You are here

ਪੰਜਾਬ

ਅਮਰੀਕਾ ਗਏ ਪੰਜਾਬ ਦੇ ਛੇ ਨੌਜਵਾਨ ਢਾਈ ਸਾਲ ਤੋਂ ਲਾਪਤਾ

ਜਲੰਧਰ, ਅਕਤੂਬਰ 2019- (ਗੁਰਦੇਵ ਸਿੰਘ ਗਾਲਿਬ /ਮਨਜਿੰਦਰ ਗਿੱਲ )-  ਅਮਰੀਕਾ ਲਈ ਢਾਈ ਸਾਲ ਪਹਿਲਾਂ ਗਏ ਛੇ ਨੌਜਵਾਨ ਰਾਹ ਵਿਚੋਂ ਹੀ ਲਾਪਤਾ ਹੋ ਗਏ। ਇਨ੍ਹਾਂ ਨੌਜਵਾਨਾਂ ਦੇ ਮਾਪੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਵਿਦੇਸ਼ ਮੰਤਰੀ ਦੇ ਦਫਤਰਾਂ ਵਿਚ ਚਿੱਠੀਆਂ ਪਾ-ਪਾ ਕੇ ਥੱਕ ਗਏ ਹਨ। ਜਿਹੜੇ ਟਰੈਵਲ ਏਜੰਟ ਨੇ ਉਨ੍ਹਾਂ ਦੇ ਬੱਚਿਆਂ ਨੂੰ ਮਾਸਕੋ ਤੋਂ ਹਵਾਨਾ ਤੇ ਹਵਾਨਾ ਤੋਂ ਬਾਹਮਾਸ ਦੇ ਰਸਤੇ ਅਮਰੀਕਾ ਭੇਜਣ ਦੀਆਂ ਘਰ ਆ ਕੇ ਵਧਾਈਆਂ ਦਿੱਤੀਆਂ ਸਨ, ਉਹ ਹੁਣ ਬੱਚਿਆਂ ਦਾ ਕੋਈ ਥਹੁ-ਪਤਾ ਵੀ ਨਹੀਂ ਦੱਸਦੇ। ਤਿੰਨ ਨੌਜਵਾਨਾਂ ਦੇ ਮਾਪਿਆਂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਕਈ ਦਿਨ ਪਹਿਲਾਂ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਉਸ ਦਾ ਕੋਈ ਰਿਮਾਂਡ ਲਏ ਬਿਨਾਂ ਹੀ ਜੇਲ੍ਹ ਭੇਜ ਦਿੱਤਾ ਤੇ ਪੀੜਤ ਮਾਪਿਆਂ ਨੂੰ ਫੜੇ ਗਏ ਟਰੈਵਲ ਏਜੰਟ ਦੀ ਭਿਣਕ ਤੱਕ ਨਹੀਂ ਪੈਣ ਦਿੱਤੀ।

ਸੂਬੇਦਾਰ ਸ਼ਮਸ਼ੇਰ ਸਿੰਘ ਦਾ ਪੁੱਤਰ ਇੰਦਰਜੀਤ ਸਿੰਘ, ਜਰਨੈਲ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਅਤੇ ਮਹਿੰਦਰ ਸਿੰਘ ਦਾ ਪੁੱਤਰ ਨਵਦੀਪ ਸਿੰਘ, ਟਰੈਵਲ ਏਜੰਟ ਸੁਖਵਿੰਦਰ ਸਿੰਘ ਵਾਸੀ ਪਿੰਡ ਮਹਿੰਦੀਪੁਰਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਟਰੈਵਲ ਏਜੰਟ ਰਾਣਾ ਖੱਸਣ ਰਾਹੀਂ ਅਮਰੀਕਾ ਜਾਣ ਲਈ ਗਏ ਸਨ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ, ਜਰਨੈਲ ਸਿੰਘ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਬੱਚਿਆਂ ਨਾਲ 2 ਅਗਸਤ 2017 ਨੂੰ ਆਖਰੀ ਵਾਰ ਗੱਲਬਾਤ ਹੋਈ ਸੀ। ਢਾਈ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਦੇ ਬੱਚੇ ਕਿੱਥੇ ਹਨ। ਜਦਕਿ ਟਰੈਵਲ ਏਜੰਟ ਨੇ 4 ਅਗਸਤ 2017 ਨੂੰ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੁੰਡੇ ਅਮਰੀਕਾ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਨੂੰ ਵਧਾਈਆਂ ਵੀ ਦਿੱਤੀਆਂ ਸਨ। ਦੋ ਮਹੀਨੇ ਬਾਅਦ ਜਦੋਂ ਉਸ ਨੇ ਬਾਕੀ ਪੈਸੇ ਮੰਗੇ ਤਾਂ ਮਾਪਿਆਂ ਨੇ ਕਿਹਾ ਕਿ ਪਹਿਲਾਂ ਮੁੰਡਿਆਂ ਨਾਲ ਗੱਲ ਕਰਵਾਈ ਜਾਵੇ। ਫਿਰ ਟਰੈਵਲ ਏਜੰਟ ਨੇ 25 ਲੱਖ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਤੁਸੀਂ ਵੀ ਆਪਣੇ ਮੁੰਡੇ ਲੱਭੋ ਤੇ ਉਹ ਵੀ ਲੱਭਣ ਵਿਚ ਮਦਦ ਕਰਦਾ ਹੈ।
ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ, ਜਿਹੜਾ ਕਿ ਪੰਜਾਬ ਪੁਲੀਸ ਵਿਚ ਏਐੱਸਆਈ ਵਜੋਂ ਤਾਇਨਾਤ ਸੀ, ਉਹ ਟਰੈਵਲ ਏਜੰਟ ਦਾ ਵੀ ਕੰਮ ਕਰਦਾ ਸੀ। ਹੁਣ ਉਹ ਸੇਵਾਮੁਕਤ ਹੋ ਚੁੱਕਾ ਹੈ। ਪਹਿਲਾਂ ਤਾਂ ਪੁਲੀਸ ਉਸ ਨੂੰ ਗ੍ਰਿਫਤਾਰ ਨਹੀਂ ਸੀ ਕਰਦੀ, ਹੁਣ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪੁਲੀਸ ਨੇ ਦਸਹਿਰੇ ਵਾਲੇ ਦਿਨ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਰਿਮਾਂਡ ਨਾ ਲੈਣ ਕਾਰਨ ਮਾਪਿਆਂ ਦੀ ਸ਼ੰਕਾ ਪੱਕੀ ਹੋ ਰਹੀ ਹੈ ਕਿ ਪੰਜਾਬ ਪੁਲੀਸ ਤੇ ਵੱਡੇ ਅਫਸਰਾਂ ਦੀ ਮਿਲੀਭੁਗਤ ਨਾਲ ਉਕਤ ਏਜੰਟ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਏਜੰਟ ਰਾਣਾ ਖੱਸਣ ਤੇ ਸੁਖਵਿੰਦਰ ਸਿੰਘ ਜੇਲ੍ਹ ਵਿੱਚ ਹਨ ਪਰ ਪੁਲੀਸ ਪੁੱਛਗਿੱਛ ਵਿਚ ਉਨ੍ਹਾਂ ਕੋਲੋਂ ਇਹ ਪਤਾ ਲਾਉਣ ਵਿਚ ਸਫਲ ਨਹੀਂ ਹੋ ਸਕੀ ਕਿ ਉਨ੍ਹਾਂ ਦੇ ਬੱਚੇ ਕਿੱਥੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਲੱਭਿਆ ਜਾਵੇ ਤੇ ਵਾਪਸ ਲਿਆਂਦਾ ਜਾਵੇ। ਲਾਪਤਾ ਮੁੰਡਿਆਂ ਵਿਚ ਮਹਿੰਦਰ ਸਿੰਘ ਦਾ ਇਕ ਰਿਸ਼ੇਤਦਾਰ ਜਸਪ੍ਰੀਤ ਸਿੰਘ, ਅੰਮ੍ਰਿਤਸਰ ਤੋਂ ਜਸਵਿੰਦਰ ਸਿੰਘ ਤੇ ਗੁਰਦਾਸਪੁਰ ਤੋਂ ਗੁਰਦੀਪ ਸਿੰਘ ਵੀ ਸ਼ਾਮਲ ਸਨ।

ਅੱਜ ਦੇ ਦਿਨ (ਮਿਤੀ 30 ਅਕਤੂਬਰ, 2019) ਦਾ ਇਤਿਹਾਸ

ਸਾਕਾ ਪੰਜਾ ਸਾਹਿਬ (ਪਾਕਿਸਤਾਨ)

ਪੰਜਾ ਸਾਹਿਬ ਦੇ ਸਾਕੇ ਦਾ ਸੰਬੰਧ *ਗੁਰੂ ਕੇ ਬਾਗ ਦੇ ਮੋਰਚੇ* ਨਾਲ ਜੁੜਦਾ ਹੈ। ਗੁਰਦੁਆਰਾ ਗੁਰੂ ਕਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 13 ਮੀਲ ਦੀ ਦੂਰੀ ਤੇ ਸਥਿਤ ਹੈ। ਇਸ ਗੁਰਦੁਆਰੇ ਦੀ ਜ਼ਮੀਨ ਵਿੱਚ ਸਿੰਘ ਲੰਗਰ ਲਈ ਲੱਕੜਾਂ ਲੈਣ ਜਾਂਦੇ ਸਨ। 8 ਅਗਸਤ, 1922 ਦੇ ਦਿਨ ਲੰਗਰ ਦੀ ਸੇਵਾ ਲਈ ਲੱਕੜੀ-ਬਾਲਣ ਇਕੱਠਾ ਕਰਨ ਗਏ ਸਿੰਘਾਂ ਨੂੰ ਮਹੰਤ ਸੁੰਦਰ ਦਾਸ ਨੇ ਅੰਗਰੇਜ਼ ਪੁਲਿਸ ਕੋਲ ਗ੍ਰਿਫ਼ਤਾਰ ਕਰਵਾ ਦਿੱਤਾ। ਉਨ੍ਹਾਂ ਨੂੰ ਜੁਰਮਾਨੇ ਦੇ ਨਾਲ ਛੇ-ਛੇ ਮਹੀਨੇ ਦੀ ਕੈਦ ਸੁਣਾਈ ਗਈ। ਇਸ ਘਟਨਾ ਕਾਰਨ ਮੋਰਚਾ ਲੱਗ ਗਿਆ। 

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਰ ਰੋਜ਼ 100-100 ਸਿੰਘਾਂ ਦਾ ਜਥਾ ਗੁਰੂ ਕਾ ਬਾਗ ਗੁਰਦੁਆਰੇ ਲਈ ਜਾਂਦਾ। ਇਨ੍ਹਾਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ 30 ਅਕਤੂਬਰ (ਕੁਝ ਸ੍ਰੋਤਾਂ ਅਨੁਸਾਰ 31 ਅਕਤੂਬਰ),1922 ਈ. ਨੂੰ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਰੇਲਗੱਡੀ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਟਕ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ। ਇਸ ਰੇਲਗੱਡੀ ਨੇ ਹਸਨ ਅਬਦਾਲ (ਪੰਜਾ ਸਾਹਿਬ) ਦੇ ਸਟੇਸ਼ਨ ਤੋਂ ਲੰਘ ਕੇ ਜਾਣਾ ਸੀ। ਜਦੋਂ ਇਸ ਦੀ ਖ਼ਬਰ ਉੱਥੋਂ ਦੇ ਰਹਿਣ ਵਾਲੇ ਸਿੱਖਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਸਟੇਸ਼ਨ ਉੱਤੇ ਗੱਡੀ ਰੋਕ ਕੇ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਲੰਗਰ ਛਕਾਉਣ ਦਾ ਫੈਸਲਾ ਕੀਤਾ। 

ਸਾਰੀ ਸੰਗਤ ਨੇ ਮਿਲ ਕੇ ਲੰਗਰ ਤਿਆਰ ਕੀਤਾ ਅਤੇ ਸਟੇਸ਼ਨ ਮਾਸਟਰ ਨੂੰ ਗੱਡੀ ਰੋਕਣ ਦੀ ਬੇਨਤੀ ਕੀਤੀ ਪਰ ਉਸ ਨੇ ਸਰਕਾਰ ਵੱਲੋਂ ਮਿਲੇ ਹੁਕਮਾਂ ਅਨੁਸਾਰ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ। ਇਹ ਸੁਣ ਕੇ ਸੰਗਤਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਅਤੇ ਉਨ੍ਹਾਂ ਨੇ ਗੱਡੀ ਵਿੱਚ ਕੈਦ ਕਰ ਕੇ ਲਿਜਾਏ ਜਾ ਰਹੇ ਸਿੰਘਾਂ ਨੂੰ ਹਰ ਹਾਲਤ ਲੰਗਰ ਛਕਾਉਣ ਦਾ ਨਿਰਣਾ ਕਰ ਲਿਆ। ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਭਾਈ ਪ੍ਰਤਾਪ ਸਿੰਘ ਜੀ ਅਤੇ ਭਾਈ ਕਰਮ ਸਿੰਘ ਜੀ ਸਮੇਤ ਬਹੁਤ ਸਾਰੇ ਸਿੰਘ-ਸਿੰਘਣੀਆਂ ਗੱਡੀ ਦੀਆਂ ਲਾਈਨਾਂ ਵਿੱਚ ਬੈਠ ਗਏ ਅਤੇ ਪਾਠ ਕਰਨ ਲੱਗੇ। ਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਇੰਜਣ ਕੁਝ ਸਿੰਘਾਂ ਨੂੰ ਲਿਤਾੜ ਕੇ ਬੰਦ ਹੋ ਗਿਆ। ਕਈ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਪਰ ਉਨ੍ਹਾਂ ਨੇ ਸੰਗਤ ਨੂੰ ਇਹ ਬੇਨਤੀ ਕੀਤੀ ਕਿ ਉਹ ਪਹਿਲਾਂ ਕੈਦੀ ਸਿੰਘਾਂ ਨੂੰ ਭੋਜਨ ਛਕਾਉਣ ਅਤੇ ਬਾਅਦ ਵਿੱਚ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ, ਕਿਉਂਕਿ ਜੇਕਰ ਉਨ੍ਹਾਂ ਨੂੰ ਗੱਡੀ ਦੇ ਹੇਠੋਂ ਕੱਢ ਲਿਆ ਗਿਆ ਤਾਂ ਡਰਾਈਵਰ ਗੱਡੀ ਭਜਾ ਕੇ ਲੈ ਜਾਵੇਗਾ। ਇਸੇ ਤਰ੍ਹਾਂ ਹੀ ਕੀਤਾ ਗਿਆ। ਸਿੰਘਾਂ ਨੂੰ ਪ੍ਰਸ਼ਾਦਾ-ਪਾਣੀ ਛਕਾਉਣ ਤੋਂ ਬਾਅਦ ਜ਼ਖ਼ਮੀ ਸਿੰਘਾਂ ਨੂੰ ਗੱਡੀ ਹੇਠੋਂ ਕੱਢਿਆ ਗਿਆ ਅਤੇ ਗੱਡੀ ਨੂੰ ਰਵਾਨਾ ਕੀਤਾ ਗਿਆ। ਬਾਅਦ ਵਿੱਚ ਭਾਈ ਪ੍ਰਤਾਪ ਸਿੰਘ ਜੀ ਅਤੇ ਭਾਈ ਕਰਮ ਸਿੰਘ ਜੀ ਦੋਵੇਂ ਸਿੰਘ ਸ਼ਹੀਦ ਹੋ ਗਏ। 

