You are here

ਪੰਜਾਬ

ਪੰਜਾਬ ਮੁਲਾਜਮ ਤੇ ਪੈਨਸ਼ਨਰ ਫਰੰਟ ਵੱਲੋਂ ਦਫਤਰੀ ਕਾਮਿਆਂ ਦੀ ਮੁਕੰਮਲ ਹਮਾਇਤ ਦਾ ਐਲਾਨ

ਲੁਧਿਆਣਾ, 6 ਦਸੰਬਰ (ਟੀ. ਕੇ.) ਪੰਜਾਬ ਮੁਲਾਜਮ ਅਤੇ ਪੈਨਸ਼ਨਰ ਫਰੰਟ ਸ਼ਾਖਾ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਪੈਨਸ਼ਨ ਭਵਨ, ਲੁਧਿਆਣਾ ਵਿਖੇ ਕਨਵੀਨਰ ਗੁਰਮੇਲ ਸਿੰਘ ਮੈਲਡੇ ਦੀ ਪ੍ਰਧਾਨਗੀ ਹੇਠ ਹੋਈ, ਜਿਸ  ਵਿਚ ਵੱਖ ਵੱਖ ਫੈਡਰੇਸ਼ਨਾਂ ਅਤੇ ਪੈਨਸ਼ਨਰ ਯੂਨੀਅਨ ਦੇ ਆਗੂ ਸ਼ਾਮਿਲ ਹੋਏ।ਇਸ ਮੌਕੇ ਪੈਨਸ਼ਨਰ ਇਨਫਰਮੇਸ਼ਨ ਸੈਂਟਰ ਦੇ ਚੇਅਰਮੈਨ ਦਲੀਪ ਸਿੰਘ, ਸਾਬਕਾ ਚੇਅਰਮੈਨ ਅਤੇ ਕਨਵੀਨਰ ਸੁਸ਼ੀਲ ਕੁਮਾਰ ਨਿਰਭੈ ਸਿੰਘ ਪ ਸ ਸ ਫੈਡਰੇਸ਼ਨ ਚੰਡੀਗੜ੍ਹ, ਸੁਰਿੰਦਰ ਸਿੰਘ ਬੈਂਸ, ਅਸ਼ੋਕ ਕੁਮਾਰ ਮੱਟੂ, ਸ਼ੇਰ ਸਿੰਘ ਪੈਨਸ਼ਨ ਜੁਆਇਟ ਫਰੰਟ ਦੇ ਆਗੂ ਕੁਲਵੰਤ ਸਿੰਘ ਪੰਜਾਬ ਪੈਨਸ਼ਨ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਸੀਲੋਂ , ਨਿਰਮਲ ਸਿੰਘ ਲਲਤੋਂ, ਹਰਜਿੰਦਰ ਸਿੰਘ ਲਲਤੋਂ, ਅਸ਼ੋਕ ਕੁਮਾਰ, ਮਦਨ ਲਾਲ ਸ਼ਰਮਾ, ਕੁਲਭੂਸ਼ਨ ਕੁਮਾਰ, ਗੁਰਦਿਆਲ ਸਿੰਘ, ਸ਼ਾਮ ਸੁੰਦਰ, ਹਰਜੀਤ ਸਿੰਘ ਗਰੇਵਾਲ ਸ਼ਾਮਲ ਹੋਏ। ਇਸ ਮੌਕੇ ਮੀਟਿੰਗ ਵਿੱਚ ਪੰਜਾਬ ਮੁਲਾਜਮਾਂ ਤੇ ਪੈਨਸ਼ਨ ਸਾਂਝਾ ਫਰੰਟ ਪੰਜਾਬ ਵੱਲੋਂ ਸੰਘਰਸ਼ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿਲ੍ਹਾ ਮੁਲਾਜਮ ਫਰੰਟ ਦੀ ਤਿਆਰੀ ਕਨਵੈਨਸ਼ਨ ਅਗਲੇ ਹਫਤੇ ਕੀਤੀ ਜਾਵੇਗੀ।ਇਸ ਮੌਕੇ ਗੁਰਮੇਲ ਸਿੰਘ ਮੈਲਡੇ , ਦਲੀਪ ਸਿੰਘ, ਨਿਰਭੈ ਸਿੰਘ ਤੇ ਸੁਸ਼ੀਲ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ-ਪੈਨਸ਼ਨ ਦੀ ਮੰਗਾਂ ਪੂਰੀਆਂ ਕਰਨ ਤੋਂ ਮੁਨਕਰ ਹੈ। ਪੈਨਸ਼ਨਰਾਂ ਦੀ 2.59 ਗੁਣਾਂਕ ਦਾ ਪੈਨਸ਼ਨ ਸੋਧ ਫਾਰਮੂਲਾ ਲਾਗੂ ਕਰਨ, ਡੀ .ਏ ਦੀਆਂ ਕਿਸ਼ਤਾਂ ਜਾਰੀ ਕਰਨ ਅਤੇ ਬਕਾਏ ਦੇਣ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰ ਰਹੀ ਹੈ।ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਫਰੰਟ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਗਾਹਾਂ ਵੱਲ ਕਾਲੇ ਝੰਡੇ ਲੈ ਕੇ ਮਾਰਚ ਕੀਤੇ ਜਾਣਗੇ।

ਇਸ ਮੌਕੇ ਮੀਟਿੰਗ ਵਿੱਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦੀ ਪੂਰੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਸਾਂਝਾ ਫਰੰਟ ਲੁਧਿਆਣਾ ਵੱਲੋਂ ਹਰ ਰੋਜ ਸਾਂਝੇ ਤੌਰ ਤੇ ਵੱਡੀ ਗਿਣਤੀ ਵਿੱਚ ਪੀ.ਐਸ.ਐਮ.ਐਸ.ਯੂ ਵਲੋਂ ਕੀਤੀ ਜਾਂਦੀ ਰੋਸ ਰੈਲੀ ਵਿੱਚ ਵੱਡਾ ਜੱਥਾ ਸ਼ਾਮਲ ਹੋਇਆ ਕਰੇਗਾ। ਜੇਕਰ ਸਰਕਾਰ ਮਨਿਸਟਰੀਅਲ ਸਟਾਫ ਨਾਲ ਕੋਈ ਬੇਇਨਸਾਫੀ ਕਰੇਗੀ ਤਾਂ ਸਾਂਝਾ ਫਰੰਟ ਅਤੇ ਪੈਨਸ਼ਨਰ ਯੂਨੀਅਨਾਂ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰਨਗੀਆਂ।

ਕਿਰਤ ਹੱਕ ਲਾਗੂ ਕਰਵਾਉਣ ਲਈ 28 ਦਿਨਾਂ ਤੋਂ ਸੰਘਰਸ਼ ਕਰ ਰਹੇ ਮਾਰਸ਼ਲ ਮਸ਼ੀਨਜ ਮਜਦੂਰ ਅੱਜ ਵੀ  ਧਰਨੇ ਵਿੱਚ ਡਟੇ ਰਹੇ

ਲੁਧਿਆਣਾ, 6 ਦਸੰਬਰ(ਟੀ. ਕੇ.) ਮਾਰਸ਼ਲ ਮਸ਼ੀਨਜ ਲਿਮਿਟਡ ਫੈਕਟਰੀ ਦੇ ਮਜਦੂਰ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ 28ਵੇਂ ਦਿਨ ਵੀ ਧਰਨੇ ਵਿੱਚ ਡਟੇ ਰਹੇ। ਅੱਜ ਮਜਦੂਰਾਂ ਨੇ ਕਿਰਤ ਵਿਭਾਗ ਦੇ ਦਫਤਰ ਵਿਖੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ। ਮਜਦੂਰ ਜਥੇਬੰਦੀ ਦੀ ਸਿਰਮੌਰ ਆਗੂ ਗਗਨਦੀਪ ਕੌਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਕਿਰਤ ਵਿਭਾਗ ਦਫਤਰ ਵਿੱਚ ਏ.ਐਲ.ਸੀ, ਕਿਰਤ ਇੰਸਪੈਕਟਰ ਜਾਂ ਕੋਈ ਵੀ ਜਿੰਮੇਵਾਰ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਨਾ ਹੀ ਮਾਲਕ-ਮੈਨੇਜਮੈਂਟ ਵੱਲੋਂ ਕੋਈ ਨੁਮਾਇੰਦਾ ਪਹੁੰਚਿਆ ਜਦ ਕਿ ਵਾਅਦਾ ਕੀਤਾ ਗਿਆ ਸੀ ਕਿ ਮਜ਼ਦੂਰਾਂ ਦੇ ਇੱਕ ਹਿੱਸੇ ਦੇ ਬਕਾਏ ਦਾ ਹਿਸਾਬ ਅੱਜ ਪੇਸ਼ ਕੀਤਾ ਜਾਵੇਗਾ। ਸੰਘਰਸ਼ਸ਼ੀਲ ਮਜਦੂਰਾਂ ਨੇ ਅੱਜ ਫੇਰ ਹੋਈ ਵਾਅਦਾ-ਖਿਲਾਫੀ ਵਿਰੁੱਧ ਰੋਸ ਜਤਾਇਆ ਹੈ। ਉਨ੍ਹਾਂ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 9 ਨਵੰਬਰ ਤੋਂ ਹੜਤਾਲ ’ਤੇ ਬੈਠੇ ਮਜਦੂਰਾਂ ਦੀ ਮੰਗ ਹੈ ਕਿ ਝੂਠੇ ਦੋਸ਼ਾਂ ਤਹਿਤ ਕੰਮ ਤੋਂ ਕੱਢੇ ਗਏ ਆਗੂਆਂ ਦੀ ਬਹਾਲੀ ਹੋਵੇ, ਤਨਖਾਹ ਵਾਧਾ, ਬੋਨਸ ਭੁਗਤਾਨ ਆਦਿ ਕਿਰਤ ਹੱਕ ਲਾਗੂ ਹੋਣ। ਜੇਕਰ ਕਿਰਤ ਵਿਭਾਗ ਕਿਰਤ ਕਨੂੰਨਾਂ ਤਹਿਤ ਇਹ ਕੰਪਨੀ ਨਹੀਂ ਚਲਵਾ ਸਕਦਾ ਤਾਂ ਉਹਨਾਂ ਦੀ ਨੌਕਰੀ ਦੌਰਾਨ ਗਰੈਚੂਇਟੀ, ਬੋਨਸ, ਬਕਾਇਆ ਤਨਖਾਹ, ਕਮਾਈਆਂ ਛੁੱਟੀਆਂ ਦੇ ਪੈਸਿਆਂ ਦਾ ਸਾਰਾ ਹਿਸਾਬ ਦੇ ਦਿੱਤਾ ਜਾਵੇ। ਅੱਜ ਮਾਲਕ ਨੇ 12 ਆਗੂਆਂ ਦਾ ਲਿਖਤੀ ਹਿਸਾਬ ਕਿਰਤ ਵਿਭਾਗ ਅੱਗੇ ਪੇਸ਼ ਕੀਤਾ ਹੈ। ਮਜਦੂਰਾਂ ਦਾ ਕਹਿਣਾ ਹੈ ਕਿ ਸਾਰਿਆਂ ਦਾ ਹਿਸਾਬ ਬਣਾਇਆ ਜਾਵੇ ਅਤੇ ਕੰਮ ’ਤੇ ਲੱਗਣ ਦੀ ਅਸਲ ਤਰੀਕ ਅਤੇ ਅਸਲ ਪੈਮਾਨਿਆਂ ਤਹਿਤ ਹਿਸਾਬ ਬਣਾਇਆ ਜਾਵੇ। ਮਾਲਕਾਂ ਵੱਲੋਂ ਪੇਸ਼ ਕੀਤੇ ਗਏ ਹਿਸਾਬ ਵਿੱਚ ਕਈ ਕਮੀਆਂ ਅਤੇ ਹੇਰਾ-ਫੇਰੀਆਂ ਕੀਤੀਆਂ ਗਈਆਂ ਹਨ।
ਅੱਜ ਦੇ ਧਰਨੇ ਵਿੱਚ ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਅਦਾਰਾ ਲਲਕਾਰ ਵੱਲੋਂ ਰਾਜਵਿੰਦਰ ਸਿੰਘ, ਮਾਰਸ਼ਲ ਮਸ਼ੀਨ ਯੂਨੀਅਨ ਵੱਲੋਂ ਰੁਪਿੰਦਰ ਸਿੰਘ, ਤਿਲਕਧਾਰੀ, ਮੰਗਾ ਸਿੰਘ ਅਤੇ ਪਵਨ ਕੁਮਾਰ, ਨੌਜਵਾਨ ਭਾਰਤ ਸਭਾ ਵੱਲੋਂ ਸੰਜੂ ਨੇ ਵੀ ਸੰਬੋਧਨ ਕੀਤੇ।

