You are here

ਪੰਜਾਬ

550 ਵੇਂ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਭਾਗੀਕੇ ਕੜਾਂ ਪ੍ਰਸਾਦਿ ਦੇ ਲੰਗਰ ਲਾਏ ਗਏ ।

ਨਿਹਾਲ ਸਿੰਘ ਵਾਲਾ (ਗੁਰਸੇਵਕ  ਸੋਹੀ ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਭਾਗੀਕੇ ਦਸਮੇਸ਼ ਕਲੱਬ ਅਤੇ ਨਗਰ ਨਿਵਾਸੀਆਂ ਵੱਲੋਂ  ਬੱਸ ਸਟੈਂਡ ਜੀ ਟੀ ਰੋਡ ਤੇ ਕੜਾਂ ਪ੍ਰਸਾਦਿ ਦੇ ਲੰਗਰ ਲਾਏ ਗਏ । ਬੜੇ ਹੀ ਪਿਆਰ ਸਤਿਕਾਰ ਨਾਲ ਆਉਂਦੀ ਜਾਦੀ ਸੰਗਤ ਨੂੰ ਰੋਕ ਰੋਕ ਕੇ ਕੜਾਂ ਪ੍ਰਸਾਦਿ ਛਕਾਇਆ ਗਿਆ । ਕਲੱਬ ਦੇ ਪ੍ਰਧਾਨ ਦੀਪਾ ਸਿੰਘ ਆਹਲੂਵਾਲੀਆ ਟਰਾਂਸਪੋਰਟ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਹੀਆਂ ਸੰਖਿਆਵਾ ਤੇ ਚੱਲਣਾ ਚਾਹੀਦਾ ਹੈ । ਇਸ ਮੌਕੇ ਸੇਵਾਦਾਰ ਵਿੱਕੀ ਭਾਗੀਕੇ ,ਮਨਦੀਪ ਸਿੰਘ, ਪ੍ਰਿਥੀ ਭਾਗੀਕੇ , ਕਾਲੀ ਭਾਗੀਕੇ , ਮਹਿਤਾਵਾ ਭਾਗੀਕੇ ਆਦਿ ।

ਅੱਜ ਦੇ ਦਿਨ (ਮਿਤੀ 12 ਨਵੰਬਰ, 2019 (੨੭ ਕੱਤਕ)) ਦਾ ਇਤਿਹਾਸ 

ਪ੍ਰਕਾਸ਼-ਪੁਰਬ : ਸ੍ਰੀ ਗੁਰੂ ਨਾਨਕ ਦੇਵ ਜੀ 

ਨੋਟ: ਉਪਰੋਕਤ ਮਿਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਈ ਗਈ ਹੈ। ਪਰ, ਇਸ ਕੈਲੰਡਰ ਦੀਆਂ ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁੱਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

 ਮਾਤਾ ਜੀ : ਮਾਤਾ ਤ੍ਰਿਪਤਾ ਜੀ 

 ਪਿਤਾ ਜੀ : ਮਹਿਤਾ ਕਲਿਆਣ ਦਾਸ ਜੀ 

 ਜਨਮ ਮਿਤੀ : 15 ਅਪ੍ਰੈਲ, ਸੰਨ 1469 ਈ. (20 ਵਿਸਾਖ, ਸੰਮਤ 1526 ਬਿ.)

 ਜਨਮ ਸਥਾਨ : ਰਾਇ ਭੋਇ ਦੀ ਤਲਵੰਡੀ (ਸ੍ਰੀ ਨਨਕਾਣਾ ਸਾਹਿਬ), ਸ਼ੇਖੂਪੁਰ, ਪਾਕਿਸਤਾਨ 

 ਮਹਿਲ : ਮਾਤਾ ਸੁਲੱਖਣੀ ਜੀ

ਜੋਤੀ-ਜੋਤ : 7 ਸਤੰਬਰ,1539 ਈ. (7 ਅੱਸੂ, 1596 ਬਿ.)

 ਜੋਤੀ-ਜੋਤ ਸਥਾਨ : ਕਰਤਾਰਪੁਰ ਸਾਹਿਬ, ਪਾਕਿਸਤਾਨ

ਗੁਰੂ ਜੀ ਦੇ ਜਨਮ ਤੋਂ ਪਹਿਲਾਂ ਸਮਾਜ ਦੀ ਦਸ਼ਾ : ਗੁਰੂ ਜੀ ਦੇ ਜਨਮ ਤੋਂ ਪਹਿਲਾਂ ਸਮਾਜ ਦੇ ਲੋਕ ਅੰਧ-ਵਿਸ਼ਵਾਸਾਂ ਅਤੇ ਕਰਮ-ਕਾਂਡਾਂ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸਨ। ਮਹਿਮੂਦ ਗਜ਼ਨਵੀ, ਕੁੱਤਬਦੀਨ ਐਬਕ, ਅਲਤਤਮਸ਼, ਅਲਾਉਦੀਨ ਖਿਲਜੀ, ਫਿਰੋਜ਼ ਤੁਗਲਕ ਅਤੇ ਤੈਮੂਰ ਜਿਹੇ ਵਿਦੇਸ਼ੀ ਜਰਵਾਣਿਆਂ ਦੇ ਹਮਲਿਆਂ ਨੇ ਭਾਰਤੀ ਲੋਕਾਂ ਦੀ ਅਣਖ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ ਸੀ। ਮੁਸਲਮਾਨ ਰਾਜ ਦੇ ਹੰਕਾਰ ਵਿੱਚ ਆਫਰੇ ਹੋਏ ਸਨ ਅਤੇ ਹਿੰਦੂ ਗੁਲਾਮੀ ਥੱਲੇ ਦੱਬੇ ਹੋਏ। ਹਰ ਪਾਸੇ ਕੂੜ ਹੀ ਪ੍ਰਧਾਨ ਹੋ ਗਿਆ ਸੀ। ਸੱਚ ਅਤੇ ਧਰਮ ਖੰਭ ਲਾ ਕੇ ਉੱਡ ਗਏ ਸਨ। ਇਸ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ :-

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਮਾ  ਦੀਸੈ ਨਾਹੀ ਕਹ ਚੜਿਆ॥     

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-੧੪੫)

ਗੁਰੂ ਜੀ ਦਾ ਜਨਮ ਅਤੇ ਬਚਪਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨੇ ਮੁਰਦਾ ਰੂਹਾਂ ਨੂੰ ਨਵਾਂ ਜੀਵਨ ਬਖ਼ਸ਼ਿਆ। ਆਮ ਲੋਕ ਉਸ ਸਮੇਂ ਦੇ ਅਖੌਤੀ ਧਰਮੀ ਆਗੂਆਂ ਦੇ ਦਬਾਅ ਥੱਲੇ ਦੱਬੇ ਹੋਏ ਸਨ। ਲੁਕਾਈ ਨੂੰ ਇਸ ਗੁਲਾਮੀ ਤੋਂ ਮੁਕਤ ਕਰਾਉਣ ਲਈ ਪਰਮਾਤਮਾ ਨੇ ਗੁਰੂ ਜੀ ਨੂੰ ਇਸ ਧਰਤੀ ਉੱਤੇ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਦੇ ਵਿਸ਼ੇਸ਼ ਮਿਸ਼ਨ ਲਈ ਭੇਜਿਆ। ਇਸ ਪ੍ਰਥਾਇ ਭਾਈ ਗੁਰਦਾਸ ਜੀ ਫ਼ਰਮਾਉਂਦੇ ਹਨ :-

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰ ਨਾਨਕ ਜਗ ਮਾਹਿ ਪਠਾਇਆ॥

ਗੁਰੂ ਜੀ ਨੂੰ ਵਿੱਦਿਆ ਪ੍ਰਾਪਤ ਕਰਨ ਲਈ 3 ਅਧਿਆਪਕਾਂ ਕੋਲ ਭੇਜਿਆ ਗਿਆ : ਦੇਵਨਾਗਰੀ ਅਤੇ ਗਣਿਤ ਸਿੱਖਣ ਲਈ ਗੋਪਾਲ ਦਾਸ ਪਾਂਧੇ ਕੋਲ, ਸੰਸਕ੍ਰਿਤ ਸਿੱਖਣ ਲਈ ਪੰਡਿਤ ਬ੍ਰਿਜ ਲਾਲ ਕੋਲ ਅਤੇ ਫ਼ਾਰਸੀ ਸਿੱਖਣ ਲਈ ਮੌਲਵੀ ਕੁਤਬੁੱਦੀਨ ਕੋਲ। ਗੁਰੂ ਜੀ, ਉਨ੍ਹਾਂ ਨੂੰ ਪੜ੍ਹਾਇਆ ਗਿਆ ਹਰ ਸਬਕ ਤੁਰੰਤ ਯਾਦ ਕਰ ਲੈਂਦੇ ਅਤੇ ਅਧਿਆਪਕਾਂ ਕੋਲੋਂ ਅਜਿਹੇ ਪ੍ਰਸ਼ਨ ਪੁੱਛਦੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਕੋਲ ਨਾ ਹੁੰਦਾ। ਗੁਰੂ ਜੀ ਦੀ ਤੀਖਣ ਬੁੱਧੀ ਅਤੇ ਦੈਵੀ ਸੋਝੀ ਨੂੰ ਅਧਿਆਪਕਾਂ ਨੇ ਬਚਪਨ ਵਿੱਚ ਹੀ ਪਹਿਚਾਣ ਲਿਆ ਸੀ। 

ਜਨੇਊ ਪਾਉਣ ਤੋਂ ਇਨਕਾਰ ਕਰਨਾ : ਜਦੋਂ ਗੁਰੂ ਜੀ 9 ਸਾਲ ਦੇ ਹੋਏ ਤਾਂ ਪਰਿਵਾਰ ਨੇ ਪ੍ਰੋਹਤ ਹਰਦਿਆਲ ਨਾਲ ਸਲਾਹ ਕਰਕੇ ਜਨੇਊ ਪਾਉਣ ਦਾ ਦਿਨ ਮਿੱਥ ਲਿਆ। ਮਿੱਥੇ ਹੋਏ ਦਿਨ ਉੱਤੇ ਜਦੋਂ ਸਾਰੇ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਆਉਣ ਤੇ ਪ੍ਰੋਹਤ ਪੂਜਾ ਪਾਠ ਕਰਕੇ ਜਨੇਊ ਪਾਉਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਜਨੇਊ ਪਹਿਲਾਂ ਮੇਰੀ ਮਾਤਾ ਜੀ ਨੂੰ ਪਹਿਨਾਇਆ ਜਾਵੇ। ਪਰ ਪ੍ਰੋਹਤ ਨੇ ਮਾਤਾ ਜੀ ਨੂੰ ਜਨੇਊ ਪਹਿਨਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਔਰਤਾਂ ਨੂੰ ਜਨੇਊ ਨਹੀਂ ਪਹਿਨਾਇਆ ਜਾਂਦਾ। ਫਿਰ ਗੁਰੂ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਜਨੇਊ ਪਹਿਨਾਉਣ ਲਈ ਕਿਹਾ ਪਰ ਉਸ ਨੂੰ ਵੀ ਨੀਵੀਂ ਜਾਤ ਨਾਲ ਸੰਬੰਧਿਤ ਹੋਣ ਕਰਕੇ ਜਨੇਊ ਪਹਿਨਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਇਹ ਸੁਣ ਕੇ ਗੁਰੂ ਜੀ ਨੇ ਆਪ ਵੀ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਜਨੇਊ ਮਨੁੱਖਾਂ ਵਿੱਚ ਵੰਡੀਆਂ ਪਾਉਂਦਾ ਹੋਵੇ ਅਜਿਹਾ ਜਨੇਊ ਉਹ ਕਦੇ ਨਹੀਂ ਪਹਿਨਣਗੇ। ਉਨ੍ਹਾਂ ਦਾ ਮਨੋਰਥ ਤਾਂ ਸਾਰੀ ਲੋਕਾਈ ਨੂੰ ਆਪਸ ਵਿੱਚ ਜੋੜਨਾ ਹੈ ਨਾ ਕਿ ਵੰਡੀਆਂ ਪਾਉਣਾ। ਜਿਸ ਜਨੇਊ ਦੀ ਮੰਗ ਗੁਰੂ ਜੀ ਨੇ ਕੀਤੀ ਉਸ ਬਾਰੇ ਗੁਰੂ ਜੀ ਫ਼ਰਮਾਉਂਦੇ ਹਨ :-

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥  

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-੪੭੧)

ਇਸ ਤਰ੍ਹਾਂ ਸਦੀਆਂ ਤੋਂ ਚੱਲੀ ਆ ਰਹੀ ਮਰਿਯਾਦਾ ਨੂੰ ਮੰਨਣ ਤੋਂ ਇਨਕਾਰ ਕਰਨ ਦਾ ਸਾਹਸ ਗੁਰੂ ਜੀ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਕੀਤਾ। ਉਨ੍ਹਾਂ ਦੇ ਇਨਕਾਰ ਕਰਨ ਦਾ ਢੰਗ ਵੀ ਲੜਾਈ-ਝਗੜੇ ਦੀ ਬਜਾਏ ਤਰਕ ਭਰਪੂਰ ਸੀ। 

ਸੱਚਾ ਸੌਦਾ ਕਰਨਾ : ਆਪ ਜੀ ਦੇ ਪਿਤਾ ਜੀ ਆਪ ਜੀ ਨੂੰ ਕਿਸੇ ਕੰਮ ਧੰਦੇ ਵਿੱਚ ਲਗਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਗੁਰੂ ਜੀ ਨੂੰ ਵੀਹ ਰੁਪਏ ਦਿੱਤੇ ਅਤੇ ਕੋਈ ਲਾਹੇ ਦਾ ਸੌਦਾ ਕਰਨ ਲਈ ਕਿਹਾ। ਗੁਰੂ ਜੀ ਪੈਸੇ ਲੈ ਕੇ ਘਰ ਤੋਂ ਚੱਲ ਪਏ। ਰਸਤੇ ਵਿੱਚ ਉਨ੍ਹਾਂ ਨੂੰ ਕੁਝ ਸਾਧੂ ਮਿਲੇ। ਉਨ੍ਹਾਂ ਨਾਲ ਗੱਲਬਾਤ ਕਰਨ ਤੇ ਗੁਰੂ ਜੀ ਨੂੰ ਪਤਾ ਲੱਗਾ ਕਿ ਉਹ ਸਾਧੂ ਕਈ ਦਿਨਾਂ ਤੋਂ ਭੁੱਖੇ ਹਨ। ਗੁਰੂ ਜੀ ਨੇ ਆਪਣੇ ਪੈਸਿਆਂ ਨਾਲ ਉਨ੍ਹਾਂ ਨੂੰ ਰਾਸ਼ਨ ਲੈ ਦਿੱਤਾ। ਖਾਲੀ ਹੱਥ ਘਰ ਪਰਤਣ ਤੇ ਉਨ੍ਹਾਂ ਦੇ ਪਿਤਾ ਜੀ ਗੁਰੂ ਜੀ ਨਾਲ ਬਹੁਤ ਗੁੱਸੇ ਹੋਏ। ਪਰ ਗੁਰੂ ਜੀ ਨੇ ਕਿਹਾ ਕਿ ਉਹ ਤਾਂ ਸੱਚਾ ਸੌਦਾ ਕਰ ਕੇ ਆਏ ਹਨ।

ਗ੍ਰਹਿਸਥ ਜੀਵਨ : 18 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਬਟਾਲਾ ਨਿਵਾਸੀ, ਭਾਈ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਘਰ ਦੋ ਪੁੱਤਰਾਂ, ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ।

