰਸ਼ਨੀ 'ਵਨ ਥਾਊਜ਼ੈਂਡ ਵਰਡਜ਼' ਦਾ ਭਰਵੇਂ ਹੁੰਗਾਰੇ ਨਾਲ ਸਮਾਪਨ ਹੋਇਆ।

19 ਅਗਸਤ ਤੋਂ ਸ਼ੁਰੂ ਹੋਈ ਇਸ ਪ੍ਰਦਰਸ਼ਨੀ ਵਿੱਚ ਜੀਵਨ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਸੀ। ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਵਿਦਿਆਰਥੀ, ਵਪਾਰੀ, ਸਿੱਖਿਆ ਸ਼ਾਸਤਰੀ ਅਤੇ ਸਿਆਸਤਦਾਨ ਵੀ ਸ਼ਾਮਲ ਸਨ। ਇਹ ਸ਼ਾਬਦਿਕ ਤੌਰ 'ਤੇ ਸਾਡੇ ਸ਼ਹਿਰ ਅਤੇ ਆਲੇ-ਦੁਆਲੇ ਦਾ ਵਿਜ਼ੂਅਲ ਟੂਰ ਸੀ।

ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵੰਤ ਸਿੰਘ ਸਿੱਧੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਓਸਵਾਲ ਗਰੁੱਪ ਦੇ ਚੇਅਰਮੈਨ ਅਤੇ ਵਰਧਮਾਨ ਦੇ ਸੰਸਥਾਪਕ ਅਮਰਾਂਤੇ ਆਦਿਸ਼ ਓਸਵਾਲ, ਡਿਪਟੀ ਕਮਿਸ਼ਨਰ ਆਫ਼ ਪੁਲਿਸ ਸੌਮਿਆ ਮਿਸ਼ਰਾ, ਏ.ਡੀ.ਸੀ.ਪੀ. ਸ਼ੁਭਮ ਅਗਰਵਾਲ, ਇਨਕਮ ਟੈਕਸ ਵਿਭਾਗ ਦੇ ਡਿਪਟੀ ਡਾਇਰੈਕਟਰ ਵਿਕਾਸ ਖਿੰਚੜ ਤੋਂ ਇਲਾਵਾ ਸਮਾਜ ਦੇ ਹਰ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

24 ਤੋਂ ਵੱਧ ਫੋਟੋ ਜਰਨਲਿਸਟਾਂ ਨੂੰ ਪਤਵੰਤਿਆਂ ਨੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਕਲਾ ਅਤੇ ਹੁਨਰ ਦੀ ਸ਼ਲਾਘਾ ਕੀਤੀ।

ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਕੁਲਵੰਤ ਸਿੰਘ ਸਿੱਧੂ ਨੇ ਫੋਟੋ-ਜਰਨਲਿਸਟਾਂ ਦੀ ਸ਼ਲਾਘਾ ਕੀਤੀ ਅਤੇ ਹਰ ਸਾਲ ਪ੍ਰਦਰਸ਼ਨੀ ਦਾ ਆਯੋਜਨ ਕਰਨ ਲਈ ਪ੍ਰੇਰਿਤ ਕੀਤਾ। ਵਿਧਾਇਕ ਸਿੱਧੂ ਅਤੇ ਵਿਧਾਇਕ ਗਰੇਵਾਲ ਦੋਵਾਂ ਨੇ ਐਸੋਸੀਏਸ਼ਨ ਦੇ ਸਹਿਯੋਗ ਲਈ ਨਿੱਜੀ ਤੌਰ 'ਤੇ 31-31 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ। ਉਨ੍ਹਾਂ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਕਰਵਾਈਆਂ ਗਈਆਂ ਸੀ.ਐਸ.ਆਰ. ਗਤੀਵਿਧੀਆਂ ਦੀ ਵੀ ਸ਼ਲਾਘਾ ਕੀਤੀ ਅਤੇ ਸਾਰੇ ਫੋਟੋ ਜਰਨਲਿਸਟਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।

ਡਿਪਟੀ ਕਮਿਸ਼ਨਰ ਆਫ ਪੁਲਿਸ ਸੌਮਿਆ ਮਿਸ਼ਰਾ ਨੇ ਆਪਣੇ ਸਕੂਲ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ  ਬੈਚ ਦੇ 60 ਵਿਦਿਆਰਥੀਆਂ ਨੂੰ ਤਸਵੀਰ ਨੂੰ ਦੇਖ ਕੇੇ ਇੱਕ ਫੋਟੋ ਲੇਖ ਲਿਖਣ ਦਾ ਕੰਮ ਸੌਂਪਿਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਦਾ ਇੱਕੋ ਤਸਵੀਰ ਲਈ ਵੱਖੋ-ਵੱਖਰਾ ਨਜ਼ਰੀਆ ਸੀ। ਉਨ੍ਹਾਂ ਕਿਹਾ ਕਿ ਫੋਟੋ-ਜਰਨਲਿਸਟਾਂ ਨੂੰ ਸਮਾਜ ਦੇ ਸਕਾਰਾਤਮਕ ਕਾਰਜਾਂ ਨੂੰ ਆਪਣੇ ਕੈਮਰੇ ਦੀ ਅੱਖ ਰਾਹੀਂ ਲੋਕਾਂ ਦੇ ਸਾਹਮਣੇ ਲਿਆਉਣਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਪੂਰੀ ਦੁਨੀਆ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣ ਸਕੇ।

ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਧੀਮਾਨ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਕੰਮ ਕਰ ਰਹੇ ਐਸੋਸੀਏਸ਼ਨ ਦੇ ਹੁਨਰਮੰਦ ਫੋਟੋਗ੍ਰਾਫਰਾਂ ਦੁਆਰਾ ਖਿੱਚੀਆਂ ਗਈਆਂ ਤਸਵੀਰਾਂ ਦੀ ਇੱਕ ਲੜੀ ਦਿਖਾਈ ਗਈ ਹੈ। ਇਨ੍ਹਾਂ ਤਸਵੀਰਾਂ ਵਿੱਚ ਭੀੜ-ਭੜੱਕੇ ਵਾਲੇ ਬਾਜ਼ਾਰਾਂ ਤੋਂ ਲੈ ਕੇ ਸ਼ਾਂਤ ਸਥਾਨ ਤੱਕ ਅਤੇ ਸਪੱਸ਼ਟ ਪੋਰਟਰੇਟ ਤੋਂ ਐਬਸਟਰੈਕਟ ਰਚਨਾਵਾਂ ਤੱਕ ਸ਼ਾਮਲ ਹੈ। ਪ੍ਰਦਰਸ਼ਨੀ ਦਾ ਉਦੇਸ਼ ਸ਼ਹਿਰ ਦੇ ਬਹੁਪੱਖੀ ਤੱਤਾਂ ਨੂੰ ਇਸਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੇ ਕੈਮਰਿਆਂ ਰਾਹੀਂ ਪੇਸ਼ ਕਰਨਾ ਹੈ।

ਓਸਵਾਲ ਗਰੁੱਪ ਦੇ ਚੇਅਰਮੈਨ ਆਦਿਸ਼ ਓਸਵਾਲ ਨੇ ਕਿਹਾ, 'ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੁਆਰਾ ਆਯੋਜਿਤ 8ਵੀਂ ਪ੍ਰਦਰਸ਼ਨੀ ਸੱਚਮੁੱਚ ਸਾਡੇ ਜੀਵੰਤ ਸ਼ਹਿਰ ਦੇ ਤੱਤ ਅਤੇ ਸੁੰਦਰਤਾ ਨੂੰ ਦਰਸਾਉਂਦੀ ਹੈ। ਵਿਖਾਈਆਂ ਗਈਆਂ ਤਸਵੀਰਾਂ ਸਥਾਨਕ ਫੋਟੋਗ੍ਰਾਫਰਾਂ ਦੀ ਪ੍ਰਤਿਭਾ ਅਤੇ ਸਮਰਪਣ ਦਾ ਪ੍ਰਮਾਣ ਹਨ, ਜਿਨ੍ਹਾਂ ਨੇ ਕੁਸ਼ਲਤਾ ਨਾਲ ਲੁਧਿਆਣਾ ਦੀ ਭਾਵਨਾ, ਸੱਭਿਆਚਾਰ ਅਤੇ ਵਿਭਿੰਨਤਾ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ ਹੈ। ਇਹ ਪ੍ਰਦਰਸ਼ਨੀ ਇੱਕ ਵਿਜ਼ੂਅਲ ਬਿਰਤਾਂਤ ਪੇਸ਼ ਕਰਦੀ ਹੈ ਜੋ ਨਾ ਸਿਰਫ਼ ਸਾਡੇ ਸ਼ਹਿਰ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਂਦੀ ਹੈ ਬਲਕਿ ਲੁਧਿਆਣਾ ਦੇ ਬਦਲਦੇ ਬੁਨਿਆਦੀ ਢਾਂਚੇ 'ਤੇ ਇੱਕ ਵਿਲੱਖਣ ਦ੍ਰਿਸ਼ਟੀਕੋਣ ਵੀ ਪ੍ਰਦਾਨ ਕਰਦੀ ਹੈ। ਇਹਨਾਂ ਪ੍ਰਤਿਭਾਸ਼ਾਲੀ ਫੋਟੋ ਜਰਨਲਿਸਟਾਂ ਦੇ ਕੈਮਰਿਆਂ ਦੁਆਰਾ ਸਾਡੇ ਪਿਆਰੇ ਸ਼ਹਿਰ ਦੇ ਤੱਤ ਦਾ ਅਨੁਭਵ ਕਰਨ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਲਾਜ਼ਮੀ ਤੌਰ 'ਤੇ ਦਰਸ਼ਨੀ ਹੈ।'