ਇਸ ਗੱਡੀ ਨੂੰ ਚਲਾਉਣ ਵਾਲੇ ਡਰਾਈਵਰ ਦੇ ਵਿਰੁੱਧ ਅੰਗਰੇਜ਼ ਸਰਕਾਰ ਵੱਲੋਂ ਕੇਸ ਚਲਾਇਆ ਗਿਆ ਕਿ ਇਸ ਨੇ ਇੱਥੇ ਗੱਡੀ ਕਿਉਂ ਰੋਕੀ ਸੀ। ਪੜਤਾਲ ਦੌਰਾਨ ਇਸ ਗੱਡੀ ਦੇ ਡਰਾਈਵਰ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਇਸ ਸਟੇਸ਼ਨ ਉੱਤੇ ਕਿਸੇ ਵੀ ਕੀਮਤ ਤੇ ਗੱਡੀ ਖੜ੍ਹੀ ਨਾ ਕਰਨ ਦਾ ਹੁਕਮ ਮਿਲਿਆ ਸੀ ਪਰ ਜਦੋਂ ਗੱਡੀ ਇਨ੍ਹਾਂ ਸਿੰਘਾਂ ਨਾਲ ਆ ਕੇ ਟਕਰਾਈ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਗੱਡੀ ਕਿਸੇ ਪਹਾੜ ਨਾਲ ਟਕਰਾ ਗਈ ਹੋਵੇ। ਇੰਜਣ ਦੀ ਪੜਤਾਲ ਕਰਨ ਤੇ ਵੀ ਇਹ ਹੀ ਨਤੀਜਾ ਨਿਕਲਿਆ ਕਿ ਇਸ ਨੂੰ ਬ੍ਰੇਕ ਨਹੀਂ ਸੀ ਲਗਾਈ ਗਈ। ਇਹ ਸਭ ਉਨ੍ਹਾਂ ਸਿੰਘਾਂ ਦੇ ਸਿਦਕ, ਆਪਣੇ ਗੁਰੂ ਉੱਪਰ ਪੂਰਨ ਭਰੋਸੇ ਅਤੇ ਗੁਰਬਾਣੀ ਦੇ ਅਧਿਐਨ ਤੋਂ ਪ੍ਰਾਪਤ ਹੋਈ ਆਤਮਿਕ ਸ਼ਕਤੀ ਦਾ ਨਤੀਜਾ ਸੀ। 

ਇਸ ਤਰ੍ਹਾਂ ਗੁਰੂ ਜੀ ਦੇ ਸਿੰਘਾਂ ਨੇ ਜਾਨਾਂ ਦੀ ਪਰਵਾਹ ਨਾ ਕਰਦਿਆਂ ਸਿੱਖੀ ਸਿਦਕ ਨਿਭਾਇਆ ਅਤੇ ਮਨੁੱਖੀ ਕਦਰਾਂ-ਕੀਮਤਾਂ ਲਈ ਸ਼ਹੀਦ ਹੋ ਕੇ ਦੁਨੀਆ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ।

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

+91-82880-10531/32

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਅੱਜ ਦੇ ਦਿਨ (ਮਿਤੀ 29 ਅਕਤੂਬਰ, 2019) ਦਾ ਇਤਿਹਾਸ

 ਗੁਰਗੱਦੀ ਦਿਵਸ

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਸਦੀਵੀ ਗੁਰੂ ਹਨ।

 ਦੁਨੀਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਖਰਾ ਸਥਾਨ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਧਰਮਾਂ/ਵਰਨਾਂ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸ਼ਾਮਲ ਕਰਕੇ ਊਚ-ਨੀਚ, ਅਮੀਰ-ਗਰੀਬ ਆਦਿਕ ਦੇ ਸਭ ਭੇਦ-ਭਾਵ ਨੂੰ ਸਦਾ ਲਈ ਮਿਟਾ ਕੇ ਮਨੁੱਖਤਾ ਨੂੰ ਏਕੇ ਦੀ ਲੜੀ ਵਿੱਚ ਪਰੋ ਦਿੱਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਵਿਸ਼ੇਸ਼ਤਾ ਇਹ ਵੀ ਹੈ ਕਿ ਗੁਰੂ ਜੀ ਦੁਨੀਆਂ ਦੇ ਇੱਕੋ-ਇੱਕ ਧਾਰਮਿਕ ਗ੍ਰੰਥ ਹਨ ਜਿਨ੍ਹਾਂ ਨੂੰ ਰੱਬੀ ਪੁਰਖਾਂ ਨੇ ਆਪ ਲਿਖਿਆ ਹੈ। ਹੋਰਨਾਂ ਧਾਰਮਿਕ ਗ੍ਰੰਥਾਂ ਨੂੰ ਵੱਖ-ਵੱਖ ਲਿਖਾਰੀਆਂ ਵੱਲੋਂ ਸੰਬੰਧਿਤ ਪੈਗੰਬਰਾਂ ਦੀ ਜੀਵਨ ਯਾਤਰਾ ਪੂਰੀ ਕਰਨ ਉਪਰੰਤ ਲਿਖਿਆ ਗਿਆ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਚਾਰਨ ਕੀਤੀ ਸਾਰੀ ਬਾਣੀ ਅਤੇ ਉਦਾਸੀਆਂ ਦੌਰਾਨ ਹੋਰ ਮਹਾਂਪੁਰਖਾਂ ਦੀ ਬਾਣੀ ਇਕੱਤਰ ਕਰਕੇ ਆਪ ਲਿਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਅਤੇ ਇਸੇ ਤਰ੍ਹਾਂ ਸਾਰੇ ਗੁਰੂ ਸਾਹਿਬਾਨ ਆਪਣੀ ਬਾਣੀ ਆਪ ਸੰਭਾਲ ਕੇ ਅਗਲੇ ਗੁਰੂ ਸਾਹਿਬਾਨ ਜੀ ਨੂੰ ਸੌਂਪਦੇ ਗਏ ਅਤੇ ਇਹ ਖਜ਼ਾਨਾ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਪਹੁੰਚ ਗਿਆ। 

ਸਿੱਖ ਗੁਰੂ ਸਾਹਿਬਾਨਾਂ ਦੇ ਵੱਧਦੇ ਪ੍ਰਭਾਵ ਨੂੰ ਦੇਖ ਕੇ ਸਮਕਾਲੀ ਹੁਕਮਰਾਨਾਂ ਅਤੇ ਵਿਰੋਧੀ ਤਾਕਤਾਂ ਨੇ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਆਪਣੀ ਮੱਤ ਅਨੁਸਾਰ ਲਿਖੀ ਬਾਣੀ ਨੂੰ ਗੁਰਬਾਣੀ ਕਹਿ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀ ਸਦੀਵੀ ਸੰਭਾਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮਨੁੱਖਤਾ ਦੇ ਮਾਰਗ ਦਰਸ਼ਨ ਲਈ ਗੁਰਬਾਣੀ ਨੂੰ ਸਦਾ ਲਈ ਸੰਭਾਲਣ ਦੀ ਮਹਾਨ ਸੇਵਾ ਕਰ ਦਿੱਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪੋ-ਆਪਣੀ ਬਾਣੀ ਦਰਜ ਕਰਵਾਉਣ ਲਈ ਭਗਤ ਕਾਹਨੇ ਅਤੇ ਪੀਲੂ ਵਰਗੇ ਹੰਕਾਰੀ ਅਤੇ ਅਖੌਤੀ ਧਾਰਮਿਕ ਲੋਕਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਉੱਪਰ ਕਈ ਤਰ੍ਹਾਂ ਦੇ ਸਿਆਸੀ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਨੇ ਕੋਈ ਸਮਝੌਤਾ ਨਾ ਕੀਤਾ ਅਤੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਿਰਫ਼ ਰੱਬੀ-ਪੁਰਖਾਂ ਦੀ ਬਾਣੀ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤਾ। ਗੁਰੂ ਜੀ ਵੱਲੋਂ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਈ. ਵਿੱਚ ਸ਼ੁਰੂ ਕੀਤਾ ਗਿਆ ਜੋ 1604 ਈ. ਵਿੱਚ ਸੰਪੰਨ ਹੋਇਆ। 

ਭਾਈ ਗੁਰਦਾਸ ਜੀ, ਜੋ ਗੁਰਮਤਿ ਦੇ ਉੱਘੇ ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇੱਕ ਸਨ, ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅਗਵਾਈ ਹੇਠ ਪਾਵਨ ਗ੍ਰੰਥ ਨੂੰ ਲਿਖਣ ਦੀ ਸੇਵਾ ਨਿਭਾਈ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਬਾਣੀ ਨੂੰ 30 ਰਾਗਾਂ ਵਿੱਚ ਤਰਤੀਬ ਅਨੁਸਾਰ ਲਿਖਵਾਇਆ। ਗੁਰੂ ਸਾਹਿਬਾਨ ਦੀ ਬਾਣੀ ਮਹਲਾ ੧, ੨, ੩, ੪, ੫ ਕ੍ਰਮ ਅਨੁਸਾਰ ਦਰਜ ਕਰਨ ਪਿੱਛੋਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ। ਇਸ ਬੀੜ (ਗ੍ਰੰਥ) ਨੂੰ *ਆਦਿ ਗ੍ਰੰਥ* ਕਿਹਾ ਜਾਂਦਾ ਹੈ। ਇਸ ਦਾ *ਪਹਿਲਾ ਪ੍ਰਕਾਸ਼ ਭਾਦੋਂ ਸੁਦੀ ੧, ਸੰਮਤ ੧੬੬੧ ਬਿਕ੍ਰਮੀ* ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ।

ਸੰਨ 1706 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਵਿਖੇ ਇਸ ਗ੍ਰੰਥ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ। ''ਜੈਜਾਵੰਤੀ'' ਰਾਗ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਸ਼ਾਮਲ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਗਿਣਤੀ 31 ਹੋ ਗਈ। ਇਸ ਬੀੜ ਨੂੰ *'ਦਮਦਮੀ ਬੀੜ'* ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਨਿਭਾਈ। ਬਾਬਾ ਦੀਪ ਸਿੰਘ ਜੀ ਨੇ ਇਸ ਬੀੜ ਦੇ ਹੋਰ ਉਤਾਰੇ ਕਰ ਕੇ ਇਹ ਸਰੂਪ ਸਾਰੇ ਤਖ਼ਤਾਂ ਉੱਤੇ ਭੇਜੇ। 

 

 ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਈਸਵੀ ਵਿੱਚ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਸਿੱਖਾਂ ਨੂੰ ਇਹ ਹੁਕਮ ਕਰਕੇ:

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਜੋਤੀ ਜੋਤ ਸਮਾ ਗਏ। 

 

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਅਨੁਸਾਰ ਹਨ;

6 ਗੁਰੂ ਸਾਹਿਬਾਨ 

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਅੰਗਦ ਦੇਵ ਜੀ

ਸ੍ਰੀ ਗੁਰੂ ਅਮਰ ਦਾਸ ਜੀ

ਸ੍ਰੀ ਗੁਰੂ ਰਾਮਦਾਸ ਜੀ

ਸ੍ਰੀ ਗੁਰੂ ਅਰਜਨ ਦੇਵ ਜੀ

ਸ੍ਰੀ ਗੁਰੂ ਤੇਗ ਬਹਾਦਰ ਜੀ

15 ਭਗਤ 

ਭਗਤ ਕਬੀਰ ਜੀ 

ਭਗਤ ਨਾਮਦੇਵ ਜੀ 

ਭਗਤ ਰਵਿਦਾਸ ਜੀ 

ਭਗਤ ਤ੍ਰਿਲੋਚਨ ਜੀ 

ਭਗਤ ਫ਼ਰੀਦ ਜੀ 

ਭਗਤ ਬੇਣੀ ਜੀ 

ਭਗਤ ਧੰਨਾ ਜੀ 

ਭਗਤ ਜੈਦੇਵ ਜੀ

ਭਗਤ ਭੀਖਨ ਜੀ 

ਭਗਤ ਪਰਮਾਨੰਦ ਜੀ

ਭਗਤ ਸੈਣ ਜੀ

ਭਗਤ ਪੀਪਾ ਜੀ

ਭਗਤ ਸਧਨਾ ਜੀ 

ਭਗਤ ਰਾਮਾਨੰਦ ਜੀ

ਭਗਤ ਸੂਰਦਾਸ ਜੀ

11 ਭੱਟ 

ਭੱਟ ਕਲਸਹਾਰ ਜੀ

ਭੱਟ ਜਾਲਪ ਜੀ

ਭੱਟ ਕਿਰਤ ਜੀ

ਭੱਟ ਭਿਖਾ ਜੀ

ਭੱਟ ਸਲ੍ਹ ਜੀ 

ਭੱਟ ਬਲ੍ਹ ਜੀ 

ਭੱਟ ਭਲ੍ਹ ਜੀ 

ਭੱਟ ਨਲ੍ਹ ਜੀ 

ਭੱਟ ਗਯੰਦ ਜੀ 

ਭੱਟ ਮਥੁਰਾ ਜੀ

ਭੱਟ ਹਰਬੰਸ ਜੀ

3 ਗੁਰਸਿੱਖ 

ਭਾਈ ਸੱਤਾ ਜੀ 

ਭਾਈ ਬਲਵੰਡ ਜੀ 

ਭਾਈ ਸੁੰਦਰ ਜੀ 

(ਕੁਝ ਵਿਦਵਾਨ ਉਪਰੋਕਤ ਮਹਾਂਪੁਰਖਾਂ ਦੀ ਬਾਣੀ ਤੋਂ ਇਲਾਵਾ ਬਿਹਾਗੜੇ ਕੀ ਵਾਰ ਮਹਲਾ ੪ ਵਿੱਚ ੩ ਸਲੋਕ ਭਾਈ ਮਰਦਾਨਾ ਜੀ ਦੇ ਮੰਨਦੇ ਹਨ। ਪਰ ਕੁਝ ਵਿਦਵਾਨਾਂ ਅਨੁਸਾਰ ਇਹ ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਣ ਕੀਤੇ ਹੋਏ ਹਨ।)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਜਾਂ ਨਿਰੰਕਾਰ ਦੇ ਬੋਲ ਹਨ, ਜੋ ਉਸ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ। ਇਸ ਪ੍ਰਥਾਇ ਗੁਰ ਫ਼ਰਮਾਨ ਹਨ;

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥

(ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੬੩)

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥

(ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੩੦੮)

ਦਸ ਗੁਰੂ ਸਾਹਿਬਾਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਵ ‘ਸ਼ਬਦ-ਗੁਰੂ’ ਹੀ ਸਾਡਾ ਗੁਰੂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ *‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’* ਦਾ ਸੁਨੇਹਾ ਦੇ ਕੇ ਸ਼ਬਦ-ਗੁਰੂ ਦੇ ਸਿਧਾਂਤ ਦੀ ਨੀਂਹ ਆਪ ਹੀ ਰੱਖ ਦਿੱਤੀ ਸੀ, ਜਿਸ ਦੀ ਪ੍ਰੋੜ੍ਹਤਾ ਸ੍ਰੀ ਗੁਰੂ ਰਾਮਦਾਸ ਜੀ ਆਪਣੀ ਪਾਵਨ ਬਾਣੀ ਵਿੱਚ ਇਸ ਤਰ੍ਹਾਂ ਕਰਦੇ ਹਨ ;

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥

ਦੁਨੀਆਂ ਦੇ ਮਹਾਨ ਵਿਦਵਾਨਾਂ ਦਾ ਮੰਨਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬੱਤ ਦੇ ਭਲੇ ਲਈ ਵੱਡਮੁੱਲਾ ਖਜ਼ਾਨਾ ਹੈ ਅਤੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਅਪਣਾ ਕੇ ਸੁਖੀ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇੰਗਲੈਂਡ ਦਾ ਨੋਬਲ ਪੁਰਸਕਾਰ ਵਿਜੇਤਾ ਅਤੇ ਮਹਾਨ ਵਿਦਵਾਨ, ਬਰਟਲੈਂਡ ਰਸਲ, ਲਿਖਦਾ ਹੈ ਕਿ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਸੰਬੰਧੀ ਸੰਸਾਰ ਨੂੰ ਜਾਣੂ ਨਾ ਕਰਵਾ ਕੇ ਬਹੁਤ ਵੱਡਾ ਪਾਪ ਕੀਤਾ ਹੈ ਕਿਉਂਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਠੀਕ ਢੰਗ ਨਾਲ ਦੁਨੀਆ ਨੂੰ ਸਮਝਾ ਦਿੱਤੀਆਂ ਜਾਂਦੀਆਂ ਤਾਂ ਸਮਾਜ ਦਾ ਵੱਡਾ ਵਿਕਾਸ ਹੋ ਸਕਦਾ ਸੀ।

ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮੁੱਚੀ ਮਾਨਵਤਾ ਤੱਕ ਪਹੁੰਚਾਉਣ ਲਈ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵੱਲੋਂ ਅਰੰਭ ਕੀਤੀ ਗਈ *ਜੀਵੀਏ ਗੁਰਬਾਣੀ ਨਾਲ ਲਹਿਰ* ਨੂੰ ਮਜ਼ਬੂਤ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ।

 

 ਹਵਾਲੇ :- 1. ਸਾਡਾ ਇਤਿਹਾਸ (ਪ੍ਰਿੰ. ਸਤਬੀਰ ਸਿੰਘ) ਪ੍ਰਕਾਸ਼ਕ: ਨਿਊ ਬੁੱਕ ਕੰਪਨੀ, ਜਲੰਧਰ

2. ਸਿੱਖਾਂ ਦੀ ਸੰਖੇਪ ਗਾਥਾ, ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ

3. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

4. ਸਿੱਖ ਇਤਿਹਾਸ (ਪ੍ਰਿੰ. ਤੇਜਾ ਸਿੰਘ, ਡਾ. ਗੰਡਾ ਸਿੰਘ) ਪ੍ਰਕਾਸ਼ਕ: ਪੰਜਾਬੀ ਯੂਨੀਵਰਸਿਟੀ, ਪਟਿਆਲਾ 

5. ਵਿਕੀਪੀਡੀਆ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ 

+91-82880-10531/

 officeatampargas@gmail.com

 http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਏਅਰ ਇੰਡੀਆ ਨੇ ਜਹਾਜ਼ 'ਤੇ ਲਿਖਵਾਇਆ 'ੴ' Watch Video

ਇਸ ਜਹਾਜ ਨਾਲ 31 ਅਕਤੂਬਰ ਤੋਂ ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਸ਼ੁਰੂ ਹੋਵੇਗੀ

ਹਫਤੇ ਵਿੱਚ ਤਿੰਨ ਬਾਰ ਉਡੇ ਗਾ ਇਹ ਜਹਾਜ

ਅੰਮ੍ਰਿਤਸਰ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਏਅਰ ਇੰਡੀਆ ਨੇ ਆਪਣੇ ਬੋਇੰਗ 787 ਡਰੀਮਲਾਈਨਰ ਜਹਾਜ਼ 'ਤੇ 'ੴ' ਲਿਖਵਾਇਆ ਹੈ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਾਏ ਜਾ ਰਹੇ ਜਸ਼ਨਾਂ ਨੂੰ ਧਿਆਨ 'ਚ ਰੱਖਦੇ ਹੋਏ ਸਿੱਖ ਸੰਗਤਾਂ ਨੂੰ ਤੋਹਫ਼ਾ ਦਿੰਦਿਆਂ ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਵਲੋਂ ਇਕ ਇਤਿਹਾਸਕ ਤੇ ਸ਼ਲਾਘਾਯੋਗ ਕਦਮ ਪੁੱਟਦਿਆਂ 31 ਅਕਤੂਬਰ ਤੋਂ ਅੰਮ੍ਰਿਤਸਰ ਸਟਾਂਸਟੇਡ (ਲੰਡਨ) ਦਰਮਿਆਨ ਸ਼ੁਰੂ ਹੋ ਰਹੀ ਏਅਰ ਇੰਡੀਆ ਦੀ ਪਲੇਠੀ ਉਡਾਣ ਨੂੰ ਰੰਗ ਰੋਗਨ ਕਰਵਾ ਕੇ ਉਸ ਦੇ ਅਖੀਰਲੇ ਹਿੱਸੇ ਉਪਰ 'ੴ' ਲਿਖਵਾਇਆ ਗਿਆ ਹੈ ਅਤੇ ਅਗਲੇ ਹਿੱਸੇ 'ਤੇ 'ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲ ਸੈਲੀਬ੍ਰੇਸ਼ਨਜ਼' ਲਿਖਿਆ ਹੋਵੇਗਾ। ਏਅਰ ਇੰਡੀਆ ਦੇ ਸੀ. ਐਮ. ਡੀ. ਅਸ਼ਵਨੀ ਲੋਹਾਨੀ ਨੇ ਦੱਸਿਆ ਕਿ ਅੰਮ੍ਰਿਤਸਰ-ਲੰਡਨ ਦਰਮਿਆਨ ਸਿੱਧੀ ਉਡਾਣ ਸ਼ੁਰੂ ਕਰਨ ਦੀ ਕਾਫ਼ੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਧੀ ਉਡਾਣ ਸ਼ੁਰੂ ਕਰਨ ਦਾ ਵਧੀਆ ਮੌਕਾ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ 'ਤੇ 'ੴ' ਲਿਖਵਾ ਕੇ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅਤੇ ਗੁਰੂ ਸਾਹਿਬ ਵਲੋਂ 'ਪ੍ਰਮਾਤਮਾ ਇਕ ਹੈ' ਦਾ ਸੰਦੇਸ਼ ਪੂਰੀ ਦੁਨੀਆ 'ਚ ਪਹੁੰਚਾ ਰਹੇ ਹਾਂ। ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੋਂ ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਸ਼ੁਰੂ ਹੋਵੇਗੀ, ਜਿਸ ਦਾ ਸਾਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਪਹਿਲੀ ਫਲਾਈਟ ਦੀਆਂ ਤਕਰੀਬਨ ਸਾਰੀਆਂ ਸੀਟਾਂ ਬੁੱਕ ਹੋ ਗਈਆਂ ਹਨ। ਇਹ ਜਹਾਜ਼ 31 ਅਕਤੂਬਰ ਦੇ ਬਾਅਦ ਹਫ਼ਤੇ 'ਚ ਤਿੰਨ ਦਿਨ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਦੇ ਸਟਾਂਸਟੇਡ ਹਵਾਈ ਅੱਡੇ ਦਰਮਿਆਨ ਉਡਾਣ ਭਰੇਗਾ। ਇਹ ਫਲਾਈਟ ਹਫ਼ਤੇ 'ਚ ਤਿੰਨ ਦਿਨ ਸੋਮਵਾਰ, ਵੀਰਵਾਰ ਅਤੇ ਸਨਿਚਰਵਾਰ ਨੂੰ ਚੱਲੇਗੀ। ਇਸ ਫਲਾਈਟ 'ਚ ਯਾਤਰੀਆਂ ਲਈ ਪੰਜਾਬੀ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਦੇ ਯਤਨਾਂ ਸਦਕਾ ਏਅਰ ਇੰਡੀਆ ਵਲੋਂ ਆਪਣੇ ਇਸ ਜਹਾਜ਼ 'ਤੇ 'ੴ' ਲਿਖਣ ਦੇ ਲਏ ਫ਼ੈਸਲੇ ਦਾ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਮਾਣੂੰਕੇ ਵਿਖੇ ਭਰਵਾਂ ਸਵਾਗਤ

ਸੰਗਤਾਂ ਵੱਲੋਂ ਪਾਲਕੀ ਸਾਹਿਬ ਦੀ ਉਡੀਕ ਸਮੇਂ ਦਰਸ਼ਨਾਂ ਦੀ ਤਾਂਘ ਅਤੇ ਆਉਣ 'ਤੇ ਫੁੱਲਾਂ ਦੀ ਵਰਖਾ ਇਕ ਦੇਖਣਯੋਗ ਸੀ​