ਵਿੱਤੀ ਸਹਾਇਤਾ ਰਾਹੀਂ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ 

ਪੀ.ਐਮ.ਐਫ.ਐਮ.ਈ. ਸਕੀਮ ਅਧੀਨ ਭਾਗੀਦਾਰਾਂ ਨੂੰ ਸਬਸਿਡੀ ਵਾਲੇ ਕਰਜ਼ਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਵੀ ਕੀਤੀ ਅਪੀਲ
ਲੁਧਿਆਣਾ, 6 ਦਸੰਬਰ (ਟੀ. ਕੇ. ) -
ਅੱਜ ਸਥਾਨਕ ਬੱਚਤ ਭਵਨ ਵਿਖੇ ਪੀ.ਐਮ.ਐਫ.ਐਮ.ਈ. ਸਕੀਮ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਮ ਲੋਕਾਂ/ਸੈਲਫ ਹੈਲਪ ਗਰੁੱਪਾਂ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। 

ਪ੍ਰੋਗਰਾਮ ਵਿੱਚ ਮਾਈਕਰੋ ਫੂਡ ਪ੍ਰੋਸੈਸਿੰਗ ਉੱਦਮ, ਸਵੈ ਸਹਾਇਤਾ ਸਮੂਹਾਂ ਦੇ ਮੈਂਬਰ, ਕਿਸਾਨ ਉਤਪਾਦਕ ਸੰਸਥਾਵਾਂ ਦੇ ਨੁਮਾਇੰਦਿਆਂ, ਉਭਰਦੇ ਉੱਦਮੀ ਅਤੇ ਬੈਂਕਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਸਮੇਤ 75 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ। ਸਕੀਮ ਦੇ ਵੱਖ-ਵੱਖ ਹਿੱਸਿਆਂ ਸਮੇਤ 35 ਫੀਸਦ ਸਬਸਿਡੀ, ਸਾਂਝਾ ਬੁਨਿਆਦੀ ਢਾਂਚਾ ਅਤੇ ਪ੍ਰੋਸੈਸਿੰਗ ਲਾਈਨਾਂ ਸਥਾਪਤ ਕਰਨ ਲਈ ਐਫ.ਪੀ.ਓਜ/ਐਫ.ਪੀ.ਸੀਜ/ ਐਸ.ਐਚ.ਜੀ/ ਉਤਪਾਦਕ ਸਹਿਕਾਰੀ/ ਸਰਕਾਰੀ ਏਜੰਸੀਆਂ ਨੂੰ 10 ਲੱਖ ਤੋਂ 3 ਕਰੋੜ ਰੁਪਏ, ਪਹਿਲਾਂ ਹੀ ਫੂਡ ਪ੍ਰੋਸੈਸਿੰਗ ਗਤੀਵਿਧੀਆਂ ਅਤੇ ਮੁਫਤ ਤਕਨੀਕੀ ਅਤੇ ਕਾਰੋਬਾਰੀ ਸਿਖਲਾਈ ਸ਼ੁਰੂ ਕਰ ਰਹੇ ਸੈਲਫ ਹੈਲਪ ਗਰੁੱਪਾਂ ਦੇ ਪ੍ਰਤੀ ਮੈਂਬਰ ਨੂੰ ਬੀਜ ਪੂੰਜੀ ਵਜੋਂ 40000 ਰੁਪਏ ਤੱਕ ਦੀ ਰਾਸ਼ੀ ਅਤੇ ਲੈਂਡਹੋਲਡਿੰਗ ਸਹਾਇਤਾ ਬਾਰੇ ਲੰਮੀ ਚਰਚਾ ਕੀਤੀ ਗਈ।

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ 'ਚ ਡੇਅਰੀ ਸਟੇਕਹੋਲਡਰ ਵਰਕਸ਼ਾਪ ਲੱਗੀ 

ਲੁਧਿਆਣਾ, 6 ਦਸੰਬਰ (ਟੀ. ਕੇ. ) - ਸੈਂਟਰ ਆਫ ਐਕਸੀਲੈਂਸ ਫਾਰ ਡੇਅਰੀ ਸਕਿੱਲ ਇਨ ਇੰਡੀਆ (ਸੀ.ਈ.ਡੀ.ਐਸ.ਆਈ.) ਵਲੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਵਿੱਚ ਕੈਟਲ ਫੀਡ ਮੈਨੂਫੈਕਚਰਿੰਗ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੁਨੀਵਰਸਿਟੀ ਵਿਖੇ ਪਸ਼ੂ ਪੋਸ਼ਣ ਵਿੱਚ ਮੌਕਿਆਂ ਅਤੇ ਚੁਣੌਤੀਆਂ ਬਾਰੇ ਡੇਅਰੀ ਸਟੇਕਹੋਲਡਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਸੈਂਟਰ ਆਫ਼ ਐਕਸੀਲੈਂਸ ਫਾਰ ਡੇਅਰੀ ਸਕਿੱਲਜ਼ ਇਨ ਇੰਡੀਆ (ਸੀ.ਈ.ਡੀ.ਐਸ.ਆਈ.), ਜੋ ਕਿ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧੀਨ ਚੱਲ ਰਹੀ ਐਗਰੀਕਲਚਰ ਸਕਿੱਲ ਕੌਂਸਲ ਆਫ਼ ਇੰਡੀਆ (ਏ.ਐਸ.ਸੀ.ਆਈ.) ਦੀ ਇੱਕ ਅਨਿੱਖੜਵੀਂ ਪਹਿਲਕਦਮੀ ਹੈ, ਦਾ ਉਦੇਸ਼ ਭਾਰਤੀ ਡੇਅਰੀ ਖੇਤਰ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਨੂੰ ਵਧਾਉਣਾ ਹੈ।

ਪੰਜਾਬ ਵਿੱਚ ਪ੍ਰਾਈਵੇਟ ਸੈਕਟਰ ਦੇ ਕੈਟਲ ਫੀਡ ਨਿਰਮਾਤਾ, ਮਿਲਕਫੈੱਡ ਕੈਟਲ ਫੀਡ ਪਲਾਂਟਾਂ ਅਤੇ ਮਿਲਕ ਯੂਨੀਅਨਾਂ ਦੇ ਨੁਮਾਇੰਦੇ, ਮਾਰਕਫੈੱਡ ਕੈਟਲ ਫੀਡ ਪਲਾਂਟ, ਗਡਵਾਸੂ ਦੇ ਵਿਗਿਆਨੀ, ਸੈਂਟਰ ਆਫ ਐਕਸੀਲੈਂਸ ਫਾਰ ਡੇਅਰੀ ਸਕਿੱਲਜ਼ ਇਨ ਇੰਡੀਆ ਦੇ ਅਧਿਕਾਰੀ, ਕੋਰਟੇਵਾ, ਕੇਮਿਨ, ਕਾਰਗਿਲ, ਆਈ.ਟੀ.ਸੀ., ਐਕਸੀਲੈਂਸ ਇੰਟਰਪ੍ਰਾਈਜਿਜ਼, ਅਡਵਾਂਟਾ ਅਤੇ ਹੋਰ ਕਈ ਕੰਪਨੀਆਂ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਗਡਵਾਸੂ ਦੇ ਵਿਗਿਆਨੀ ਨੇ ਪਸ਼ੂ ਖੁਰਾਕ ਦੀ ਰਚਨਾ ਅਤੇ ਕਾਨੂੰਨੀ ਪਾਲਣਾ ਨਾਲ ਸਬੰਧਤ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਪਸ਼ੂ ਖੁਰਾਕ ਬਣਾਉਣ ਵਾਲੇ ਉਦਯੋਗ ਦੇ ਨੁਮਾਇੰਦਿਆਂ ਨੇ ਕੱਚੇ ਮਾਲ ਅਤੇ ਗੁਣਵੱਤਾ ਦੀਆਂ ਵਧਦੀਆਂ ਕੀਮਤਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ। ਚਾਰੇ ਦੇ ਉਤਪਾਦਨ ਅਤੇ ਸੰਭਾਲ ਦੇ ਮਾਹਿਰਾਂ ਨੇ ਚਾਰੇ ਦੇ ਸੰਸ਼ੋਧਨ ਰਾਹੀਂ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਰਣਨੀਤੀਆਂ ਦਾ ਸੁਝਾਅ ਦਿੱਤਾ।

ਸੀ.ਈ.ਡੀ.ਐਸ.ਆਈ. ਦੇ ਮਾਹਿਰਾਂ ਨੇ ਜੀ.ਐਚ.ਜੀ. ਨੂੰ ਘਟਾਉਣ, ਪਸ਼ੂਆਂ ਦੇ ਚਾਰੇ ਅਤੇ ਕੱਚੇ ਮਾਲ ਦੀਆਂ ਰਚਨਾਵਾਂ 'ਤੇ ਡਾਟਾਬੇਸ ਬਣਾਉਣ ਅਤੇ ਨੀਤੀ ਨਿਰਮਾਣ ਵਿੱਚ ਵਰਤੋਂ ਲਈ ਮਾਹਿਰਾਂ ਨਾਲ ਸਾਂਝਾ ਕਰਨ ਲਈ ਰਣਨੀਤੀਆਂ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ। ਆਮ ਤੌਰ 'ਤੇ, ਭਾਗੀਦਾਰਾਂ ਨੇ ਫੀਡ ਅਤੇ ਚਾਰੇ ਵਿੱਚ ਮਾਈਕੋਟੌਕਸਿਨ ਦੇ ਵਧ ਰਹੇ ਪੱਧਰ ਦੇ ਵਿਰੁੱਧ ਲੜਨ ਦਾ ਫੈਸਲਾ ਕੀਤਾ।

ਇਹ ਵਰਕਸ਼ਾਪ ਘੱਟ ਲਾਗਤਾਂ 'ਤੇ ਦੁੱਧ ਉਤਪਾਦਕਤਾ ਵਧਾਉਣ ਲਈ ਪਸ਼ੂ ਖੁਰਾਕ ਨਿਰਮਾਣ ਉਦਯੋਗ ਨੂੰ ਮਜ਼ਬੂਤ ਕਰਨ, ਗੁਣਵੱਤਾ ਵਿੱਚ ਸੁਧਾਰ ਅਤੇ ਦੁੱਧ ਉਤਪਾਦਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀਆਂ ਰੁਕਾਵਟਾਂ ਅਤੇ ਮੌਕਿਆਂ ਨੂੰ ਸਮਝਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵਰਕਸ਼ਾਪ ਰਾਹੀਂ ਕੈਟਲ ਫੀਡ ਉਦਯੋਗ, ਕਿਸਾਨਾਂ, ਅਕਾਦਮੀਆਂ ਅਤੇ ਸੀ.ਈ.ਡੀ.ਐਸ.ਆਈ. ਦੇ ਮਿਸ਼ਨ ਨਾਲ ਜੁੜੇ ਪੇਸ਼ੇਵਰਾਂ ਵਿਚਕਾਰ ਗਿਆਨ ਅਤੇ ਵਿਚਾਰਾਂ ਦੇ ਇੱਕ ਅਰਥਪੂਰਨ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ।

ਇਹ ਵਰਕਸ਼ਾਪ ਦੁੱਧ ਉਤਪਾਦਨ ਅਤੇ ਡੇਅਰੀ ਉਦਯੋਗ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਨ ਵਾਲੀਆਂ 6 ਡੇਅਰੀ ਸਟੇਕਹੋਲਡਰ ਵਰਕਸ਼ਾਪਾਂ ਦੀ ਲੜੀ ਵਿੱਚ 5ਵੀਂ ਸੀ।