ਚਾਰ ਉਦਾਸੀਆਂ : ਸਮਾਜ ਦੇ ਸੁਧਾਰ ਲਈ ਆਪ ਜੀ ਨੇ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਦੌਰਾਨ ਆਪ ਜੀ ਇਰਾਕ, ਈਰਾਨ, ਅਫਗਾਨਿਸਤਾਨ, ਪਾਕਿਸਤਾਨ, ਸ੍ਰੀਲੰਕਾ, ਤਿੱਬਤ, ਆਸਾਮ, ਬੰਗਾਲ, ਕਸ਼ਮੀਰ, ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਗਏ। ਆਪ ਜੀ ਹਿੰਦੂਆਂ, ਬੋਧੀਆਂ, ਜੈਨੀਆਂ, ਯੋਗੀਆਂ, ਸੂਫੀਆਂ ਅਤੇ ਮੁਸਲਮਾਨਾਂ ਦੇ ਵੱਡੇ-ਵੱਡੇ ਧਰਮ ਅਸਥਾਨਾਂ ਅਤੇ ਡੇਰਿਆਂ ਆਦਿ ਤੇ ਗਏ। ਉੱਥੇ ਆਪ ਜੀ ਨੇ ਵਿਦਵਾਨਾਂ, ਪ੍ਰਚਾਰਕਾਂ, ਸਾਧਕਾਂ ਅਤੇ ਆਮ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸੱਚ ਦੇ ਮਾਰਗ ਤੇ ਤੋਰਿਆ। ਇਨ੍ਹਾਂ ਉਦਾਸੀਆਂ ਦੌਰਾਨ ਆਪ ਜੀ ਨੇ ਮਲਕ ਭਾਗੋ, ਵੈਸ਼ਨਵ ਸਾਧ, ਕਲਜੁਗ ਪਾਂਡੇ, ਸੱਜਣ ਠੱਗ ਅਤੇ ਵਲੀ ਕੰਧਾਰੀ ਜਿਹੇ ਅਨੇਕਾਂ ਭੁੱਲੇ ਭਟਕੇ ਲੋਕਾਂ ਦਾ ਉਧਾਰ ਕੀਤਾ।

ਔਰਤ ਦੀ ਆਜ਼ਾਦੀ ਲਈ ਸੰਘਰਸ਼ ਦਾ ਆਗਾਜ਼ : ਗੁਰੂ ਜੀ ਪਹਿਲੇ ਯੋਧੇ ਸਨ ਜਿਨ੍ਹਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਅਖੌਤੀ ਧਰਮੀ ਅਲੰਬਰਦਾਰਾਂ ਵੱਲੋਂ ਔਰਤ ਦੀ ਕੀਤੀ ਦੁਰਦਸ਼ਾ ਤੋਂ ਔਰਤ ਨੂੰ ਆਜ਼ਾਦ ਕਰਾਉਣ ਲਈ ਪਹਿਲੀ ਆਵਾਜ਼ ਉਠਾਈ। ਇਹ ਉਹ ਸਮਾਂ ਸੀ ਜਿਸ ਵਕਤ ਉਸ ਸਮੇਂ ਦੇ ਸਾਰੇ ਧਰਮ ਅਤੇ ਵਿਚਾਰਧਾਰਾਵਾਂ ਔਰਤ ਨੂੰ ਕਮਜ਼ੋਰ, ਨਿਰਬਲ ਅਤੇ ਅਪਵਿੱਤਰ ਸਮਝਦੀਆਂ ਸਨ। ਔਰਤ ਉੱਪਰ ਪਾਬੰਦੀਆਂ ਇੱਥੋਂ ਤੱਕ ਸਨ ਕਿ ਉਹ ਕਿਸੇ ਵਿੱਦਿਆ ਦੇ ਸਥਾਨ ਤੇ ਜਾ ਕੇ ਨਾ ਵਿੱਦਿਆ ਗ੍ਰਹਿਣ ਕਰ ਸਕਦੀ ਸੀ ਅਤੇ ਨਾ ਹੀ ਕਿਸੇ ਧਰਮ ਸਥਾਨ ਤੇ ਜਾ ਕੇ ਪ੍ਰਮਾਤਮਾ ਦਾ ਨਾਮ ਜਪ ਸਕਦੀ ਸੀ। ਉਸ ਨੂੰ ਅਪਵਿੱਤਰ ਜਾਣ ਕੇ ਦੁਰਕਾਰਿਆ ਜਾਂਦਾ ਸੀ। ਸਮਾਜ ਦੀ ਇਸ ਵੱਡੀ ਕੁਰੀਤੀ ਦੇ ਖ਼ਿਲਾਫ਼ ਆਵਾਜ਼ ਉਠਾਉਣਾ ਉਸ ਵੇਲੇ ਆਪਣੀ ਮੌਤ ਨੂੰ ਅਵਾਜ਼ ਮਾਰਨ ਤੋਂ ਘੱਟ ਨਹੀਂ ਸੀ। ਪਰ ਗੁਰੂ ਸਾਹਿਬ ਜੀ ਅਜਿਹੇ ਯੋਧੇ ਸਨ ਜਿਨ੍ਹਾਂ ਨੇ ਉਸ ਸਮੇਂ ਦੇ ਧਰਮੀ ਅਲੰਬਰਦਾਰਾਂ ਦੇ ਨਾਲ ਟੱਕਰ ਲਈ ਅਤੇ ਔਰਤ ਦੀ ਅਜ਼ਾਦੀ ਲਈ ਵੱਡਾ ਸੰਘਰਸ਼ ਵਿੱਢਿਆ। ਇਸ ਪ੍ਰਥਾਇ ਗੁਰੂ ਜੀ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਫ਼ਰਮਾਉਂਦੇ ਹਨ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। 

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। 

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 473)

 

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਨਤ ਅਤੇ ਵੱਡੀ ਸਮਾਜਿਕ ਚੇਤਨਾ ਪੈਦਾ ਕਰਨ ਦਾ ਨਤੀਜਾ ਹੀ ਹੈ ਕਿ ਅੱਜ ਬੱਚੀਆਂ ਵਿਸ਼ਵ ਭਰ ਵਿੱਚ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਹੀਆਂ ਹਨ। ਔਰਤ ਜਾਤੀ ਉੱਪਰ ਗੁਰੂ ਜੀ ਦੇ ਇਸ ਉਪਕਾਰ ਲਈ ਇਹ ਸੰਸਾਰ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਜਿਵੇਂ-ਜਿਵੇਂ ਔਰਤਾਂ ਤਰੱਕੀ ਕਰਨਗੀਆਂ ਤਿਵੇਂ-ਤਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਸਾਡੇ ਹਿਰਦਿਆਂ ਦੇ ਵਿੱਚ ਹੋਰ ਪ੍ਰਪੱਕ ਹੋਵੇਗੀ ਕਿਉਂਕਿ ਗੁਰੂ ਜੀ ਵੱਲੋਂ ਔਰਤਾਂ ਦੀ ਅਜ਼ਾਦੀ ਲਈ ਉਠਾਈ ਅਵਾਜ਼ ਸਦਕਾ ਹੀ ਉਹ ਇਨ੍ਹਾਂ ਬੁਲੰਦੀਆਂ ਨੂੰ ਛੂਹਣ ਦੇ ਯੋਗ ਹੋ ਸਕੀਆਂ ਹਨ।

ਕਰਤਾਰਪੁਰ ਸਾਹਿਬ ਦੀ ਨੀਂਹ ਰੱਖਣੀ : ਗੁਰੂ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ। ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਹੱਥੀਂ ਕਿਰਤ ਕਰਦਿਆਂ ਬਤੀਤ ਕੀਤੇ ਅਤੇ ਉੱਤਮ ਖੇਤੀ ਦੀ ਨੀਂਹ ਰੱਖੀ।

ਭਾਈ ਲਹਿਣਾ ਜੀ ਨੂੰ ਗੁਰਿਆਈ ਸੌਂਪਣੀ : ਸਮਾਜ ਨੂੰ ਬਦਲ ਕੇ ਨਵਾਂ ਰੂਪ ਦੇਣ ਲਈ ਅਰੰਭ ਕੀਤੇ ਵੱਡੇ ਮਿਸ਼ਨ ਨੂੰ ਪੂਰਾ ਕਰਨ ਲਈ ਇਹ ਜ਼ੁੰਮੇਵਾਰੀ ਅੱਗੇ ਦੇਣ ਦੀ ਲੋੜ ਸੀ। ਇਸ ਲਈ ਆਪ ਜੀ ਨੇ ਭਾਈ ਲਹਿਣਾ ਜੀ ਨੂੰ ਯੋਗ ਜਾਣ ਕੇ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਕੇ ਸਿੱਖ ਲਹਿਰ ਨੂੰ ਅਗਵਾਈ ਦੇਣ ਦੀ ਜ਼ੁੰਮੇਵਾਰੀ ਸੌਂਪ ਦਿੱਤੀ। ਆਪ ਜੀ ਨੇ ਆਪਣੀ ਅਤੇ ਭਗਤਾਂ ਦੀ ਇਕੱਤਰ ਕੀਤੀ ਬਾਣੀ ਦਾ ਖ਼ਜ਼ਾਨਾ ਵੀ ਉਨ੍ਹਾਂ ਨੂੰ ਸੌਂਪ ਦਿੱਤਾ।

ਜੋਤੀ-ਜੋਤ : 7 ਸਤੰਬਰ,1539 ਈ. (7 ਅੱਸੂ, 1596 ਬਿ.) ਨੂੰ ਆਪ ਜੀ ਕਰਤਾਰਪੁਰ ਸਾਹਿਬ, ਪਾਕਿਸਤਾਨ ਵਿਖੇ ਜੋਤੀ-ਜੋਤ ਸਮਾ ਗਏ।

ਸਿੱਖਿਆ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦੀ ਪ੍ਰੇਰਨਾ ਮਿਲਦੀ ਹੈ। ਗੁਰੂ ਜੀ ਨੇ ਸਾਨੂੰ ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ ਅਤੇ ਪਖੰਡਾਂ ਆਦਿ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ। ਗੁਰੂ ਜੀ ਨੇ ਤਨ ਦੀ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ਨੂੰ ਵਧਾਉਣ ਅਤੇ ਅੱਠੇ ਪਹਿਰ ਇੱਕ ਅਕਾਲ ਪੁਰਖ ਦੀ ਯਾਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਆਪਣੀਆਂ ਜ਼ੁੰਮੇਵਾਰੀਆਂ ਨੂੰ ਨੇਕ ਨੀਤੀ ਨਾਲ ਨਿਭਾਉਣ ਦੀ ਸਿੱਖਿਆ ਦਿੱਤੀ। *ਆਓ ਅਸੀਂ ਸਾਰੇ ਗੁਰੂ ਜੀ ਦੇ ਆਸ਼ੇ ਅਨੁਸਾਰ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਲਈ ਵਿਉਂਤਬੰਦੀ ਨਾਲ ਕਾਰਜਸ਼ੀਲ ਹੋਈਏ।* ਇਸ ਮਿਸ਼ਨ ਦੀ ਸਫ਼ਲਤਾ ਲਈ ਆਤਮ ਪਰਗਾਸ ਟੀਮ ਆਪ ਜੀ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹੈ ਜੀ। 

 ਹਵਾਲੇ:- 

1. ਦਸ ਪਾਤਸ਼ਾਹੀਆਂ ਜੀਵਨ, ਕਾਰਜ ਤੇ ਉਪਦੇਸ਼ (ਮੁਖਤਾਰ ਸਿੰਘ ਗੁਰਾਇਆ) ਪ੍ਰਕਾਸ਼ਕ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਸ੍ਰੀ ਅੰਮ੍ਰਿਤਸਰ

2. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

3. ਸਿੱਖਾਂ ਦੀ ਸੰਖੇਪ ਗਾਥਾ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ) 

4. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

+91-82880-10531/32

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੁਰਬ ਤੇ ਕੁਸ ਅਪਨਾਉਣ ਦੀ ਲੋੜ- ਹਰਨਰਾਇਣ ਸਿੰਘ ਮੱਲੇਆਣਾ

ਆਓ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਨੂੰ ਮਨਾਉਦੇ ਹੋਏ ਅਰਦਾਸ ਕਰਿਏ ਕਿ ਕੁੱਝ ਗੁਣ ਅਪਣਾਈਏ ਤੇ ਕੁਝ ਅਵਗੁਣ ਛੱਡੀਏ ਤਾਂ ਹੀ ਸਾਡਾ 550 ਸਾਲਾਂ ਗੁਰਪੁਰਬ ਮਨਾਇਆ ਸਫ਼ਲ ਹੈ

 ਅਪਣਾਈਏ(Do's) 

1.ਗੁਰੂ ਮਾਨਿਓ ਗ੍ੰਥ 

2.ਦੱਸਾਂ ਨਹੁੰਆ ਦੀ ਕਿਰਤ 

3. ਨਿਤਨੇਮ ਤੇ ਸਹਿਜ ਪਾਠ ਕਰੀਏ ਤੇ ਵੀਚਾਰੀੲੇ 

4. ਕਿਰਤ ਕਰੋ, ਨਾਮ ਜਪੋ, ਵੰਡ ਛਕੋ 

5. ਕੇਸਾਂ ਦੀ ਸੰਭਾਲ 

6. ਵਾਤਾਵਰਣ ਦੀ ਦੇਖ ਰੇਖ ਤੇ ਹਰਿਆਵਲ ਵਿਚ ਵਾਧਾ 

7.ਸੱਚ ਬੋਲੀਏ ਤੇ ਇਮਾਨਦਾਰ ਬਣੀਏ 

8.ਗੁਰੂ ਦੀ ਗੋਲਕ,ਗਰੀਬੀ ਦਾ ਮੂੰਹ ਅਤੇ ਲੋੜਵੰਦ ਦੀ ਮਦਦ 

9.ਮਨ ਨੀਵਾਂ ਤੇ ਮੱਤ ਉਚੀ(ਨਿਮਰਤਾ) 

10. ਉਚਾ ਸੁੱਚਾ ਜੀਵਨ(Character) 

11.ਮਿੱਠਾ ਬੋਲੀਏ ਤੇ ਸਰੱਬਤ ਦਾ ਭਲਾ ਮਨਾਇਏ 

12.ਨਸ਼ੇ ਦਾ ਤਿਆਗ ਤੇ ਸਮਾਜਿਕ ਜਾਗਰੂਕਤਾ 

13.ਪਾਣੀ ਦੀ ਸੰਭਾਲ 

14.ਪਰਿਵਾਰ ਤੇ ਬਜੁਰਗਾਂ ਦੀ ਸੰਭਾਲ ਤੇ ਪਿਆਰ ਸਤਿਕਾਰ 

15.ਆਪਣੇ ਕੰਮ ਆਪਣੇ ਹੱਥੀ ਕਰਨਾ 

16.ਬੱਚਿਆ ਲਈ ਉਚੇਰੀ ਸਿੱਖਿਆ ਤੇCompetiton ਦੀ ਤਿਆਰੀ

17.ਸਾਦਾ ਜੀਵਨ, ਸਾਦੇ ਵਿਆਹ, ਸਾਦੇ ਭੋਗ ਨਾ ਕੋਈ ਚਿੰਤਾ,ਨਾ ਕੋਈ ਰੋਗ

ਛੱਡੀਏ(Don'ts) 

1.ਪਾਖੰਡੀ ਸਾਧ ਤੇ ਨਕਲੀ ਬਾਬੇ 

2.ਪਰਾਇਆ ਹੱਕ ਤੇ ਰਿਸ਼ਵਤਖੋਰੀ 

3.ਲੱਚਰ ਗੀਤ ਸੰਗੀਤ ਸੁਣਨਾ ਅਤੇForwoard ਕਰਨਾ 

4.ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਤੇ ਸਮੇਂ ਦੀ ਬਰਬਾਦੀ 

5.ਪਤਿਤਪੁਣਾ ਤੇ ਰੋਮਾਂ ਦੀ ਬੇਅਦਬੀ 

6.ਪ੍ਦੂਸ਼ਣ ਤੇ ਗੰਦਗੀ ਫੈਲਾਉਣਾ 

7.ਝੂਠ ਤੇ ਬੇਇਮਾਨੀ 

8.ਨਿੰਦਿਆ,ਚੁਗਲੀ,ਤੇ ਫੋਕੀ ਖੁਸ਼ਾਮਦ ਕਰਨੀ 

9.ਕੋ੍ਧ ਤੇ ਹਓੁਮੈ

10.ਪਰਾਈ ਇਸਤਰੀ /ਪੁਰਸ਼ ਤੇ ਬੁਰੀ ਨਜ਼ਰ 

11.ਕੋੜਾ ਬੋਲਣਾ ਤੇ ਗਾਲ਼ਾਂ ਕੱਢਣੀਆਂ 

12.ਸ਼ਰਾਬ ਤੇ ਹੋਰ ਸਾਰੇ ਨਸ਼ੇ 

13.ਪਾਣੀ ਦੀ ਦੁਰਵਰਤੋਂ 

14.ਨਫ਼ਰਤ,ਲਾਲਚ,ਹੰਕਾਰ ਤੇ ਤੇਰੀ ਮੇਰੀ ਦੀ ਭਾਵਨਾ 

15.ਆਲਸ ਕਰਨਾ ਤੇ ਹਰ ਕੰਮ ਲਈ ਦੂਜਿਆ ਤੇ ਨਿਰਭਰ ਹੋਣਾ

16.ਮਾੜੀ ਸੰਗਤ,ਗਲਤ ਆਦਤਾਂ,ਗਲਤ ਖਾਣ ਪਾਣ(Bad habits and wrong eating habits) 