ਜਗਰਾਉਂ/ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਹਲਕਾ ਜਗਰਾਉਂ ਦੀਆਂ ਸੰਗਤਾਂ ਵੱਲੋਂ ਨਗਰ ਮਾਣੂੰਕੇ ਵਿਖੇ ਪਹੁੰਚੇ ਅੰਤਰਰਾਸ਼ਟਰੀ ਨਗਰ ਕੀਰਤਨ ਅੰਦਰ ਗੁਰੂ ਸਾਹਿਬ ਜੀ ਦੀ ਸ਼ਾਨ ਅਤੇ ਸੰਗਤਾਂ ਵੱਲੋਂ ਸਤਿਕਾਰ ਅਤੇ ਪਿਆਰ ਦਾ ਉਮੜਿਆ ਅਧਾਹ ਸਮੁੰਦਰ ਇਕ ਅਲੌਕਿਕ ਨਜ਼ਾਰਾ ਹੋ ਨਿਬੜਿਆ। ਸੰਗਤਾਂ ਵੱਲੋਂ ਪਾਲਕੀ ਸਾਹਿਬ ਦੀ ਉਡੀਕ ਸਮੇਂ ਦਰਸ਼ਨਾਂ ਦੀ ਤਾਂਘ ਅਤੇ ਆਉਣ 'ਤੇ ਫੁੱਲਾਂ ਦੀ ਵਰਖਾ ਇਕ ਦੇਖਣਯੋਗ ਸੀ। ਇੱਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਨ ਉਪਰਾਲੇ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਚਲਿਆ ਅੰਤਰਰਾਸ਼ਟਰੀ ਨਗਰ ਕੀਰਤਨ ਸਰਹੱਦਾਂ ਪਾਰ ਕਰਨ ਤੋਂ ਉਪਰੰਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਹੁੰਦਾ ਹੋਇਆ ਪੰਜਾਬ ਪਹੁੰਚਿਆ ਤੇ ਅੱਜ ਬੰਦੀ ਛੋੜ ਦਿਹਾੜੇ 'ਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਤੋਂ ਆਰੰਭ ਹੋ ਕੇ ਹਲਕਾ ਜਗਰਾਉਂ ਦੇ ਪਿੰਡ ਮਾਣੂੰਕੇ ਵਿਖੇ ਪਹੁੰਚਿਆ। ਇਸ ਸਮੇਂ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਪਹੁੰਚੀਆਂ। ਸੰਗਤਾਂ ਲਈ ਚਾਹ, ਫਰੂਟ ਤੇ ਪਾਣੀ ਦੇ ਲੰਗਰ ਲਗਾਏ ਹੋਏ ਸਨ। ਨਗਰ ਕੀਰਤਨ ਪਹੁੰਚਣ 'ਤੇ ਜੈਕਾਰਿਆਂ ਦੀ ਗੂੰਜ 'ਚ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ 'ਚ ਸਵਾਗਤ ਕੀਤਾ ਗਿਆ, ਉਥੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਰੁਮਾਲਾ ਸਾਹਿਬ ਭੇਂਟ ਕਰਨ ਦੀ ਰਸਮ ਹਲਕਾ ਇੰਚਾਰਜ ਐਸ. ਆਰ. ਕਲੇਰ ਨੇ ਕੀਤੀ। ਇਸ ਮੌਕੇ 'ਤੇ ਵਿਸ਼ੇਸ਼ ਕਰਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਕ ਕਮੇਟੀ ਮੈਂਬਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ, ਜੱਥੇਦਾਰ ਹਰਸੁਰਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ ਮੱਲ੍ਹਾ, ਮੈਨੇਜਰ ਕਰਮਜੀਤ ਸਿੰਘ ਨਾਭਾ, ਨਗਰ ਦੇ ਸਰਪੰਚ ਗੁਰਮੁਖ ਸਿੰਘ ਮਾਣੂੰਕੇ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਨਿਰਮਲ ਸਿੰਘ ਮਾਣੂੰਕੇ ਤੇ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਘਣ ਸਿੰਘ ਨੇ ਸਿਰੋਪਾਓ ਭੇਟ ਕਰਕੇ ਆਏ ਹੋਏ ਪ੍ਰਬੰਧਕਾਂ ਦਾ ਸਨਮਾਨ ਕੀਤਾ। ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਕੀਤੇ ਯੋਗ ਪ੍ਰਬੰਧਾਂ ਲਈ ਇਲਾਕੇ ਦੀਆਂ ਸੰਗਤਾਂ ਨੇ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਕੀਤਾ। ਭਾਈ ਗਰੇਵਾਲ ਨੇ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗੁਰੂ ਕ੍ਰਿਪਾ ਕਰੇ ਸਭ ਨੂੰ ਚੜ੍ਹਦੀ ਕਲਾਂ ਬਖਸ਼ੇ, ਆਓ ਆਪਾਂ ਗੁਰੂ ਸਾਹਿਬ ਜੀ ਦੇ ਦਿੱਤੇ ਸਿਧਾਂਤ 'ਨਾਮ ਜਪੋ, ਕਿਰਤ ਕਰੋ, ਵੰਡ ਛਕੋ' ਨੂੰ ਅਪਣਾਉਣੇ ਹੋਏ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣਾ ਕਰੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਇੰਦਰ ਸਿੰਘ ਭੰਡਾਰੀ, ਜਸਵੀਰ ਸਿੰਘ ਦੇਹੜਕਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗੁਰਪ੍ਰੀਤ ਸਿੰਘ ਭਜਨਗੜ, ਪ੍ਰਤਾਪ ਸਿੰਘ, ਕੁਲਬੀਰ ਸਿੰਘ ਸਰਨਾ, ਗੁਰਚਰਨ ਸਿੰਘ ਲੱਖਾ, ਰਛਪਾਲ ਸਿੰਘ ਚਕਰ, ਹਰਚੰਦ ਸਿੰਘ, ਸੁਰਵੇਸ਼ ਕੁਮਾਰ, ਹਰਵਿੰਦਰ ਸਿੰਘ ਚਾਵਲਾ, ਸੁਰਜੀਤ ਸਿੰਘ ਲੱਖਾ, ਗੁਰਦੁਆਰਾ ਗੁਰੂ ਰਾਮਦਾਸ ਕਮੇਟੀ ਮੈਂਬਰ ਐਸ.ਐਸ. ਚੱਢਾ, ਗੁਰਪ੍ਰੀਤ ਸਿੰਘ ਕਾਉਂਕੇ, ਹਰਵਿੰਦਰ ਸਿੰਘ ਢੋਲਣ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ ਮਾਣੂੰਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।

ਬਾਬਾ ਵਿਸ਼ਵਕਰਮਾ ਜੀ ਸ੍ਰਿਸ਼ਟੀ ਦੇ ਸ੍ਰੇਸ਼ਟ ਨਿਰਮਾਤਾ, ਸਮਾਜ ਦੇ ਹਰੇਕ ਵਰਗ ਨੂੰ ਬਾਬਾ ਵਿਸ਼ਵਕਰਮਾ ਦੀ ਸੋਚ 'ਤੇ ਚੱਲਣ ਦਾ ਸੱਦਾ

ਬਾਬਾ ਵਿਸ਼ਵਕਰਮਾ ਜੀ ਦੇ ਨਾਮ 'ਤੇ ਲੁਧਿਆਣਾ ਵਿੱਚ ਸਥਾਪਤ ਕੀਤਾ ਜਾਵੇਗਾ ਹੁਨਰ ਵਿਕਾਸ ਕੇਂਦਰ-ਭਾਰਤ ਭੂਸ਼ਣ ਆਸ਼ੂ
ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਬਾਬਾ ਵਿਸ਼ਵਕਰਮਾ ਜੀ ਨੂੰ ਭਾਵਭਿੰਨਾ ਸਤਿਕਾਰ ਭੇਟ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਜਲਦ ਹੀ ਬਾਬਾ ਵਿਸ਼ਵਕਰਮਾ ਜੀ ਦੇ ਨਾਮ 'ਤੇ ਉੱਚ ਮਿਆਰੀ ਹੁਨਰ ਵਿਕਾਸ ਕੇਂਦਰ ਖੋਲਿਆ ਜਾਵੇਗਾ। ਇਸ ਕੇਂਦਰ 'ਤੇ ਕਰੀਬ 3.5 ਕਰੋੜ ਰੁਪਏ ਦੀ ਲਾਗਤ ਆਵੇਗੀ। ਉਹ ਅੱਜ ਸਥਾਨਕ ਵਿਸ਼ਵਕਰਮਾ ਚੌਕ ਸਥਿਤ ਪ੍ਰਾਚੀਨ ਬਾਬਾ ਵਿਸ਼ਵਕਰਮਾ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਰਾਜ ਪੱਧਰੀ ਵਿਸ਼ਵਕਰਮਾ ਦਿਵਸ ਨੂੰ ਸੰਬੋਧਨ ਕਰ ਰਹੇ ਸਨ। ਆਸ਼ੂ ਨੇ ਕਿਹਾ ਕਿ ਇਹ ਕੇਂਦਰ ਹਲਕਾ ਗਿੱਲ ਦੇ ਦੁੱਗਰੀ ਕਲੱਸਟਰ ਵਿੱਚ ਸਥਾਪਤ ਕੀਤਾ ਜਾਵੇਗਾ, ਜਿਸ ਦੇ ਸ਼ੁਰੂ ਹੋਣ ਨਾਲ ਜਿੱਥੇ ਨੌਜਵਾਨਾਂ ਨੂੰ ਕਿੱਤਾਮੁੱਖੀ ਸਿੱਖਿਆ ਦਾ ਨਵਾਂ ਰਾਹ ਮਿਲੇਗਾ ਉਥੇ ਹੀ ਸਨਅਤੀ ਸ਼ਹਿਰ ਲੁਧਿਆਣਾ ਦੀਆਂ ਕਿਰਤੀ ਲੋੜਾਂ ਵੀ ਪੂਰੀਆਂ ਹੋਣਗੀਆਂ। ਉਨਾਂ ਭਰੋਸਾ ਦਿੱਤਾ ਕਿ ਇਸ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ ਅਤੇ ਇਸ ਦਿਸ਼ਾ ਵਿੱਚ ਫੰਡਾਂ ਦੀ ਕਮੀ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਇਸ ਮੌਕੇ ਪ੍ਰਾਚੀਨ ਵਿਸ਼ਵਰਮਾ ਭਵਨ ਦੇ ਨਿਰਮਾਣ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਵੀ ਦੇਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ 'ਕਿਰਤ ਦੇ ਦੇਵਤਾ' ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਜੀ ਪੂਰੇ ਬ੍ਰਹਿਮੰਡ (ਸ੍ਰਿਸ਼ਟੀ) ਦੇ ਸ੍ਰੇਸ਼ਟ ਨਿਰਮਾਤਾ ਹਨ, ਜਿਨਾਂ ਨੂੰ ਸਨਅਤਾਂ ਵਿੱਚ ਕਿਰਤੀਆਂ ਵੱਲੋਂ ਵਰਤੀ ਜਾਂਦੀ ਮਸ਼ੀਨਰੀ ਅਤੇ ਸੰਦਾਂ ਦਾ ਮਾਲਿਕ ਮੰਨਿਆ ਜਾਂਦਾ ਹੈ। ਕਿਸੇ ਵੀ ਸੂਬੇ ਜਾਂ ਖਿੱਤੇ ਦਾ ਸਨਅਤੀ ਵਿਕਾਸ ਤਾਂ ਹੀ ਸੰਭਵ ਹੈ, ਜੇਕਰ ਉਥੇ ਸਨਅਤਾਂ ਨੂੰ ਵਿਕਸਤ ਕਰਨ ਲਈ ਬਾਬਾ ਵਿਸ਼ਵਕਰਮਾ ਦੀ ਜੀ ਸੋਚ ਨੂੰ ਲਾਗੂ ਕੀਤਾ ਜਾਵੇ ਅਤੇ ਸਨਅਤਾਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਬਣਦਾ ਸਤਿਕਾਰ ਅਤੇ ਮਿਹਨਤ ਦਾ ਮੁੱਲ ਮਿਲੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸਨਅਤਾਂ ਦੇ ਵਿਕਾਸ ਲਈ ਉਪਰਾਲੇ ਕਰ ਰਹੀ ਹੈ, ਉਥੇ ਹੀ ਮਜਦੂਰ ਅਤੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਬਾ ਜੀ ਦੀ ਸੋਚ ਨੂੰ ਅਪਣਾਉਂਦਿਆਂ ਸੂਬੇ ਵਿੱਚ ਹੁਨਰ ਵਿਕਾਸ ਸਿਖ਼ਲਾਈ 'ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਬਾਬਾ ਜੀ ਵੱਲੋਂ ਦਰਸਾਏ ਰਸਤੇ 'ਤੇ ਚੱਲਦਿਆਂ ਹੁਨਰਮੰਦ ਹੋ ਕੇ ਦੇਸ਼ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਨਰ ਵਿਕਾਸ ਸਿਖ਼ਲਾਈ 'ਤੇ ਦਿੱਤੇ ਜਾ ਰਹੇ ਜ਼ੋਰ ਨਾਲ ਨੌਜਵਾਨਾਂ ਦਾ ਭਵਿੱਖ ਸੰਵਾਰਿਆ ਜਾਵੇਗਾ ਤਾਂ ਜੋ ਇਹ ਵਧੀਆ, ਇੱਜ਼ਤ ਵਾਲਾ ਅਤੇ ਸੁਰੱਖਿਅਤ ਜੀਵਨ ਮਾਣ ਸਕਣ। ਹਰ ਵਰਗ ਦੇ ਲੋਕਾਂ ਨੂੰ ਬਾਬਾ ਵਿਸ਼ਵਕਰਮਾ ਜੀ ਵੱਲੋਂ ਦਰਸਾਏ ਹੋਏ ਰਸਤੇ 'ਤੇ ਚੱਲਣ ਦੀ ਅਪੀਲ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਰਿੰਦਰ ਡਾਵਰ ਅਤੇ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਨੌਜਵਾਨ ਵਰਗ ਨੂੰ ਕਿਸੇ ਨਾ ਕਿਸੇ ਤਰੀਕੇ ਕਿੱਤਾਮੁੱਖੀ ਅਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾਵੇ। ਉਨਾਂ ਜ਼ਿਲਾ ਲੁਧਿਆਣਾ ਦਾ ਵਰਨਣ ਕਰਦਿਆਂ ਕਿਹਾ ਕਿ ਇਥੇ ਪੰਜਾਬ ਸਰਕਾਰ ਵੱਲੋਂ ਇੱਕ ਬਹੁਪੱਖੀ ਹੁਨਰ ਵਿਕਾਸ ਕੇਂਦਰ ਦੇ ਨਾਲ-ਨਾਲ ਹੋਰ ਕਈ ਹੁਨਰ ਵਿਕਾਸ ਕੇਂਦਰ ਖੋਲੇ ਗਏ ਹਨ, ਜਿਨਾਂ ਦਾ ਭਵਿੱਖ ਵਿੱਚ ਬਹੁਤ ਲਾਭ ਮਿਲੇਗਾ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿੱਤਾਮੁੱਖੀ ਸਿਖ਼ਲਾਈ ਲੈ ਕੇ ਆਪਣੇ ਪੈਰਾਂ 'ਤੇ ਖੁਦ ਖੜੇ ਹੋਣ ਅਤੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਲਿਜਾਣ ਵਿੱਚ ਆਪਣਾ ਯੋਗਦਾਨ ਪਾਉਣ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਮੱਧਮ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਆਸ਼ੂ ਰਾਹੀਂ ਪੰਜਾਬ ਸਰਕਾਰ ਮੂਹਰੇ ਮੰਗ ਰੱਖੀ ਕਿ ਲੁਧਿਆਣਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੀ ਯਾਦ ਵਿੱਚ ਉਸਾਰੇ ਜਾ ਰਹੇ ਵਿਸ਼ਵਕਰਮਾ ਭਵਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨਾਂ ਨੇ ਲਗਾਤਾਰ ਦੂਜੇ ਸਾਲ ਲੁਧਿਆਣਾ ਦੇ ਪ੍ਰਾਚੀਨ ਵਿਸ਼ਵਕਰਮਾ ਮੰਦਿਰ ਨੂੰ ਇਸ ਰਾਜ ਪੱਧਰੀ ਸਮਾਗਮ ਨੂੰ ਕਰਾਉਣ ਲਈ ਚੁਣਿਆ ਹੈ। ਇਸ ਮੌਕੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ ਭੋਗਲ, ਸੁਰਜੀਤ ਸਿੰਘ ਚੱਗਰ, ਪਰਮਜੀਤ ਸਿੰਘ ਪਲਾਹਾ, ਸੁਰਿੰਦਰ ਸਿੰਘ ਪਨੇਸਰ, ਸੁਰਜੀਤ ਸਿੰਘ ਲੋਟੇ, ਮਨਮੋਹਨ ਸਿੰਘ ਚੱਗਰ, ਇੰਦਰਜੀਤ ਸਿੰਘ ਸੋਹਲ, ਅਮਰਜੀਤ ਸਿੰਘ ਡਿੰਪਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਬੈਕਫਿੰਕੋ ਦੇ ਉੱਪ ਚੇਅਰਮੈਨ ਮੁਹੰਮਦ ਗੁਲਾਬ, ਭਾਵਾਧਸ ਆਗੂ ਨਰੇਸ਼ ਧੀਂਗਾਨ, ਇਕਬਾਲ ਸਿੰਘ ਸੋਨੂੰ ਕੌਂਸਲਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੁਲਵੰਤ ਸਿੱਘ ਸਿੱਧੂ, ਰਣਜੀਤ ਕੁਮਾਰ ਸੱਲ ਮੰਦਰ ਕਮੇਟੀ ਪ੍ਰਧਾਨ, ਅਸ਼ੀਸ਼ ਸੱਲ ਅਤੇ ਹੋਰ ਵੀ ਹਾਜ਼ਰ ਸਨ।