ਰਾਖੀ ਓਸਵਾਲ, ਡਾਇਰੈਕਟਰ, ਐਡਰੀਓ ਨੇ ਕਿਹਾ, 'ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੀ 8ਵੀਂ ਪ੍ਰਦਰਸ਼ਨੀ ਫੋਟੋਗ੍ਰਾਫੀ ਦੇ ਮਾਧਿਅਮ ਰਾਹੀਂ ਕਹਾਣੀ ਸੁਣਾਉਣ ਦੀ ਸ਼ਕਤੀ ਨੂੰ ਇੱਕ ਸ਼ਾਨਦਾਰ ਸ਼ਰਧਾਂਜਲੀ ਦੇ ਰੂਪ ਵਿੱਚ ਖੜ੍ਹੀ ਹੈ। ਡਿਸਪਲੇ 'ਤੇ ਮੌਜੂਦ ਹਰੇਕ ਫੋਟੋ ਇੱਕ ਸ਼ਕਤੀਸ਼ਾਲੀ ਬਿਰਤਾਂਤ ਹੈ ਜੋ ਅਣਕਹੀਆਂ ਕਹਾਣੀਆਂ ਅਤੇ ਵਿਲੱਖਣ ਪਲਾਂ ਬਾਰੇ ਬੋਲਦੀ ਹੈ ਜੋ ਲੁਧਿਆਣਾ ਦੇ ਤਾਣੇ-ਬਾਣੇ ਨੂੰ ਬਣਾਉਂਦੇ ਹਨ। ਪ੍ਰਦਰਸ਼ਨੀ ਸਾਡੇ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ, ਸੰਘਰਸ਼ਾਂ ਅਤੇ ਜਿੱਤਾਂ ਨੂੰ ਸਹਿਜੇ ਹੀ ਕੈਪਚਰ ਕਰਦੀ ਹੈ, ਉਹਨਾਂ ਦੇ ਜੀਵਨ ਅਤੇ ਤਜ਼ਰਬਿਆਂ ਦੀ ਡੂੰਘੀ ਸਮਝ ਪ੍ਰਦਾਨ ਕਰਦੀ ਹੈ। ਇਹਨਾਂ ਪ੍ਰਤਿਭਾਸ਼ਾਲੀ ਫੋਟੋਗ੍ਰਾਫ਼ਰਾਂ ਦੇ ਕੈਮਰਿਆਂ ਦੀ ਅੱਖ ਰਾਹੀਂ ਹੀ ਅਸੀਂ ਲੁਧਿਆਣਾ ਨੂੰ ਦੇਖ ਸਕਦੇ ਹਾਂ। ਇੱਕ ਪੂਰੀ ਤਰ੍ਹਾਂ ਨਵੀਂ ਰੋਸ਼ਨੀ, ਸਾਡੇ ਸ਼ਹਿਰ ਦੇ ਵਿਭਿੰਨ ਅਤੇ ਜੀਵੰਤ ਸੱਭਿਆਚਾਰ ਲਈ ਮਾਣ ਅਤੇ ਪ੍ਰਸ਼ੰਸਾ ਦੀ ਭਾਵਨਾ ਪੈਦਾ ਕਰਦੀ ਹੈ।'

ਤਿੰਨ ਫੋਟੋ-ਜਰਨਲਿਸਟਾਂ ਨੂੰ ਸ਼ਰਧਾਂਜਲੀ:

 ਫੋਟੋ-ਜਰਨਲਿਸਟਾਂ ਅਤੇ ਸਾਰੇ ਦਰਸ਼ਕਾਂ ਨੇ ਤਿੰਨ ਫੋਟੋ ਪੱਤਰਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਨ੍ਹਾਂ ਨੇ ਫਰਜ਼ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਆਦਿਤਿਆ ਜੇਤਲੀ, ਰਵੀ ਕਨੌਜੀਆ ਅਤੇ ਨੀਲ ਕਮਲ ਸੋਨੂੰ ਦੇ ਕੰਮ ਅਤੇ ਜੀਵਨ ਦੀਆਂ ਯਾਦਾਂ ਨੂੰ ਯਾਦ ਕੀਤਾ ਗਿਆ ਜੋ ਦੂਜਿਆਂ ਦੀ ਮਦਦ ਕਰਨ ਲਈ ਜ਼ਿੰਦਗੀ ਵਿੱਚ ਅਸਲ ਹੀਰੋ ਸਨ ਅਤੇ ਅਸੀਂ ਸਮਾਜ ਵਿੱਚ ਉਹਨਾਂ ਦੀ ਰਚਨਾਤਮਕਤਾ ਅਤੇ ਫੋਟੋਗ੍ਰਾਫੀ ਦੇ ਹੁਨਰ ਲਈ ਜਾਣੇ ਜਾਂਦੇ ਹਾਂ। ਇਹ ਤਿੰਨੋਂ ਫੋਟੋ-ਜਰਨਲਿਸ ਜਿਨ੍ਹਾਂ ਨੇ ਮੁੱਖ ਧਾਰਾ ਮੀਡੀਆ ਲਈ ਸਾਲਾਂ ਤੋਂ ਸੇਵਾ ਕੀਤੀ ਸੀ ਅਤੇ ਅਸੀਂ ਉਨ੍ਹਾਂ ਦੇ ਕੰਮ ਪ੍ਰਤੀ ਭਾਵੁਕ ਹਾਂ, ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਕਹਾਣੀ ਹਰ ਆਉਣ ਵਾਲੇ ਨੂੰ ਦੱਸੀ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਪ੍ਰਸਿੱਧ ਗੀਤਕਾਰ ਤੇ ਫਿਲਮ ਸਾਜ਼  ਹਸਨਪੁਰੀ  ਦੇ ਜਨਮ ਦਿਨ ਮੌਕੇ ਕਵੀ ਦਰਬਾਰ ਅਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਦਾ ਸਨਮਾਨ