17.ਦਾਜ(Dowry),female foeticide ਲੋਕ ਦਿਖਾਵਾ,ਫ਼ਜੂਲ ਖਰਚੀ ਤੇ ਫੈਸ਼ਨ ਪ੍ਸਤੀ

 

ਹਰਨਰਾਇਣ ਸਿੰਘ ਮੱਲੇਆਣਾ

ਦੁਨੀਆ ਵਿਚ ਵਸਣ ਵਾਲੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲਣ ਤੇ ਬਹੁਤ ਬਹੁਤ ਮੁਬਾਰਕ-ਧਾਲੀਵਾਲ

ਸੁਲਤਾਨਪੁਰ ਲੋਧੀ, ਨਵੰਬਰ 2019-(ਮਨਜਿੰਦਰ ਗਿੱਲ)-

ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਜੋ ਕੇ ਪਿਛਲੇ 10 ਦਿਨਾਂ ਤੋਂ ਲਗਤਾਰ ਸੁਲਤਾਨ ਪੁਰ ਲੋਧੀ ਵਿਖੇ ਸੰਗਤਾਂ ਦੀ ਸੇਵਾ ਲਈ ਫਰੀ ਦਵਾਈਆਂ ਦੇ ਲੰਗਰ,ਫਰੀ ਮੁਢਲੀ ਮੈਡੀਕਲ ਸਹਾਇਤਾ ਅਤੇ 550 ਸਾਲਾਂ ਪ੍ਰਕਾਸ ਪੁਰਬ ਉਪਰ ਨਤਮਸਤਕ ਹੋਣ ਲਈ ਪਹੁੰਚ ਰਹਿਆ ਸੰਗਤਾਂ ਦੀ ਪਹਿਲੀ ਲਾਈਨ ਤੇ ਸੇਵਾ ਵਿਚ ਜੁਟੇ ਹੋਏ ਹਨ।ਅੱਜ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੁਨੀਆਂ ਵਿੱਚ ਵਸਣ ਵਾਲੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਿੱਛੇ 72 ਸਾਲਾਂ ਤੋਂ ਜੋ ਰਾਸਤਾ ਬੰਦ ਪਿਆ ਸੀ ਦੇ ਖੁਲਣ ਉਪਰ ਵਧਾਇਆ ਦਿਤੀਆਂ ਅਤੇ ਡਾ ਧਾਲੀਵਾਲ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਗੁਰੂ ਦੇ ਦੱਸੇ ਮਾਰਗ ਤੇ ਚਲਣ ਦੀ ਪ੍ਰੋੜਤਾ ਕੀਤੀ ਅਤੇ ਹੱਥ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਦੱਸੇ ਮਾਰਗ ਦੇ ਚੱਲਣ ਲਈ ਸਾਨੂੰ ਸਿਖਿਆ ਗੁਰੂ ਦੇ ਸ਼ਬਦ ਤੋ ਲੈਣ ਲਈ ਕੁਸ ਕਿਤਾਬਾਂ ਅਤੇ ਮਾਟੋ ਚੁੱਕ ਕੇ ਫੋਟੋ ਵੀ ਕਰਵਾਈ।ਚਾਹੇ ਮੈਂ ਕਲੀਨ ਛੇਵ ਹਾ ਪਰ ਹਰ ਵਕਤ ਇਹ ਹੀ ਕੋਸਿਸ ਰਹੀ ਹੈ ਕੇ ਗੁਰੂ ਸਾਹਿਬ ਵਲੋਂ ਦੱਸੇ ਰਸਤੇ ਦਾ ਪ੍ਰਚਾਰ ਕੀਤਾ ਜਾਵੇ ਅਤੇ ਆਪ ਚੱਲਿਆ ਜਾਵੇ।ਬਹੁਤ ਖੁਸ਼ੀ ਹੋਇਆ ਜਦੋ ਭਾਰਤ ਅਤੇ ਪਾਕਿਸਤਾਨ ਸਰਕਾਰ ਵਲੋਂ 72 ਸਾਲਾਂ ਤੋਂ ਇਸ ਬਣੀ ਕੰਡਿਆਲੀ ਤਾਰ ਨੂੰ ਤੋੜਿਆ ਅਤੇ ਆਪਸ ਵਿਚ ਪਿਆਰ ਅਤੇ ਸਦ ਭਾਵਨਾ ਦਾ ਦਰਵਾਜਾ ਖੋਲਿਆ।ਇਸ ਲਈ ਮੈਂ ਦੋਨਾਂ ਸਰਕਰਾ ਦਾ ਬਹੁਤ ਧੰਨਵਾਦੀ ਹਾਂ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਸਾਡੀਆਂ ਦੂਰੀਆਂ ਹੋਰ ਵੀ ਮਿਟਣ ।

ਇਤਿਹਾਸ ਸਿਰਜਿਆ ਜਾ ਚੁੱਕਿਆ,ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ ਜਸ਼ਨ

ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨੀ ਸਮਾਰੋਹ

ਇਮਰਾਨ ਖ਼ਾਨ ਨਾਲ ਪਹੁੰਚੇ ਨਵਜੋਤ ਸਿੰਘ ਸਿੱਧੂ

ਸ੍ਰੀ ਕਰਤਾਰਪੁਰਸਾਹਿਬ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

'ਲੀਡਰ ਨਫ਼ਰਤ ਫੈਲਾ ਕੇ ਵੋਟ ਨਹੀਂ ਮੰਗਦਾ',ਇਮਰਾਨ ਖ਼ਾਨ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ, "ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਕਰਤਾਰਪੁਰ ਦੀ ਸਿੱਖ ਭਾਈਚਾਰੇ ਵਿਚ ਕਿੰਨੀ ਅਹਿਮੀਅਤ ਹੈ। ਫਿਰ ਮੈਨੂੰ ਸਮਝ ਆਇਆ ਤੇ ਮੈਂ ਆਪਣੀ ਕੌਮ ਨੂੰ ਸਮਝਾਇਆ ਜਿਵੇਂ ਮਦੀਨੇ ਤੋਂ 5 ਕਿਲੋਮੀਟਰ ਦੂਰ ਹੀ ਖੜ੍ਹੇ ਹਾਂ ਪਰ ਉੱਥੇ ਜਾ ਨਾ ਸਕੀਏ।"

ਗੁਰੂ ਨਾਨਾਕ ਦੇ ਸਦਕਾ ਅੱਜ ਭਾਰਤ ਅਤੇ ਪਾਕਿਸਤਾਨ ਦੇ ਆਵਾਮ ਦੇ ਦਿਲ ਅੱਜ ਘੁਲ ਮਿਲ ਗਏ ਜਦੋਂ ਕਰਤਾਰਪੁਰ ਲਾਂਘਾ ਖੁੱਲ੍ਹਿਆ

ਅੱਲਾ ਦਾ ਬੰਦਾ,ਸਾਈ ਮੀਆਂ ਮੀਰ, ਪੀਰ ਬੁੱਧੂ ਸਾਹ, ਗਨੀ ਖਾ, ਨਬੀ ਖਾ ਵਰਗੇ ਗੁਰੂ ਪਿਆਰਿਆ ਦੇ ਵਾਗ ਸਿੱਖ ਇਤਹਾਸ ਚ ਦਰਜ ਹੋ ਗਿਆ ਹੈ ਇਮਰਾਨ ਖਾਨ ਦਾ ਨਾਮ

ਕਰਤਾਰਪੁਰ ਸਾਹਿਬ ਤੋਂ ਸਿੱਧੂ ਦਾ ਸਭ ਪਹਿਲਾਂ ਫੁੱਲ ਭਾਸ਼ਣ, ਮੇਰਾ ਲਾਂਘਾ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ ਤੇ ਮੇਰੀ ਜੱਫੀ ਵੀ ਮੁਹੱਬਤ ਹੈ

ਕਰਤਾਰਪੁਰ ਸਾਹਿਬ ਲਾਂਘੇ ਦੇ ਜਸ਼ਨਾਂ ਦੌਰਾਨ ੲਿਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਅਾਪਣੇ ਕੋਲ ਬਿਲਕੁਲ ਖੱਬੇ ਹੱਥ ਜਗ੍ਹਾ 'ਤੇ ਬਿਠਾੲਿਆ

 

 

ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਸਦਾ ਲਈ ਉੱਕਰਿਆ ਗਿਆ ਹੈ। ਕਈ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦੇ ਫਲ਼ ਵਜੋਂ, ਸੰਗਤ ਨੂੰ ਕਰਤਾਰਪੁਰ ਲਾਂਘੇ ਦੀ ਦਾਤ ਬਖਸ਼ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸਿੱਖ ਸੰਗਤ ਦੀ ਖੁਸ਼ੀ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਦੇ ਹੋਏ, ਲੱਗਿਆ ਜਿਵੇਂ ਮੇਰੇ ਵੱਡ-ਵਡੇਰਿਆਂ ਦਾ ਸਭ ਤੋਂ ਪਿਆਰਾ ਸੁਪਨਾ ਪੂਰਾ ਹੋਣ 'ਤੇ ਉਹ ਵੀ ਮੈਨੂੰ ਅਸ਼ੀਰਵਾਦ ਦੇ ਰਹੇ ਹੋਣ। ਸਿੱਖਾਂ ਦੇ ਹੱਕ 'ਚ ਖੜ੍ਹ ਕੇ ਇਸ ਪਵਿੱਤਰ ਯਾਤਰਾ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਲਈ, ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।

ਜਿਵੇਂ ਲੋਕੀ 9 ਨਵੰਬਰ ਨੂੰ ਬਰਲਿਨ ਦੀ ਦੀਵਾਰ ਦੇ ਡਿੱਗਣ ਲਈ ਯਾਦ ਕਰਦੇ ਸੀ, ਹੁਣ ਸੰਸਾਰ ਇਸ ਨੂੰ ਕਰਤਾਰਪੁਰ ਦੇ ਲਾਂਘੇ ਦੇ ਖੁੱਲ੍ਹਣ ਵਜੋਂ ਵੀ ਯਾਦ ਕਰਿਆ ਕਰੇਗਾ। ਸੰਗਤ ਦੀਆਂ 72 ਸਾਲਾਂ ਦੀਆਂ ਅਰਦਾਸਾਂ ਅੱਜ ਆਖ਼ਿਰਕਾਰ ਰੰਗ ਲਿਆਈਆਂ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ, ਹਾਜ਼ਰ ਹੋਈ ਸੰਗਤ 'ਚ ਇੱਕ ਇੱਕ ਚਿਹਰੇ ਤੋਂ ਪੜ੍ਹੀ ਜਾ ਸਕਦੀ ਸੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੋਟਾਨ-ਕੋਟ ਸ਼ੁਕਰਾਨਾ ਕਰਦਾ ਹਾਂ ਕਿ ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਵਾਲੇ ਪਹਿਲੇ ਜੱਥੇ 'ਚ ਪਰਿਵਾਰ ਸਮੇਤ ਪਹੁੰਚਣ ਦੀ ਦਾਤ ਦਿੱਤੀ। ਦੇਸ਼-ਵਿਦੇਸ਼ ਵਸਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੰਦੇ ਹੋਏ, ਇਸ ਲਾਸਾਨੀ ਤੋਹਫ਼ੇ ਲਈ ਮੈਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸ਼ੁਕਰਗੁਜ਼ਾਰ ਹਾਂ

ਸ੍ਰੀ ਕਰਤਾਰਪੁਰ ਕੋਰੀਡੋਰ ਖੁਲਣ ਤੇ ਅੱਜ ਸੰਗਤਾਂ ਦਾ ਬਾਬੇ ਨਾਨਕ ਜੀ ਦੇ ਗੁਰਦਵਾਰਾ ਦੇਖਣ ਨੂੰ ਉਮੜਿਆ ਹੜ

 

 

 

ਗਰੀਨ ਪੰਜਾਬ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵਲੋਂ ਮੈਗਾ ਹਰਬਲ ਬੂਟਿਆਂ ਦੀ ਪ੍ਰਦਰਸ਼ਨੀ Video

ਜਗਰਾਉਂ/ ਲੁਧਿਆਣਾ, ਨਵੰਬਰ  2019-( ਮਨਜਿੰਦਰ ਗਿੱਲ )-

ਜੰਗਲਾਤ ਵਿਭਾਗ ਰੇਂਜ ਜਗਰਾਉਂ ਦੇ ਸਹਿਯੋਗ ਅਤੇ ਐਸ.ਡੀ. ਐਮ ਜਗਰਾਉਂ ਡਾ: ਬਲਜਿੰਦਰ ਸਿੰਘ ਢਿੱਲੋਂ ਦੀ ਪ੍ਰੇਰਣਾ ਨਾਲ ਗਰੀਨ ਪੰਜਾਬ ਮਿਸ਼ਨ ਟੀਮ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵਲੋਂ ਮੈਗਾ ਹਰਬਲ ਬੂਟਿਆਂ ਦੀ ਪ੍ਰਦਰਸ਼ਨੀ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਲਗਾਈ ਗਈ | ਇਹ ਪ੍ਰਦਰਸ਼ਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ | ਇਸ ਦਾ ਉਦਘਾਟਨ ਸਵਾਮੀ ਸ਼ੰਕਰਾ ਨੰਦ ਤਲਵੰਡੀ ਧਾਮ ਭੂਰੀ ਵਲਿਆਂ ਵਲੋਂ ਕੀਤਾ ਗਿਆ | ਇਸ ਸਮਾਗਮ ਵਿਚ ਹਲਕਾ ਵਿਧਾਇਕਾਂ ਸਰਵਜੀਤ ਕੌਰ ਮਾਣੂਕੇ, ਨਾਇਬ ਤਹਿਸੀਲਦਾਰ ਜਗਰਾਉਂ ਮਨਮੋਹਨ ਕੁਮਾਰ ਕੌਸ਼ਿਕ, ਵਣ ਰੇਂਜ ਅਫ਼ਸਰ ਮੋਹਨ ਸਿੰਘ, ਹਰਸੁਰਿੰਦਰ ਸਿੰਘ ਗਿੱਲ ਅਤੇ ਹੋਰ ਵਾਤਾਵਰਣ ਪ੍ਰੇਮੀ ਪਹੰੁਚੇ ਹੋਏ ਸਨ | ਇਸ ਪ੍ਰਦਰਸ਼ਨੀ ਵਿਚ 30 ਕਿਸਮ ਦੇ ਦਵਾਈ ਯੁਕਤ ਬੂਟਿਆਂ ਨੂੰ ਪ੍ਰਦਰਸ਼ਤ ਕੀਤਾ ਗਿਆ ਅਤੇ ਉਨ੍ਹਾਂ ਦੇ ਗੁਣਾਂ ਨੂੰ ਤਸਵੀਰ ਸਮੇਤ ਵੱਖ-ਵੱਖ ਫਲੈਕਸਾਂ ਤੇ ਲਿਖਿਆ ਗਿਆ | ਇਸ ਪ੍ਰਦਰਸ਼ਨੀ ਵਿਚ ਵੱਡੀ ਗਣਿਤੀ 'ਚ ਲੋਕਾਂ ਨੇ ਸ਼ਮੂਹੀਅਲਤ ਕੀਤੀ ਅਤੇ ਹਰਬਲ ਬੂਟਿਆਂ ਪ੍ਰਤੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਨਾਲ ਨਾਲ ਕਾਦਰ ਦੀ ਸਾਜੀ ਕੁਦਰਤ ਦੇ ਵੀ ਵੱਡੇ ਦਰਦਮੰਦ ਸਨ | ਉਨ੍ਹਾਂ ਨੇ ਕੁਦਰਤੀ ਸਾਧਨਾ ਨੂੰ ਮਨੁੱਖੀ ਰਿਸ਼ਤਿਆਂ ਨਾਲ ਜੋੜ ਕੇ ਇਨ੍ਹਾਂ ਦੀ ਹਿਫ਼ਾਜ਼ਤ ਕਰਨ ਲਈ ਮਨੁੱਖ ਨੂੰ ਪ੍ਰੇਰਿਆ ਸੀ | ਉਨ੍ਹਾਂ ਕਿਹਾ ਕਿ ਵਿਗੜ ਰਹੇ ਵਾਤਾਵਰਣ ਅਤੇ ਵੱਧ ਰਹੀਆਂ ਬਿਮਾਰੀਆਂ ਨੂੰ ਦੇਖਦਿਆਂ ਹੁਣ ਪਦਾਰਥਾਂ ਦੇ ਨਹੀਂ ਬਲਕਿ ਰੁਖ਼ਾਂ ਦੇ ਲੰਗਰ ਲੱਗਣ ਦੀ ਵੱਡੀ ਲੋੜ ਹੈ | ਉਨ੍ਹਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਵਿਅਕਤੀ ਨੂੰ ਵਾਤਾਵਰਨ ਦੀ ਸ਼ੁੱਧਤਾ ਤੇ ਸੰਸਾਰ ਅੰਦਰ ਮਨੁੱਖਤਾ ਦਾ ਬੋਲਬਾਲਾ ਸਥਾਪਤ ਕਰਨ ਲਈ ਪ੍ਰਣ ਕਰਨ ਵਾਸਤੇ ਵੀ ਅਪੀਲ ਕੀਤੀ ਗਈ | ਇਸ ਮੌਕੇ ਪ੍ਰੋ: ਕਰਮ ਸਿੰਘ ਸੰਧੂ, ਸਤਪਾਲ ਸਿੰਘ ਦੇਹੜਕਾ ਅਤੇ ਇਕਬਾਲ ਸਿੰਘ ਰਸੂਲਪੁਰ ਨੇ ਦਸਿਆ ਕਿ ਟਰੱਸਟ ਵਲੋਂ ਇਸ ਤੋਂ ਬਾਅਦ ਪਿੰਡਾਂ ਅੰਦਰ ਅਜਿਹੀਆਂ ਪ੍ਰਦਰਸ਼ਨੀਆਂ ਲਗਵਾ ਕੇ ਲੋਕਾਂ ਨੂੰ ਹਰਬਲ ਬੂਟਿਆਂ ਪ੍ਰਤੀ ਜਾਗਰੁਕ ਕਰਵਾਏਗਾ | ਇਸ ਮੌਕੇ ਹਰਨਰਾਇਣ ਸਿੰਘ ਢਿੱਲੋਂ, ਗਗਨਦੀਪ ਕੌਰ, ਸ਼ਿਵ ਕੁਮਾਰ, ਹਰਦਿਆਲ ਸਿੰਘ ਸਹੌਲੀ, ਡਾ: ਨਰਿੰਦਰ ਸਿੰਘ, ਨੀਰਜ ਕੁਮਾਰ, ਅਤੇ ਮੈਂਬਰ ਹਾਜ਼ਰ ਸਨ |