ਸ੍ਰੀ ਅਕਾਲ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੌਮ ਦੇ ਨਾਂ 'ਤੇ ਸੰਦੇਸ਼ 

ਅੰਮ੍ਰਿਤਸਰ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ)-

ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 'ਬੰਦੀ ਛੋੜ ਦਿਵਸ' ਅਤੇ ਦੀਵਾਲੀ ਦਾ ਪਵਿੱਤਰ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਧੁਰ ਕੀ ਬਾਣੀ ਦੇ ਇਲਾਹੀ ਕੀਰਤਨ ਸਰਵਣ ਕੀਤੇ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸੁੰਦਰ ਦੀਪਮਾਲਾ ਕੀਤੀ ਗਈ ਅਤੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਕੀਤੀ ਗਈ। ਇਸ ਦੌਰਾਨ ਸ੍ਰੀ ਅਕਾਲ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੌਮ ਦੇ ਨਾਂ 'ਤੇ ਸੰਦੇਸ਼ ਵੀ ਪੜ੍ਹਿਆ ਗਿਆ।

 

ਮੁੱਖ ਮੰਤਰੀ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ

ਚੰਡੀਗੜ੍ਹ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਸੂਬਾ ਵਾਸੀ ਇਹ ਤਿਉਹਾਰ ਵਾਤਾਵਰਨ ਪੱਖੀ ਹੋ ਕੇ ਮਨਾਉਣਗੇ ਅਤੇ ਇਹ ਪਵਿੱਤਰ ਦਿਹਾੜਾ ਹਰੇਕ ਲਈ ਤਰੱਕੀ ਤੇ ਖੁਸ਼ਹਾਲੀ ਲਿਆਵੇਗਾ। ਉਨ੍ਹਾਂ ਪਰਾਲੀ ਸਾੜਨ ਦੇ ਖਤਰਨਾਕ ਰੁਝਾਨ ਨੂੰ ਰੋਕਣ ਦੀ ਵੀ ਅਪੀਲ ਕੀਤੀ। ਮੁੱਖ ਮੰਤਰੀ ਨੇ ਲੋਕਾਂ ਨੂੰ ਰੌਸ਼ਨੀਆਂ ਦਾ ਤਿਉਹਾਰ ਵਾਤਾਵਰਨ ਪੱਖੀ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਪਟਾਕੇ ਨਾ ਚਲਾਉਣ ਲਈ ਵੀ ਪ੍ਰੇਰਿਆ ਅਤੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨਾ ਸਾੜਨ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਸੁਥਰਾ ਤੇ ਸ਼ੁੱਧ ਵਾਤਾਵਰਨ ਸਿਰਜ ਸਕੀਏ। ਮੁੱਖ ਮੰਤਰੀ ਨੇ ਸਮੂਹ ਲੋਕਾਂ ਖਾਸ ਕਰ ਕੇ ਸਿੱਖ ਪੰਥ ਨੂੰ ‘ਬੰਦੀ ਛੋੜ ਦਿਵਸ’ ਦੇ ਇਤਿਹਾਸਕ ਦਿਹਾੜੇ ਦੀ ਵੀ ਮੁਬਾਰਕਬਾਦ ਦਿੱਤੀ। ਇਹ ਦਿਵਸ 1612 ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦੀਵਾਲੀ ਵਾਲੇ ਦਿਨ ਹੀ ਗਵਾਲੀਅਰ ਦੇ ਕਿਲ੍ਹੇ ਤੋਂ 52 ਹਿੰਦੂ ਰਾਜਿਆਂ ਨੂੰ ਛੁਡਾਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਵਿਸ਼ਵਕਰਮਾ ਦਿਵਸ ਦੀ ਵੀ ਮੁਬਾਰਕਬਾਦ ਦਿੱਤੀ।

ਗਿਆਨ ਦਾ ਦੀਵਾ ਬਾਲਣ ਲਈ ਸਵਾ ਮੀਲ ਤੁਰਦੇ ਨੇ ਬੱਚੇ

ਭਾਈਰੂਪਾ,ਅਕਤੂਬਰ 2019-(ਏਜੰਸੀ)  ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਰਾਜਗੜ੍ਹ ਖੁਰਦ ’ਚ ਸਕੂਲ ਨਾ ਹੋਣ ਕਾਰਨ ਸੈਂਕੜੇ ਬੱਚਿਆਂ ਨੂੰ ਗੁਆਂਢੀ ਪਿੰਡ ਦੇ ਸਕੂਲ ਵਿੱਚੋਂ ਵਿੱਦਿਆ ਹਾਸਲ ਕਰਨ ਲਈ 2 ਕਿਲੋਮੀਟਰ ਦਾ ਸਫਰ ਤੁਰ ਕੇ ਤੈਅ ਕਰਨਾ ਪੈਂਦਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਸਮੱਸਿਆ ਨੂੰ ਸਮਝਣ ਲਈ ਲੋਕ ਇਨਸਾਫ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਅਤੇ ਸਾਥੀਆਂ ਨੇ ਬੁਰਜ ਰਾਜਗੜ੍ਹ ਦੇ ਸਕੂਲ ਤੋਂ ਛੁੱਟੀ ਹੋਣ ਮਗਰੋਂ ਸੈਂਕੜੇ ਬੱਚਿਆਂ ਨਾਲ 2 ਕਿਲੋਮੀਟਰ ਦਾ ਸਫਰ ਤੈਅ ਕਰਕੇ ਉਨ੍ਹਾਂ ਦੇ ਪਿੰਡ ਰਾਜਗੜ੍ਹ ਖੁਰਦ ਵਿਖੇ ਪੁੱਜਦਾ ਕੀਤਾ। ਇਸ ਮੌਕੇ ਬੱਚਿਆਂ ਦੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਸਰਕਾਰ ਨੂੰ ਭੰਡਣ ਲਈ ਨਾਅਰੇ ਲਿਖੇ ਹੋਏ ਸਨ।
ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਲਿਖਤੀ ਤੌਰ ’ਤੇ ਬੇਨਤੀ ਪੱਤਰ ਸਿੱਖਿਆ ਵਿਭਾਗ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਧਿਆਨ ਹਿੱਤ ਲਿਆ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਪਿੰਡ, ਮਾਲ ਮੰਤਰੀ ਦਾ ਗੁਆਂਢੀ ਪਿੰਡ ਹੈ ਤੇ ਸਕੂਲ ਚਲਾਉਣ ਲਈ ਪਿੰਡ ਦੀ ਪੰਚਾਇਤ ਨੇ ਇਮਾਰਤ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਸੂਬਾ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ।
ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਦੀ ਸੰਭਾਲ ਉਪਰੰਤ ਜੇਕਰ ਸਰਕਾਰ ਨੇ ਸਕੂਲ ਦਾ ਪ੍ਰਬੰਧ ਨਾ ਕੀਤਾ ਤਾਂ ਪਿੰਡ ਵਾਸੀਆਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਲੋਕ ਇਨਸਾਫ ਪਾਰਟੀ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ‘ਸਿਰੜੀ ਵਿਦਿਆਰਥੀ’ ਦੇ ਐਵਾਰਡ ਨਾਲ ਨਿਵਾਜਦਿਆਂ ਕਾਪੀਆਂ ਅਤੇ ਪੈੱਨ ਭੇਟ ਕੀਤੇ। ਇਸ ਮੌਕੇ ਸੁਰਜੀਤ ਸਿੰਘ ਭਾਈਰੂਪਾ, ਗੁਰਵਿੰਦਰ ਬਾਠ, ਸਮਸ਼ੇਰ ਮੱਲੀ, ਡਾ. ਕੁਲਵਿੰਦਰ ਸਿੰਘ ਤੇ ਅਸ਼ਰਫ ਖਾਨ ਆਦਿ ਹਾਜ਼ਰ ਸਨ।

ਸਰਕਾਰ ਦੀ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਨੂੰ ਸਾਂਝੇ ਤੌਰ ’ਤੇ ਮਨਾਉਣ ਦੀ ਪੇਸ਼ਕਸ਼ ਸ਼੍ਰੋਮਣੀ ਕਮੇਟੀ ਵਲੋਂ ਰੱਦ

ਚੰਡੀਗੜ੍ਹ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ)-
550 ਸਾਲਾ ਪ੍ਰਕਾਸ਼ ਪੁਰਬ ਦੇ 12 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਨੂੰ ਸਾਂਝੇ ਤੌਰ ’ਤੇ ਸਰਕਾਰੀ ਮੰਚ ’ਤੇ ਮਨਾਉਣ ਦੀ ਪੇਸ਼ਕਸ਼ ਸ਼੍ਰੋਮਣੀ ਕਮੇਟੀ ਨੇ ਰੱਦ ਕਰ ਦਿੱਤੀ ਹੈ। ਇਹ ਪੇਸ਼ਕਸ਼ ਸ਼੍ਰੋਮਣੀ ਕਮੇਟੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਕੀਤੀ ਗਈ। ਇਸ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਿਹਾਇਸ਼ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 21 ਅਕਤੂਬਰ ਨੂੰ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਮਗਰੋਂ ਹੁਕਮ ਦਿੱਤਾ ਸੀ ਕਿ 11 ਅਤੇ 12 ਨਵੰਬਰ ਦੇ ਮੁੱਖ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਬੇਰ ਸਾਹਿਬ ਤੋਂ ਕੀਤੇ ਜਾਣਗੇ, ਜਿਸ ਵਿਚ ਸਰਕਾਰ ਸਮੇਤ ਹਰੇਕ ਜਥੇਬੰਦੀ ਨੂੰ ਸ਼ਾਮਲ ਹੋਣ ਲਈ ਆਖਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਗਈ ਕਿ 11 ਨਵੰਬਰ ਨੂੰ ਹੋਣ ਵਾਲਾ ਇਕ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾਵੇ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ, ਜਦੋਂਕਿ ਦੂਜਾ ਸਮਾਗਮ 12 ਨਵੰਬਰ ਨੂੰ ਸਰਕਾਰ ਵਲੋਂ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਇਸ ਸਮਾਗਮ ਵਿਚ ਸਰਕਾਰ ਦੇ ਮੰਚ ‘ਤੇ ਸ਼ਾਮਲ ਹੋਵੇ। ਇਸ ਸਮਾਗਮ ਵਿਚ ਰਾਸ਼ਟਰਪਤੀ ਦੇ ਪੁੱਜਣ ਦੀ ਸੰਭਾਵਨਾ ਹੈ। ਇਸ ਸਬੰਧੀ ਹੋਈ ਮੀਟਿੰਗ ਵਿੱਚ ਕੁਝ ਕੈਬਨਿਟ ਮੰਤਰੀ ਵੀ ਹਾਜ਼ਰ ਸਨ। ਸਰਕਾਰੀ ਨੁਮਾਇੰਦਿਆਂ ਵਲੋਂ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਹੁੰਗਾਰੇ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕਰਨ ਦੀ ਯੋਜਨਾ ਹੈ। ਸ੍ਰੀ ਲੌਂਗੋਵਾਲ ਨੇ ਆਖਿਆ ਕਿ ਉਨ੍ਹਾਂ ਸਰਕਾਰੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਅਕਾਲ ਤਖ਼ਤ ਦੇ ਆਦੇਸ਼ਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਅਕਾਲ ਤਖ਼ਤ ਤੋਂ ਆਦੇਸ਼ ਦਿੱਤੇ ਗਏ ਹਨ ਕਿ 11 ਅਤੇ 12 ਨਵੰਬਰ ਦੇ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਬਣਾਏ ਗਏ ਮੰਚ ਤੋਂ ਹੀ ਕੀਤੇ ਜਾਣ। ਦੱਸਣਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਸਰਕਾਰ ਸਮੇਤ ਹੋਰਨਾਂ ਧਿਰਾਂ ਵਲੋਂ ਵੱਖਰੇ ਤੌਰ ‘ਤੇ ਮਨਾਏ ਜਾਣ ਵਾਲੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਕੋਈ ਰੋਕ ਨਹੀਂ ਲਾਈ ਗਈ ਹੈ।