8 ਮਹੀਨੇ ਬਾਅਦ ਅੱਜ ਮੁੜ ਰੋਕੇ ਚਿੱਪ ਵਾਲੇ ਬਿਜਲੀ ਮੀਟਰ

ਪਾਵਰ ਕਾਮ ਅਧਿਕਾਰੀਆਂ ਨੂੰ ਮਿਲਿਆ ਦਸ਼ਮੇਸ਼ ਯੂਨੀਅਨ ਦਾ ਜੁਝਾਰੂ ਵਫ਼ਦ 

ਮੁੱਲਾਂਪੁਰ ਦਾਖਾ 6 ਦਸੰਬਰ (ਸਤਵਿੰਦਰ ਸਿੰਘ ਗਿੱਲ ) 22 ਮਾਰਚ 2023 ਤੋਂ ਬਾਅਦ ਅੱਜ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ  ਲੁਧਿਆਣਾ ਨੇ ਸਬਡਵੀਜ਼ਨ ਲਲਤੋਂ ਕਲਾਂ  ਦੇ ਪਿੰਡਾਂ ਲਲਤੋਂ ਖੁਰਦ ਤੇ ਲਲਤੋਂ ਕਲਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਗਾਉਣ ਤੋਂ ਪਾਵਰਕਾਮ ਅਧਿਕਾਰੀਆਂ ਨੂੰ ਮੁੜ ਰੋਕ ਦਿੱਤਾ ਹੈ। ਵਰਨਯੋਗ ਹੈ ਕਿ ਅੱਜ ਤੋਂ ਕਰੀਬ 8 ਮਹੀਨੇ ਪਹਿਲਾਂ, ਭਰਾਤਰੀ ਜਥੇਬੰਦੀ ਦੇ ਸਹਿਯੋਗ ਨਾਲ ਵੱਡਾ ਕਾਫਲਾ ਲਾਮਬੰਦ ਕਰਕੇ ਦੋਨੋਂ ਪਿੰਡਾਂ ਦੀਆਂ ਜਲ ਸਪਲਾਈ ਟੈਂਕੀਆਂ 'ਤੇ ਬਿਜਲੀ ਮਹਿਕਮੇ ਵੱਲੋਂ ਲਾਏ ਚਿੱਪ ਵਾਲੇ ਸਮਾਰਟ ਮੀਟਰ ਪੁੱਟ ਕੇ, ਬਿਜਲੀ ਦਫਤਰ ਜਮਾਂ ਕਰਵਾ ਕੇ ,ਇਸ ਮੁਹਿੰਮ ਨੂੰ ਬਰੇਕਾਂ ਲਾ ਦਿੱਤੀਆਂ ਸਨ। ਪ੍ਰੰਤੂ ਪਿਛਲੇ ਦਿਨਾਂ ਤੋਂ ਮਹਿਕਮੇ ਵੱਲੋਂ ਚੋਰੀ ਛਿਪੇ ਜਾਂ ਭੋਲੇ ਭਾਲੇ ਕਿਸਾਨਾਂ- ਮਜ਼ਦੂਰਾਂ ਨੂੰ ਗੁਮਰਾਹ ਕਰਕੇ ਚਿੱਪ ਵਾਲੇ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ।
    ਇਸ ਮਹਿਮ ਦੇ ਵਿਰੋਧ ਵਿੱਚ ਅੱਜ ਐਕਸੀਅਨ ਸ੍ਰੀ ਮਨਿੰਦਰ ਕੁਮਾਰ ਤੇ ਐੱਸ. ਡੀ. ਓ. ਇੰਦਰਪਾਲ ਸਿੰਘ ਨੂੰ ਵਾਰੀ- ਵਾਰੀ ਦਸਮੇਸ਼ ਯੂਨੀਅਨ ਦੇ ਆਗੂਆਂ ਵਰਕਰਾਂ ਤੇ ਹਮਦਰਦਾਂ ਦਾ ਜੁਝਾਰੂ ਵਫ਼ਦ ਮਿਲਿਆ ।  
         ਵਫ਼ਦ ਨੇ ਦਲੀਲਾਂ ਦਿੱਤੀਆਂ ਕਿ ਦੇਸ਼ ਦੀਆਂ ਨਿਜੀ ਬਿਜਲੀ ਕਾਰਪੋਰੇਟਾਂ ਦੀ ਮੰਗ ਅਨੁਸਾਰ,( ਸਾਰੇ ਬਿਜਲੀ ਬੋਰਡਾਂ ਨੂੰ ਖਰੀਦਣ ਤੋਂ ਪਹਿਲਾਂ ਉਹਨਾਂ ਦੀ ਪ੍ਰੀ- ਪੇਡ ਪ੍ਰਣਾਲੀ ਦੀ ਪੂਰਵ- ਸ਼ਰਤ ਅਨੁਸਾਰ )ਕੇਂਦਰ ਦੀ ਫਿਰਕੂ ਫਾਸ਼ੀ ਤੇ ਲੋਕ ਵਿਰੋਧੀ ਮੋਦੀ ਹਕੂਮਤ ਦੇ ਅਦੇਸਾਂ ਅਨੁਸਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਮਾਰਚ 23'ਚ ਦਿੱਤੀ ਸਹਿਮਤੀ ਅਨੁਸਾਰ ,ਰਚੀ ਜਾ ਰਹੀ ਚਿੱਪ ਮੀਟਰਾਂ ਦੀ ਸਾਜਿਸ਼ ਨੂੰ ਕਦਾਚਿਤ ਵੀ ਲਾਗੂ ਨਹੀਂ ਕਰਨ ਦਿੱਤਾ ਜਾਵੇਗਾ। ਸੋ ਸੰਯੁਕਤ ਕਿਸਾਨ  ਮੋਰਚਾ ਭਾਰਤ ਦੀ ਪੰਜਾਬ ਬਰਾਂਚ ਦੀਆਂ ਸਮੂਹ ਜਥੇਬੰਦੀਆਂ ਦੇ ਫੈਸਲੇ ਦੀ ਰੌਸ਼ਨੀ ਵਿੱਚ ਇਹ ਮੀਟਰ ਲਗਾਉਣੇ ਬੰਦ ਕੀਤੇ ਜਾਣ,ਨਹੀਂ ਤਾਂ ਬਿਜਲੀ ਦਫਤਰਾਂ ਮੂਹਰੇ ਸਖਤ ਐਕਸ਼ਨ ਵਿੱਢ ਦਿੱਤੇ ਜਾਣਗੇ।
      ਐਕਸੀਅਨ ਨੇ ਯਕੀਨ ਦੁਆਇਆ ਕਿ ਜਥੇਬੰਦੀ ਦਾ ਮੈਮੋਰੈਂਡਮ ਤੁਰੰਤ ਉੱਪਰ ਭੇਜ ਕੇ ਯੋਗ ਕਾਰਵਾਈ ਯਕੀਨੀ ਬਣਾਈ ਜਾਵੇਗੀ। 
    ਐਸ.ਡੀ.ਓ  ਨੇ ਯਕੀਨ ਦੁਆਇਆ ਕਿ ਆਮ ਜਨਤਾ ਨਾਲ ਤੇ ਜਥੇਬੰਦੀ ਨਾਲ ਕੋਈ ਟਕਰਾਅ ਨਹੀਂ ਕੀਤਾ ਜਾਵੇਗਾ ਅਤੇ ਜਥੇਬੰਦੀ ਦੀ ਮੰਗ ਅਨੁਸਾਰ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਗਾਉਣ ਤੋਂ ਰੋਕ ਦਿੱਤੇ ਜਾਣਗੇ।
   ਇਸ ਤੋਂ ਇਲਾਵਾ ਐੱਸ. ਡੀ .ਓ . ਨੇ ਯਕੀਨ ਦੁਆਇਆ ਕਿ ਲਲਤੋਂ ਖੁਰਦ ਦੀ ਬਿਜਲੀ ਸਪਲਾਈ ਨੂੰ ਅੰਡਰਲੋਡ ਕਰਨ ਦੇ ਸਾਲ ਭਰ ਤੋਂ ਲਟਕਦੇ ਕਾਰਜ ਨੂੰ ਪੂਰਾ ਕਰਨ ਲਈ ਨਵਾਂ ਟਰਾਂਸਫਾਰਮਰ ਇਕ ਹਫਤੇ ਦੇ ਅੰਦਰ- ਅੰਦਰ ਲਾਜ਼ਮੀ ਲਗਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ "ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰੀ ਲਾਇਬਰੇਰੀ" ਦਾ ਨਾਮ ਦਰਜ ਕਰਨ ਸਬੰਧੀ ਲੋੜੀਂਦੀ ਕਾਰਵਾਈ ਜਰੂਰ ਨੇਪਰੇ ਚਾੜ ਦਿੱਤੀ ਜਾਵੇਗੀ।
      ਅੱਜ ਦੇ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਗਰਾਜ ਸਿੰਘ ਰਾਜਾ ,ਪਰਮਿੰਦਰ ਸਿੰਘ ਪਿੰਦੀ ,ਰਣਜੀਤ ਸਿੰਘ ਜੀਤੂ ,ਸਾਬਕਾ ਥਾਣੇਦਾਰ ਗੁਰਚਰਨ ਸਿੰਘ, ਸਰਬਜੀਤ ਸਿੰਘ ,ਜਤਿੰਦਰ ਸਿੰਘ, ਵਿਸਾਖਾ ਸਿੰਘ , ਜੋਬਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ।

ਡਿਪਲੋਮਾ ਇੰਜੀਨੀਅਰਜ਼ ਵਲੋਂ ਕਾਰਜਕਾਰੀ ਇੰਜੀਨੀਅਰ ਤਰਨਜੀਤ ਸਿੰਘ ਅਰੋੜਾ ਦਾ ਸੇਵਾ ਮੁਕਤੀ ਉਪਰੰਤ ਵਿਸ਼ੇਸ਼  ਸਨਮਾਨ

ਲੁਧਿਆਣਾ, 3 ਨਵੰਬਰ (ਟੀ. ਕੇ. )ਲੋਕ ਨਿਰਮਾਣ ਵਿਭਾਗ  (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ ਅਤੇ ਉਪ ਮੰਡਲ/ ਕਾਰਜਕਾਰੀ  ਇੰਜੀਨੀਅਰ (ਪਦ ਉੱਨਤ ਜੇਈ ਕਾਡਰ ) ਦੀ ਨੁਮਾਇੰਦਾ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਸਰਕਲ ਲੁਧਿਆਣਾ ਵੱਲੋਂ ਕਾਰਜਕਾਰੀ ਇੰਜੀਨੀਅਰ ਤਰਨਜੀਤ ਸਿੰਘ ਅਰੋੜਾ ,ਪ੍ਰਾਂਤਕ ਮੰਡਲ ਲੁਧਿਆਣਾ ਦਾ ਸੇਵਾ ਮੁਕਤੀ ਉਪਰੰਤ ਇੱਕ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੰਜ:ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਡੀ: ਈ: ਏ: ,ਲੋ: ਨਿ: ਵਿ: (ਭ ਤੇ ਮ) ਸ਼ਾਖਾ ਪੰਜਾਬ ਅਤੇ ਇੰਜ: ਗੁਰਵਿੰਦਰ ਸਿੰਘ ਬੇਦੀ ਮੁੱਖ ਸਲਾਹਕਾਰ ਡੀ: ਈ: ਏ: ਪੰਜਾਬ ਵੱਲੋਂ ਇੰਜ: ਅਰੋੜਾ ਦੀਆਂ ਵਿਭਾਗ ਪ੍ਰਤੀ ਅਤੇ ਬਤੌਰ ਵਿੱਤ ਸਕੱਤਰ ਡੀ: ਈ: ਏ: ਲੁਧਿਆਣਾ ਨਿਭਾਈਆਂ ਗਈਆਂ ਜਿੰਮੇਵਾਰੀਆ ਦਾ ਵਿਸਥਾਰ- ਪੂਰਵਕ ਚਾਨਣਾ ਪਾਇਆ ਗਿਆ। ਇਸ ਵਿਦਾਇਗੀ ਪਾਰਟੀ ਵਿੱਚ ਇੰਜ: ਸਤਵੰਤ ਸਿੰਘ ਭਾਟੀਆ ਉਪ ਮੰਡਲ  ਇੰਜੀਨੀਅਰ (ਸੇਵਾ ਮੁਕਤ) ਇੰਜੀ: ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ , ਇੰਜੀ: ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰੈਸ ਸਕੱਤਰ ਵੱਲੋ ਇੰਜੀ: ਅਰੋੜਾ ਦੀਆਂ ਵਿਭਾਗ, ਪ੍ਰਸ਼ਾਸਨ ਅਤੇ ਜੱਥੇਬੰਦੀ  ਪ੍ਰਤੀ ਪੂਰੀ ਤਨਦੇਹੀ, ਲਗਨ ਨਾਲ  ਨਿਭਾਈਆਂ ਗਈਆਂ ਜਿੰਮੇਵਾਰੀਆਂ ਦੀ ਪ੍ਰਸ਼ੰਸਾ ਕੀਤੀ ਗਈ । ਇੰਜੀ: ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ, ਇੰਜ: ਵਰਿੰਦਰ ਕੁਮਾਰ ਜੱਖੂ ਸੂਬਾ ਜੱਥੇਬੰਦਕ ਸਕੱਤਰ, ਇੰਜ: ਅਨਿਲ ਮਿਨਹਾਸ,ਇੰਜ: ਰਾਜ ਕੁਮਾਰ ਪ੍ਰਾਂਤਕ ਮੰਡਲ, ਇੰਜ: ਇੰਦਰਜੀਤ ਸਿੰਘ ਸਮਰਾਲਾ , ਇੰਜ: ਗੁਰਪ੍ਰੀਤ ਸਿੰਘ ਧੀਰ , ਇੰਜ: ਅਮਨਦੀਪ ਸਿੰਘ ਬਿਜਲੀ ਵਿੰਗ, ਇੰਜ: ਜਗਵੀਰ ਸਿੰਘ-ਬਿਜਲੀ ਵਿੰਗ (ਸਾਰੇ ਜੂਨੀਅਰ/ਸਹਾਇਕ ਇੰਜੀਨੀਅਰਜ਼) ਵੱਲੋਂ ਇੰਜ:ਅਰੋੜਾ ਦੀਆਂ ਸਾਰੀਆਂ ਵਿਭਾਗੀ ਅਤੇ ਪ੍ਸ਼ਾਸਨਿਕ  ਸ਼ਲਾਘਾਯੋਗ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਪ੍ਰਸ਼ੰਸ਼ਾ ਕੀਤੀ ਗਈ। ਇਸ ਸਮਾਗਮ ਵਿੱਚ ਇੰਜ:ਪਵਨ ਕੁਮਾਰ, ਇੰਜ: ਬਲਜੀਤ ਸਿੰਘ, ਇੰਜੀ: ਜਸਪ੍ਰੀਤ ਸਿੰਘ, ਇੰਜ: ਸੰਦੀਪ ਸਿੰਘ ਬਿਜਲੀ ਵਿੰਗ , ਇੰਜੀ: ਰਾਜਿੰਦਰ ਕੁਮਾਰ ਪਾਠਕ  (ਸਾਰੇ ਹੀ ਜੂਨੀਅਰ /ਸਹਾਇਕ ਇੰਜੀਨੀਅਰਜ਼) ਆਦਿ ਵੱਲੋਂ ਕਾਰਜਕਾਰੀ ਇੰਜੀਨੀਅਰ ਅਰੋੜਾ ਦੀਆਂ ਮਹੱਤਵਪੂਰਨ  ਵਿਭਾਗੀ ਸੇਵਾਵਾਂ  ਦੌਰਾਨ ਤਜਰਬੇ ਦੀਆਂ ਯਾਦਾਂ ਨੂੰ ਵਿਸ਼ੇਸ਼ ਤੌਰ ਤੇ ਸਾਂਝਾ ਕੀਤਾ ਗਿਆ। ਡੀ: ਈ: ਏ: ਲੁਧਿਆਣਾ ਦੇ ਸਮੂਹ ਮੈਂਬਰਾਨ ਤੇ ਅਹੁਦੇਦਾਰਾਂ ਵੱਲੋਂ ਸੇਵਾ ਮੁਕਤ ਹੋਏ ਕਾਰਜਕਾਰੀ  ਇੰਜੀਨੀਅਰ ਇੰਜ: ਅਰੋੜਾ ਨੂੰ ਵਿਸ਼ੇਸ਼  ਯਾਦਗਾਰੀ ਸਨਮਾਨ ਚਿੰਨ, ਸ਼ਾਲ ਆਦਿ ਭੇਟ ਕਰਕੇ  ਸਨਮਾਨਿਤ ਕੀਤਾ ਗਿਆ। ਡੀ: ਈ: ਏ: ਵੱਲੋਂ ਕੀਤੀ ਗਈ  ਵਿਦਾਇਗੀ ਪਾਰਟੀ ਲਈ ਧੰਨਵਾਦ ਕਰਦਿਆਂ ਇੰਜ: ਅਰੋੜਾ ਵੱਲੋਂ ਜੱਥੇਬੰਦਕ ਕਾਰਜ਼ਾ  ਲਈ ਹਰ ਸਮੇਂ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ ਗਿਆ।