 

72 ਸਾਲਾਂ ਦੀ ਅਰਦਾਸ ਹੋਈ ਪੂਰੀ, PM ਮੋਦੀ ਨੇ ਕਰਤਾਰਪੁਰ ਲਾਂਘਾ ਕੀਤਾ ਸੰਗਤ ਅਰਪਣ

ਬਾਬਾ ਬਕਾਲਾ, ਨਵੰਬਰ 2019-(ਇਕਬਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ)-

ਇਤਿਹਾਸ ਸਿਰਜਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਡੇਰਾ ਬਾਬਾ ਨਾਨਕ ਵਿਖੇ ਸੰਗਠਿਤ ਚੈੱਕ ਪੋਸਟ ਦਾ ਉਦਘਾਟਨ ਕਰ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਸਦਕਾ ਕਰੋੜਾਂ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਨੂੰ ਫਲ਼ ਲੱਗਿਆ ਹੈ।1947 ਵਿੱਚ ਪੰਜਾਬ ਅਤੇ ਭਾਰਤ ਵਿਚ ਵਸਦੇ ਸਿੱਖਾਂ ਤੋਂ ਦੂਰ ਹੋਇਆ ਸਿੱਖ ਕੌਮ ਦਾ ਪਵਿੱਤਰ ਧਾਰਮਿਕ ਅਸਥਾਨ ਅੱਜ ਤੋਂ ਪਾਕਿਸਤਾਨ ਸਰਕਾਰ ਅਤੇ ਇੰਡੀਆ ਸਰਕਾਰ ਦੇ ਯੋਗ ਉਪਰਲੇ ਨਾਲ ਦੋਹਨਾ ਮੁਲਕਾਂ ਦੇ ਵਾਸੀਆਂ ਲਈ ਖੋਲ ਦਿੱਤਾ ਗਿਆ ਹੈ। 

ਅਯੋਗਤਾ ਰੋਕੂ ਐਕਟ 'ਚ ਸੋਧ ਕਰਨਾ ਸੱਤ ਸਲਾਹਕਾਰਾਂ ਦੀ ਅਹੁਦੇ ਬਚਾਉਣ 'ਚ ਮੱਦਦ ਨਹੀਂ ਕਰੇਗਾ-ਅਕਾਲੀ ਦਲ

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਇਹ ਸੋਧ ਕਾਨੂੰਨੀ ਤੌਰ ਤੇ ਸਹੀ ਠਹਿਰਾਉਣ ਯੋਗ ਨਹੀਂ 

ਚੰਡੀਗੜ੍ਹ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜਿਸ ਢੰਗ ਨਾਲ ਪੰਜਾਬ ਸਟੇਟ ਵਿਧਾਨ ਸਭਾ (ਅਯੋਗਤਾ ਰੋਕੂ) ਐਕਟ, 1952 ਵਿਚ ਸੋਧ ਕਰਕੇ ਕਾਂਗਰਸ ਸਰਕਾਰ ਨੇ ਸੱਤ ਵਿਧਾਇਕਾਂ ਦੀ ਸਲਾਹਕਾਰਾਂ ਵਜੋਂ ਨਿਯੁਕਤੀ ਨੂੰ ਪਿਛਲੇ ਸਮੇਂ ਤੋਂ ਰੈਗੂਲਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਕਾਨੂੰਨੀ ਤੌਰ ਤੇ ਸਹੀ ਠਹਿਰਾਉਣ ਯੋਗ ਨਹੀਂ ਹੈ ਅਤੇ ਇਹ ਸੋਧ ਸਮੇਂ ਦੀ ਪਰਖ ਅੱਗੇ ਬਿਲਕੁੱਲ ਨਹੀਂ ਟਿਕੇਗੀ।

ਇੱਥੇ ਵਿਧਾਨ ਸਭਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਨੂੰ ਰੈਗੂਲਰ ਕਰਨ ਲਈ ਇਸ ਐਕਟ ਦੇ ਸਬ ਸੈਕਸ਼ਨ ਐਫ ਵਿਚ ਸੋਧ ਕਰਨ ਦੀ ਕੋਸ਼ਿਸ਼ ਨੂੰ ਅਦਾਲਤਾਂ ਦੁਆਰਾ ਰੱਦ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹ ਸੋਧ ਵੀ ਨਿਆਂਇਕ ਪੜਤਾਲ ਅੱਗੇ ਟਿਕ ਨਹੀਂ ਪਾਵੇਗੀ।

ਸਰਦਾਰ ਢੀਂਡਸਾ ਨੇ ਕਿਹਾ ਕਿ ਇਹ ਸੋਧ 91ਵੀਂ ਸੋਧ ਦੀ ਭਾਵਨਾ ਦੇ ਖ਼ਿਲਾਫ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਵਜ਼ਾਰਤ ਦਾ ਆਕਾਰ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦੇ 15 ਫੀਸਦੀ ਤੋਂ ਵੱਧ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ  ਸਾਰੇ ਸੱਤ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਇੰਦਰਬੀਰ ਸਿੰਘ ਬੋਲਾਰੀਆ, ਕੁਸ਼ਲਦੀਪ ਢਿੱਲੋਂ ਅਤੇ ਤਰਸੇਮ ਸਿੰਘ ਡੀਸੀ ਕੈਬਨਿਟ ਅਤੇ ਰਾਜ ਮੰਤਰੀ ਦੇ ਦਰਜੇ ਵਾਲੇ ਸਲਾਹਕਾਰਾਂ ਦੇ ਰੂਪ ਵਿਚ ਲਾਭ ਵਾਲੇ ਅਹੁਦੇ ਸਵੀਕਾਰ ਕਰਕੇ ਖੁਦ ਨੂੰ ਅਯੋਗ ਠਹਿਰਾਏ ਜਾਣ ਦਾ ਸੱਦਾ ਦੇ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਐਕਟ ਵਿਚ ਪਿਛਲੇ ਸਮੇਂ ਤੋਂ ਸੋਧ ਕਰਨ ਦੀ ਕੋਸ਼ਿਸ਼ ਇਹਨਾਂ ਦੀ ਕਿਸਮਤ ਨਹੀਂ ਬਦਲ ਪਾਵੇਗੀ।

ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਨਵੇਂ ਸਲਾਹਕਾਰਾਂ ਨੂੰ ਭੱਤੇ ਅਤੇ ਹੋਰ ਸਹੂਲਤਾਂ ਦੇਣ ਲਈ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਅਤੇ ਸੂਬੇ ਦੇ ਲੋਕਾਂ ਉੱਤੇ ਬੋਝ ਪਾਉਣ ਦੀ ਬਜਾਇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੰਤਰੀ ਮੰਡਲ ਵਿਚ ਇਹਨਾਂ ਵਿਧਾਇਕਾਂ ਨੂੰ ਜਗ੍ਹਾ ਦੇ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਅਜਿਹੇ ਸਮੇਂ ਇਹ ਸੋਧ ਕੀਤੀ ਹੈ, ਜਦੋਂ ਸਰਕਾਰ ਕੋਲ ਮਿਡ ਡੇਅ ਮੀਲ, ਦਲਿਤ ਵਜ਼ੀਫੇ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਗੰਨੇ ਦੇ ਬਕਾਏ ਅਤੇ ਆਪਣੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ ਵਾਸਤੇ ਵੀ ਪੈਸੇ ਨਹੀਂ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਹਨਾਂ ਸੱਤ ਸਲਾਹਕਾਰਾਂ ਉੱਤੇ ਕਰੋੜਾਂ ਰੁਪਏ æਖਰਚਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ ਜਦਕਿ ਨੌਜਵਾਨਾਂ ਨੂੰ ਰੁਜ਼ਗਾਰ, 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਜਾਂ ਸਮਾਰਟ ਫੋਨ ਦੇਣ ਅਤੇ ਇੱਥੋਂ ਤਕ ਕਿ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਵੀ ਕੁੱਝ ਨਹੀਂ ਕੀਤਾ ਜਾ ਰਿਹਾ ਹੈ।

ਸਰਦਾਰ ਢੀਂਡਸਾ ਨੇ ਕਿਹਾ ਕਿ ਅਜੇ ਵੀ ਦੇਰੀ ਨਹੀਂ ਹੋਈ ਅਤੇ ਇਹਨਾਂ ਸੱਤ ਸਲਾਹਕਾਰਾਂ ਨੂੰ ਜਨਤਕ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਅਹੁਦੇ ਤਿਆਗ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹਨਾਂ ਸੱਤੇ ਵਿਧਾਇਕਾਂ ਨੂੰ ਆਪਣੇ ਲੋਕਾਂ ਦੀ ਮੁਸ਼ਕਿਲਾਂ ਦੂਰ ਕਰਨ ਲਈ ਚੁਣ ਕੇ ਵਿਧਾਨ ਸਭਾ ਵਿਚ ਭੇਜਿਆ ਗਿਆ ਹੈ। ਉਹਨਾਂ ਨੂੰ ਅਜਿਹਾ ਕੋਈ ਅਹੁਦਾ ਸਵੀਕਾਰ ਨਹੀਂ ਕਰਨਾ ਚਾਹੀਦਾ, ਜਿਸ ਤੋਂ ਇਹ ਪ੍ਰਭਾਵ ਜਾਵੇ ਕਿ ਉਹ ਲੋਕਾਂ ਦੀ ਕੀਮਤ ਉੱਤੇ ਖੁਦ ਨੂੰ ਅਮੀਰ ਬਣਾਉਣਾ ਚਾਹੁੰਦੇ ਹਨ।

ਨਵਜੋਤ ਸਿੰਘ ਸਿੱਧੂ ਨੇ ਤੀਜੀ ਵਾਰ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ

ਅੰਮਿ੍ਤਸਰ​, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਿਰੱਕਤ ਕਰਨ ਲਈ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਤੀਜੀ ਵਾਰ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਅਤੇ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਹੈ। ਨਵਜੋਤ ਸਿੱਧੂ ਨੇ ਆਪਣੀ ਚਿੱਠੀ 'ਚ ਲਿਖਿਆ ਕਿ ਵਾਰ-ਵਾਰ ਯਾਦ ਕਰਵਾਉਣ 'ਤੇ ਵੀ ਉਨ੍ਹਾਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ਸਬੰਧੀ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
ਨਵਜੋਤ ਸਿੱਧੂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਸਰਕਾਰ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਪਾਕਿਸਤਾਨ ਜਾਣ ਨਾਲ ਕੋਈ ਪਰੇਸ਼ਾਨੀ ਖੜੀ ਹੋ ਸਕਦੀ ਹੈ ਤਾਂ ਉਹ ਦੇਸ਼ ਦਾ ਕਾਨੂੰਨ ਮੰਨਣ ਵਾਲੇ ਨਾਗਰਿਕ ਵੱਜੋ ਪਾਕਿਸਤਾਨ ਨਹੀਂ ਜਾਣਗੇ ਪਰ ਜੇਕਰ ਸਰਕਾਰ ਨੇ ਉਨ੍ਹਾਂ ਦੀ ਲਿਖੀ ਤੀਜੀ ਚਿੱਠੀ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਤਾਂ ਉਹ ਵੀ ਹਜ਼ਾਰਾਂ ਸਿੱਖ ਸ਼ਰਧਾਲੂਆਂ ਦੀ ਤਰ੍ਹਾਂ ਕਾਨੂੰਨੀ ਵੀਜ਼ੇ ਦੇ ਆਧਾਰ 'ਤੇ ਪਾਕਿਸਤਾਨ ਚਲੇ ਜਾਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾਣ ਲਈ ਕੇਂਦਰ ਸਰਕਾਰ ਨੂੰ ਆਗਿਆ ਲੈਣ ਸਬੰਧੀ 2 ਵਾਰ ਚਿੱਠੀ ਲਿਖ ਚੁੱਕੇ ਹਨ, ਜਿਸ ਦਾ ਕੇਂਦਰ ਸਰਕਾਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ, ਹਾਲਾਂਕਿ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਨਵਜੋਤ ਸਿੱਧੂ ਨੂੰ ਪਾਕਿਸਤਾਨ ਦਾ ਵੀਜ਼ਾ ਦੇ ਦਿੱਤਾ ਗਿਆ ਹੈ।

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਖਰਚਾ ਹਰਿਆਣਾ ਸਰਕਾਰ ਚੁੱਕੇਗੀ

ਚੰਡੀਗੜ੍ਹ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਐਲਾਨ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ ਆਉਣ-ਜਾਣ ਦਾ ਖਰਚ ਰਾਜ ਸਰਕਾਰ ਵਲੋਂ ਭੁਗਤਾਨ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦਾ ਇਜਲਾਸ ਸਮਾਪਤ ਹੋਣ ਤੋਂ ਬਾਅਦ ਕੀਤਾ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹਰਿਆਣਾ ਤੋਂ ਲਗਭਗ 5500 ਸ਼ਰਧਾਲੂ ਬੱਸ ਤੇ ਰੇਲ ਰਾਹੀਂ ਜਾਣਗੇ, ਜਿਨ੍ਹਾਂ ਦੇ ਕਿਰਾਏ ਦਾ ਭੁਗਤਾਨ ਰਾਜ ਸਰਕਾਰ ਵਲੋਂ ਕੀਤਾ ਜਾਵੇਗਾ |