27 ਅਕਤੂਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਅਕਤੂਬਰ 2019- ਸਾਬਿਕਾ ਡਾਇਰੈਕਟਰ ਪੰਜਾਬ ਸਰਕਾਰ ਡਾ ਬਲਦੇਵ ਸਿੰਘ  ਚਲੰਤ ਮਾਮਲਿਆਂ ਦੇ ਮਾਹਰ ਅਤੇ ਜਰਨਲਲਿਸਟ ਇਕਬਾਲ ਸਿੰਘ ਰਸੂਲਪੁਰ

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਅੱਜ ਸਾਨੂੰ ਦੀਵਾਲੀ ਮਨਾਉਣ ਵਾਰੇ ਸੋਚਣ ਦੀ ਲੋੜ...! ਦੀਵਾਲੀ ਕਿਵੇਂ ਮਨਾਈਏ...? Video

ਅੱਜ ਸਾਨੂੰ ਦੀਵਾਲੀ ਮਨਾਉਣ ਵਾਰੇ ਸੋਚਣ ਦੀ ਲੋੜ...! Watch Video

ਕਿਵੇ ਮਨਾਈਏ ਦੀਵਾਲੀ ਗਲ ਬਾਤ Dr ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ,Dr ਅਸੋਕ ਸ਼ਰਮਾ, ਅਧਿਆਪਕ ਚਰਨਪਾਲ ਸਿੰਘ

ਡਰੀਮਿੰਗ ਐਬਰੌਡ ਬੱਧਨੀ ਕਲਾਂ ਨੇ ਪਰਮਜੀਤ ਕੌਰ ਬਲਾਸਪੁਰ ਦਾ ਕਨੇਡਾ ਦਾ ਵੀਜਾ ਲਗਾਵਾਇਆ ।

ਬੱਧਨੀ ਕਲਾਂ,ਅਕਤੂਬਰ 2019-(ਗੁਰਸੇਵਕ ਸੋਹੀ)- ਇਲਾਕੇ ਦੀ ਬਹੁਤ ਹੀ ਮਸਹੂਰ ਸੰਸਥਾ ਡਰੀਮਿੰਗ ਐਬਰੌਡ ਨੇ ਪਰਮਜੀਤ ਕੌਰ ਬਲਾਸਪੁਰ ਦਾ ਕਨੇਡਾ ਦਾ ਵੀਜਾ ਲਗਵਾਇਆ ਅਤੇ ਐਮ , ਡੀ ,ਚਰਨਜੀਤ ਸਿੰਘ ਸੋਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਸੰਸਥਾ ਕੋਲ ਕੋਈ ਵੀ ਸਟੂਡੈਂਟ ਔਰਤ ਵਿਆਕਤੀ ਜਾ ਹੋਰ ਕਿਸੇ ਵੀ ਕਿਸਮ ਦੇ  ਵੀਜੇ ਲਗਵਾਉਣ ਲਈ ਅਉਦੇ ਨੇ ਉਨ੍ਹਾਂ ਦੀ ਫੈਲ ਵਧੀਆ ਤਰੀਕੇ ਨਾਲ ਤਿਆਰ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਂਦਾ ਹੈ । ਇਹ ਸੰਸਥਾ ਟੈਲੀਫੋਨ ਅਕਸਚੇਂਜ ਕੋਲ ਜੀ ਟੀ ਰੋਡ ਪਰ ਸਥਿਤ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ । ਪਰਮਜੀਤ ਕੌਰ ਬਲਾਸਪੁਰ ਨੇ ਦੱਸਿਆ ਹੈ ਕਿ ਥੋੜੇ ਹੀ ਸਮੇਂ ਵਿੱਚ ਇਸ ਸੰਸਥਾ ਨੇ ਮੇਰਾ ਕਨੇਡਾ ਜਾਣ ਦਾ ਸੁਪਨਾ ਪੂਰਾ ਕਰ ਦਖਿਆ ਮੇਹਨਤੀ ਸਟਾਫ ਤੇ ਇਸ ਸੰਸਥਾ ਦਾ ਧੰਨਵਾਦ ਕਰਦੀ ਹਾ ।

ਦਿਵਾਲੀ ਤੇ ਨਕਲੀ ਮਠਿਆਈਆਂ ਅਤੇ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਫੜਨ ਲਈ ਪ੍ਰਸਾਸ਼ਨ ਦੀ ਪਰਖ ਦੀ ਘੜੀ ਆ ਗਈ।

ਬਰਨਾਲਾ,ਅਕਤੂਬਰ 2019-(ਗੁਰਸੇਵਕ ਸੋਹੀ)-ਇਲਾਕੇ ਅੰਦਰ ਨਕਲੀ ਮਠਿਆਈਆਂ ਅਤੇ ਵਸਤਾਂ ਪਟਾਕਿਆਂ ਨੂੰ ਫੜਨ ਲਈ ਫੂਡ ਸੇਫਟੀ ਸਿਹਤ ਸੇਲ ਅਤੇ ਇਨਕਮ ਟੈਕਸ ਵਿਭਾਗ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾ ਤੇ ਨਕਲੀ ਮਠਿਆਈਆਂ ਨੂੰ ਫੜਨ ਵਿੱਚ ਕਿੰਨੀ ਕਾਮਯਾਬੀ ਹਾਸਲ ਕਰਨਗੇ,ਇਹ ਤਾਂ ਦਿਵਾਲੀ ਤੋਂ ਦੂਜੇ ਦਿਨ ਹੀ ਪਤਾ ਲੱਗੇਗਾ।ਡੀ,ਐਸ,ਪੀ ਮੈਡਮ ਪ੍ਰਗਿਆ ਜੈਨ ਵੱਲੋਂ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਜਿਲ੍ਹਾ ਮਜਿਸਟ੍ਰੇਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੇਵਲ 6 ਹੋਲਡਰਾਂ ਨੂੰ ਪਟਾਕੇ ਵੇਚਣ ਲਈ ਮਾਨਤਾ ਮਿਲੀ ਹੈ ਹੋਰ ਪਟਾਕੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਲਈ ਪ੍ਰਸਾਸ਼ਨ ਨੂੰ ਚਾਹੀਦਾ ਹੈ,ਕਿ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾਵੇ।ਗਲਤ ਅਨਸਰਾਂ ਤੇ ਸਕੰਜਾ ਕਸਿਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

26 ਅਕਤੂਬਰ 2019 ਬੰਦੀ ਛੋਡ ਦਿਵਸ ਅਤੇ ਦਿਵਾਲੀ ਤੇ ਵਿਸੇਸ ਸਪਲੀਮਿੰਟ

ਜਨ ਸਕਤੀ ਨਿਉਜ ਪੇਪਰ ਇਸ ਹਫਤੇ ਦਿਵਾਲੀ ਐਡੀਸਨ ਪਾਠਕਾਂ ਲਈ ਹਾਜਰ

ਤੁਸੀਂ ਇਹ ਪੇਪਰ ਜਗਰਾਓਂ ਤੋਂ ਫਰੀ ਲੈਕੇ ਪੜ੍ਹ ਸਕਦੇ ਹੋ

 

 

 

 

 

ਅਸਤਵਾਜੀ ਨੇ ਦਿਖਾਇਆ ਜਲਵਾ,ਟੈਂਟ ਸਿਟੀ ’ਚ ਅੱਗ, ਪੰਜ ਟੈਂਟ ਤੇ 15 ਪਲੰਘ ਸੜੇ

ਸੁਲਤਾਨਪੁਰ ਲੋਧੀ, ਅਕਤੂਬਰ 2019-(ਸਤਪਾਲ ਸਿੰਘ ਦੇਹੜਕਾਂ, ਮਨਜਿੰਦਰ ਗਿੱਲ)- 

 ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਸ਼ਰਧਾਲੂਆਂ ਦੀ ਠਹਿਰ ਲਈ ਬਣਾਏ ਟੈਂਟ ਸਿਟੀ ਨੰਬਰ ਇਕ ’ਤੇ ਬੀਤੀ ਦੇਰ ਰਾਤ ਆਤਿਸ਼ਬਾਜ਼ੀ ਡਿੱਗਣ ਨਾਲ ਅੱਗ ਲੱਗ ਗਈ, ਜਿਸ ਕਾਰਨ ਪੰਜ ਟੈਂਟ ਅਤੇ 15 ਤੋਂ ਵੱਧ ਪਲੰਘ ਸੜ ਗਏ। ਅੱਗ ਬੁਝਾਉਣ ਲਈ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ ਕਿਉਂਕਿ ਸਾਰਾ ਕੁਝ ਕੱਪੜੇ ਦਾ ਬਣਿਆ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਡੀਪੀਐੱਸ ਖਰਬੰਦਾ ਨੇ ਕਿਹਾ ਕਿ ਸੁਲਤਾਨਪੁਰ ਇਲਾਕੇ ਵਿਚ ਆਤਿਸ਼ਬਾਜ਼ੀ
ਚਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲੇ ਨੂੰ 6 ਮਹੀਨੇ ਦੀ ਕੈਦ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ ਜਿਥੇ ਮੁੱਖ ਸਟੇਜ ਬਣਾਈ ਜਾ ਰਹੀ ਹੈ, ਉਸ ਦੇ ਨਾਲ ਹੀ ਬਣਾਈ ਗਈ ਵੀਵੀਆਈਪੀ ਟੈਂਟ ਸਿਟੀ ’ਚ ਤੰਬੂ ਲਾਏ ਗਏ ਹਨ। ਟੈਂਟਾਂ ਨੂੰ ਅੱਗ ਲੱਗਣ ਵਾਲੀ ਥਾਂ ਤੋਂ ਮਹਿਜ਼ 200 ਮੀਟਰ ਦੂਰ ਪੰਜਾਬ ਸਰਕਾਰ ਵੱਲੋਂ ਮੁੱਖ ਪੰਡਾਲ ਬਣਾਇਆ ਗਿਆ ਹੈ। ਇਸੇ ਦੌਰਾਨ, ਪ੍ਰਬੰਧ ਕਰਨ ਵਾਲੀ ਕੰਪਨੀ ਨੇ ਸੜੇ ਟੈਂਟਾਂ ਅਤੇ ਪਲੰਘਾਂ ਦੀ ਥਾਂ ਨਵਾਂ ਸਾਮਾਨ ਲਾਉਣਾ ਸ਼ੁਰੂ ਕਰ ਦਿੱਤਾ ਹੈ।
ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਐੱਸਡੀਐੱਮ ਡਾ. ਚਾਰੂਮਿਤਾ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਲਤਾਨਪੁਰ ਲੋਧੀ ਦੀ ਹਦੂਦ ਅੰਦਰ ਅਤੇ ਬਾਹਰ ਵਾਲੇ 20 ਕਿਲੋਮੀਟਰ ਦੇ ਇਲਾਕੇ ਵਿਚ ਆਤਿਸ਼ਬਾਜ਼ੀ/ਪਟਾਕੇ ’ਤੇ ਪਾਬੰਦੀ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਡੀਪੀਐੱਸ ਖਰਬੰਦਾ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਇਹ ਪਾਬੰਦੀ ਲਾਈ ਗਈ ਹੈ, ਜੋ 31 ਨਵੰਬਰ ਤੱਕ ਲਾਗੂ ਰਹੇਗੀ।

ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਹੋਣ ਵਾਲੀ ਢਾਈ ਕੁਇੰਟਲ ਦੀ ਪਾਲਕੀ ਤਰਨ ਤਾਰਨ ਤੋਂ ਗੁ. ਨਾਨਕ ਪਿਆਓ ਭੇਜੀ