ਇਨਵੈਸਟ ਪੰਜਾਬ ਤਹਿਤ ਲੁਧਿਆਣਾ 'ਚ ਕਾਹਲੋਂ ਡਿਵੈਲਪਰਜ ਵਲੋਂ 66 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਜਲਦ ਸ਼ੁਰੂਆਤ

1500 ਤੋਂ ਵੱਧ ਲੋਕਾਂ ਨੂੰ ਮਿਲੇਗਾ ਰੋਜ਼ਗਾਰ
ਢਾਈ ਕਰੋੜ ਦੀ ਲਾਗਤ ਵਾਲੇ ਪੁੱਲ ਦੇ ਮੁੰਕਮਲ ਹੋਣ ਨਾਲ ਆਵਾਜਾਈ ਹੋਵੇਗੀ ਸੁਖਾਵੀਂ
ਲੁਧਿਆਣਾ, 3 ਦਸੰਬਰ (ਟੀ. ਕੇ. ) -
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਦੇ ਚੱਲਦਿਆਂ ਸੂਬੇ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਇਨਵੈਸਟ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕੰਪਨੀਆਂ ਦੇ ਨਾਲ ਰਾਬਤਾ ਕਰਕੇ ਪੰਜਾਬ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਕਾਹਲੋਂ ਡਿਵੈਲਪਰਜ ਵਲੋਂ ਲੁਧਿਆਣਾ ਵਿੱਚ 66 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸੇ ਪ੍ਰੋਜੈਕਟ ਅਧੀਨ ਸਿੱਧਵਾਂ ਨਹਿਰ ਦੇ ਲੁਹਾਰਾ ਪੁੱਲ ਨੇੜੇ ਇੱਕ ਨਵੇਂ ਪੁੱਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ 'ਤੇ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਆਵੇਗੀ, ਦਾ ਵੈਲਕਮ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋ ਵੱਲੋਂ ਕੀਤਾ ਗਿਆ। ਇਸ ਦਾ ਰਸਮੀ ਤੌਰ 'ਤੇ ਨੀਂਹ ਪੱਥਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਰੱਖਿਆ ਗਿਆ।

ਇਸ ਮੌਕੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਗੁਰਮੇਲ ਸਿੰਘ ਚੇਅਰਮੈਨ ਸੰਗਰੂਰ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰਕ ਸ਼ਖਸ਼ੀਅਤਾਂ ਵੀ ਮੌਜੂਦ ਰਹੀਆਂ।

ਇਸ ਮੌਕੇ ਬੋਲਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਹਲਕਾ ਗਿੱਲ ਵਿੱਚ ਇਹ ਪਹਿਲਾ ਇਨਵੈਸਟਰ ਪ੍ਰੋਜੈਕਟ ਹੈ ਜਿਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

ਉਨ੍ਹਾਂ ਲੁਹਾਰਾ ਨਜ਼ਦੀਕ ਨਵੇਂ ਬਣਨ ਜਾ ਰਹੇ ਢਾਈ ਕਰੋੜ ਦੀ ਲਾਗਤ ਵਾਲੇ ਪੁੱਲ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਈ ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਜਿੱਥੇ ਨਿਵੇਸ਼ ਕਰ ਰਹੀਆਂ ਨੇ ਉੱਥੇ ਇਸ ਕਮਰਸ਼ੀਅਲ ਪ੍ਰੋਜੈਕਟ ਦੇ ਸਥਾਪਤ ਹੋਣ ਨਾਲ 1500 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਹਨਾਂ ਕਿਹਾ ਕਿ 45 ਦਿਨਾਂ ਵਿੱਚ ਇਸ ਪੁੱਲ ਨੂੰ ਮੁਕੰਮਲ ਤਿਆਰ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਵੀ ਇਸ ਪੁੱਲ ਦੇ ਜ਼ਰੀਏ ਕਾਫੀ ਸਹੂਲਤ ਮਿਲੇਗੀ।

ਇਸ ਪ੍ਰੋਜੈਕਟ ਦੇ ਪ੍ਰਬੰਧਕ ਗੁਰਬੀਰ ਸਿੰਘ ਕਾਹਲੋ ਨੇ ਕਿਹਾ ਕਿ ਵਿਦੇਸ਼ੀ ਤਰਜ ਤੇ ਇਸ ਪ੍ਰੋਜੈਕਟ ਨੂੰ ਇੱਥੇ ਲਿਆਂਦਾ ਗਿਆ ਹੈ ਜੋ ਕਮਰਸ਼ੀਅਲ ਹੈ ਅਤੇ ਲੁਧਿਆਣਾ ਦੇ ਲੋਕਾਂ ਨੂੰ ਕਾਫੀ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ 20 ਦਸੰਬਰ ਤੋਂ ਇਸ ਪੁੱਲ ਦੀ ਸ਼ੁਰੂਆਤ ਹੋਵੇਗੀ ਅਤੇ ਇਹ ਪੁਲ 40 ਫੁੱਟ ਚੌੜਾ ਹੋਵੇਗਾ। 

ਇਸ ਮੌਕੇ ਅਜੇਪਾਲ ਸਿੰਘ, ਰੋਮਨ ਕਾਹਲੋਂ, ਸਤਿੰਦਰ ਸਿੰਘ ਚੱਠਾ ਧੂਰੀ, ਮਾਓ ਹਰਰਤਨਵੀਰ ਸਿੰਘ ਘੁੰਮਣ, ਗੁਰਮੇਲ ਸਿੰਘ ਅੜੈਚਾਂ, ਸੈਂਟਰਲ ਬੈਂਕ ਦੇ ਜਨਰਲ ਮੈਨੇਜਰ ਸ਼ੀਸ਼ ਰਾਮ, ਰਾਜੀਵ ਸ਼ਰਮਾ ਰੀਜਨਲ ਮੈਨੇਜਰ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਗਗਨਦੀਪ ਸਿੰਘ ਸਰਪੰਚ ਬ੍ਰਹਮਜਰਾ, ਮਾਸਟਰ ਹਰੀ ਸਿੰਘ, ਵਿਕਰਮਜੀਤ ਸਿੰਘ, ਸਤਪਾਲ ਸਿੰਘ ਲੁਹਾਰਾ ਸਾਬਕਾ ਕੌਂਸਲਰ, ਸ਼ਿੰਗਾਰਾ ਸਿੰਘ ਦਾਦ, ਨੀਲਮ ਲਖਨਪਾਲ, ਡਾਕਟਰ ਸਰਬਜੀਤ ਸਿੰਘ ਨਾਰੰਗਵਾਲ ਨਾਈਟ ਐਂਗਲ ਨਰਸਿੰਗ ਕਾਲਜ, ਸਰਬਜੀਤ ਗਰੀਨ ਵਰਲਡ, ਲਾਡੀ ਸੰਗੋਵਾਲ, ਜਸਵਿੰਦਰ ਸਿੰਘ, ਪ੍ਰਭਜੋਤ ਸਿੰਘ ਲਾਡੀ, ਸੁਰਜੀਤ ਸਿੰਘ ਧਮੀਜਾ, ਰਵੀ ਝਾਮਟ, ਬਲਰਾਜ ਸਿੰਘ ਸੋਨੂੰ, ਪਰਮਿੰਦਰ ਸਿੰਘ ਲਲਤੋਂ, ਬਲਾਕ ਪ੍ਰਧਾਨ ਮਨਜੀਤ ਸਿੰਘ ਬੁਟਾਹਰੀ ਸਾਹਿਬ, ਜੀ ਸਿੰਘ, ਸਾਬੀ, ਸੋਨੀ ਗਿੱਲ, ਸੁਖਬੀਰ ਸਿੰਘ ਕਾਲਾ ਸਾਬਕਾ ਕੌਂਸਲਰ, ਜਸਵੰਤ ਸਿੰਘ ਛਾਪਾ, ਇੰਦਰਜੀਤ ਸਿੰਘ ਬੋਪਾਰਾਏ, ਮਨਜੀਤ ਸਿੰਘ ਗਿੱਲ ਕਨੇਡਾ, ਹਰਦੇਵ ਗਰੇਵਾਲ ਕਨੇਡਾ, ਆਰਕੀਟੈਕਟ ਸੋਨੀਕਾ, ਰਾਜਦੀਪ ਸਿੰਘ ਇੰਜੀਨੀਅਰ, ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ ਵੀ ਹਾਜ਼ਰ ਸਨ।

ਕੋਟਨਿਸ ਐਕੂਪੰਕਚਰ ਹਸਪਤਾਲ ਵਲੋਂ ਏਡਜ਼ ਵਿਰੁੱਧ ਜਾਗਰੂਕਤਾ ਰੈਲੀ

ਲੁਧਿਆਣਾ, 3 ਦਸੰਬਰ (ਟੀ. ਕੇ.)  ਡਾ. ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਚਲਾਏ ਜਾ ਰਹੇ ਓ.ਡੀ.ਆਈ.ਸੀ. ਕੇਂਦਰ ਅਤੇ ਟੀ.ਆਈ. ਪ੍ਰੋਜੈਕਟ ਵੱਲੋਂ ਵਿਸ਼ਵ ਏਡਜ਼ ਦਿਵਸ ਦੇ ਸੰਦਰਭ ਵਿਚ ਇਕ ਸੈਮੀਨਾਰ ਕਰਵਾਇਆ ਗਿਆ ਅਤੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਨਸ਼ਿਆਂ ਤੋਂ ਮੁਕਤ ਹੋਏ ਨੌਜਵਾਨਾਂ ਅਤੇ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਸਪਤਾਲ ਦੇ ਨਿਰਦੇਸ਼ਕ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਨੌਜਵਾਨਾਂ ਵਿੱਚ ਜਾਣਕਾਰੀ ਦੀ ਘਾਟ ਅਤੇ ਗਲਤ ਸੇਧਾਂ ਹਨ।ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਲੜਕੀਆਂ ਵੀ ਇਸ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਹੀਆਂ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਨਸ਼ੇ ਕਰਨ ਲਈ ਵਰਤੀਆਂ ਜਾਂਦੀਆਂ ਸੂਈਆਂ ਅਤੇ ਸਰਿੰਜਾਂ ਨੂੰ ਸਾਂਝਾ ਕਰਨ ਨਾਲ ਐਚ.ਆਈ.ਵੀ./ਏਡਜ਼, ਹੈਪੇਟਾਈਟਸ ਅਤੇ ਹੋਰ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲੁਧਿਆਣਾ ਅਤੇ ਹੋਰ ਕਈ ਜ਼ਿਲ੍ਹਿਆਂ ਵਿਚ ਐਚ.ਆਈ.ਵੀ. ਅਤੇ ਨਸ਼ਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੈ, ਉਨ੍ਹਾਂ ਇਲਾਕਿਆਂ ਵਿਚ ਵੱਧ ਤੋਂ ਵੱਧ ਨਸ਼ਾ ਛੁਡਾਊ ਕੇਂਦਰ ਖੋਲੇ ਜਾਣ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਮੁੜ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ।ਇਸ ਦੇ ਨਾਲ ਹੀ ਉਨ੍ਹਾਂ ਹਲਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ  ਦਾ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋਜੈਕਟ ਮੈਨੇਜਰ ਉਪੇਂਦਰ ਸਿੰਘ, ਡਾ: ਰਘੁਵੀਰ ਸਿੰਘ, ਗਗਨਦੀਪ ਕੁਮਾਰ (ਏਰੀਆ ਕੋਆਰਡੀਨੇਟਰ), ਮਨੀਸ਼ਾ (ਸੈਂਟਰ ਇੰਚਾਰਜ) ਆਦਿ ਨੇ ਨਸ਼ਾ ਛੁਡਾਊ ਰੈਲੀ ਦੀ ਨੁਮਾਇੰਦਗੀ ਕੀਤੀ | ਇਸ ਮੌਕੇ ਨਸ਼ਾ ਮੁਕਤ ਪੰਜਾਬ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵੀ ਸ਼ਾਨਦਾਰ ਸੇਵਾਵਾਂ ਬਦਲੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਕਾਮਰੇਡ ਅੰਮ੍ਰਿਤਪਾਲ ਦੇ ਸ਼ਰਧਾਂਜਲੀ ਸਮਾਗਮ ‘ਚ ਫਿਲਿਸਤੀਨੀ ਲੋਕਾਂ ਦੇ ਹੱਕ ਵਿੱਚ ਆਵਾਜ਼ ਉੱਠੀ