ਲੁਧਿਆਣਾਃ 20 ਮਈ (ਟੀ. ਕੇ) ਪੰਜਾਬੀ ਗੀਤਕਾਰ ਮੰਚ ਲੁਧਿਆਣਾ (ਪੰਜਾਬ) ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰਸਿੱਧ ਗੀਤਕਾਰ ਅਤੇ ਫਿਲਮ ਸਾਜ਼ ਸਵਰਗੀ ਸਃ ਇੰਦਰਜੀਤ ਹਸਨਪੁਰੀ ਜੀ ਦੇ ਜਨਮ  ਮੌਕੇ ਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
ਸਵ, ਇੰਦਰਜੀਤ ਹਸਨਪੁਰੀ ਜਿਨ੍ਹਾਂ ਨੇ ਜੇ ਮੁੰਡਿਆ ਤੂੰ ਸਾਡੀ ਤੋਰ ਵੇ ਵੇਖਣੀ ਗੜਵਾ ਲੈ ਦੇ ਚਾਂਦੀ ਦਾ ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ"ਨਾ ਜਾ ਬਰਮਾਂ ਨੂੰ, ਸਾਧੂ ਹੁੰਦੇ ਰੱਬ ਵਰਗੇ"ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਹੋਇਆ ਕੀ ਜੇ ਕੁੜੀ ਏ ਤੂੰ ਦਿੱਲੀ ਸ਼ਹਿਰ ਦੀ ਸਮੇਤ ਕਈ ਹਿੱਟ ਗੀਤ ਲਿਖਣ ਦੇ ਨਾਲ ਨਾਲ ਕਈ ਕਿਤਾਬਾਂ ਮਾਂ ਬੋਲੀ ਦੀ ਝੋਲੀ ਪਾਈਆਂ ਅੱਜ ਉਨ੍ਹਾਂ  ਦੀ ਯਾਦ ਨੂੰ ਸਮਰਪਿਤ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਅਤੇ ਪ੍ਰੋ,ਗੁਰਭਜਨ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਪਹਿਲਾ ਇੰਦਰਜੀਤ ਹਸਨਪੁਰੀ ਪੁਰਸਕਾਰ ਪ੍ਰਸਿੱਧ ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੂੰ ਦਿੱਤਾ ਗਿਆ।
ਸਮਾਗਮ ਦੌਰਾਨ ਪ੍ਰੋ,ਗੁਰਭਜਨ ਗਿੱਲ ਨੇ ਕਿਹਾ ਕਿ ਸਵ,ਇੰਦਰਜੀਤ ਹਸਨਪੁਰੀ ਪੰਜਾਬੀ ਦੇ ਸਿਰਮੌਰ ਗੀਤਕਾਰ ਤੇ ਫਿਲਮ ਨਿਰਮਾਤਾ,ਮਿਹਨਤਕਸ਼ ਅਤੇ ਇਮਾਨਦਾਰ ਵਿਅਕਤੀ ਸਨ। ਜਿਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਉੱਚੀਆਂ ਉਡਾਰੀਆਂ ਮਾਰੀਆਂ ਹਨ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ,ਰਵਿੰਦਰ ਭੱਠਲ ਜੀ ਨੇ ਹਸਨਪੁਰੀ ਜੀ ਦੇ ਨਾਲ ਬਿਤਾਏ ਹੋਏ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਸਨਪੁਰੀ ਸਾਹਿਬ ਇੱਕ ਚੰਗੇ ਲੇਖਕ ਹੋਣ ਦੇ ਨਾਲ ਨਾਲ ਬਹੁਪੱਖੀ ਸ਼ਖ਼ਸੀਅਤ ਸਨ।ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ,ਗੁਰਇਕਬਾਲ ਸਿੰਘ ਨੇ ਕਿਹਾ  ਕਿ ਇੰਦਰਜੀਤ ਹਸਨਪੁਰੀ ਜੀ ਦੀ ਆਪਣੀ ਸਾਫ ਸੁਥਰੀ ਲੇਖਣੀ ਸਦਕਾ ਪੰਜਾਬੀ ਸੱਭਿਆਚਾਰਕ ਗੀਤਾਂ ਉਤੇ ਚੰਗੀ ਪਕੜ ਸੀ।