ਤਰਨ ਤਾਰਨ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

 ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋ ਸੋਨੇ ਦੀ ਪਾਲਕੀ ਸੁਸ਼ੋਭਿਤ ਹੋਣੀ ਹੈ ਉਹ ਢਾਈ ਕੁਇੰਟਲ ਦੀ ਹੈ ਤੇ ਇਸ 'ਚ ਢਾਈ ਕਿਲੋ ਸੋਨਾ ਲੱਗਾ ਹੋਇਆ ਹੈ | ਇਹ ਸੁਨਹਿਰੀ ਪਾਲਕੀ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਰਵਾਨਾ ਹੋਣ ਵਾਲੇ ਨਗਰ ਕੀਰਤਨ ਨਾਲ ਪਾਕਿਸਤਾਨ ਪਹੁੰਚੇਗੀ | ਇਸ ਸੋਨੇ ਦੀ ਪਾਲਕੀ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਾਉਣ ਲਈ ਇਕ ਵਿਸ਼ੇਸ਼ ਬੱਸ ਵੀ ਤਿਆਰ ਕਰਵਾਈ ਗਈ ਹੈ, ਜਿਸ 'ਚ ਇਸ ਪਾਲਕੀ ਨੂੰ ਰੱਖ ਕੇ ਨਗਰ ਕੀਰਤਨ ਨਾਲ ਪਾਕਿਸਤਾਨ ਭੇਜਿਆ ਜਾਵੇਗਾ | ਇਹ ਪਾਲਕੀ ਸ਼ੁੱਕਰਵਾਰ ਨੂੰ ਡੇਰਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਵਲੋਂ ਤਰਨ ਤਾਰਨ ਤੋਂ ਵਿਸ਼ੇਸ਼ ਬੱਸ 'ਚ ਰੱਖ ਕੇ ਗੁਰਦੁਆਰਾ ਨਾਨਕ ਪਿਆਓ ਦਿੱਲੀ ਲਈ ਰਵਾਨਾ ਕਰ ਦਿੱਤੀ ਗਈ ਹੈ | ਕਾਰ ਸੇਵਾ ਸੰਪਰਦਾਇ ਦੇ ਮੁਖੀ ਬਾਬਾ ਜਗਤਾਰ ਸਿੰਘ ਦੀ ਅਗਵਾਈ ਹੇਠ ਇਹ ਪਾਲਕੀ ਡੇਢ ਮਹੀਨਾ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਗਈ ਸੀ | ਅੰਮਿ੍ਤਸਰ ਤੇ ਬਨਾਰਸ ਤੋਂ ਇਕ ਦਰਜਨ ਦੇ ਲਗਪਗ ਕਾਰੀਗਰ ਇਸ ਪਾਲਕੀ ਸਾਹਿਬ ਨੂੰ ਤਿਆਰ ਕਰਨ ਲਈ ਦਿਨ ਰਾਤ ਲੱਗੇ ਹੋਏ ਸਨ | ਪਾਲਕੀ ਸਾਹਿਬ ਤੇ ਚੰਦਨ ਦੀ ਲੱਕੜੀ, ਤਾਂਬਾ ਤੇ ਢਾਈ ਕਿੱਲੋ ਸੋਨਾ ਲਗਾਇਆ ਗਿਆ ਹੈ | ਲਗਪਗ ਢਾਈ ਕੁਇੰਟਲ ਦੀ ਇਸ ਸੋਨੇ ਦੀ ਪਾਲਕੀ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹੈਡ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਨੇ ਅਰਦਾਸ ਕਰਕੇ ਰਵਾਨਾ ਕੀਤਾ | ਇਸ ਮੌਕੇ ਬਾਬਾ ਜਗਤਾਰ ਸਿੰਘ, ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਬਣਾਈ ਗਈ ਇਹ ਪਾਲਕੀ ਸਾਹਿਬ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗੀ | ਇਸ ਮੌਕੇ ਮੈਨੇਜਰ ਬਲਵਿੰਦਰ ਸਿੰਘ ਉਬੋਕੇ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਭਰ 'ਚ ਗੁਰੂ ਜੀ ਦਾ ਪਾਵਨ ਦਿਹਾੜਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 2006 'ਚ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਪੁਰਬ ਮੌਕੇ ਬਾਬਾ ਜਗਤਾਰ ਸਿੰਘ ਵਲੋਂ ਸੋਨੇ ਦੀ ਪਾਲਕੀ ਤਿਆਰ ਕਰਵਾਈ ਗਈ ਸੀ ਤੇ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਲਕੀ ਸਾਹਿਬ ਲੈ ਕੇ ਪਾਕਿਸਤਾਨ ਗਏ ਸਨ |

ਸਰਵਜਨ ਸੇਵਾ ਪਾਰਟੀ ਯੂਥ ਵਿੰਗ ਵੱਲੋਂ ਗੁਰੂ ਨਾਨਕ ਦੇਵ ਜੀ ਦੇ550 ਵਾਂ ਅਵਤਾਰ ਦਿਹਾੜੇ ਨੂੰ ਸਮਰਪਿਤ 3 ਨਵੰਬਰ ਨੂੰ ਕਾਉਂਕੇ ਤੋ ਨਾਨਕਸਰ ਰੋਡ ਤੇ ਬਰਿੱਡ ਪਕੌੜਿਆਂ ਦੇ ਲੰਗਰ ਲਾਏ ਜਾਣਗੇ ।

 ਬਰਨਾਲਾ,ਅਕਤੂਬਰ 2019-( ਗੁਰਸੇਵਕ ਸੋਹੀ)-ਸਰਵਜਨ ਸੇਵਾ ਪਾਰਟੀ ਯੂਥ ਵਿੰਗ ਪੰਜਾਬ ਦੇ ਕਾਰਜਕਾਰੀ ਪ੍ਧਾਨ ਗੁਰਦਰਸ਼ਨ ਸਿੰਘ ਮਜਾਤੜੀ ( ਗੌਲਡੀ ਮਜਾਤੜੀ) ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦੱਸਿਆ  ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿੰਘ ਮੱਲਾ ਦੀ ਪ੍ਧਾਨਗੀ ਹੇਠ ਹਲਕਾ ਜਗਰਾਂਓ ਦੇ ਨਜਦੀਕ ਕਾਂਉਂਕੇ ਤੋਂ ਨਾਨਕਸਰ ਰੌਡ ਤੇ 3 ਨਵੰਬਰ ਦਿਨ ਐਤਵਾਰ ਨੂੰ ਸ਼ੀਰੀ ਗੁਰੂ ਨਾਨਕ ਦੇਵ ਜੀ ਦੇ 550 ਵਾਂ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਪਹਿਲਾਂ  ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਬਰਿੱਡ ਪਕੌੜਿਆ ਦਾ ਲੰਗਰ ਲਾਇਆ ਜਾਵੇਗਾ ਇਸੇ ਦੌਰਾਨ ਪਾਰਟੀ ਵੱਲੌਂ ਵੱਡੇ ਪੱਧਰ ਤੇ ਨਸ਼ਿਆਂ ਖਿਲਾਫ ਮੁਹਿੰਮ ਅਰੰਭੀ ਜਾ ਰਹੀ ਜਿਸ ਦੇ ਤਹਿਤ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾ ਨੂੰ  ਨਰਕ ਵਰਗੀ ਜਿੰਦਗੀ ਚੌਂ ਬਾਹਰ ਕੱਢਣ ਲਈ ਇਹ ਫੈਸਲਾ ਕੀਤਾ ਕਿ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੇ ਇਲਾਜ ਦਾ ਅੱਧਾ ਖਰਚਾ ਪਾਰਟੀ ਕਰੇਗੀ । ਪੰਜਾਬ ਇੱਕ ਅਜਿਹਾ ਸੂਬਾ ਮੰਨਿਆ ਜਾਂਦਾ ਸੀ ਕਿ ਪੰਜਾਬ ਵਾਸੀਆ ਵਿੱਚ ਜੋ ਬਹਾਦਰੀ ਤੇ ਏਕੇ ਥਵਾਕ ਸੀ ਉਸਦੀ ਬਰਾਬਰੀ ਕੌਈ ਨਹੀਂ ਕਰ ਸਕਦਾ ਪਰ ਇੱਕਵੀਂ ਸਦੀ ਦੇ ਸਿਆਸੀ ਸਪੋਲੀਏ ਆਪਣਾ ਵੋਟ ਬੇਂਕ ਬਣਾਉਂਣ ਦੇ ਚੱਕਰ ਵਿੱਚ ਪੰਜਾਬੀਆ ਦੇ ਏਕੇ ਥਵਾਕ ਨੂੰ ਨਿਗਲ਼ ਗਏ। ਪੰਜਾਬੀ ਨੌਜਵਾਨੀ  ਖਤਮ ਕਰਨ ਲਈ ਨਸ਼ਿਆ ਦਾ  ਦੋਰ ਚਲਾਇਆ ਤੇ ਸਾਡੇ ਨੌਜਵਾਨਾਂ ਨੂੰ ਨਸ਼ੇੜੀ ਤੇ ਅਪਰਾਧੀ ਵੀ ਬਣਾਇਆ।

ਹੁਸ਼ਿਆਰਪੁਰ ਵਿਚ ਡੀ.ਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਵਿੱਚ ਈ-ਆਫਿਸ ਲਾਗੂ

ਹੁਸ਼ਿਆਰਪੁਰ,ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਹੁਸ਼ਿਆਰਪੁਰ ਵਿਚ ਡੀ.ਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਵਿੱਚ ਈ-ਆਫਿਸ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਜਿੱਥੇ ਕੰਮਾਂ ਵਿੱਚ ਹੋਰ ਪਾਰਦਰਸ਼ਤਾ ਵਧੀ ਹੈ, ਉਥੇ ਕਾਗਜ਼ੀ ਕਾਰਵਾਈ ਵੀ ਘਟੀ ਹੈ। ਅੱਜ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਡੀ.ਸੀ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਦੇ ਈ-ਆਫਿਸ ਦੇ ਕੰਮ ਦਾ ਜਾਇਜ਼ਾ ਲਿਆ। ਇੱਕ ਮਹੀਨਾ ਪਹਿਲਾਂ ਅਪਣਾਈ ਗਈ ਇਸ ਪ੍ਰਣਾਲੀ ਦੇ ਕੰਮਕਾਜ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਸ੍ਰੀਮਤੀ ਕਾਲੀਆ ਨੇ ਦੱਸਿਆ ਕਿ ਈ-ਆਫਿਸ ਦੇ ਲਾਗੂ ਹੋਣ ਉਪਰੰਤ ਬਰਾਂਚਾਂ ਵਿੱਚ ਦਸਤੀ ਡਾਕ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰ.ਆਈ.ਏ. ਸ਼ਾਖਾ ਵਿੱਚ ਰਸੀਦ ਨੂੰ ਸਕੈਨ ਕਰ ਕੇ ਇਲੈਕਟ੍ਰਾਨਿਕ ਮੂਵਮੈਂਟ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਈ-ਆਫਿਸ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 7 ਤਕਨੀਕੀ ਮਾਸਟਰ ਟਰੇਨਰ ਨਿਯੁਕਤ ਕੀਤੇ ਗਏ ਹਨ ਜੋ ਵੱਖ-ਵੱਖ ਬਰਾਂਚਾਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਈ-ਆਫਿਸ ਦਾ ਉਦੇਸ਼ ਦਫ਼ਤਰੀ ਦਸਤਾਵੇਜ਼ੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ, ਸਰਲ ਅਤੇ ਪਾਰਦਰਸ਼ੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਪੇਸ਼ੀ ਬਰਾਂਚ (ਏ.ਡੀ.ਸੀ) ਤੋਂ ਇਲਾਵਾ ਐਮ.ਏ, ਡੀ.ਆਰ.ਏ (ਟੀ), ਪਲਾਨਿੰਗ, ਐਲ.ਐਫ.ਏ, ਐਚ.ਆਰ.ਸੀ ਅਤੇ ਆਰ.ਆਰ.ਏ ਬਰਾਂਚਾਂ ਵਲੋਂ ਈ-ਆਫਿਸ ਰਾਹੀਂ ਕੰਮ ਦਾ ਨਿਪਟਾਰਾ ਸੌ ਫੀਸਦੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੀ.ਸੀ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੇ ਸਾਕਾਰਤਮਕ ਤਰੀਕੇ ਨਾਲ ਈ-ਆਫਿਸ ਦੀ ਨਵੀਂ ਪ੍ਰਣਾਲੀ ਨੂੰ ਅਪਣਾਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਈ-ਆਫਿਸ ਸਾਲ-2016 ਵਿੱਚ ਪਾਇਲਟ ਪ੍ਰਾਜੈਕਟ ਵਜੋਂ ਡੀ.ਸੀ ਦਫ਼ਤਰ ਦੀਆਂ 5 ਬਰਾਂਚਾਂ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਕੰਪਿਊਟਰ ਅਤੇ ਸਬੰਧਤ ਹੋਰ ਸਾਜ਼ੋ-ਸਾਮਾਨ ਤੇ ਉਪਕਰਨ ਵੀ ਮੁਹੱਈਆ ਕਰਵਾਏ ਗਏ ਸਨ ਅਤੇ ਆਉਣ ਵਾਲੀ ਸਾਰੀ ਡਾਕ ਨੂੰ ਸਕੈਨ ਕਰਨ ਲਈ ਆਰ.ਆਈ.ਏ ਸ਼ਾਖਾ ਵਿਚ ਕੇਂਦਰੀ ਰਜਿਸਟਰੀ ਯੂਨਿਟ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਰੀਆਂ ਬਰਾਂਚਾਂ ਦੇ ਕਰਮਚਾਰੀਆਂ ਨੂੰ ਬਿਨ੍ਹਾਂ ਰੁਕਾਵਟ ਨੈੱਟਵਰਕ ਦੀ ਸੁਵਿਧਾ ਪ੍ਰਦਾਨ ਕਰਨ ਲਈ ਡੀ.ਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਵਿੱਚ ਨੈਟਵਰਕਿੰਗ ਕੀਤੀ ਗਈ ਹੈ। ਈਸ਼ਾ ਕਾਲੀਆ ਨੇ ਕਿਹਾ ਕਿ ਸਤੰਬਰ 2019 ਵਿੱਚ ਈ-ਆਫਿਸ ਯੋਜਨਾ ਨੂੰ ਡੀ.ਸੀ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ। ਇਸ ਦੌਰਾਨ 13 ਸਤੰਬਰ ਨੂੰ ਸਾਰੇ ਅਧਿਕਾਰੀਆਂ ਨੂੰ ਈ-ਆਫਿਸ ਦੇ ਪ੍ਰਯੋਗ ਬਾਰੇ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਲਈ ਸਾਰੇ ਅਧਿਕਾਰੀਆਂ ਦੇ ਈ-ਮੇਲ ਐਡਰੈੱਸ ਬਣਾਏ ਜਾ ਚੁੱਕੇ ਹਨ।

84 ਦੇਸ਼ਾਂ ਦੇ ਰਾਜਦੂਤ ਇਕੱਠੇ ਨਤਮਸਤਕ ਹੋਣ ਪਹੁੰਚੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਸਵਾਗਤੀ ਤੇ ਸਨਮਾਨ ਸਮਾਗਮ 'ਚ ਪੱਤਰਕਾਰਾਂ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ 