ਸ਼੍ਰੋਮਣੀ ਕਮੇਟੀ ਦੇ ਲਗਪਗ 1300 ਸ਼ਰਧਾਲੂਆਂ ਦਾ ਜਥਾ ਅੱਜ ਹੋਵੇਗਾ ਪਾਕਿਸਤਾਨ ਰਵਾਨਾ 

ਅੰਮ੍ਰਿਤਸਰ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਦੇ ਲਗਪਗ 1300 ਸ਼ਰਧਾਲੂਆਂ ਦਾ ਜਥਾ 5 ਨਵੰਬਰ ਨੂੰ ਰਵਾਨਾ ਹੋਵੇਗਾ। ਜਥੇ ਨੂੰ ਸਵੇਰੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ। ਜਥੇ ਨਾਲ ਜਾਣ ਵਾਲੇ ਸ਼ਰਧਾਲੂ ਅੱਜ ਹੀ ਇਥੇ ਪੁੱਜ ਗਏ ਅਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਸਥਿਤ ਸਬੰਧਤ ਵਿਭਾਗ ਕੋਲੋਂ ਆਪੋ-ਆਪਣੇ ਪਾਸਪੋਰਟ ਪ੍ਰਾਪਤ ਕੀਤੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਕੁੱਲ 1645 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਸਨ, ਪਰ ਪਾਕਿਸਤਾਨੀ ਸਫ਼ਾਰਤਖਾਨੇ ਨੇ ਇਨ੍ਹਾਂ ਵਿਚੋਂ 342 ਸ਼ਰਧਾਲੂਆਂ ਨੂੰ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ। ਜਿਨ੍ਹਾਂ 1303 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਹਨ, ਹੁਣ ਉਹ ਭਲਕੇ ਪਾਕਿਸਤਾਨ ਲਈ ਰਵਾਨਾ ਹੋਣਗੇ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਬਾਬਾ ਚਰਨਜੀਤ ਸਿੰਘ ਜੱਸੋਵਾਲ ਅਤੇ ਅਜਾਇਬ ਸਿੰਘ ਅਭਿਆਸੀ ਕਰਨਗੇ। ਜਥਾ 13 ਨਵੰਬਰ ਨੂੰ ਭਾਰਤ ਪਰਤ ਆਵੇਗਾ।

ਫਤਹਿਗੜ ਸਾਹਿਬ, ਮਾਛੀਵਾੜਾ ਸਾਹਿਬ ਅਤੇ ਰਾਏਕੋਟ ਨੂੰ ਆਪਸੀ ਸੜਕੀ ਅਤੇ ਰੇਲ ਆਵਾਜਾਈ ਨਾਲ ਜੋੜਿਆ ਜਾਵੇ-ਡਾ. ਅਮਰ ਸਿੰਘ

ਫਤਿਹਗੜ ਸਾਹਿਬ ਨੂੰ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਦੁਬਾਰਾ ਮੰਗ, ਲੋਕ ਸਭਾ ਮੈਂਬਰ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

ਰਾਏਕੋਟ/ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-​

ਫਤਿਹਗੜ ਸਾਹਿਬ ਨੂੰ ਅੰਤਰਰਾਸ਼ਟਰੀ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਲਈ ਯਤਨਸ਼ੀਲ ਹਲਕਾ ਫਤਿਹਗੜ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਪ੍ਰਹਲਾਦ ਸਿੰਘ ਪਟੇਲ ਨਾਲ ਦੁਬਾਰਾ ਮੀਟਿੰਗ ਕਰਕੇ ਆਪਣੀ ਇਸ ਮੰਗ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨਾਂ ਫਤਹਿਗੜ ਸਾਹਿਬ, ਮਾਛੀਵਾੜਾ ਸਾਹਿਬ ਅਤੇ ਰਾਏਕੋਟ ਨੂੰ ਆਪਸੀ ਸੜਕੀ ਅਤੇ ਰੇਲ ਆਵਾਜਾਈ ਨਾਲ ਲਿੰਕ ਕਰਨ ਦੀ ਵੀ ਮੰਗ ਕੀਤੀ ਹੈ। ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਨਾਲ ਹੋਈ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਅਮਰ ਸਿੰਘ ਨੇ ਫਤਹਿਗੜ ਸਾਹਿਬ ਨੂੰ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਨੂੰ ਲੈ ਕੇ ਉਨਾਂ ਵੱਲੋਂ ਕੇਂਦਰੀ ਸੈਰ ਸਪਾਟਾ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੂੰ ਫਤਿਹਗੜ ਸਾਹਿਬ ਤੋਂ ਇਲਾਵਾ ਰਾਏਕੋਟ ਅਤੇ ਮਾਛੀਵਾੜਾ ਕਸਬਿਆਂ ਦੀ ਧਾਰਮਿਕ ਮਹੱਤਤਾ ਬਾਰੇ ਜਾਣੂੰ ਕਰਵਾਇਆ। ਉਨਾਂ ਦੱਸਿਆ ਕਿ ਫਤਿਹਗੜ ਸਾਹਿਬ ਵਿੱਚ ਦਸ਼ਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਮੁਗਲ ਸ਼ਾਸ਼ਕ ਔਰੰਗਜ਼ੇਬ ਅਤੇ ਉਸ ਦੇ ਨਵਾਬ ਵਜ਼ੀਰ ਖਾਨ ਨੇ ਸਿੱਖ ਧਰਮ ਨਾ ਤਿਆਗਣ ਦੀ ਸਜ਼ਾ ਵਜ਼ੋਂ ਜਿਊਂਦਿਆਂ ਹੀ ਦੀਵਾਰ ਵਿੱਚ ਚੁਣਵਾ ਦਿੱਤਾ ਗਿਆ ਸੀ ਅਤੇ ਇਸ ਘਟਨਾ ਦੀ ਸੂਚਨਾ ਗੁਰੂ ਸਾਹਿਬ ਨੂੰ ਰਾਏਕੋਟ ਵਿਖੇ ਮਿਲੀ ਸੀ, ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਰਾਏਕੋਟ (ਗੁਰਦੁਆਰਾ ਟਾਹਲੀਆਣਾ ਸਾਹਿਬ) ਵਿਖੇ ਮੁਗਲ ਰਾਜ ਦੀ ਜੜ ਪੁੱਟੀ ਸੀ। ਜਿਸ ਕਰਕੇ ਇਹ ਨਗਰ ਸਿੱਖਾਂ ਅਤੇ ਮਾਨਵਤਾ ਦੀ ਹਾਮੀ ਭਰਨ ਵਾਲੇ ਲੋਕਾਂ ਵਿੱਚ ਕਾਫ਼ੀ ਮਹੱਤਵਪੂਰਨ ਸਥਾਨ ਰੱਖਦੇ ਹਨ। ਉਨਾਂ ਆਪਣੀ ਮੰਗ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਇਸ ਅਸਥਾਨ 'ਤੇ ਹਰ ਸਾਲ ਕਰੋੜਾਂ ਲੋਕ ਦਰਸ਼ਨ ਕਰਨ ਲਈ ਪੁੱਜਦੇ ਹਨ, ਜਿਸ ਕਾਰਨ ਇਸ ਨਗਰ ਨੂੰ ਬੁਨਿਆਦੀ ਤੌਰ 'ਤੇ ਵਿਕਸਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਉਨਾਂ ਨਾਲ ਹੀ ਮੰਗ ਕੀਤੀ ਕਿ ਇੰਨਾਂ ਤਿੰਨ ਨਗਰਾਂ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਇੰਨਾਂ ਤਿੰਨੇ ਨਗਰਾਂ ਨੂੰ ਆਪਸ ਵਿੱਚ ਸੜਕ ਅਤੇ ਰੇਲ ਲਿੰਕ ਰਾਂਹੀਂ ਵੀ ਜੋੜਿਆ ਜਾਵੇ। ਡਾ. ਅਮਰ ਸਿੰਘ ਨੇ ਦੱਸਿਆ ਕਿ ਕੇਂਦਰੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਉਨਾਂ ਨੂੰ ਭਰੋਸਾ ਦਵਾਇਆ ਕਿ ਉਹ ਇਸ ਮੰਗ ਨੂੰ ਗੰਭੀਰਤਾ ਨਾਲ ਲੈ ਕੇ ਜਲਦੀ ਹੀ ਇਸ ਸਬੰਧੀ ਸਬੰਧਤ ਵਿਭਾਗਾਂ ਤੋਂ ਰਿਪੋਰਟ ਪ੍ਰਾਪਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਨਗੇ।

ਪ੍ਰੋਫ਼ੈਸਰ ਮੋਹਨ ਸਿੰਘ ਕੌਮਾਂਤਰੀ ਪੰਜਾਬੀ ਸੱਭਿਆਚਾਰਕ ਮੇਲਾ ਸਮਾਪਤ

ਫੱਲੇਵਾਲ/ਮੰਡੀ ਅਹਿਮਦਗੜ੍ਹ,ਨਵੰਬਰ 2019- ( ਗੁਰਸੇਵਕ ਸੋਹੀ )-

ਜਗਦੇਵ ਸਿੰਘ ਜੱਸੋਵਾਲ ਯਾਦਗਾਰੀ 41ਵਾਂ ਪ੍ਰੋਫ਼ੈਸਰ ਮੋਹਨ ਸਿੰਘ ਕੌਮਾਂਤਰੀ ਪੰਜਾਬੀ ਸੱਭਿਆਚਾਰਕ ਮੇਲਾ ਇੱਥੋਂ ਨੇੜਲੇ ਪਿੰਡ ਫੱਲੇਵਾਲ ਦੇ ਗੁਰੂ ਹਰਕ੍ਰਿਸ਼ਨ ਕਾਲਜ ਵਿਚ ਸਮਾਪਤ ਹੋ ਗਿਆ।
ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਪ੍ਰੋਫ਼ੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਦੀ ਅਗਵਾਈ ਹੇਠ ਗੁਲਜ਼ਾਰ ਸਿੰਘ ਸੰਧੂ ਨੂੰ ‘ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਪੁਰਸਕਾਰ’, ਨਵਦੀਪ ਸਿੰਘ ਗਿੱਲ ਨੂੰ ‘ਬਾਲ ਕ੍ਰਿਸ਼ਨ ਸਿੰਘ ਗਰੇਵਾਲ ਯਾਦਗਾਰੀ ਖੇਡ ਪੁਰਸਕਾਰ’, ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੂੰ ‘ਭਾਈ ਮਰਦਾਨਾ ਯਾਦਗਾਰੀ ਪੁਰਸਕਾਰ’, ਤੀਰਥ ਸਿੰਘ ਢਿੱਲੋਂ ਨੂੰ ‘ਅਲਬੇਲ ਸਿੰਘ ਸੰਚਾਰ ਸ੍ਰੀ ਪੁਰਸਕਾਰ’, ਬਲਵੀਰ ਸਿੰਘ ਮਾਧੋਪੁਰ ਨੂੰ ‘ਪ੍ਰਿੰਸੀਪਲ ਸੰਤ ਸਿੰਘ ਸੇਖੋਂ ਪੁਰਸਕਾਰ’, ਡਾ. ਸਾਵਲ ਧਾਮੀ ਨੂੰ ‘ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਪੁਰਸਕਾਰ’, ਗਾਇਕ ਪੰਮਾ ਡੂਮੇਵਾਲ ਨੂੰ ‘ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ’ ਅਤੇ ਹਰਜੀਤ ਕੌਰ ਢੀਂਡਸਾ ਨੂੰ ‘ਡਾਕਟਰ ਅਜਮੇਰ ਸਿੰਘ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਆ।

9 ਨਵੰਬਰ ਨੂੰ ਅਰਦਾਸ ਕਰਨ ਉਪਰੰਤ ਸ੍ਰੀ ਮੋਦੀ ਗੁਰਦੁਆਰਾ ਸ੍ਰੀ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਪਹਿਲੇ ਜਥੇ ਨੂੰ ਵੀ ਕਰਨਗੇ ਰਵਾਨਾ

ਬੀ.ਐਸ.ਐਫ. ਕੰਪਲੈਕਸ ਸ਼ਿਕਾਰ ਦੀ ਸਟੇਜ ਦਾ ਸਾਰਾ ਪ੍ਰਬੰਧ ਸ਼ੋ੍ਰਮਣੀ ਕਮੇਟੀ ਕੋਲ

ਸ੍ਰੀ ਕਰਤਾਰਪੁਰ ਸਾਹਿਬ/ਡੇਰਾ ਬਾਬਾ ਨਾਨਕ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-  ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਲਈ ਜਾਣ ਲਈ 9 ਨਵੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਹਿਲਾਂ ਸ਼ਿਕਾਰ ਮਾਛੀਆਂ ਵਿਖੇ ਸਥਿਤ ਬੀ.ਐਸ.ਐਫ. ਦੇ ਹੈੱਡਕੁਆਰਟਰ ਵਿਖੇ ਜ਼ਮੀਨੀ ਬੰਦਰਗਾਹ ਵਿਭਾਗ ਵਲੋਂ ਕੀਤੇ ਜਾਣ ਵਾਲੇ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਨਗੇ ਅਤੇ ਇਸ ਜਗ੍ਹਾ 'ਤੇ ਹੀ ਅਰਦਾਸ ਕਰਨ ਉਪਰੰਤ ਸ੍ਰੀ ਮੋਦੀ ਗੁਰਦੁਆਰਾ ਸ੍ਰੀ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਕਰਨਗੇ | ਸਮਾਗਮ ਦੌਰਾਨ ਸ੍ਰੀ ਮੋਦੀ ਦੇ ਨਿਰਮਾਣ ਕੀਤੀ ਧਾਰਮਿਕ ਸਟੇਜ 'ਤੇ ਕੁਰਸੀਆਂ ਦੀ ਬਜਾਏ ਹੇਠਾਂ ਬੈਠਣ ਦੀ ਵੀ ਖ਼ਬਰ ਪ੍ਰਾਪਤ ਹੋਈ ਹੈ | ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰ ਤੋਂ ਸਰਹੱਦੀ ਪ੍ਰਬੰਧਕ ਸਕੱਤਰ ਨਗੇਂਦਰ ਨਾਥ ਸਿਨਹਾ ਵਿਸ਼ੇਸ਼ ਤੌਰ 'ਤੇ ਸ਼ਿਕਾਰ ਮਾਛੀਆਂ ਅਤੇ ਡੇਰਾ ਬਾਬਾ ਨਾਨਕ ਵਿਖੇ ਤਿਆਰ ਹੋ ਰਹੇ ਟਰਮੀਟਲ ਵਿਖੇ ਪਹੁੰਚੇ | ਇੱਥੇ ਸ੍ਰੀ ਸਿਨਹਾ ਨੇ ਪਹਿਲਾਂ ਸ਼ਿਕਾਰ ਮਾਛੀਆਂ ਵਿਖੇ ਧਾਰਮਿਕ ਸਟੇਜ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਬਾਅਦ 'ਚ ਅੰਤਰਰਾਸ਼ਟਰੀ ਕੌਮਾਂਤਰੀ ਸਰਹੱਦ ਜ਼ੀਰੋ ਲਾਈਨ 'ਤੇ ਲਗਾਏ ਗੇਟਾਂ ਆਦਿ 'ਤੇ ਜਾ ਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਬਣਾਈ ਯੋਜਨਾ ਮੁਤਾਬਿਕ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਸ੍ਰੀ ਸਿਨਹਾ ਨੇ ਗੱਲਬਾਤ ਦੌਰਾਨ ਕੀਤੇ ਦੌਰੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਮਾਗਮ ਤੋਂ ਇਕ-ਦੋ ਦਿਨ ਪਹਿਲਾਂ ਪ੍ਰਬੰਧਾਂ ਨੂੰ ਨੇਪਰੇ ਚਾੜ੍ਹ ਲਿਆ ਜਾਵੇਗਾ ਅਤੇ ਇਸ ਦੌਰਾਨ ਜੋ ਉਨ੍ਹਾਂ ਨੂੰ ਪ੍ਰਬੰਧਾਂ 'ਚ ਖਾਮੀਆਂ ਨਜ਼ਰ ਆਈਆਂ ਹਨ ਜਾਂ ਹੋਰ ਸੁਧਾਰ ਜਾਂ ਨਵੇਂ ਪ੍ਰਬੰਧ ਕਰਨੇ ਹਨ, ਉਨ੍ਹਾਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਫਿਲਹਾਲ 90 ਫ਼ੀਸਦੀ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਸ਼ਿਕਾਰ ਮਾਛੀਆਂ 'ਚ ਹੋਣ ਵਾਲੇ ਧਾਰਮਿਕ ਸਮਾਗਮ 'ਚ 15000 ਹਜ਼ਾਰ ਦੇ ਲਗਪਗ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਵਲੋਂ ਕਿਸ ਸਮੇਂ 'ਤੇ ਪਹੁੰਚਣਾ ਹੈ, ਸਬੰਧੀ ਕੀਤੇ ਸਵਾਲ ਦੇ ਜਵਾਬ 'ਚ ਕਿਹਾ ਕਿ ਇਸ ਸਬੰਧ 'ਚ ਕੇਂਦਰ ਅਤੇ ਸੂਬਾ ਸਰਕਾਰ 'ਚ ਗੱਲਬਾਤ ਚੱਲ ਰਹੀ ਹੈ ਅਤੇ ਇਸ ਬਾਰੇ ਕੋਈ ਸਪੱਸ਼ਟ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਮੁੱਖ ਸਕੱਤਰ ਆਵਾਜਾਈ ਕੇ ਸ਼ਿਵਾ ਪ੍ਰਸ਼ਾਦ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉੱਜਵਲ, ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ, ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਤੋਂ ਇਲਾਵਾ ਬੀ.ਐਸ.ਐਫ. ਦੇ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ਵੀ ਹਾਜ਼ਰ ਹੋਇਆ |

ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਬੀ.ਐਸ.ਐਫ. ਕੰਪਲੈਕਸ ਸ਼ਿਕਾਰ ਮਾਛੀਆਂ 'ਚ ਕੇਂਦਰ ਸਰਕਾਰ ਵਲੋਂ ਅਤਿ ਸੁਰੱਖਿਆ ਪ੍ਰਬੰਧਾਂ ਹੇਠ ਸਟੇਜ ਬਣਾਈ ਜਾ ਰਹੀ ਹੈ, ਜਿਸ ਵਿਚ 15 ਹਜ਼ਾਰ ਸੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਇਹ ਵੀ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਬਣਾਈ ਜਾ ਰਹੀ ਇਸ ਸਟੇਜ ਦਾ ਸਾਰਾ ਪ੍ਰਬੰਧ ਤੇ ਕੰਟਰੋਲ ਸ਼ੋ੍ਰਮਣੀ ਕਮੇਟੀ ਕੋਲ ਹੋਵੇਗਾ | ਸਟੇਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਂਝੀਵਾਲਤਾ ਦੇ ਫਲਸਫੇ 'ਤੇ ਵਿਚਾਰਾਂ ਹੋਣਗੀਆਂ | ਪੰਡਾਲ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਤੇ ਸ਼ਬਦ-ਕੀਰਤਨ ਵੀ ਹੋਵੇਗਾ | ਇਹ ਵੀ ਸਪੱਸ਼ਟ ਹੋ ਚੁੱਕਾ ਹੈ ਕਿ ਪੰਜਾਬ ਸਰਕਾਰ ਵਲੋਂ ਇਕ ਸਟੇਜ ਡੇਰਾ ਬਾਬਾ ਨਾਨਕ ਦੇ ਪਿੰਡ ਮਾਨ ਨੇੜੇ ਰਾਸ਼ਟਰੀ ਮਾਰਗ 'ਤੇ ਬਣਾਈ ਗਈ ਹੈ, ਪ੍ਰੰਤੂ ਭਾਜਪਾ ਅਤੇ ਅਕਾਲੀ ਦਲ ਨੇਤਾਵਾਂ ਵਲੋਂ ਸ਼ਿਕਾਰ ਮਾਛੀਆਂ ਬੀ.ਐਸ.ਐਫ. ਕੰਪਲੈਕਸ ਦੀ ਸਟੇਜ 'ਤੇ ਹੀ ਪਹੁੰਚਣ ਦੀ ਜਾਣਕਾਰੀ ਮਿਲੀ ਹੈ | ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਟੇਜ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚ ਸਕਦੇ ਹਨ |

ਨਾਨਕ- ਕਵਿਤਾ ਗੋਬਿੰਦਰ ਸਿੰਘ ‘ਬਰੜ੍ਹਵਾਲ’

ਨਾਨਕ

ਨਾਨਕ ਤੇਰਾ ਸ਼ਹਿਰ ਐਥੇ

ਤੇਰੇ ਬਾਝੋਂ ਬਿਖਰ ਗਿਆ

ਕਾਗਜਾਂ ਤਾਈਂ ਸਮੇਟ ਦਿੱਤਾ

ਅਮਲਾਂ ਨਾਲੋਂ ਥਿੜਕ ਗਿਆ

 

ਦਿਲਾਂ ਤੇ ਤੇਰੀ ਛਾਪ ਰਹਿ ਗਈ

ਸੋਭਾ ਸਿੰਘ ਦੇ ਚਿੱਤਰਾਂ ਦੀ

ਰਤਾ ਪਰਵਾਹ ਨਾ ਕੀਤੀ ਕਿਸੇ ਨੇ

ਤੇਰੇ ਸ਼ਬਦ ਤੇ ਫਿਕਰਾਂ ਦੀ

 

ਥਾਂ ਥਾਂ ਤੇ ਹੁਣ ਖੁੱਲ੍ਹ ਗਈ ਹੱਟੀ

ਮੌਜ ਮਲਿਕ ਭਾਗੋਆਂ ਲੱਗੀ

ਨਾਂ ਤੇਰੇ ਦਾ ਦੇ ਕੇ ਹੋਕਾ

ਦਿਨ ਦਿਹਾੜੇ ਮਾਰਨ ਠੱਗੀ

 

ਵਿਚਾਰਾਂ ਚੋਂ ਤਰਕ ਨੇ ਕਿੱਧਰੇ

ਮਾਰੀ ਲੰਬੀ ਦੂਰ ਉਡਾਰੀ

ਸਿਰ ਪਾਟਣ ਨੂੰ ਕਾਹਲੇ ਰਹਿੰਦੇ

ਤੇਰੇ ਰਾਹ ਦੇ ਕਬਜ਼ਾਧਾਰੀ

 

ਪਾ ਰੂਹ ਤੇਰੀ ਦਾ ਅਖੌਤੀ ਬਾਣਾ

ਬੜੇ ਭੰਬਲਭੂਸੇ ਛਿੜਕ ਰਹੇ

ਸੱਚ ਤੋਂ ਤੈਨੂੰ ਦੂਰ ਖੜਾ ਕੇ

ਕੂੜ ਹੀ ਕੂੜ ਰਿੜਕ ਰਹੇ

 

ਸੱਚਾ ਨਾਨਕ ਸੂਰਜ ਨੂੰ ਸ਼ੀਸ਼ਾ

ਕਿਸੇ ਵਿਰਲੇ ਨੇ ਹੀ ਪਾਇਆ

ਤੇਗ ਤੋਂ ਹੋਈ ਤਿੱਖੀ ਕਸੌਟੀ

ਜੀਹਨੇ ਵੀ ਗਲ ਲਾਇਆ

 

ਨਾਨਕ ਨਾਮ ਦੂਰ ਦਾ ਪੈਂਡਾ

ਕਿਰਤੋਂ ਵੀ ਏ ਬਿਸਰ ਗਿਆ

ਨਾਨਕ ਤੇਰਾ ਸ਼ਹਿਰ ਐਥੇ

ਤੇਰੇ ਬਾਝੋਂ ਬਿਖਰ ਗਿਆ

- ਗੋਬਿੰਦਰ ਸਿੰਘ ‘ਬਰੜ੍ਹਵਾਲ’

ਸ਼੍ਰੀ ਅਨੰਦਪੁਰ ਸਾਹਿਬ ਮਤੇ ਦੇ ਬਾਨੀ 21ਵੀਂ ਸਦੀ ਦੇ ਲੋਹ ਪੁਰਸ਼-ਪ੍ਰਿਤਪਾਲ ਸਿਵੀਆ

ਟਕਸਾਲੀ ਅਕਾਲੀ ਯੁੱਗ ਦੇ ਆਖਰੀ ਚਿਰਾਗ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਯਾਦ ਕਰਦਿਆ....

ਦੇਸ਼ ਦੀ ਆਜਾਦੀ ਤੋਂ ਬਾਅਦ ਹਿਦੋਸਤਾਨ ਦੇ ਹਾਕਮਾਂ ਵਲੋਂ ਸਿੱਖ ਕੌਮ ਨਾਲ ਕੀਤੇ ਵਾਅਦੇ ਵਫਾ ਨਾ ਹੋਣ ਕਾਰਨ ਪੰਜਾਬ ਭਰ 'ਚ ਭਾਰੀ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਸੀ। ਸਿੱਖ ਲੀਡਰਾਂ ਦੇ ਹਾਸ਼ੀਏ 'ਚ ਚਲੇ ਜਾਣ ਤੋ ਬਾਅਦ ਦਿੱਲੀ ਦੀ ਹਕੂਮਤ ਨੇ ਦੇਸ਼ ਭਰ 'ਚ ਭਾਸ਼ਾ ਦੇ ਅਧਾਰਤ ਸੂਬਿਆਂ ਦੀ ਨਵੀ ਹੱਦਬੰਦੀ ਕੀਤੀ। ਪਰ ਪੰਜਾਬ ਵਾਰੀ ਮੀਗਣਾਂ ਪਾ ਕੇ ਲੰਗੜੇ ਸੂਬੇ ਦੀ ਮੰਗ ਮੰਨੀ। ਸਿੱਖ ਕੌਮ ਅੰਦਰ ਫੈਲੀ ਇਸ ਬੇਗਾਨੇਪੁਣੇ ਦੀ ਭਾਵਨਾ ਦੀ ਤਰਜਮਾਨੀ ਕਰਦਾ ਮਤਾ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਕਰਕੇ ਸਮੁੱਚੀ ਸਿੱਖ ਕੌਮ ਦੀ ਅਗਵਾਈ ਕਰ  ਰਹਿੰਦੀ ਦੁਨੀਆਂ ਤੱਕ ਆਪਣਾ ਨਾਮ ਅਮਰ ਕਰ ਗਿਆ। ਉਨ੍ਹਾਂ ਸਾਰੀ ਉਮਰ ਘਰ ਭਰਨ ਦੀ ਥਾਂ ਪੰਥ ਦੀ ਚੜਦੀ ਕਲਾ, ਖਾਲਸੇ ਦੇ ਬੋਲਬਾਲੇ ਦੇ ਸਿਧਾਂਤ ਤੇ ਪਹਿਰਾ ਦਿੱਤਾ।  ਭਾਵੇਂ ਅੱਜ ਸਿੱਖ ਕੌਮ ਦਾ ਅਣਮੋਲ ਹੀਰਾ ਸਰੀਰ ਕਰ ਕੇ ਇਸ ਦੁਨੀਆਂ ਤੋਂ ਸਾਡੇ ਕੋਲ ਨਹੀਂ ਹੈ ਪਰ ਉਨ੍ਹਾਂ ਵਲੋਂ ਪੰਥਪ੍ਰਸਤੀ ਦੀ ਪਾਈਆਂ ਲੀਹਾਂ ਨੂੰ ਰਹਿੰਦੀ ਦੁਨੀਆਂ ਤੱਕ ਸਤਿਕਾਰ ਨਾਲ ਯਾਦ ਕੀਤਾ ਅਤੇ ਮਾਣ ਨਾਲ ਪੜ੍ਹਿਆ ਜਾਵੇਗਾ।

                 ਪੰਥ ਦੇ ਇਸ ਅਣਮੋਲ ਹੀਰੇ ਦਾ ਜਨਮ ਸਿੱਖ ਘੋਲਾਂ ਦੇ ਯੋਧੇ ਜੱਥੇਦਾਰ ਛਾਂਗਾ ਸਿੰਘ ਦੇ ਘਰ ਮਾਤਾ ਜਸਮੇਲ ਕੌਰ ਦੀ ਕੁੱਖੋਂ 1929 'ਚ ਪਿੰਡ ਚੱਕ ਜਿਲ੍ਹਾ ਲਾਇਲਪੁਰ ਪਾਕਿਸਤਾਨ 'ਚ ਹੋਇਆ। ਉਨ੍ਹਾਂ ਪੰਥਪ੍ਰਸਤ ਟਕਸਾਲੀ ਅਕਾਲੀ ਬਰਨਾਲਾ ਸਰਕਾਰ ਦੇ ਰਾਜ ਮੰਤਰੀ ਜਥੇਦਾਰ ਦਲੀਪ ਸਿੰਘ ਤਲਵੰਡੀ ਕਲਾਂ (ਲੁਧਿ:) ਦੀ ਸੰਗਤ 'ਚ ਸੁਰੂ ਕੀਤੇ ਆਪਣੇ ਰਾਜਨੀਤਿਕ ਸਫਰ ਦੋਰਾਨ 10 ਸਾਲ ਪਿੰਡ ਦੀ ਸਰਪੰਚੀ, 50 ਸਾਲ ਸ਼੍ਰੋਮਣੀ ਕਮੇਟੀ ਦੀ ਮੈਂਬਰੀ, ਦੇ ਨਾਲ ਨਾਲ 1967 'ਚ ਰਾਏਕੋਟ ਤੋ ਵਿਧਾਇਕੀ ਅਤੇ 1980 'ਚ ਐਮ ਪੀ ਤੱਕ ਦਾ ਅਜਿੱਤ ਸਫਰ ਬੜੀ ਸ਼ਾਨ ਨਾਲ ਮੁਕੰਮਲ ਕੀਤਾ। 1970 ਦੀ ਬਾਦਲ ਸਰਕਾਰ 'ਚ ਆਪ ਨੂੰ ਕੈਬਨਿਟ ਮੰਤਰੀ ਦੇ ਪਦ ਦਾ ਮਾਣ ਬਖਸ਼ਿਆ। ਨਿਵਾਣਾ ਵੱਲ ਜਾ ਰਹੀ ਸਿੱਖ ਕੌਮ ਲਈ 1978 'ਚ ਜੱਥੇਦਾਰ ਤਲਵੰਡੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣਾ ਚੜਦੀ ਕਲਾ ਲੈ ਕੇ ਆਇਆ ਉਨ੍ਹਾਂ ਨੇ ਰਾਜਾਂ ਨੂੰ ਵੱਧ ਅਧਿਕਾਰਾਂ ਦਾ ਮਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਕਰ, ਲਾਗੂ ਕਰਾਉਣ ਲਈ ਮੋਰਚਾ ਲਾ ਕੇਂਦਰ ਦੀ ਹੰਕਾਰੀ ਕਾਂਗਰਸ ਸਰਕਾਰ ਦੀ ਚੂਲਾ ਹਿਲਣ ਲਾ ਦਿੱਤੀਆਂ। ਸੰਨ 2000 'ਚ ਆਪ ਦਾ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਚੁਣੇ ਜਾਣਾ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਾਪਤੀਆਂ ਲਈ ਲਈ ਹਮੇਸ਼ਾਂ ਸੁਨਿਹਰੀ ਯੁੱਗ ਵਜੋਂ ਯਾਦ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਪਤਿੱਤਪੁਣੇ 'ਚ ਮਲੀਨ ਹੋ ਰਹੀ ਕੌਮ ਨੂੰ ਮੁੜ ਧਰਮ ਦੀ ਲੀਹਾਂ 'ਤੇ ਪਾ  ਬੁਲੰਦੀਆਂ ਤੇ ਪਹੁੰਚਾਇਆ।ਭਾਂਵੇਂ ਸਰੀਰ ਕਰਕੇ 19 ਸਤੰਬਰ 2014  ਨੂੰ ਸਿੱਖ ਕੌਮ ਦਾ ਅਨਮੋਲ ਹੀਰਾ ਆਪਣੇ ਸੁਆਸਾਂ ਦੀ ਪੂੰਜੀ ਸਮੇਟ ਉਸ ਅਕਾਲ ਪੁਰਖ ਦੀ ਨਿੱਘੀ ਗੋਦ 'ਚ ਜਾ ਵਿਰਾਜਿਆ। ਪਰ ਉਨ੍ਹਾਂ ਵਲੋਂ ਪਾਏ ਪੂਰਨਿਆਂ ਤੇ ਅੱਜ ਵੀ ਹਰ ਪੰਥ ਪ੍ਰਸਤ ਸਿੱਖ ਚੱਲਣਾ ਮਾਣ ਸਮਝੇਗਾ।