ਲੁਧਿਆਣਾ, 3 ਦਸੰਬਰ (ਟੀ. ਕੇ. ) ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੁਧਿਆਣਾ, ਨੌਜਵਾਨ ਸਭਾ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵੱਲੋਂ ਕਾਮਰੇਡ ਅੰਮ੍ਰਿਤਪਾਲ ਪੀ. ਏ. ਯੂ. ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਅਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਆਗੂ ਅਤੇ ਸਮਾਜ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ।
ਕਾਮਰੇਡ ਅਮ੍ਰਿਤਪਾਲ ਨੂੰ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਤੇ ਇਨਕਲਾਬੀ ਗੀਤਾਂ ਰਾਹੀਂ ਸ਼ਰਧਾਜਲੀ ਭੇਂਟ ਕਰਨ ਉਪਰੰਤ “ਸਾਮਰਾਜੀ ਜੰਗਾਂ ਤੇ ਫਲਸਤੀਨ ਉੱਤੇ ਅਮਰੀਕਾ -ਇਜਰਾਇਲ ਦਾ ਹਮਲਾ” ਵਿਸ਼ੇ ਤੇ ਗੱਲ-ਬਾਤ ਕਰਦਿਆਂ ਬੂਟਾ ਸਿੰਘ ਨੇ ਕਿਹਾ ਫਿਲਿਸਤੀਨੀ ਲੋਕਾਂ ਉੱਤੇ ਹਮਲਾ ਸਾਮਰਾਜੀ ਦੇਸ਼ਾਂ ਦੀ ਆਪਸੀ ਖਿੱਚੋਤਾਣ ਦਾ ਨਤੀਜਾ ਹੈ ਤੇ ਇਜਰਾਇਲ ਨੂੰ ਅਮਰੀਕੀ ਸਾਮਰਾਜ ਦੀ ਪੂਰੀ ਸਹਿ ਪ੍ਰਾਪਤ ਹੈ। ਇਸ ਹਮਲੇ ਦਾ ਸਭ ਤੋਂ ਜਾਲਮ ਪੱਖ ਇਹ ਰਿਹਾ ਕਿ ਇਜ਼ਰਾਇਲ ਨੇ ਇਸ ਹਮਲੇ ਵਿੱਚ ਫੌਜੀ ਟਿਕਾਣਿਆਂ ਦੀ ਥਾਂ ਸਕੂਲਾਂ, ਹਸਪਤਾਲਾਂ ਨੂੰ ਨਿਸ਼ਾਨਾ ਬਣਾ ਕੇ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਫਿਲਿਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਆਉਣ ਵਾਲੀਆਂ ਨਸਲਾਂ ਨੂੰ ਨਿਸ਼ਾਨਾ ਬਣਾਉਣਾ ਵਹਿਸ਼ੀਪੁਣੇ ਦੀ ਹੱਦ ਹੈ। ਸਾਮਰਾਜੀ ਮੁਲਕ ਆਪਣੇ ਤੋਂ ਛੋਟੇ ਮੁਲਕਾਂ ਨੂੰ ਨਿਸ਼ਾਨਾ ਬਣਾ ਕੇ ਉਥੋਂ ਦੀ ਮੰਡੀ ਅਤੇ ਕੁਦਰਤੀ ਸੋਮਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਕਿਹਾ ਅਜਿਹੇ ਹਮਲਿਆਂ ਨੂੰ ਦੱਬੇ ਕੁਚਲੇ ਲੋਕਾਂ ਦਾ ਏਕਾ ਹੀ ਠੱਲ ਪਾ ਸਕਦਾ ਹੈ ਜਿਸ ਤਰਾਂ ਮੋਦੀ ਹੁਕੂਮਤ ਨੂੰ ਕਿਸਾਨਾਂ ਅਤੇ ਲੋਕਾਂ ਦੇ ਅੰਦੋਲਨ ਅੱਗੇ ਝੁਕਦਿਆਂ ਖੇਤੀ ਕਾਨੂੰਨ ਵਾਪਸ ਲੈਣੇ ਪਏ ਇਸੇ ਤਰਾਂ ਮਿਹਨਤਕਸ਼ ਲੋਕਾਂ ਦਾ ਏਕਾ ਹੀ ਇਹਨਾਂ ਹਮਲਿਆਂ ਨੂੰ ਰੋਕ ਸਕਦਾ ਹੈ। ਸੈਮੀਨਾਰ ਤੋਂ ਮਗਰੋਂ ਫਿਲਿਸਤੀਨੀ ਲੋਕਾਂ ਦੇ ਹੱਕ ਵਿੱਚ ਸਾਮਰਾਜੀ ਦੇਸ਼ਾਂ ਵੱਲੋਂ ਜੰਗਾਂ ਦਾ ਮਾਹੌਲ ਸਿਰਜਣ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਾਮਰੇਡ ਅੰਮ੍ਰਿਤਪਾਲ ਦੀ ਪਤਨੀ ਮਧੂ, ਬੇਟੀਆਂ ਮੀਨੂੰ ਅਤੇ ਨਿਸ਼ਾ ਸਮੇਤ ਵੱਖ-ਵੱਖ ਜੱਥੇਬੰਦੀਆਂ ਵੱਲੋਂ ਡਾ. ਮੋਹਣ, ਕੰਵਲਜੀਤ ਖੰਨਾ, ਰਾਕੇਸ਼ ਆਜ਼ਾਦ, ਮਾਸਟਰ ਭਜਨ ਕੈਨੇਡਾ , ਕਰਨਲ ਜਗਦੀਸ਼ ਬਰਾੜ, ਜਸਵੰਤ ਜ਼ੀਰਖ, ਸੁਰਿੰਦਰ, ਰਵਿਤਾ, ਕਰਮਜੀਤ ਸਿੰਘ ਆਦਿ ਹਾਜਰ ਸਨ

ਵੈਟਨਰੀ ਯੂਨੀਵਰਸਿਟੀ 'ਚ ਕੁੱਤਿਆਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਦੌਰਾਨ ਦਰਸ਼ਕਾਂ ਦਾ ਹੋਇਆ ਰੱਜ ਕੇ ਮਨੋਰੰਜਨ 

ਲੁਧਿਆਣਾ 3 ਦਸੰਬਰ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (ਡਾਗ ਸ਼ੋਅ) ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ, ਲੁਧਿਆਣਾ ਪੱਛਮੀ ਨੇ ਬਤੌਰ ਮੁੱਖ ਮਹਿਮਾਨ ਕੀਤਾ। ਉਨ੍ਹਾਂ ਨੇ ਸਮਾਜ ਦੇ ਵਿਕਾਸ ਦੌਰਾਨ ਘਰੇਲੂ ਜਾਨਵਰਾਂ ਅਤੇ ਸਾਥੀ ਜਾਨਵਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਹਥਿਆਰਬੰਦ ਬਲਾਂ ਵਿਚ ਕੁੱਤਿਆਂ ਦੇ ਯੋਗਦਾਨ ਬਾਰੇ ਗੱਲ ਕੀਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪਸ਼ੂਧਨ ਖੇਤਰ ਦੇ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਸਰਾਹਨਾ ਕੀਤੀ ਅਤੇ ਇਸ ਡਾਗ ਸ਼ੋਅ ਰਾਹੀਂ ਕੁੱਤਿਆਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਹਿਤ ਆਯੋਜਨ ਦੀ ਸ਼ਲਾਘਾ ਕੀਤੀ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਪਣੇ ਸੰਬੋਧਨ ਵਿਚ ਮਨੁੱਖ ਅਤੇ ਕੁੱਤੇ ਦੇ ਲੰਮੇ ਰਿਸ਼ਤੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਇਹ ਰਿਸ਼ਤਾ ਹੋਰ ਮਹੱਤਵਪੂਰਨ ਹੋ ਗਿਆ ਹੈ ਅਤੇ ਲੋਕ ਪਾਲਤੂ ਜਾਨਵਰਾਂ ਨੂੰ ਪਰਿਵਾਰਿਕ ਮੈਂਬਰਾਂ ਵਾਂਗ ਰੱਖਦੇ ਹਨ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਇਸ ਖੇਤਰ ਦੇ ਵਿਕਾਸ ਲਈ ਨਵੀਆਂ ਨੀਤੀਆਂ ਬਨਾਉਣ ਵਿਚ ਸਹਾਈ ਹੁੰਦੀਆਂ ਹਨ।
    ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪਤਵੰਤਿਆਂ ਅਤੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਬੜੇ ਵਧੀਆ ਕਿਸਮ ਦੇ ਨਸਲੀ ਮੁਕਾਬਲੇ ਕਰਵਾਏ ਗਏ। ਡਾ. ਐਚ ਐਸ ਢੱਲਾ ਨੂੰ ਉੱਤਰੀ ਭਾਰਤ ਵਿਚ ਪਹਿਲਾ ਡਾਗ ਪਾਰਕ ਸਥਾਪਿਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕ ਸੋਵੀਨਰ ਵੀ ਜਾਰੀ ਕੀਤਾ ਗਿਆ। ਉਦਘਾਟਨੀ ਸੈਸ਼ਨ ਦੌਰਾਨ ਸੀਮਾ ਸੁਰੱਖਿਆ ਬੱਲ ਦੇ ਡਾਗ ਸਕਵੈਡ ਦਾ ਵਿਸ਼ੇਸ਼ ਪ੍ਰਦਰਸ਼ਨ ਵੀ ਕੀਤਾ ਗਿਆ।
    ਡਾ. ਧੀਰਜ ਗੁਪਤਾ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ 100 ਤੋਂ ਵੱਧ ਮਾਲਕਾਂ ਨੇ ਆਪਣੇ ਕੁੱਤਿਆਂ ਦਾ ਪ੍ਰਦਰਸ਼ਨ ਕੀਤਾ। ਡਾ. ਇੰਦਰਜੀਤ ਸਿੰਘ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਯੂਨੀਵਰਸਿਟੀ ਵਿਖੇ ਕੁੱਤਿਆਂ ਦੀਆਂ ਬਿਮਾਰੀਆਂ ਦਾ ਸਫਲ ਇਲਾਜ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਸਨਮਾਨ ਦਿੱਤਾ ਗਿਆ। ਇਸ ਮੌਕੇ ਪਾਲਤੂ ਜਾਨਵਰ ਦੇ ਸ਼ੌਕੀਨਾਂ ਅਤੇ ਦਰਸ਼ਕਾਂ ਦਾ ਵਿਸ਼ਾਲ ਇਕੱਠ ਮੌਜੂਦ ਸੀ। ਉਦਯੋਗਾਂ ਵੱਲੋਂ ਖੁਰਾਕ, ਸਿਹਤ ਪੂਰਕ ਅਤੇ ਹੋਰ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਇਨ੍ਹਾਂ ਜਾਨਵਰਾਂ ਪ੍ਰਤੀ ਸਮਾਜ ਵਿਚ ਸੁਹਿਰਦਤਾ ਅਤੇ ਜਾਗਰੂਕਤਾ ਲਿਆਉਂਦੇ ਹਨ। ਉਨ੍ਹਾਂ ਨੇ ਡਾਗ ਸ਼ੋਅ ਦੇ ਆਯੋਜਨ ਵਿਚ ਹਿੱਸਾ ਪਾਉਣ ਲਈ ਸਾਰੀਆਂ ਭਾਈਵਾਲ ਧਿਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ।