ਸਮਾਗਮ ਦੇ ਮੁੱਖ ਮਹਿਮਾਨ ਸ,ਅਮਰਜੀਤ ਸਿੰਘ ਟਿੱਕਾ,ਵਿਸ਼ੇਸ਼ ਮਹਿਮਾਨ ਮਨਦੀਪ ਕੌਰ ਭੰਮਰਾ,ਡਾ,ਨਿਰਮਲ ਜੌੜਾ,ਸ ਮਲਕੀਤ ਸਿੰਘ ਦਾਖਾ,ਲੋਕ ਗਾਇਕ ਜਸਵੰਤ ਸੰਦੀਲਾ,ਪਾਲੀ ਦੇਤਵਾਲੀਆ,ਡਾ ਸੁਰਜੀਤ ਦੌਧਰ,ਸੀ ਮਾਰਕੰਡਾ ਸਮੇਤ ਹੋਰ ਕਈ ਬੁਲਾਰਿਆਂ ਨੇ ਆਪਣੇ ਆਪਣੇ ਸੰਬੋਧਨ ਰਾਹੀਂ ਇੰਦਰਜੀਤ ਹਸਨਪੁਰੀ ਜੀ ਦੇ ਜੀਵਨ ਨਾਲ ਸਬੰਧਤ ਕਈ ਯਾਦਾਂ ਸਾਂਝੀਆਂ ਕੀਤੀਆਂ।
ਡਾਃ ਆਤਮ ਹਮਰਾਹੀ ਦੀ ਜ਼ਹੀਨ ਸਿਰਜਕ ਬੇਟੀ ਮਨਦੀਪ ਕੌਰ ਭਮਰਾ ਨੇ  ਇਸ ਮੌਕੇ ਅਕਾਡਮੀ ਦਫ਼ਤਰ ਵਿੱਚ ਪੰਜਾਬੀ ਕਵੀ ਅਮਰਜੀਤ ਸ਼ੇਰਪੁਰੀ ਦੀ ਜੀਵਨ ਸਾਥਣ ਬਲਜੀਤ ਕੌਰ ਦਾ ਸੋਹਣਾ ਸੂਟ ਤੇ ਅਮਰਜੀਤ ਸ਼ੇਰਪੁਰੀ ਦਾ ਦਸਤਾਰ ਭੇਂਟ ਕਰਕੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਲੇਖਕ ਨੂੰ ਘਰੋਂ ਮਿਲਦੀ ਊਰਜਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਨਮਾਨ ਦੇਣ ਵਾਲਿਆਂ ਚ  ਪ੍ਰੋਃ ਗੁਰਭਜਨ ਸਿੰਘ ਗਿੱਲ,ਪ੍ਰੋਃ ਰਵਿੰਦਰ ਭੱਠਲ, ਡਾਃ ਨਿਰਮਲ ਜੌੜਾ,ਮਨਦੀਪ ਕੌਰ ਭਮਰਾ,ਜਸਮੇਰ ਸਿੰਘ ਢੱਟ ਤੇ ਡਾਃ ਗੁਰਇਕਬਾਲ ਸਿੰਘ ਸ਼ਾਮਿਲ ਸਨ।
ਇਸ ਮੌਕੇ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਮੰਚ ਸੰਚਾਲਨ ਕਰਦੇ ਹੋਏ ਹਾਜ਼ਿਰ ਕਵੀਆਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਸਮਾਗਮ ਦੌਰਾਨ ਡਾ,ਕਰਮਜੀਤ ਸਿੰਘ ਔਜਲਾ,ਬਲਕੌਰ ਸਿੰਘ ਗਿੱਲ,ਜਸਮੇਰ ਸਿੰਘ ਢੱਟ,ਸੁਰਜੀਤ ਭਗਤ,ਸੰਤ ਸਿੰਘ ਸੋਹਲ,ਹਰਬੰਸ ਸਿੰਘ ਘਈ,ਸੁਖਦੇਵ ਸਿੰਘ ਲਾਜ਼,ਨੇਤਰ ਸਿੰਘ  ਮੁੱਤੋਂ,,ਇੰਦਰਜੀਤਪਾਲ ਕੌਰ ਭਿੰਡਰ,ਸੁਰਿੰਦਰ ਕੌਰ ਬਾੜਾ,ਸੁਰਿੰਦਰਦੀਪ,ਪਰਵਿੰਦਰ ਕੌਰ ਸੁੱਖ,ਸੁਰਿੰਦਰ ਅਮਨ,ਬਲਵਿੰਦਰ ਸਿੰਘ ਮੋਹੀ,ਸੁਰਜੀਤ ਸਿੰਘ ਜੀਤ,ਸੋਮ ਨਾਥ ਸਿੰਘ,ਜਸਬੀਰ ਸਿੰਘ ਸੋਹਲ,ਤਜਿੰਦਰ ਮਾਰਕੰਡਾ,ਗੁਰਸੇਵਕ ਸਿੰਘ ਢਿੱਲੋਂ,ਹਰਦੇਵ ਸਿੰਘ ਕਲਸੀ,ਰਣਜੀਤ ਸਿੰਘ ਹਠੂਰ,ਮੋਹਣ ਹਸਨਪੁਰੀ,ਸੁਖਵੀਰ ਸੰਧੇ,ਮੀਤ ਸਕਰੌਦੀ ,ਰਣਜੀਤ ਸਿੰਘ,ਗੁਰਵਿੰਦਰ ਸਿੰਘ ਸ਼ੇਰਗਿੱਲ,ਪਰਮਿੰਦਰ ਅਲਬੇਲਾ,ਬਲਵਿੰਦਰ ਗਲੈਕਸੀ,ਸੰਪੂਰਨ ਸਿੰਘ ਸਨਮ,ਹਰਦੀਪ ਬਿਰਦੀ,ਬਲਜੀਤ ਮਾਹਲਾ,ਗੀਤ ਗੁਰਜੀਤ,ਜਗਤਾਰ ਰਾਈਆਂਵਾਲਾ,ਸਤਿਨਾਮ ਸਿੰਘ ਗ਼ਾਲੇ ਸਮੇਤ ਹਾਜ਼ਿਰ ਕਵੀਆਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਨਾਲ ਭਰਵੀਂ ਹਾਜ਼ਰੀ ਲਗਵਾ ਕੇ ਵਾਹ ਵਾਹ ਖੱਟੀ ਇਸ ਮੌਕੇ ਜੇ ਐਲ ਪ੍ਰੋਡੈਕਸ਼ਨ ਵੱਲੋਂ ਕਰਵਾਏ ਗਏ ਸੰਗੀਤਕ ਸ਼ੋਅ ਦੇ ਜੇਤੂ,ਗਾਇਕਾ ਪ੍ਰੀਤ ਸਿਮਰ,ਤਾਨੀਆ ਸਿਤਾਰਾ ਗੀਤਕਾਰਾ ਕਾਇਨਾਤ ਕੌਸ਼ਟਮਨੀ ਨੂੰ ਵੀ ਸਨਮਾਨਿਤ ਕੀਤਾ ਗਿਆ ।