 ਜਰਨਲਿਸਟ ਪ੍ਰਿਤਪਾਲ ਸਿੰਘ ਸਿਵੀਆ

ਜਗਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਬਰਨਾਲਾ,ਨਵੰਬਰ 2019-(ਗੁਰਸੇਵਕ ਸੋਹੀ)- ਪਿੰਡ ਨਰੈਣਗੜ੍ਹ ਸੋਹੀਆ ਦੇ ਜਗਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਤਾਰਾ ਸਿੰਘ ਅਤੇ ਰਾਜਵੀਰ ਰਾਜੂ ਦੇ ਪਿਤਾ ਅਮਰ ਸਿੰਘ ਜਗਦੇ ( 77 ) ਦਾ ਅਚਾਨਕ ਦਿਹਾਂਤ ਹੋ ਗਿਆ । ਸਵ. ਅਮਰ ਸਿੰਘ ਇੱਕ ਸਮਾਜ ਸੇਵੀ ਆਗੂ ਸਨ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਉਨ੍ਹਾਂ ਦੇ ਇਸ ਅਕਾਲ ਚਲਾਣੇ ਤੇ ਸਰਪੰਚ ਤੇਜਿੰਦਰ ਸਿੰਘ ਸੋਹੀਆ ,ਸਾਬਕਾ ਸਰਪੰਚ ਮੋਹਨ ਸਿੰਘ ,ਨੰਬਰਦਾਰ ਜੀਵਨ ਸਿੰਘ ,ਸਾਬਕਾ ਸਰਪੰਚ ਪਰਵਿੰਦਰ ਸਿੰਘ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਜਗਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਸਵ. ਅਮਰ ਸਿੰਘ ਦੀ ਸਤਸੰਗ 10 ਨਵੰਬਰ ਦਿਨ ਐਤਵਾਰ ਨੂੰ ਬਰਨਾਲਾ ਵਿਖੇ ਸਾਂਤੀ ਹਾਲ ਵਿੱਚ ਲਗਾਈ ਜਾਵੇਗੀ ।

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਆਵਾਜਾਈ ਲਈ ਪ੍ਰਸ਼ਾਸਨ ਵਲੋਂ ਰੋਡ ਮੈਪ ਜਾਰੀ

ਕਪੂਰਥਲਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਹੋਣ ਵਾਲੇ ਸਮਾਗਮਾਂ ਵਿਚ ਸੰਗਤ ਦਾ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪੁੱਜਣਾ ਯਕੀਨੀ ਬਣਾਉਣ ਦੇ ਮਨੋਰਥ ਨਾਲ ਸੁਲਤਾਨਪੁਰ ਲੋਧੀ ਨੂੰ ਆਉਂਦੇ ਮੁੱਖ ਮਾਰਗਾਂ 'ਤੇ ਆਵਾਜਾਈ ਨੂੰ ਨਿਰੰਤਰ ਬਹਾਲ ਰੱਖਣ ਲਈ ਵਨ ਵੇਅ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿੰਦਰ ਸਿੰਘ ਐਸ.ਐਸ.ਪੀ. ਕਪੂਰਥਲਾ ਨੇ ਦੱਸਿਆ ਕਿ 3 ਨਵੰਬਰ ਤੋਂ ਗੋਇੰਦਵਾਲ ਸਾਹਿਬ ਤੋਂ ਵਾਇਆ ਤਲਵੰਡੀ ਚੌਧਰੀਆਂ, ਸੁਲਤਾਨਪੁਰ ਲੋਧੀ ਤੋਂ ਆਉਣ ਵਾਲੀਆਂ ਕਾਰਾਂ, ਜੀਪਾਂ, ਟਰਾਲੀਆਂ, ਅਕਾਲ ਅਕੈਡਮੀ ਸੁਲਤਾਨਪੁਰ ਲੋਧੀ ਨੇੜੇ ਬਣਾਏ ਪਾਰਕ 'ਚ ਖੜ੍ਹੀਆਂ ਹੋਣਗੀਆਂ, ਜਦਕਿ ਟਰੱਕ, ਬੱਸਾਂ ਕਪੂਰਥਲਾ ਤੋਂ ਕਾਂਜਲੀ, ਪੁਲਿਸ ਲਾਇਨ, ਡੀ.ਸੀ. ਚੌਕ, ਜਲੰਧਰ ਬਾਈਪਾਸ ਬਾਬਾ ਝੋਟੇ ਸ਼ਾਹ ਦੀ ਦਰਗਾਹ, ਰਮਨੀਕ ਚੌਕ ਤੋਂ ਡਡਵਿੰਡੀ ਆਉਣਗੀਆਂ | ਇਸੇ ਤਰ੍ਹਾਂ ਅੰਮਿ੍ਤਸਰ ਤੋਂ ਆਉਣ ਵਾਲੀ ਸੰਗਤ ਸੁਭਾਨਪੁਰ, ਕਾਂਜਲੀ, ਪੁਲਿਸ ਲਾਇਨ, ਡੀ.ਸੀ. ਚੌਕ, ਜਲੰਧਰ ਬਾਈਪਾਸ ਬਾਬਾ ਝੋਟੇ ਸ਼ਾਹ ਦੀ ਦਰਗਾਹ, ਰਮਨੀਕ ਚੌਕ ਤੋਂ ਡਡਵਿੰਡੀ ਦਾਖਲ ਹੋਵੇਗੀ ਤੇ ਕਰਤਾਰਪੁਰ ਵਲੋਂ ਆਉਣ ਵਾਲੀਆਂ ਗੱਡੀਆਂ ਵੀ ਇਸੇ ਰੂਟ 'ਤੇ ਹੀ ਡਡਵਿੰਡੀ ਆਉਣਗੀਆਂ, ਜਿੱਥੇ ਇਨ੍ਹਾਂ ਗੱਡੀਆਂ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਵਾਪਸੀ ਸਮੇਂ ਇਹ ਸਾਰੀਆਂ ਗੱਡੀਆਂ ਡਡਵਿੰਡੀ ਮੋੜ ਤੋਂ ਰਾਮਪੁਰ ਜਗੀਰ, ਤਾਸ਼ਪੁਰ ਮੋੜ ਤੋਂ ਕਾਲਾ ਸੰਘਿਆਂ, ਜਲੰਧਰ ਤੇ ਕਪੂਰਥਲਾ ਨੂੰ ਆਉਣ ਵਾਲੀਆਂ ਗੱਡੀਆਂ ਕਾਲਾ ਸੰਘਿਆਂ ਤੋਂ ਕਪੂਰਥਲਾ ਆਉਣਗੀਆਂ | ਇਸੇ ਤਰ੍ਹਾਂ ਲੁਧਿਆਣਾ ਤੋਂ ਆਉਣ ਵਾਲੀਆਂ ਗੱਡੀਆਂ, ਫਿਲੌਰ, ਨਕੋਦਰ, ਕਾਲਾ ਸੰਘਿਆਂ ਤੋਂ ਕਪੂਰਥਲਾ ਤੇ ਕਪੂਰਥਲਾ ਤੋਂ ਡਡਵਿੰਡੀ ਆਉਣਗੀਆਂ ਤੇ ਇਨ੍ਹਾਂ ਗੱਡੀਆਂ ਦੀ ਵਾਪਸੀ ਵੀ ਡਡਵਿੰਡੀ ਮੋੜ ਤੋਂ ਰਾਮਪੁਰ ਜਗੀਰ, ਤਾਸ਼ਪੁਰ ਮੋੜ ਤੋਂ ਮਲਸੀਆਂ, ਨਕੋਦਰ, ਫਿਲੌਰ ਰਸਤੇ ਹੋਵੇਗੀ, ਜਦਕਿ ਫ਼ਿਰੋਜ਼ਪੁਰ, ਮੱਖੂ ਜ਼ੀਰਾ ਤੋਂ ਆਉਣ ਵਾਲੀਆਂ ਗੱਡੀਆਂ ਲੋਹੀਆਂ ਨੇੜਲੀ ਪਾਰਕਿੰਗ ਵਿਚ ਖੜ੍ਹੀਆਂ ਹੋਣਗੀਆਂ ਤੇ ਉਨ੍ਹਾਂ ਦੀ ਵਾਪਸੀ ਲੋਹੀਆਂ ਤੋਂ ਤਾਸ਼ਪੁਰ ਮੋੜ, ਮਲਸੀਆਂ, ਸ਼ਾਹਕੋਟ ਵੱਲ ਦੀ ਹੋਵੇਗੀ | ਇਸੇ ਤਰ੍ਹਾਂ ਮੋਗਾ ਤੋਂ ਆਉਣ ਵਾਲੀਆਂ ਗੱਡੀਆਂ ਬਾਜਵਾ ਕਲਾਂ, ਸ਼ਾਹਕੋਟ, ਮਲਸੀਆਂ, ਨਕੋਦਰ ਤੋਂ ਕਾਲਾ ਸੰਘਿਆਂ, ਕਪੂਰਥਲਾ ਵੱਲ ਦੀ ਹੁੰਦੀਆਂ ਹੋਈਆਂ ਡਡਵਿੰਡੀ ਪਹੁੰਚਣਗੀਆਂ ਤੇ ਇਨ੍ਹਾਂ ਦੀ ਵਾਪਸੀ ਡਡਵਿੰਡੀ ਤੋਂ ਤਾਸ਼ਪੁਰ ਮੋੜ, ਮਲਸੀਆਂ, ਸ਼ਾਹਕੋਟ ਵੱਲ ਦੀ ਹੋਵੇਗੀ | ਜਗਰਾਉਂ ਤੋਂ ਆਉਣ ਵਾਲੀਆਂ ਗੱਡੀਆਂ ਮਹਿਤਪੁਰ, ਬਾਜਵਾ ਕਲਾਂ, ਸ਼ਾਹਕੋਟ, ਨਕੋਦਰ, ਕਾਲਾ ਸੰਘਿਆਂ, ਕਪੂਰਥਲਾ ਤੇ ਕਪੂਰਥਲਾ ਤੋਂ ਡਡਵਿੰਡੀ ਵੱਲ ਦੀ ਹੋਵੇਗੀ ਤੇ ਵਾਪਸੀ ਸਮੇਂ ਇਹ ਗੱਡੀਆਂ ਤਾਸ਼ਪੁਰ ਤੋਂ ਮਲਸੀਆਂ ਵੱਲ ਦੀ ਵਾਪਸ ਜਾਣਗੀਆਂ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਮਾਗਮਾਂ ਵਿਚ ਆਵਾਜਾਈ ਨੂੰ ਬਹਾਲ ਰੱਖਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ |

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ

ਅੰਮ੍ਰਿਤਸਰ, ਨਵੰਬਰ 2019- (ਭਵਨਦੀਪ ਸਿੰਘ ਸਿੱਧੂ ਲੁਧਿਆਣਾ)-

ਦੇਸ ਵਦੇਸਾਂ ਵਿਚ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਮਨਾ ਰਹੀ ਸਿੱਖ ਕੌਮ ਨੂੰ ਐਕਟਿਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਸੰਦੇਸ਼

ਸੰਗਤਾਂ ਹਰ ਰੋਜ 5 ਵਜੇ ਸ਼ਾਮ 10 ਮਿੰਟ ਲਈ ਮੂਲ ਮੰਤਰ ਦਾ ਜਾਪ ਕਰਨ।

ਹਰ ਸਿੱਖ ਇਸ ਨੂੰ 1 ਨਵੰਬਰ ਤੋਂ 13 ਨਵੰਬਰ ਤੱਕ 10 ਮਿੰਟਾਂ ਲਈ ਜਰੁਰੁ ਸਮਾਂ ਦੇਵੇ

5 ਵਜੇ ਦਾ ਸਮਾਂ ਭਾਰਤੀ ਟਾਈਮ ਅਨੁਸਾਰ

ਅੱਜ ਦੇ ਦਿਨ (ਮਿਤੀ 1 ਨਵੰਬਰ, 2019) ਦਾ ਇਤਿਹਾਸ

ਜੋਤੀ-ਜੋਤ ਦਿਵਸ : ਸ੍ਰੀ ਗੁਰੂ ਗੋਬਿੰਦ ਸਿੰਘ ਜੀ 

 

ਨੋਟ: ਇਤਿਹਾਸਿਕ ਮਿਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਦੇ ਅਧਾਰ ਤੇ ਲਈਆਂ ਗਈਆਂ ਹਨ। ਪਰ, ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀ ਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

 ਮਾਤਾ ਜੀ :* ਮਾਤਾ ਗੁਜਰ ਕੌਰ ਜੀ

 ਪਿਤਾ ਜੀ :* ਸ੍ਰੀ ਗੁਰੂ ਤੇਗ ਬਹਾਦਰ ਜੀ

 ਜਨਮ ਮਿਤੀ :* ੨੩ ਪੋਹ, ਸੰਮਤ ੧੭੨੩ ਬਿ. (੨੨ ਦਸੰਬਰ, ੧੬੬੬ ਈ.)

 ਜਨਮ ਸਥਾਨ :* ਸ੍ਰੀ ਪਟਨਾ ਸਾਹਿਬ, ਬਿਹਾਰ

ਮਹਿਲ : ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ

 ਸੰਤਾਨ : ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ

ਗੁਰਿਆਈ :*੧੧ ਮੱਘਰ, ਸੰਮਤ ੧੭੩੨ ਬਿ. (੧੧ ਨਵੰਬਰ, ੧੬੭੫ ਈ.)

 ਪ੍ਰਮੁੱਖ ਧਰਮ ਯੁੱਧ : 

੧. ਭੰਗਾਣੀ 

੨. ਨਦੌਣ 

੩. ਹੁਸੈਨੀ

੪. ਨਿਰਮੋਹੀ

੫. ਬਸਾਲੀ 

੬. ਅਨੰਦਪੁਰ ਸਾਹਿਬ (੪ ਜੰਗਾਂ) 

੭. ਸਰਸਾ

੮. ਚਮਕੌਰ ਸਾਹਿਬ

੯. ਸ੍ਰੀ ਮੁਕਤਸਰ ਸਾਹਿਬ 

 ਜੋਤੀ-ਜੋਤ : ੬ ਕੱਤਕ, ਸੰਮਤ ੧੭੬੫ ਬਿ. (੭ ਅਕਤੂਬਰ, ੧੭੦੮ ਈ.)

 

 ਮੁੱਢਲਾ ਜੀਵਨ : ਆਪ ਜੀ ਨੇ ਆਪਣੇ ਜੀਵਨ ਦੇ ਮੁੱਢਲੇ ਕੁਝ ਸਾਲ ਪਟਨਾ ਸਾਹਿਬ ਵਿਖੇ ਬਤੀਤ ਕੀਤੇ। ਬਚਪਨ ਵਿੱਚ ਆਪ ਜੀ ਨੂੰ ਘੋੜ-ਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰਾਂ ਦੀ ਸਿਖਲਾਈ ਦਿੱਤੀ ਗਈ। ਆਪ ਆਪਣੇ ਹਾਣੀਆਂ ਦੀਆਂ ਜੋਟੀਆਂ ਬਣਾ ਕੇ ਨਕਲੀ ਯੁੱਧ ਖੇਡਣ ਦਾ ਅਭਿਆਸ ਕਰਨ ਦੀਆਂ ਖੇਡਾਂ ਖੇਡਦੇ। ਆਪ ਜੀ ਦੇ ਆਸ-ਪਾਸ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕ ਆਪ ਜੀ ਨੂੰ ਬਹੁਤ ਪਿਆਰ ਕਰਦੇ ਸਨ।

 

 ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਉਣਾ ਅਤੇ ਵਿੱਦਿਆ ਪ੍ਰਾਪਤੀ :* ਆਪ ਜੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੱਦੇ ਤੇ ਪਰਿਵਾਰ ਸਮੇਤ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆ ਗਏ। ਇੱਥੇ ਆਪ ਜੀ ਨੇ ਮੁਣਸ਼ੀ ਸਾਹਿਬ ਚੰਦ ਅਤੇ ਮਦਰੱਸੇ ਵਲੋਂ ਬਣਾਈ ਪਾਠਸ਼ਾਲਾ ਵਿਚ ਸੰਸਕ੍ਰਿਤ ਅਤੇ ਫ਼ਾਰਸੀ ਦੀ ਪੜ੍ਹਾਈ ਕੀਤੀ। ਆਪ ਜੀ ਨੂੰ ਗੁਰਬਾਣੀ ਦਾ ਗਿਆਨ ਮਾਤਾ ਗੁਜਰੀ ਜੀ ਅਤੇ ਮੁਣਸ਼ੀ ਸਾਹਿਬ ਚੰਦ ਨੇ ਦਿੱਤਾ। ਵਿਹਲੇ ਸਮੇਂ ਆਪ ਜੀ ਆਪਣੇ ਹਾਣੀਆਂ ਨਾਲ ਖੇਡਾਂ ਖੇਡਦੇ। ਕੁਰਾਨ ਸ਼ਰੀਫ ਆਪ ਜੀ ਨੇ ਕਾਜ਼ੀ ਪੀਰ ਮੁਹੰਮਦ ਪਾਸੋਂ ਪੜ੍ਹਿਆ। ਆਪ ਜੀ ਨੇ ੬ ਮਹੀਨਿਆਂ ਵਿਚ ਹੀ ਆਦਿ ਗ੍ਰੰਥ ਸਾਹਿਬ ਜੀ ਦੇ ਗੁਹਝ ਸਮਝ ਕੇ ਅਧਿਐਨ ਕਰਨ ਦੇ ਨਾਲ-ਨਾਲ ਕੰਠ ਵੀ ਕਰ ਲਿਆ।