ਠੇਕਾ ਮੁਲਾਜਮਾਂ ਵਲੋਂ ਕੁਹਾੜਾ ਅਤੇ ਹੰਬੜਾਂ 'ਚ ਝੰਡਾ ਮਾਰਚ 5 ਨੂੰ 

ਲੁਧਿਆਣਾ, 3 ਦਸੰਬਰ (ਟੀ. ਕੇ.) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਤਾਇਨਾਤ ਠੇਕਾ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸ਼ਾਖਾ ਲੁਧਿਆਣਾ ਦੇ ਬੁਲਾਰੇ ਨੇ ਦੱਸਿਆ ਹੈ ਕਿ 9ਦਸੰਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਲੁਧਿਆਣਾ ਵਿਖੇ ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਜਾਣਾ ਹੈ ਅਤੇ ਇਸ ਸੰਘਰਸ਼ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕੁਹਾੜਾ ਅਤੇ ਹੰਬੜਾਂ ਇਲਾਕੇ ਵਿਚ 5 ਦਸੰਬਰ ਨੂੰ ਝੰਡਾ ਮਾਰਚ ਕੱਢਿਆ ਜਾਵੇਗਾ। ਬੁਲਾਰੇ ਅਨੁਸਾਰ ਮਾਰਚ ਦਾ ਸਮਾਂ ਸਵੇਰੇ 9:30 ਵਜੇ ਹੋਵੇਗਾ ਅਤੇ ਇਹ ਮਾਰਚ  ਹੰਬੜਾਂ ਤੋਂ ਸ਼ੁਰੂ ਕੀਤਾ ਜਾਵੇਗਾ। ਆਗੂ ਨੇ ਦੱਸਿਆ ਕਿ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਹੁੰਦੇ ਹੋਏ ਪੰਜਾਬ ਸਰਕਾਰ ਦੀ ਮੁਲਾਜ਼ਮ ਤੇ ਲੋਕ ਵਿਰੋਧੀ ਨੀਤੀਆਂ ਬਾਰੇ ਜਾਣੂ ਕਰਵਾਉਂਦੇ ਲੀਫਲੈਟ ਵੰਡੇ ਜਾਣਗੇ, ਅਤੇ ਲਾਡੋਵਾਲ ਨੈਸ਼ਨਲ ਹਾਈਵੇ ਮੇਨ ਚੌਕ ਵਿੱਚ ਸਮਾਪਤੀ ਕੀਤੀ ਜਾਵੇਗੀ।

ਜੇੇ ਨੂਹ ਮਾਮਲੇ 'ਚ ਦਰਜ਼ ਪਰਚੇ ਰੱਦ ਹੋ ਸਕਦੇ ਹਨ ਤਾਂ ਫਿਰ ਸਿੱਖ ਨੌਜਵਾਨਾਂ ਦੇ ਕਿਉਂ ਨਹੀ- ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 03 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਬੇ ਸਮੇਂ ਤੋਂ ਦੇਸ਼ਭਰ ਵਿੱਚ ਸਿੱਖਾਂ ਖਿਲਾਫ ਭੇਦਭਾਵ ਵਾਲਾ ਮਾਹੌਲ ਸਿਰਜਿਆ ਜਾ ਰਿਹੈ। ਹਰਿਆਣਾ ਦੇ ਨੂਹ 'ਚ ਥਾਣੇ ਨੂੰ ਅੱਗ ਲਗਾ ਕੇ ਦੰਗਾ ਫਸਾਦ ਕਰਨ ਵਾਲਿਆਂ 'ਤੇ ਦਰਜ਼ ਪਰਚੇ ਰੱਦ ਕਰ ਦੇਣੇ ਜਦੋਂਕਿ ਦੂਜੇ ਪਾਸੇ ਸਿੱਖ ਨੌਜਵਾਨਾਂ ਨੂੰ ਐੱਨ.ਐੱਸ.ਏ ਤਹਿਤ ਜੇਲ੍ਹਾ 'ਚ ਡੱਕਣਾ ਭੇਦਭਾਵ ਹੈ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਨੂਹ ਦੇ ਦੋਸ਼ੀਆਂ ਦੇ ਪਰਚੇ ਰੱਦ ਹੋ ਸਕਦੇ ਹਨ ਤਾਂ ਸਿੱਖ ਨੌਜਵਾਨਾਂ ਦੇ ਕਿਉਂ ਨਹੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਅੱਜ ਤਖਤ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਅਰਦਾਸ ਸਮਾਗਮ 'ਚ ਸ਼ਮੂਲੀਅਤ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਿੱਖਾਂ ਖਿਲਾਫ ਇੱਕ ਖਾਸ ਸਾਜਿਸ਼ ਤਹਿਤ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ 2007 ਚ ਲੁਧਿਆਣਾ ਬੰਬ ਕਾਂਡ ਹੋਇਆ ਜੋ ਸਿੱਖਾਂ ਦੇ ਸਿਰ ਮੜ ਦਿੱਤਾ ਗਿਆ ਹਾਲਾਂਕਿ ਜਿੰਨੇ ਸਿੱਖ ਉਕਤ ਮਾਮਲੇ 'ਚ ਪੁਲਿਸ ਨੇ ਫੜੇ ਉਹ ਬਾਅਦ ਚ ਸਾਰੇ ਬਾਇੱਜ਼ਤ ਬਰੀ ਹੋਏ ਪਰ ਜਦੋਂ 2017 'ਚ ਮੌੜ ਬੰਬ ਧਮਾਕਾ ਹੋਇਆ ਅਤੇ ਉਸ 'ਚ ਡੇਰਾ ਸਿਰਸਾ ਮੁਖੀ ਦਾ ਨਾਮ ਆਇਆ ਤਾਂ ਜਾਂਚ ਉੱਥੇ ਹੀ ਠੱਪ ਕਰ ਦਿੱਤੀ ਗਈ ਹੁਣ ਉਸਨੂੰ ਵਾਰ-ਵਾਰ ਪੈਰੋਲ ਵੀ ਦਿੱਤੀ ਜਾ ਰਹੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੀ ਝੂਠੇ ਦੋਸ਼ਾਂ ਤਹਿਤ ਫੜੋ-ਫੜਾਈ ਇਹ ਵੀ ਇੱਕ ਕੋਝੀ ਚਾਲ ਦਾ ਹਿੱਸਾ ਹੈ ਅਤੇ ਅਜਿਹੀਆਂ ਕੋਝੀਆਂ ਚਾਲਾਂ ਸਰਕਾਰਾਂ ਬੰਦ ਕਰਨ। ਉਨਾਂ ਮੰਗ ਕੀਤੀ ਕਿ ਜਿਵੇਂ ਨੂਹ ਚ ਦੰਗਾ ਫਸਾਦ ਕਰਨ ਵਾਲਿਆਂ ਦੇ ਪਰਚੇ ਰੱਦ ਕਰ ਦਿੱਤੇ ਹਨ ਉਵੇਂ ਸਰਕਾਰ ਸਿੱਖ ਨੌਜਵਾਨਾਂ ਤੇ ਦਰਜ਼ ਪਰਚੇ ਵੀ ਰੱਦ ਕਰੇ ਅਤੇ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਸਿੱਖਾਂ ਨੂੰ ਵੀ ਤੁਰੰਤ ਰਿਹਾਅ ਕਰੇ।

ਵੋਟਰ ਸੂਚੀਆਂ ਦੀ ਸੁਧਾਈ ਦੇ ਦੋ ਦਿਨਾ ਵਿਸ਼ੇਸ਼ ਕੈਂਪ ਲਗਾਏ ਗਏ- ਏਡੀਸੀ ਸ਼੍ਰੀਮਤੀ ਲਵਜੀਤ ਕਲਸੀ

ਬਠਿੰਡਾ, 03 ਦਸੰਬਰ (ਗੁਰਜੰਟ ਸਿੰਘ ਨਥੇਹਾ)- ਮਾਨਯੋਗ ਜ਼ਿਲ੍ਹਾ ਚੋਣ ਕਮਿਸ਼ਨ ਕਮ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਮਾਨਯੋਗ ਵਧੀਕ ਜ਼ਿਲ੍ਹਾ ਚੋਣ ਕਰ ਅਫਸਰ (ਪੇਂਡੂ ਵਿਕਾਸ) ਬਠਿੰਡਾ ਸ਼੍ਰੀਮਤੀ ਲਵਜੀਤ ਕਲਸੀ ਵੱਲੋਂ ਵਿਸ਼ੇਸ਼ ਮੁਹਿੰਮ ਸਪੈਸ਼ਲ ਸਮਰੀ ਰਿਵੀਜ਼ਨ 2024 ਦੇ ਤਹਿਤ ਮਿਤੀ 2 ਦਸੰਬਰ ਅਤੇ 3 ਦਸੰਬਰ 2023 ਨੂੰ ਦੋ ਦਿਨਾ ਵੋਟਰ ਸੂਚੀਆਂ ਦੀ ਸੁਧਾਈ ਲਈ ਵਿਸ਼ੇਸ਼ ਉਪਰਾਲੇ ਰਾਹੀਂ ਵੋਟ ਬਣਾਉਣ ਦੀ ਯੋਗਤਾ ਮਿਤੀ 1 ਜਨਵਰੀ 24 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ 093 ਬਠਿੰਡਾ ਦਿਹਾਤੀ ਇਲਾਕੇ ਦੇ ਸਾਰੇ ਹੀ ਸੰਬੰਧਿਤ ਕਰਮਚਾਰੀ ਮਾਨਯੋਗ ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸ਼੍ਰੀਮਤੀ ਲਵਜੀਤ ਕਲਸੀ ਏਡੀਸੀ ਪੇਂਡੂ ਵਿਕਾਸ ਬਠਿੰਡਾ ਵੱਲੋਂ ਵੋਟਰ ਸੂਚਿਆਂ ਦੀ ਸੁਧਾਈ ਦੀ ਵਿਸ਼ੇਸ਼ ਮੁਹਿੰਮ ਚਲਾ ਕੇ ਬੀਐਲਓ'ਜ ਦੁਆਰਾ ਦੋ ਦਿਨਾਂ ਵਿਸ਼ੇਸ਼ ਕੈਂਪ ਲਗਵਾਏ ਗਏ। ਜਿਸ ਤਹਿਤ ਸਾਰੇ ਬੀਐਲਓ'ਜ ਨੇ ਆਪੋ ਆਪਣੇ ਬੂਥਾਂ ਦੇ ਬੈਠ ਕੇ ਫਾਰਮ ਨੰਬਰ 6, 7 ਅਤੇ 8 ਭਰਕੇ ਖਾਸ ਤੌਰ 'ਤੇ ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਉਤਸ਼ਾਹਿਤ  ਤੇ ਪ੍ਰੇਰਿਤ ਕੀਤਾ ਗਿਆ। 093 ਬਠਿੰਡਾ ਦਿਹਾਤੀ ਇਲਾਕੇ ਦੇ ਸਾਰੇ ਹੀ ਸੁਪਰਵਾਈਜ਼ਰ ਸਾਹਿਬਾਨਾਂ ਨੇ ਬੂਥਾਂ ਦੀ ਚੈਕਿੰਗ ਕਰਕੇ ਬੀਐਲਓ ਦੀ ਅਗਵਾਈ ਕੀਤੀ ਇਸ ਸਮੇਂ ਸੈਕਟਰ ਨੰਬਰ 10 ਦੇ ਸੁਪਰਵਾਈਜ਼ਰ ਸ਼੍ਰੀ ਮੋਤੀ ਰਾਮ ਨੇ ਦੱਸਿਆ ਕਿ ਸਾਰੇ ਹੀ ਪ੍ਰਕਾਰ ਦੇ ਫਾਰਮ ਭਰਨ ਦੇ ਨਾਂ ਨਾਲ ਆਨਲਾਈਨ ਫਾਰਮ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਅਤੇ ਟੋਲ ਫਰੀ ਨੰਬਰ 1950 ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਹੋਰ ਦੱਸਿਆ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬੀਐਲਓਜ ਨੇ ਆਪੋ-ਆਪਣੇ ਬੂਥਾਂ 'ਤੇ ਬੈਠ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੀਤਾ। ਇਸ ਸਮੇਂ ਜੋਧਪੁਰ ਰੁਮਾਣਾ ਦੇ ਬੀਐਲਓ ਸ਼੍ਰੀ ਦੀਪਕ ਕੁਮਾਰ ਅਤੇ ਸ੍ਰ. ਅਵਤਾਰ ਸਿੰਘ ਨੇ ਦੱਸਿਆ ਕਿ ਦੋ-ਦੋ ਦਿਨਾਂ ਦੇ ਦੋ ਵਿਸ਼ੇਸ਼ ਕੈਂਪ ਲਗਾਏ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਇਹ ਦੋ ਦਿਨਾ ਕੈਂਪ ਲਗਭਗ ਇਸ  ਸਾਲ ਦੇ ਆਖਰੀ ਕੈਂਪ ਸਨ।