ਡੀ. ਟੀ. ਐਫ. ਅਤੇ ਡੀ. ਐਮ. ਐਫ. ਵੱਲੋਂ ਤਰਲੋਚਨ ਸਿੰਘ ਸਮਰਾਲਾ ਨੂੰ ਸ਼ਰਧਾਂਜਲੀ ਭੇਟ  

ਅਧੂਰੇ ਕਾਰਜ ਪੂਰੇ ਕਰਨ ਦਾ ਲਿਆ ਪ੍ਰਣ                                      
ਲੁਧਿਆਣਾ 20 ਅਗਸਤ ( ਟੀ ਕੇ )
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਅਤੇ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਆਗੂਆਂ ਜਰਮਨਜੀਤ ਸਿੰਘ,ਹਰਦੀਪ ਸਿੰਘ ਟੋਡਰਪੁਰ, ਬਿਕਰਮ ਦੇਵ ਸਿੰਘ, ਮੁਕੇਸ਼ ਕੁਮਾਰ,ਰੁਪਿੰਦਰਪਾਲ ਸਿੰਘ ਗਿੱਲ ਅਤੇ ਹਰਜੀਤ ਕੌਰ ਸਮਰਾਲਾ ਨੇ ਬੀਤੇ ਦਿਨੀਂ ਦਰਦਨਾਕ ਸੜਕ ਹਾਦਸੇ ਵਿੱਚ ਜਾਨ ਗੁਆ ਚੁੱਕੇ ਉੱਘੇ ਨਾਟਕਕਾਰ, ਫਿਲਮਕਾਰ, ਬੁੱਧੀਜੀਵੀ, ਮੁਲਾਜ਼ਮ ਆਗੂ ਅਤੇ ਸਮਾਜ ਸੇਵੀ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਆਗੂਆਂ ਨੇ ਕਿਹਾ ਤਰਲੋਚਨ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਦੱਬੇ ਕੁੱਚਲੇ ਲੋਕਾਂ ਅਤੇ ਸਮਾਜਿਕ ਨਾ ਬਰਾਬਰੀ ਖਿਲਾਫ ਲੜਦਿਆਂ ਲੰਘਾਈ ਹੈ। ਅਜਿਹੇ ਆਗੂਆਂ ਦਾ ਬੇਵਕਤੀ ਚਲੇ ਜਾਣਾ ਸਮਾਜ ਲਈ ਤਾਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰਿਵਾਰ ਅਤੇ ਜੱਥੇਬੰਦੀਆਂ ਲਈ ਵੀ ਅਸਿਹ ਹੁੰਦਾ ਹੈ।  ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਡੈਮੋਕ੍ਰੇਟਿਕ ਟੀਚਰ ਫਰੰਟ ਲੁਧਿਆਣਾ ਦੇ ਜਨਰਲ ਸਕੱਤਰ ਰਮਨਜੀਤ ਸਿੰਘ ਸੰਧੂ ਸਮੇਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਤਰਲੋਚਨ ਸਿੰਘ ਸਮਰਾਲਾ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨਾ ਹੀ ਉਨਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਇਸ ਮੌਕੇ ਹਾਜ਼ਰ ਗੁਰਪਿਆਰ ਕੋਟਲੀ, ਮਨਪ੍ਰੀਤ ਸਿੰਘ ਸਮਰਾਲਾ, ਲਖਵੀਰ ਸਿੰਘ, ਦਵਿੰਦਰ ਸਿੰਘ ਪੂਨੀਆ, ਜਗਵੀਰ ਸਿੰਘ ਨਾਗਰਾ, ਬਲਵਿੰਦਰ ਚਾਹਲ,ਜਸਵੀਰ ਸਿੰਘ, ਜਗਜੀਤ ਸਿੰਘ, ਰਜਿੰਦਰ ਜੰਡਿਆਲੀ, ਧਰਮ ਸਿੰਘ ਸੂਜਾਪੁਰ ਆਦਿ ਹਾਜ਼ਰ ਸਨ।