 

 ਗੁਰਗੱਦੀ : ਆਪਣੀ ਸ਼ਹਾਦਤ ਦੇਣ ਲਈ ਅਨੰਦਪੁਰ ਸਾਹਿਬ ਤੋਂ ਤੁਰਨ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਹੁਕਮ ਕਰ ਗਏ ਸਨ ਕਿ "ਸਾਡੇ ਪਿੱਛੋਂ ਗੁਰਗੱਦੀ ਦੀ ਜ਼ਿੰਮੇਵਾਰੀ ਗੋਬਿੰਦ ਰਾਇ ਜੀ ਸੰਭਾਲਣਗੇ", ਜਿਸਨੂੰ ਆਪ ਜੀ ਨੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਵਾਲੇ ਦਿਨ (੧੧ ਨਵੰਬਰ, ੧੬੭੫ ਈ.) ਤੋਂ ਹੀ ਸੰਭਾਲ ਲਿਆ ਸੀ।

 

 ਪਾਉਂਟਾ ਸਾਹਿਬ ਦੀ ਉਸਾਰੀ : ਨਾਹਨ (ਸਰਮੌਰ) ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਨੂੰ ਆਪਣੀ ਰਿਆਸਤ ਵਿੱਚ ਕਿਲ੍ਹਾ ਬਣਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਸੰਨ ੧੬੮੫ ਈ. ਵਿੱਚ ਜਮਨਾ ਦਰਿਆ ਦੇ ਕੰਢੇ ਕਿਲ੍ਹਾ ਤਿਆਰ ਕੀਤਾ ਜਿਸਦਾ ਨਾਮ ਪਾਉਂਟਾ ਰੱਖਿਆ। ਪਾਉਂਟਾ ਸਾਹਿਬ ਦੇ ਨਜ਼ਦੀਕ ਹੋਏ ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਜੀ ਆਪਣੇ ਸੈਂਕੜੇ ਸ਼ਰਧਾਲੂਆਂ ਦੇ ਨਾਲ ਸ਼ਾਮਲ ਹੋਏ, ਜਿਸ ਵਿੱਚ ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਭਰਾ ਸ਼ਹੀਦ ਹੋ ਗਏ।

 

 ਖਾਲਸਾ ਪੰਥ ਦੀ ਸਾਜਣਾ : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀ ਪਰੀਖਿਆ ਲੈਣ ਉਪਰੰਤ ਉਹਨਾਂ ਨੂੰ ਨਾਨਕ ਜੋਤ ਦਾ ਵਾਰਿਸ ਬਣਾਇਆ ਸੀ। ਇਸੇ ਸਫ਼ਰ ਦੇ ਅਖੀਰਲੇ ਪੜਾਅ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਜੋਤ ਦਾ ਵਾਰਿਸ, ਆਦਰਸ਼ (ਸਚਿਆਰ) ਮਨੁੱਖਾਂ ਦੇ ਸਮੂਹ ਨੂੰ ਥਾਪਣਾ ਚਾਹੁੰਦੇ ਸਨ। ਇਸ ਉਦੇਸ਼ ਦੀ ਪੂਰਤੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ ੧੭੫੬ ਦੀ ਵੈਸਾਖੀ (੩੦ ਮਾਰਚ, ਸੰਨ ੧੬੯੯) ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਸਾਹਮਣੇ ੫ ਸਿਰਾਂ ਦੀ ਮੰਗ ਕੀਤੀ। ਤਦ ਪੰਜ ਸਿੱਖ:

 

੧. ਭਾਈ ਦਇਆ ਸਿੰਘ ਜੀ

੨. ਭਾਈ ਧਰਮ ਸਿੰਘ ਜੀ

੩. ਭਾਈ ਹਿੰਮਤ ਸਿੰਘ ਜੀ

੪. ਭਾਈ ਮੋਹਕਮ ਸਿੰਘ ਜੀ

੫. ਭਾਈ ਸਾਹਿਬ ਸਿੰਘ ਜੀ

 

ਸੀਸ ਦੇਣ ਲਈ ਗੁਰੂ ਜੀ ਦੇ ਸਨਮੁਖ ਹਾਜ਼ਰ ਹੋਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਪੰਜ ਪਿਆਰਿਆਂ ਦੀ ਪਦਵੀ ਦੇ ਕੇ ਖਾਲਸਾ ਪੰਥ ਦੀ ਸਾਜਣਾ ਕੀਤੀ। ਆਪੇ ਹੀ ਸਾਜੇ ਪੰਜ ਪਿਆਰਿਆਂ ਪਾਸੋਂ ਗੁਰੂ ਜੀ ਨੇ ਇੱਕ ਸਿੱਖ ਬਣਕੇ ਅੰਮ੍ਰਿਤ ਦੀ ਦਾਤ ਦੀ ਮੰਗ ਕੀਤੀ ਅਤੇ *ਆਪੇ ਗੁਰ ਚੇਲਾ* ਦੀ ਨਵੀਂ ਪ੍ਰਥਾ ਨੂੰ ਜਨਮ ਦਿੱਤਾ। ਇਸ ਤਰ੍ਹਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਪਰੀਖਿਆ ਵਿੱਚ ਸੀਸ ਦੇਣ ਦੀ ਸ਼ਰਤ ਸੰਕੇਤ ਕਰਦੀ ਹੈ ਕਿ ਜੋ ਸਨਮਾਨ, ਅਹੁਦਾ ਅਤੇ ਜ਼ਿੰਮੇਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਦੇਣੀ ਚਾਹੁੰਦੇ ਸਨ, ਉਸ ਨੂੰ ਨਿਭਾਉਣ ਲਈ *ਆਪਾ* (ਭਾਵ *ਹਉਮੈਂ*) ਨੂੰ ਸਿਧਾਂਤ ਤੋਂ ਕੁਰਬਾਨ ਕਰਨਾ ਲਾਜ਼ਮੀ ਹੈ। ਫਿਰ ਗੁਰੂ ਜੀ ਨੇ ਹੁਕਮ ਦਿੱਤਾ ਕਿ ਕੋਈ ਪੰਜ ਅੰਮ੍ਰਿਤਧਾਰੀ ਸਿੱਖ, ਜੋ ਰਹਿਤ ਵਿੱਚ ਪੱਕੇ ਧਾਰਨੀ ਹੋਣ, ਹੋਰਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਸਕਦੇ ਹਨ।

 

 ਔਰੰਗਜ਼ੇਬ ਨੂੰ ਜਫ਼ਰਨਾਮਾ ਲਿਖਣਾ : ਚਮਕੌਰ ਦੇ ਯੁੱਧ ਤੋਂ ਬਾਅਦ ਗੁਰੂ ਜੀ ਚਮਕੌਰ ਦੀ ਗੜ੍ਹੀ ਛੱਡ ਕੇ ਮਾਛੀਵਾੜੇ ਤੋਂ ਹੁੰਦੇ ਹੋਏ ਦੀਨਾ ਕਾਂਗੜ ਪੁੱਜੇ। ਇੱਥੋਂ ਹੀ ਆਪ ਜੀ ਨੇ ਔਰੰਗਜ਼ੇਬ ਨੂੰ ਜਫ਼ਰਨਾਮਾ (ਜਿੱਤ ਦੀ ਚਿੱਠੀ) ਲਿਖਿਆ। ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਦੇ ਦਿਲ ਉੱਤੇ ਡੂੰਘਾ ਅਸਰ ਹੋਇਆ। ਉਸ ਨੂੰ ਆਪਣੀਆਂ ਗਲਤੀਆਂ ਦਾ ਬਹੁਤ ਪਛਤਾਵਾ ਹੋਇਆ।

 

 ਦਮਦਮੀ ਬੀੜ ਤਿਆਰ ਕਰਵਾਉਣਾ : ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦਾ ਬਹੁਤਾ ਸਮਾਂ ਜੰਗਾਂ ਯੁੱਧਾਂ ਵਿੱਚ ਬਤੀਤ ਹੋਇਆ ਪਰ ਉਨ੍ਹਾਂ ਨੇ ਧਰਮ ਪ੍ਰਚਾਰ ਵੱਲ ਪੂਰਾ ਧਿਆਨ ਦਿੱਤਾ। ਆਪ ਜੀ ਨੇ ਆਪ ਬਾਣੀ ਰਚੀ ਅਤੇ ਆਪਣੇ ਕਵੀਆਂ ਪਾਸੋਂ ਧਾਰਮਿਕ ਸਾਹਿਤ ਲਿਖਵਾਇਆ। ਧਰਮ ਪ੍ਰਚਾਰ ਲਈ ਆਪ ਰਵਾਲਸਰ, ਹਰਿਦੁਆਰ, ਕੁਰੂਕਸ਼ੇਤਰ ਅਤੇ ਤਲਵੰਡੀ ਸਾਬੋ ਸਮੇਤ ਬਹੁਤ ਸਾਰੀਆਂ ਥਾਂਵਾਂ ਉੱਤੇ ਗਏ। ਤਲਵੰਡੀ ਸਾਬੋ ਵਿਖੇ ਆਪ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ, ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾ ਕੇ ਇਸਨੂੰ ਸੰਪੂਰਨ ਕੀਤਾ। ਇਸ ਬੀੜ ਨੂੰ ਦਮਦਮੀ ਬੀੜ ਵੀ ਕਿਹਾ ਜਾਂਦਾ ਹੈ।

 

 ਨੰਦੇੜ ਵਿਖੇ ਮਾਧੋ ਦਾਸ ਬੈਰਾਗੀ (ਬੰਦਾ ਸਿੰਘ ਬਹਾਦਰ) ਨਾਲ ਮੁਲਾਕਾਤ : ਨੰਦੇੜ ਵਿਖੇ ਮਾਧੋ ਦਾਸ ਨਾਂ ਦਾ ਬੈਰਾਗੀ ਆਪਣੀਆਂ ਰਿੱਧੀਆਂ-ਸਿੱਧੀਆਂ ਨਾਲ ਲੋਕਾਂ ਉੱਤੇ ਆਪਣਾ ਪ੍ਰਭਾਵ ਪਾਉਂਦਾ ਸੀ। ਜਦ ਗੁਰੂ ਜੀ ਉੱਤੇ ਉਸਦੀ ਕੋਈ ਕਰਾਮਾਤ ਨਾ ਚੱਲੀ ਤਾਂ ਉਹ ਗੁਰੂ ਜੀ ਦੇ ਚਰਨਾਂ ਉੱਤੇ ਢਹਿ ਪਿਆ ਅਤੇ ਆਪਣਾ ਸਿੱਖ ਬਣਾਉਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਸਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਉਸਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ, ਇੱਕ ਨਗਾਰਾ ਅਤੇ ਕੁਝ ਸਿੰਘ ਦੇ ਕੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਭੇਜਿਆ।

 

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣਾ :* ੧੪ ਸਤੰਬਰ, ੧੭੦੮ ਈ. ਦੀ ਸ਼ਾਮ ਨੂੰ ਗੁਰੂ ਜੀ ਆਪਣੇ ਤੰਬੂ ਵਿੱਚ ਅਰਾਮ ਕਰ ਰਹੇ ਸਨ, ਜਦੋਂ ਮੌਕੇ ਦੀ ਭਾਲ ਕਰਦੇ ਦੋ ਪਠਾਣਾਂ, ਜਮਸ਼ੇਦ ਖਾਂ ਅਤੇ ਗੁਲ ਖਾਂ ਵਿੱਚੋਂ ਇੱਕ ਨੇ ਗੁਰੂ ਜੀ ਉੱਤੇ ਛੁਰੇ ਨਾਲ ਵਾਰ ਕੀਤਾ। ਗੁਰੂ ਜੀ ਨੇ ਹਮਲਾਵਰ ਨੂੰ ਤੁਰੰਤ ਮਾਰ ਦਿੱਤਾ ਅਤੇ ਉਸਦੇ ਸਾਥੀ ਨੂੰ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰੂ ਜੀ ਦਾ ਜਖ਼ਮ ਸੀਤਾ ਗਿਆ ਜੋ ਠੀਕ ਹੋ ਰਿਹਾ ਸੀ। ਪਰੰਤੂ ੬ ਅਕਤੂਬਰ, ੧੭੦੮ ਈ. ਨੂੰ ਆਪ ਇੱਕ ਸਖ਼ਤ ਕਮਾਨ ਉੱਤੇ ਚਿੱਲਾ ਚੜ੍ਹਾਉਣ ਲੱਗੇ, ਤਾਂ ਅੱਲੇ ਜਖ਼ਮ ਦੇ ਤੋਪੇ ਟੁੱਟ ਗਏ ਅਤੇ ਲਹੂ ਵਗ ਤੁਰਿਆ। ਸੱਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਆਇਆ ਪ੍ਰਤੀਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖਾਲਸਾ ਪੰਥ ਨੂੰ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਦੀਵੀ ਗੁਰੂ ਮੰਨਣ ਦਾ ਹੁਕਮ ਕੀਤਾ।

 

 ਸੱਚਖੰਡ ਵਾਪਸੀ : ਅਗਲੇ ਦਿਨ ੬ ਕੱਤਕ, ੧੭੬੫ ਬਿ. (੭ ਅਕਤੂਬਰ, ੧੭੦੮ ਈ.) ਨੂੰ ਆਪ ਜੀ ਜੋਤੀ-ਜੋਤ ਸਮਾ ਗਏ। 

 

 ਸਿੱਖਿਆ; ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਕਰਨੇ ਚਾਹੀਦੇ ਹਨ। ਪਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਹੋਏ ਨਾ ਤਾਂ ਕਿਸੇ ਉੱਤੇ ਜ਼ੁਲਮ ਕਰਨਾ ਚਾਹੀਦਾ ਹੈ ਅਤੇ ਨਾ ਹੀ ਜ਼ੁਲਮ ਸਹਿਣਾ ਚਾਹੀਦਾ ਹੈ। ਆਓ ਅਸੀਂ ਸਾਰੇ ਗੁਰੂ ਜੀ ਵਲੋਂ ਬਖਸ਼ੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਤਿਆਰ ਬਰ ਤਿਆਰ ਖ਼ਾਲਸੇ ਸਜ ਜਾਈਏ ਅਤੇ ਗੁਰੂ ਜੀ ਦੇ ਆਸ਼ੇ ਅਨੁਸਾਰ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਲਈ ਵਿਉਂਤਬੰਦੀ ਨਾਲ ਕਾਰਜਸ਼ੀਲ ਹੋਈਏ। ਇਸ ਮਿਸ਼ਨ ਦੀ ਸਫਲਤਾ ਲਈ ਆਤਮ ਪਰਗਾਸ ਟੀਮ ਆਪ ਜੀ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹੈ ਜੀ। 

 

 ਹਵਾਲਾ ਪੁਸਤਕਾਂ:

 1. ਦਸ ਪਾਤਸ਼ਾਹੀਆਂ ਜੀਵਨ, ਕਾਰਜ ਤੇ ਉਪਦੇਸ਼ (ਮੁਖਤਾਰ ਸਿੰਘ ਗੁਰਾਇਆ) ਪ੍ਰਕਾਸ਼ਕ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਸ੍ਰੀ ਅੰਮ੍ਰਿਤਸਰ

 

2. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ  

 

3. ਸਿੱਖਾਂ ਦੀ ਸੰਖੇਪ ਗਾਥਾ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)

 

4. ਸਿੱਖ ਹਿਸਟਰੀ ਕਾਰਡ ਭਾਗ-੧ (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ : ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

 

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

+91-82880-10531/32

officeatampargas@gmail.com

http://www.atampargas.or.in 

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022