ਅੰਮਿ੍ਤਸਰ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਭਾਰਤ 'ਚ ਵੱਖ-ਵੱਖ ਮੁਲਕਾਂ ਦੇ ਹਾਈ ਕਮਿਸ਼ਨਰਾਂ ਦਾ ਇਕ ਉੱਚ ਪੱਧਰੀ ਵਫ਼ਦ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜਾ | ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ 'ਚ ਪੁੱਜੇ ਵਫ਼ਦ 'ਚ 84 ਮੁਲਕਾਂ ਦੇ ਹਾਈ ਕਮਿਸ਼ਨਰ, ਆਈ. ਸੀ. ਸੀ. ਆਰ. ਦੇ ਮੁਖੀ ਵਿਨੇ ਸਹਸਰਬੁੱਧੇ ਤੇ ਵਿਦੇਸ਼ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਸਨ | ਇਸ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ 'ਚ ਪੰਗਤ ਵਿਚ ਬੈਠ ਕੇ ਲੰਗਰ ਛਕਿਆ | ਇਸ ਦੌਰਾਨ ਸ਼ੋ੍ਰਮਣੀ ਕਮੇਟੀ ਵਲੋਂ ਵਫ਼ਦ ਦੇ ਸਨਮਾਨ 'ਚ ਰੱਖੇ ਸਮਾਗਮ ਦੌਰਾਨ ਰਾਜਦੂਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਹ ਵਫ਼ਦ ਸਵੇਰੇ 11 ਵਜੇ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਾ ਜਿੱਥੋਂ ਇਹ ਰਾਜਦੂਤ ਵਿਸ਼ੇਸ਼ ਬੱਸਾਂ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਪੁੱਜੇ ਤੇ ਇੱਥੋਂ ਪੈਦਲ ਹੀ ਵਿਰਾਸਤੀ ਮਾਰਗ 'ਚ ਸੈਲਫ਼ੀਆਂ ਲੈਂਦੇ ਹੋਏ ਘੰਟਾ ਘਰ ਨੇੜੇ ਬਣੇ ਇੰਟਰਪ੍ਰੀਟੇਸ਼ਨ ਸੈਂਟਰ ਪੁੱਜੇ, ਜਿੱਥੇ ਉਨ੍ਹਾਂ ਕਰੀਬ ਇਕ ਘੰਟੇ ਤੱਕ ਇੰਟਰਪ੍ਰੀਟੇਸ਼ਨ ਸੈਂਟਰ ਨੂੰ ਦੇਖਿਆ ਜਿਸ ਤੋਂ ਇਹ ਵਫ਼ਦ ਬਹੁਤ ਪ੍ਰਭਾਵਿਤ ਹੋਇਆ | ਇਸ ਉਪਰੰਤ ਇਹ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਸੂਚਨਾ ਕੇਂਦਰ ਨੇੜੇ ਪੁੱਜਾ ਜਿੱਥੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਤੇ ਹੋਰਨਾਂ ਵਲੋਂ ਇਨ੍ਹਾਂ ਦਾ ਸਵਾਗਤ ਕੀਤਾ ਗਿਆ | ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਵਿਖੇ ਰਾਜਦੂਤਾਂ ਦੇ ਪੁੱਜਣ 'ਤੇ ਚਿੱਟ ਕੱਪੜੇ ਪੁਲਿਸ ਮੁਲਾਜ਼ਮਾਂ ਅਤੇ ਸ਼ੋ੍ਰਮਣੀ ਕਮੇਟੀ ਦੀ ਟਾਸਕ ਵਲੋਂ ਰਾਜਦੂਤਾਂ ਨੂੰ ਮਨੁੱਖੀ ਚੇਨ ਬਣਾ ਕੇ ਆਪਣੇ ਘੇਰੇ 'ਚ ਲੈ ਕੇ ਪ੍ਰਕਰਮਾ ਕਰਦੇ ਹੋਏ ਲੰਗਰ ਹਾਲ 'ਚ ਲੈ ਕੇ ਗਏ ਜਿੱਥੇ ਇਸ ਵਫ਼ਦ ਨੇ ਪੰਗਤ 'ਚ ਬੈਠ ਕੇ ਲੰਗਰ ਛਕਿਆ | ਇਸ ਦੌਰਾਨ ਹਾਈ ਕਮਿਸ਼ਨਰ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ 'ਚ ਰੋਜ਼ਾਨਾ 24 ਘੰਟੇ ਬਿਨਾਂ ਕਿਸੇ ਵਿਤਕਰੇ ਜਾਂ ਜਾਤ ਪਾਤ ਦੇ ਲੱਖਾਂ ਸੰਗਤਾਂ ਨੂੰ ਮੁਫ਼ਤ ਲੰਗਰ ਛਕਾਉਣ ਬਾਰੇ ਜਾਣ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਲੰਗਰ ਦੀ ਰਸੋਈ 'ਚ ਲੱਖਾਂ ਸ਼ਰਧਾਲੂਆਂ ਲਈ ਲੰਗਰ ਤਿਆਰ ਹੁੰਦਾ ਵੀ ਦੇਖਿਆ | ਇਸ ਉਪਰੰਤ ਇਹ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਉਪਰੰਤ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ | ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਮੁੱਖ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਰਾਜਦੂਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਪੰਥ 'ਚ ਲੰਗਰ ਦੀ ਮਹੱਤਤਾ ਤੇ ਸਿੱਖ ਸਿੱਖਿਆਵਾਂ ਤੋਂ ਜਾਣੂ ਕਰਵਾਇਆ |

ਰਾਜਦੂਤਾਂ ਦੇ ਇਸ ਵਫ਼ਦ ਦੇ ਇੱਥੇ ਪੁੱਜਣ 'ਤੇ ਸ਼ੋ੍ਰਮਣੀ ਕਮੇਟੀ ਵਲੋਂ ਇਨ੍ਹਾਂ ਦੇ ਸਵਾਗਤ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ 'ਚ ਇਸ ਵਫ਼ਦ ਦੇ ਮੈਂਬਰਾਂ ਦੇ ਸ਼ੋ੍ਰਮਣੀ ਕਮੇਟੀ ਵਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਅੰਤਿ੍ੰਗ ਮੈਂਬਰ ਭਾਈ ਮਨਜੀਤ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਭਗਵੰਤ ਸਿੰਘ ਸਿਆਲਕਾ, ਸਕੱਤਰ ਮਹਿੰਦਰ ਸਿੰਘ ਆਹਲੀ ਨੇ ਰਾਜਦੂਤਾਂ ਤੇ ਉਨ੍ਹਾਂ ਨਾਲ ਆਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਆਈ.ਸੀ.ਸੀ.ਆਰ. ਦੇ ਮੁਖੀ ਵਿਨੇ ਸਹਸਰਬੁੱਧੇ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ, ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਕੀਤਾ | ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸਵਾਗਤੀ ਸ਼ਬਦਾਂ 'ਚ ਕਿਹਾ ਕਿ ਇਹ ਬੇਹੱਦ ਖ਼ਾਸ ਮੌਕਾ ਹੈ ਜਦੋਂ ਪੂਰੀ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਹਨ | ਇਸ ਨਾਲ ਆਪਸੀ ਭਾਈਚਾਰਕ ਸਾਂਝ ਤੇ ਮਿਲਵਰਤਨ ਦਾ ਸੁਨੇਹਾ ਪੂਰੀ ਦੁਨੀਆ 'ਚ ਫੈਲੇਗਾ | ਇਸ ਦੌਰਾਨ ਹਰਦੀਪ ਸਿੰਘ ਪੁਰੀ ਨੇ ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕੀਤੇ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕੇਂਦਰ ਸਰਕਾਰ ਨੇ 22 ਨਵੰਬਰ 2018 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਕਮੇਟੀ ਬਣਾਈ ਸੀ | ਇਸ ਵਲੋਂ ਇਸ ਪਾਵਨ ਦਿਹਾੜੇ ਦੇ ਸਬੰਧ 'ਚ ਕਈ ਪ੍ਰੋਗਰਾਮ ਉਲੀਕੇ ਗਏ ਹਨ | ਉਨ੍ਹਾਂ ਕਿਹਾ ਕਿ ਆਈ.ਸੀ.ਸੀ.ਆਰ. ਵਲੋਂ ਵੱਖ-ਵੱਖ ਮੁਲਕਾਂ ਦੇ ਰਾਜਦੂਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣੇ ਵੀ ਇਸ ਕੜੀ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਵੀ ਕੇਂਦਰ ਸਰਕਾਰ ਵਲੋਂ ਪ੍ਰੋਗਰਾਮ ਰੱਖਿਆ ਗਿਆ ਹੈ | ਰਾਜਦੂਤਾਂ ਦੇ ਵਫ਼ਦ 'ਚ ਪਾਕਿਸਤਾਨ ਦੇ ਰਾਜਦੂਤ ਦੀ ਗੈਰ-ਹਾਜ਼ਰੀ ਸਬੰਧੀ ਪੁੱਛੇ ਜਾਣ 'ਤੇ ਪੁਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਸਾਰੇ ਹੀ ਮੁਲਕਾਂ ਦੇ ਰਾਜਦੂਤਾਂ ਨੂੰ ਸੱਦਾ ਦਿੱਤਾ ਗਿਆ ਜਿਸ 'ਚ ਪਾਕਿਸਤਾਨੀ ਰਾਜਦੂਤ ਵੀ ਸ਼ਾਮਿਲ ਸਨ ਉਨ੍ਹਾਂ ਦਾ ਹਾਜ਼ਰ ਨਾ ਹੋਣਾ ਆਪਣਾ ਰੁਝੇਵਾਂ ਹੋ ਸਕਦਾ ਹੈ | ਇਸ ਦੌਰਾਨ ਆਈ. ਸੀ. ਸੀ. ਆਰ. ਦੇ ਮੁਖੀ ਵਿਨੇ ਸਹਸਰਬੁੱਧੇ ਨੇ ਰਾਜਦੂਤਾਂ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ 'ਤੇ ਉਨ੍ਹਾਂ ਦੇ ਸਵਾਗਤ ਤੇ ਸਨਮਾਨ 'ਚ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਸ੍ਰੀ ਹਰਿਮੰਦਰ ਸਾਹਿਬ ਪੁੱਜੇ ਰਾਜਦੂਤਾਂ 'ਚ ਅਫ਼ਗਾਨਿਸਤਾਨ, ਡੈਨਮਾਰਕ, ਆਸਟੇ੍ਰਲੀਆ, ਇਸਰਾਈਲ, ਨਿਊਜ਼ੀਲੈਂਡ, ਰਸ਼ੀਅਨ ਫ਼ੈੱਡਰੇਸ਼ਨ, ਅਮਰੀਕਾ, ਅਰਜਨਟੀਨਾ, ਅਜਰਬਾਈਜਨ, ਬੇਲਾਰੂਸ, ਭੁਟਾਨ, ਬੋਲਬੀਆ, ਬੋਸਨੀਆ, ਬੁਲਗਾਰੀਆ, ਬੁਰਕੀਨਾ ਫਾਸੋ, ਬਰੂੰਦੀ, ਕੰਬੋਡੀਆ, ਚਾਇਲ, ਕੋਸਟਾਰੀਕਾ, ਕੋਟੇ ਡੀ ਲਵੋਰੀ, ਕ੍ਰੋਏਸ਼ੀਆ, ਕਿਊਬਾ, ਸਾਈਪ੍ਰਸ, ਚੈੱਕ ਰਿਪਬਲਿਕ, ਡੋਮੀਨੀਅਨ ਰਿਪਬਲਿਕ, ਇਕਵਾਡੋਰ, ਇਕੁਆਟੋਰੀਅਲ, ਗੁਆਨਾ, ਇਰੀਟ੍ਰੀਆ, ਇਥੋਪੀਆ, ਫਿਜ਼ੀ, ਗੇਬੋਨ, ਜਾਂਬੀਆ, ਜਾਰਜੀਆ, ਗਰੀਸ, ਗੁਆਨਾ, ਆਈਸਲੈਂਡ, ਇੰਡੋਨੇਸ਼ੀਆ, ਈਰਾਨ, ਇਰਾਕ, ਕਜ਼ਾਕਿਸਤਾਨ, ਕੋਰੀਆ, ਕੁਵੈਤ, ਕਿਰਗਿਸਤਾਨ, ਲਾਉ, ਪੀਡੀਆਰ, ਲੈਬਨਾਨ, ਈਸੋਥੋ, ਲੀਬੀਆ, ਮਲੇਸ਼ੀਆ, ਮਾਲਦੀਵ, ਮਾਲੀ, ਮਾਲਟਾ, ਮਾਰੀਸ਼ਸ, ਮੈਕਸੀਕੋ, ਮੌਜਮਬੀਕ, ਮਿਆਂਮਾਰ, ਨਿਪਾਲ, ਨਾਈਜ਼ਰ, ਨਾਈਜੀਰੀਆ, ਨਾਰਥ ਮੈਕਡੋਨੀਆ, ਨਾਰਵੇ, ਫਿਲਸਤੀਨ, ਪਨਾਮਾ, ਪਪੂਆ ਨਿਊ ਗਿਨੀ, ਪੈਰਾਗੂਏ, ਪੇਰੂ, ਪੁਰਤਗਾਲ, ਰੋਮਾਨੀਆ, ਰਵਾਂਡਾ, ਸੈਸ਼ਲਜ, ਸਲੋਵਾਕ ਰਿਪਬਲਿਕ, ਸੋਮਾਲੀਆ, ਦੱਖਣੀ ਅਫ਼ਰੀਕਾ, ਸਪੇਨ, ਸ੍ਰੀਲੰਕਾ, ਸੂਰੀਨਾਮ, ਤਜਾਕਿਸਤਾਨ, ਟੋਗੋ, ਤਿ੍ਨੀਦਾਦ ਐਡ ਟੋਬਾਗੋ, ਟਿਊਨੇਸ਼ੀਆ, ਤੁਰਕਮੇਨਿਸਤਾਨ, ਵੀਅਤਨਾਮ, ਯਮਨ ਤੇ ਜ਼ਿੰਬਾਬਵੇ ਆਦਿ ਮੁਲਕਾਂ ਦੇ ਰਾਜਦੂਤ ਸ਼ਾਮਿਲ ਸਨ | ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ, ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਮੁਖਤਾਰ ਸਿੰਘ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਆਦਿ ਮੌਜੂਦ ਸਨ |