ਵਿਜੀਲੈਂਸ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਫਰਾਰ ਏ.ਐਸ.ਆਈ. ਗ੍ਰਿਫ਼ਤਾਰ

ਮੁਲਜ਼ਮ ਨੇ ਜ਼ਬਤ ਕੀਤੇ ਆਟੋ-ਰਿਕਸ਼ਾ ਨੂੰ ਛੱਡਣ ਬਦਲੇ ਲਈ ਸੀ ਰਿਸ਼ਵਤ

ਚੰਡੀਗੜ੍ਹ, 20 ਅਗਸਤ  (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਥਾਣਾ ਸੁਧਾਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਗੁਰਮੀਤ ਸਿੰਘ ਨੂੰ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਮਿਤੀ 16.06.2023 ਨੂੰ ਥਾਣਾ ਸੁਧਾਰ ਵਿਖੇ ਐਫ.ਆਈ.ਆਰ ਨੰਬਰ 48 ਦਰਜ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੂੰ ਸੌਂਪ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਏ.ਐਸ.ਆਈ. ਗੁਰਮੀਤ ਸਿੰਘ ਨੇ ਉਸ ਦਾ ਜ਼ਬਤ ਕੀਤਾ ਆਟੋ ਰਿਕਸ਼ਾ ਛੱਡਣ ਬਦਲੇ 1500 ਰੁਪਏ ਰਿਸ਼ਵਤ ਲਈ ਸੀ ਅਤੇ ਮੁਲਜ਼ਮ ਏ.ਐਸ.ਆਈ. ਨੇ ਇਸ ਤੋਂ ਪਹਿਲਾਂ ਵੀ ਉਸ ਕੋਲੋਂ 2500 ਰੁਪਏ ਰਿਸ਼ਵਤ ਲਈ ਸੀ। ਸ਼ਿਕਾਇਤਕਰਤਾ ਨੇ ਉਕਤ ਏ.ਐਸ.ਆਈ. ਦੀ ਉਸ ਕੋਲੋਂ 1500 ਰੁਪਏ ਰਿਸ਼ਵਤ ਲੈਂਦੇ ਹੋਏ ਦੀ ਵੀਡੀਓ ਵੀ ਪੇਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਕਤ ਏ.ਐਸ.ਆਈ. ਫਰਾਰ ਸੀ ਅਤੇ ਉਸਦੀ ਅਗਾਊਂ ਜ਼ਮਾਨਤ ਵਧੀਕ ਸੈਸ਼ਨ ਜੱਜ, ਲੁਧਿਆਣਾ ਦੀ ਅਦਾਲਤ ਨੇ ਖਾਰਜ਼ ਕਰ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦੀ ਟੀਮ ਨੇ ਅੱਜ ਏ.ਐਸ.ਆਈ. ਗੁਰਮੀਤ ਸਿੰਘ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਗਾਗੇਵਾਲ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੀ.ਏ.ਯੂ. ਵਿੱਚ ਸਲਾਨਾ ਰਾਸ਼ਟਰੀ ਖੇਡ ਸੰਗਠਨ ਕੈਂਪ ਦੇ ਸਮਾਪਤੀ ਸਮਾਰੋਹ ਦਾ ਸਫਲਤਾਪੂਰਵਕ ਆਯੋਜਨ