ਬੰਦੀ ਸਿੰਘਾਂ ਦੀ ਰਿਹਾਈ ਲਈ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਦਿੱਲੀ ਪਹੁੰਚਣ ਦੀ ਅਪੀਲ - ਬਾਬਾ ਹਰਜਿੰਦਰ ਸਿੰਘ 

ਭੀਖੀ,03 ਦਸੰਬਰ ( ਕਮਲ ਜਿੰਦਲ )ਬਾਬਾ ਹਰਜਿੰਦਰ ਸਿੰਘ (ਖਾਲਸਾ ਫਾਰਮ) ਭੀਖੀ ਵਾਲਿਆਂ ਨੇ ਦੱਸਿਆ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਟਰਨੈਸ਼ਨਲ ਪੰਥਕ ਦਲ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲੰਬੇ ਸਮੇਂ ਤੋਂ ਜੇਲਾਂ ਵਿੱਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਾਲੇ ਦਿਨ 10 ਦਸੰਬਰ ਦਿਨ ਐਤਵਾਰ ਨੂੰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਭਾਰਤ ਦੀ ਪਾਰਲੀਮੈਂਟ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਭਾਰਤ ਸਰਕਾਰ ਦੇ ਕੰਨਾਂ ਤੱਕ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਪਹੁੰਚਾਈ ਜਾ ਸਕੇ। ਇਸੇ ਸੰਬੰਧ ਵਿੱਚ ਬਾਬਾ ਹਰਜਿੰਦਰ ਸਿੰਘ (ਖਾਲਸਾ ਫਾਰਮ ਭੀਖੀ ) ਸੀਨੀਅਰ ਮੀਤ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਪੰਜਾਬ ਵੱਲੋਂ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਭੀਖੀ, ਸੁਨਾਮ, ਹਲਕਾ ਜੋਗਾ ਅਤੇ ਹੋਰ ਮਾਲਵੇ ਦੇ ਪਿੰਡਾਂ ਸ਼ਹਿਰਾਂ ਵਿੱਚ ਸੰਗਤ ਨੂੰ ਦਿੱਲੀ ਜਾਣ ਲਈ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ 4 ਦਸੰਬਰ ਨੂੰ ਭੀਖੀ ਸ਼ਹਿਰ ਵਿਖੇ ਮੀਟਿੰਗ ਰੱਖੀ ਗਈ ਹੈ।ਜਿਸ ਵਿੱਚ ਭੀਖੀ ਸਰਕਲ ਦੀਆਂ ਸੰਗਤਾਂ ਨੂੰ ਪਹੁੰਚਣ ਦੀ ਵੀ ਅਪੀਲ ਕੀਤੀ ਹੈ। ਤਾਂ ਜ਼ੋ ਦਿੱਲੀ ਚੱਲੋ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲ ਸਕੇ।
ਇਸ ਮੌਕੇ ਤੇ ਬਾਬਾ ਹਰਜਿੰਦਰ ਸਿੰਘ ਜੀ, ਭਾਈ ਜੀਵਨ ਸਿੰਘ ਧਰਮਿੰਦਰ ਸਿੰਘ ਜਵਾਹਰਕੇ ਪ੍ਰਧਾਨ ਸਰਕਲ ਮਾਨਸਾ, ਗੁਰਪ੍ਰੀਤ ਸਿੰਘ ਕੋਰਵਾਲਾ ਪ੍ਰਧਾਨ ਸਰਕਲ ਸਰਦੂਲਗੜ੍ਹ, ਮਿਸਤਰੀ ਹਰਬੰਸ ਸਿੰਘ, ਬਲਵੀਰ ਸਿੰਘ ਸਮਾਓ, ਗੁਰਲਾਲ ਸਿੰਘ, ਬਿੱਟੂ ਸਿੰਘ ਠੂਠਿਆਵਾਲੀ ਜਰਨਲ ਸਕੱਤਰ ਜਿਲ੍ਹਾ ਮਾਨਸਾ, ਸੁਖਦਿਆਲ ਸਿੰਘ, ਅਮਨਦੀਪ ਸਿੰਘ ਭੀਖੀ ਆਦਿ ਹਾਜ਼ਰ ਸਨ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਬਿਜਲੀ ਕਾਮਿਆਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ, ਧਰਨਿਆਂ ਵਿੱਚ ਕਿਸਾਨ ਹੋਣਗੇ ਸ਼ਾਮਲ -- ਉਗਰਾਹਾਂ, ਕੋਕਰੀ

ਚੰਡੀਗੜ੍ਹ, 03 ਦਸੰਬਰ (ਜਨ ਸ਼ਕਤੀ ਨਿਉਜ ਬਿਊਰੋ ) ਬਿਜਲੀ ਕਾਮਿਆਂ ਦੇ ਜੁਆਇੰਟ ਫੋਰਮ ਪੰਜਾਬ ਅਤੇ ਟੀ ਐੱਸ ਯੂ (ਭੰਗਲ) ਵੱਲੋਂ ਠੇਕਾ ਕਾਮਿਆਂ ਲਈ ਪੱਕੇ ਰੁਜ਼ਗਾਰ ਅਤੇ ਹੋਰ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਮੌਜੂਦਾ ਸੰਘਰਸ਼ਾਂ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਕੇਂਦਰੀ ਤੇ ਸੂਬਾਈ ਹਕੂਮਤਾਂ ਵੱਲੋਂ ਮੜ੍ਹੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦਿਨੋਂ ਦਿਨ ਵਧ ਰਹੀ ਕਿਰਤ ਦੀ ਤਿੱਖੀ ਲੁੱਟ ਵਿਰੁੱਧ ਸਮੂਹ ਕਿਰਤੀ ਕਿਸਾਨਾਂ ਦੀ ਸਾਂਝੀ ਲੋਕ ਲਹਿਰ ਉਸਾਰਨ ਦੀ ਜਥੇਬੰਦਕ ਸੇਧ ਮੁਤਾਬਕ ਬਿਜਲੀ ਕਾਮਿਆਂ ਦੇ ਇਨ੍ਹਾਂ ਸੰਘਰਸ਼ਾਂ ਦੌਰਾਨ ਧਰਨਿਆਂ ਵਿੱਚ ਵੀ ਕਿਸਾਨ ਹਮਾਇਤੀ ਸ਼ਮੂਲੀਅਤ ਕਰਨਗੇ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਮੁਕੇਰੀਆਂ ਖੰਡ ਮਿੱਲ ਅੱਗੇ ਧਰਨਾ ਦੇ ਰਹੇ ਗੰਨਾ ਉਤਪਾਦਕ ਕਿਸਾਨਾਂ ਉੱਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ

 ਧਰਨਾਕਾਰੀਆਂ ਨਾਲ ਜੁਝਾਰੂ ਯਕਜਹਿਤੀ ਜ਼ਾਹਰ ਕਰਦਿਆਂ ਭਲਕੇ ਹਮਾਇਤੀ ਕਾਫ਼ਲੇ ਭੇਜਣ ਦਾ ਫੈਸਲਾ

ਚੰਡੀਗੜ੍ਹ 03 ਦਸੰਬਰ ( ਜਨ ਸ਼ਕਤੀ ਨਿਊਜ਼ ਬਿਊਰੋ ) ਮੁਕੇਰੀਆਂ ਖੰਡ ਮਿੱਲ ਅੱਗੇ ਹਾਈਵੇ ਜਾਮ ਕਰਕੇ ਕੱਲ੍ਹ ਤੋਂ ਗੰਨਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸ਼ਾਂਤਮਈ ਧਰਨਾ ਦੇ ਰਹੇ ਗੰਨਾ ਉਤਪਾਦਕ ਕਿਸਾਨਾਂ ਉੱਤੇ ਅੱਜ ਪੁਲਿਸ ਵੱਲੋਂ ਲਾਠੀਚਾਰਜ ਕਰਨ ਅਤੇ 10 ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਸੰਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਗਵੰਤ ਮਾਨ ਸਰਕਾਰ ਉੱਤੇ ਦੋਸ਼ ਲਾਇਆ ਕਿ ਗੰਨੇ ਦੇ ਭਾਅ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਨਿਗੂਣਾ ਵਾਧਾ ਕਰਕੇ ਕਿਸਾਨਾਂ ਨਾਲ ਵਾਅਦਾਖਿਲਾਫੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਖੰਡ ਮਿੱਲ ਨੂੰ ਚਾਲੂ ਕਰਨ ਦਾ ਫੈਸਲਾ ਵੀ ਵਾਅਦੇ ਅਨੁਸਾਰ 30 ਨਵੰਬਰ ਤੱਕ ਚਾਲੂ ਕਰਨ ਦੀ ਬਜਾਏ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਮਗਰੋਂ ਕੱਲ੍ਹ 1 ਦਸੰਬਰ ਨੂੰ ਸ਼ਾਮ 5 ਵਜੇ ਹੀ ਕੀਤਾ ਗਿਆ ਹੈ। ਅੱਜ ਗ੍ਰਿਫਤਾਰੀਆਂ ਸਮੇਂ ਕਿਸਾਨ ਆਗੂਆਂ ਦੀ ਧੂਹ-ਘੜੀਸ ਦੁਆਰਾ ਪੱਗਾਂ ਪੈਰਾਂ ਥੱਲੇ ਰੋਲਣਾ ਹੋਰ ਵੀ ਬਹੁਤ ਮਾੜੀ ਤੇ ਸ਼ਰਮਨਾਕ ਗੱਲ ਹੈ। ਇਸ ਧੱਕੇਸ਼ਾਹੀ ਤੋਂ ਬਾਅਦ ਵੀ ਕੜਾਕੇ ਦੀ ਠੰਢ ਵਿੱਚ ਧਰਨੇ ਵਿੱਚ ਡਟੇ ਹੋਏ ਕਿਸਾਨਾਂ ਦੇ ਸਿਦਕ ਨੂੰ ਸਿਜਦਾ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਗ੍ਰਿਫਤਾਰ ਕਿਸਾਨ ਆਗੂਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜਥੇਬੰਦੀ ਵੱਲੋਂ ਇਸ ਧੱਕੇਸ਼ਾਹੀ ਵਿਰੁੱਧ ਭਲਕੇ ਮਾਝਾ ਦੁਆਬਾ ਤੇ ਮਾਲਵਾ ਦੇ ਕਈ ਜਿਲ੍ਹਿਆਂ ਤੋਂ ਕਿਸਾਨ ਕਾਫ਼ਲੇ ਮੁਕੇਰੀਆਂ ਧਰਨੇ ਵਿੱਚ ਸ਼ਾਮਲ ਹੋਣਗੇ। ਕਿਸਾਨ ਆਗੂਆਂ ਨੇ ਜਬਰ ਰਾਹੀਂ ਕਿਸਾਨਾਂ ਨੂੰ ਦਬਾਉਣ 'ਤੇ ਤੁਲੀ ਹੋਈ ਮਾਨ ਸਰਕਾਰ ਨੂੰ ਮੂੰਹ ਤੋੜਵਾਂ ਜੁਆਬ ਦੇਣ ਲਈ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਿਆ ਜਾਵੇ।