ਲੁਧਿਆਣਾ 18 ਅਗਸਤ(ਟੀ. ਕੇ.)  ਅੱਜ ਸਥਾਨਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਯੂਨੀਵਰਸਿਟੀ ਅਧੀਨ ਆਉਂਦੇ ਵੱਖ-ਵੱਖ ਕਾਲਜ ਦੇ ਵਿਦਿਆਰਥੀਆਂ ਲਈ ਲਗਾਏ ਗਏ 15 ਦਿਨਾ ਰਾਸ਼ਟਰੀ ਖੇਡ ਸੰਗਠਨ ਕੈਂਪ ਸਾਲ 2022-2023 ਦੇ ਸਮਾਪਨ ਸਮਾਰੋਹ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ| ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ| ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾ. ਅਜਮੇਰ ਸਿੰਘ ਢੱਟ, ਡਾਇਰੈਕਟਰ ਖੋਜ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ| ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਵਿਅਕਤੀ ਨੂੰ ਸਰੀਰਕ ਤੌਰ ਤੇ ਤੰਦਰੁਸਤ ਕਰਨ ਦੇ ਨਾਲ-ਨਾਲ ਮਾਨਸਿਕ ਤੌਰ ਤੇ ਤਰੋ ਤਾਜ਼ਾ ਵੀ ਕਰਦੀਆਂ ਹਨ| ਕਿਉਂਕਿ ਇਹ ਖੇਡ ਮੈਦਾਨ ਉਹ ਕਲਾਸ ਰੂਮ ਹਨ ਜਿੱਥੇ ਆ ਕੇ ਵਿਦਿਆਰਥੀ ਹਰ ਤਰ੍ਹਾਂ ਦੇ ਮਾਨਸਿਕ ਦਬਾਅ ਤੋਂ ਮੁਕਤ ਹੁੰਦੇ ਹਨ| ਉਹਨਾਂ ਨੇ ਦੱਸਿਆ ਕਿ ਖੇਡਾਂ ਦੇ ਨਾਲ-ਨਾਲ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਸੁਚੱਜੇ ਤਰੀਕੇ ਨਾਲ ਕਰ ਸਕਦੇ ਹਨ| ਲੋੜ ਸਿਰਫ ਕੁਝ ਨਿਯਮ ਬਣਾਉਣ ਦੀ ਹੈ| ਜੇ ਅਸੀਂ ਖੇਡਾਂ ਦੇ ਨਾਲ-ਨਾਲ ਅਸੀਂ ਨਿਯਮਤ ਤੌਰ ਤੇ ਪੜ੍ਹਾਈ ਕਰਦੇ ਹਾਂ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ| ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਹ ਕੈਂਪ ਸਫਲਤਾ ਪੂਰਵਕ ਖਤਮ ਕਰਨ ਤੇ ਵਧਾਈ ਦਿੱਤੀ|

ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਆਏ ਹੋਏ ਮਹਿਮਾਨਾ ਦਾ ਸੁਆਗਤ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਲਾਨਾ ਕੈਂਪ ਵਿੱਚ ਲਗਭਗ 240 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕੈਂਪ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ, ਜਿਵੇਂ ਅਥਲੈਟਿਕਸ, ਬੈਡਮਿੰਟਨ, ਬਾਸਕਿਟਬਾਲ, ਕ੍ਰਿਕਟ, ਹਾਕੀ, ਵਾਲੀਬਾਲ, ਸਾਈਕਲਿੰਗ, ਤੈਰਾਕੀ, ਫੁੱਟਬਾਲ, ਹੈਂਡਬਾਲ, ਸ਼ੂਟਿੰਗ ਆਦਿ ਖੇਡਾਂ ਦੀਆਂ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦੇ ਨਾਲ-ਨਾਲ ਚੰਗੀ ਸਿਹਤ ਬਣਾਈ ਰੱਖਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ|

ਇਸ ਮੌਕੇ ਕੈਂਪ ਦੇ ਸੰਚਾਲਕ ਡਾ. ਪਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਇਹ ਕੈਂਪ ਸਫਲਤਾ ਪੂਰਵਕ ਖਤਮ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਰੇ ਵਿਦਿਆਰਥੀ ਕੈਂਪ ਵਿੱਚ ਸਿਖਾਈਆਂ ਗਈਆਂ ਆਧੁਨਿਕ ਤਕਨੀਕਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਗੇ ਅਤੇ ਆਪਣੇ ਸਰੀਰ ਨੂੰ ਤੰਦਰੂਸਤ ਬਣਾ ਕਿ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰਨਗੇ| ਇਸ ਮੌਕੇ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚੋਂ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੁਆਰਾ ਸਨਮਾਨਿਤ ਕੀਤਾ ਗਿਆ|