ਸੰਯੁਕਤ ਮੋਰਚੇ ਦੇ ਆਗੂਆਂ ਤੇ ਹਮਲੇ ਤੁਰੰਤ ਬੰਦ ਕਰੇ ਸਰਕਾਰ - ਬੁਰਜਗਿੱਲ

ਬਰਨਾਲਾ, 03 ਦਸੰਬਰ (ਗੁਰਸੇਵਕ ਸੋਹੀ )ਪੰਜਾਬ - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੀਨੀਅਰ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਯੁੱਧਵੀਰ ਸਿੰਘ ਸਹਿਰਾਵਤ ਨੂੰ ਦਿੱਲੀ ਏਅਰਪੋਰਟ ਤੋਂ ਗਿਰਫ਼ਤਾਰ ਕਰ ਲਿਆ ਸੀ ਜੋ ਕੀ ਕੋਲੰਬੀਆ ਜਾ ਰਹੇ ਵਫਦ ਨਾਲ ਇੱਥੇ ਪੁੱਜੇ ਸਨ ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਦੀਆ ਹੱਦਾਂ ਤੇ 13 ਮਹੀਨੇ ਚੱਲੇ ਕਿਸਾਨੀ ਅੰਦੋਲਣ ਨਾਲ ਸੰਬਧਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ ਜਿਸ ਅਧਾਰ ਤੇ ਓਹਨਾਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਕਿਸਾਨੀ ਲਹਿਰ ਦੇ ਦਬਾਅ ਕਾਰਨ ਰਿਹਾਅ ਕਰ ਦਿੱਤਾ ਗਿਆ। ਸ਼੍ਰੀ ਗਿੱਲ ਨੇ ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ਕਿਸਾਨੀ ਅੰਦੋਲਣ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਕਰਨ ਵਾਲੇ ਅਧਾਰੇ ਨਿਊਜ਼ ਕਲਿੱਕ ਦੇ ਮਾਲਕ ਤੇ ਹੋਰ ਪੱਤਰਕਾਰਾਂ ਤੇ ਪੁਲੀਸ ਮੁਕੱਦਮੇ ਦਰਜ਼ ਕਰ ਜੇਲਾਂ ਵਿੱਚ ਡੱਕਣਾ ਇਹ ਮੋਦੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ । ਸੰਯੁਕਤ ਕਿਸਾਨ ਮੋਰਚਾ ਸਰਕਾਰ ਦੀਆਂ ਇਹਨਾਂ ਹੋਸ਼ੀਆਂ ਕਾਰਵਾਈਆਂ ਦਾ ਕਦੇ ਵੀ ਦਬਾਅ ਨਹੀਂ ਮੰਨੇਗਾ। ਇਸ ਸਮੇਂ ਦੋਵੇਂ ਕਿਸਾਨ ਆਗੂਆਂ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਵੱਲੋ ਕਿਸਾਨ ਔਰਤਾਂ ਤੇ ਤੰਜਕਸਵਾ ਬਿਆਨ ਦੇਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤਾ ਅਤੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਅਨਾਜ ਦੇ ਸੰਕਟ ਨਾਲ ਜੂਝ ਰਹੇ ਦੇਸ਼ ਨੂੰ ਅਨਾਜ ਪੱਖੋਂ ਆਪਣੇ ਪੈਰਾਂ ਸਿਰ ਕਰਨ ਵਿੱਚ ਜਿੰਨਾਂ ਕਿਸਾਨਾਂ ਦਾ ਯੋਗਦਾਨ ਹੈ ਓਨਾਂ ਹੀ ਕਿਸਾਨ ਬੀਬੀਆਂ ਦਾ ਯੋਗਦਾਨ ਹੈ ਪਰ ਖੇਤੀਬਾੜੀ ਮੰਤਰੀ ਦਾ ਇਸ ਕਿਸਮ ਦਾ ਘਟੀਆ ਬਿਆਨ ਦੇਣਾ ਦਰਸਾਉਂਦਾ ਹੈ ਕੀ ਭਾਜਪਾ ਕਿਸ ਕਿਸਮ ਦੀ ਘਟੀਆ ਸੋਚ ਵਾਲੇ ਲੀਡਰ ਅੱਗੇ ਲੈਕੇ ਆਉਂਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕੀ ਅਗਰ ਸਰਕਾਰ ਗੰਨੇ ਦੇ ਭਾਅ ਲਈ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕਿਸਾਨ ਆਗੂਆਂ ਤੇ ਕੋਈ ਤੱਸਦਦ ਢਾਉਂਦੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਸਦਾ ਮੂੰਹ ਤੋੜ ਜਵਾਬ ਦੇਵੇਗਾ।

ਲਖਵਿੰਦਰ ਸਿੰਘ ਘਮਨੇਵਾਲ ਨੂੰ ਲੁਧਿਆਣਾ ਦਿਹਾਤੀ ਐਸ ਈ ਸੈੱਲ ਦਾ ਚੇਅਰਮੈਨ ਲਗਾਇਆ

ਘਮਨੇਵਾਲ ਬੇਹੱਦ ਮਿਹਨਤੀ ਆਗੂ—ਸੰਧੂ, ਵੈਦ
ਮੁੱਲਾਂਪੁਰ ਦਾਖਾ,29 ਨਵੰਬਰ(ਸਤਵਿੰਦਰ ਸਿੰਘ ਗਿੱਲ)
ਕਾਂਗਰਸ ਪਾਰਟੀ ਵਿੱਚ ਹਮੇਸ਼ਾਂ ਮਿਹਨਤੀ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਮਿਲਦਾ ਰਿਹਾ ਹੈ ਜਿਸ ਤੇ ਚਲਦਿਆਂ ਐਸ ਈ ਸੈੱਲ ਪੰਜਾਬ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਇੰਚਾਰਜ ਹਲਕਾ ਦਾਖਾ ਦੀ ਸਿਫਾਰਸ਼ ਤੇ ਲਖਵਿੰਦਰ ਸਿੰਘ ਘਮਨੇਵਾਲ ਨੂੰ ਲੁਧਿਆਣਾ ਦਿਹਾਤੀ ਦਾ ਐਸ ਈ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋ ਬਾਅਦ ਪ੍ਰਧਾਨ ਐਸ ਈ ਸੈੱਲ ਪੰਜਾਬ ਕੁਲਦੀਪ ਸਿੰਘ ਵੈਦ ਸਾਬਕਾ ਵਿਧਾਇਕ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਹਲਕਾ ਦਾਖਾ ਨੇ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਲਖਵਿੰਦਰ ਸਿੰਘ ਘਮਨੇਵਾਲ ਬਹੁਤ ਹੀ ਮਿਹਨਤੀ ਆਗੂ ਹੈ। ਯਾਦ ਰਹੇ ਕਿ ਲਖਵਿੰਦਰ ਸਿੰਘ ਹੁਣ 5 ਵਿਧਾਨ ਸਭਾ ਹਲਕਿਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਹਲਕਾ ਗਿੱਲ,ਹਲਕਾ ਦਾਖਾ,ਹਲਕਾ ਜਗਰਾਓ ਅਤੇ ਹਲਕਾ ਰਾਏਕੋਟ ਹਨ। ਇਸ ਮੌਕੇ ਪਰੇਮ ਸਿੰਘ ਸੇਖੋਂ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਨੇ ਖੁਸ਼ੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਘਮਨੇਵਾਲ ਬਹੁਤ ਹੀ ਮਿਹਨਤੀ ਅਤੇ ਨਿਧੜਕ ਆਗੂ ਹੈ ਜਿਨ੍ਹਾਂ ਕੋਲ ਸਿਆਸਤ ਦਾ ਤਜਰਬਾ ਵੀ ਅਤੇ ਉਹ ਸਾਫ ਅਕਸ ਵਾਲੇ ਆਗੂ ਹਨ। ਪਰੇਮ ਸਿੰਘ ਸੇਖੋਂ ਨੇ ਸਪਸ਼ੱਟ ਕੀਤਾ ਕਿ ਹੁਣ ਇਹਨਾ 5 ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਕੇ ਅੱਗੇ ਆਵੇਗੀ ਕਿਉਕਿ ਲਖਵਿੰਦਰ ਸਿੰਘ ਬਹੁਤ ਹੀ ਮਿਹਨਤੀ ਅਤੇ ਲੋਕਾਂ ਵਿੱਚ ਵਿਚਰਨ ਵਾਲੇ ਆਗੂ ਹਨ। ਪਰੇਮ ਸਿੰਘ ਸੇਖੋਂ ਨੇ ਦੱਸਿਆ ਕਿ ਪਿਛਲੀਆਂ ਤਕਰੀਬਨ ਸਾਰੀਆਂ ਚੋਣਾਂ ਵਿੱਚ ਉਹਨਾਂ ਨੇ ਇਹ ਦੇਖਿਆ ਹੈ ਕਿ ਲਖਵਿੰਦਰ ਸਿੰਘ ਨੇ ਹਰ ਪੱਖ ਤੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਬਹੁਤ ਭੱਜ ਨੱਠ ਕੀਤੀ ਸੀ। ਇਸ ਮੌਕੇ ਸਰਪੰਚ ਅਲਬੇਲ ਸਿੰਘ ਘਮਣੇਵਾਲ ਅਤੇ ਪੰਚ ਗਗਨਦੀਪ ਸਿੰਘ ਘਮਣੇਵਾਲ ਅਦਿ ਹਾਜਰ ਸਨ।

ਅਮਰੀਕਾ ਦੇ ਐਨ ਆਰ ਆਈਜ਼ ਗੁੜੇ ਪਿੰਡ ਦੇ ਖੇਡ ਮੇਲੇ ਤੇ ਨੋਟਾਂ ਦਾ ਮੀਂਹ ਵਰ੍ਹਾਉਣਗੇ —ਪ੍ਰਧਾਨ ਸਰਬਜੀਤ ਸਿੰਘ

ਨਵੀਂ ਪੰਚ ਕਿਹਾ—ਖੇਡ ਮੇਲੇ ਤੇ ਇਹਨਾ ਦਾ ਵੱਡਾ ਸਹਿਯੋਗ
ਮੁੱਲਾਂਪੁਰ ਦਾਖਾ,29 ਨਵੰਬਰ(ਸਤਵਿੰਦਰ ਸਿੰਘ ) ਸਵੱਦੀ ਕਲਾਂ ਦੇ ਲਾਗਲੇ ਪਿੰਡ ਗੁੜੇ ਚ ਦਿਨ ਐਂਤਵਾਰ 3 ਦਸੰਬਰ ਅਤੇ 4 ਦਸੰਬਰ ਦਿਨ ਸੋਮਵਾਰ ਨੂੰ ਕਰਵਾਏ ਜਾਣ ਵਾਲੇ ਕਬੱਡੀ ਖੇਡ ਮੇਲੇ ਨੂੰ ਨੇਪਰੇ ਚਾੜ੍ਹਨ ਵਾਸਤੇ ਪਿੰਡ ਦੇ ਵੱਡੀ ਗਿਣਤੀ ਐਨ ਆਰ ਆਈਜ਼ ਵੀਰਾਂ ਦਾ ਵੱਡਾ ਸਹਿਯੋਗ ਹੈ ਜਿਹਨਾਂ ਵਿੱਚ ਗੁਰਸੇਵਕ ਸਿੰਘ ਅਮਰੀਕਾ, ਵੀਰਦਵਿੰਦਰ ਸਿੰਘ ਅਮਰੀਕਾ,ਤੀਰਥ ਸਿੰਘ ਬੜੈਚ ਅਮਰੀਕਾ ਅਤੇ ਵਿੱਕੀ ਮਾਨ ਅਮਰੀਕਾ ਆਦਿ ਵੀਰਾਂ ਦੇ ਅਸੀਂ ਧੰਨਵਾਦੀ ਹਾਂ ਕਿਉਕਿ ਇਹਨਾ ਵੀਰਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਹੁੰਦਿਆਂ ਵੀ ਸਾਡੇ ਇਸ ਖੇਡ ਮੇਲੇ ਤੇ ਮਾਇਕ ਸਹਾਇਤਾ ਭੇਜੀ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਸਰਬਜੀਤ ਸਿੰਘ ਤੇ ਨਵੀਂ ਪੰਚ ਨੇ ਗੱਲਬਾਤ ਕਰਦਿਆਂ ਕੀਤਾ। ਇਹਨਾ ਖੇਡ ਮੇਲੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਪਿੰਡ ਵਾਸੀ ਇਹਨਾ ਐਨ ਆਰ ਆਈਜ਼ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਊਕਿ ਜਦੋਂ ਵੀ ਕੋਈ ਸਾਂਝਾ ਕੰਮ ਕਰਨਾ ਹੁੰਦਾ ਹੈ ਤਾਂ ਉਸ ਵਾਸਤੇ ਮਾਇਕ ਸਹਾਇਤਾ ਦੀ ਬਹੁਤ ਵੱਡੀ ਜਰੂਰਤ ਹੁੰਦੀ ਹੈ ਜਿਸ ਨੂੰ ਇਹਨਾ ਐਨ ਆਰ ਆਈਜ਼ ਭਰਾਵਾਂ ਨੇ ਪੂਰਾ ਕੀਤਾ ਹੈ।ਮੈਬਰ ਪੰਚਾਇਤ ਨਵੀਂ ਅਤੇ ਸਰਬਜੀਤ ਸਿੰਘ ਪ੍ਰਧਾਨ ਨੇ ਸ਼ੋਸ਼ਲ ਮੀਡੀਏ ਰਾਹੀਂ ਅਤੇ ਪ੍ਰਿੰਟ ਮੀਡੀਆ ਰਾਹੀਂ ਇਹ ਵੀ ਦਸਿਆ ਕਿ ਐਨ ਆਰ ਆਈਜ਼ ਵੀਰਾਂ ਦੀ ਸਹੂਲਤ ਵਾਸਤੇ ਇਹ ਖੇਡ ਮੇਲਾ ਆਨ ਲਾਈਨ ਸ਼ੋਸ਼ਲ ਮੀਡੀਏ ਰਾਹੀਂ  ਨਾਲ ਦੀ ਨਾਲ ਲਾਈਵ ਦੇਖਿਆ ਜਾ ਸਕਦਾ ਹੈ। ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਸਾਡੇ ਨਗਰ ਗੁੜੇ ਦੇ ਐਨ ਆਰ ਆਈਜ਼ ਹਰ ਸਮੇਂ ਪਿੰਡ ਦੇ ਸਮਾਜ ਸੇਵੀ ਕੰਮਾਂ ਵਿੱਚ ਅਤੇ ਪਿੰਡ ਦੇ ਵਿਕਾਸ ਕਾਰਜਾਂ ਦੇ ਕੰਮਾਂ ਚ ਵੀ ਹਮੇਸ਼ਾ ਯੋਗਦਾਨ ਪਾਉਂਦੇ ਰਹਿੰਦੇ ਹਨ। ਗੁੜੇ ਪਿੰਡ ਦੇ ਕਬੱਡੀ ਕੱਪ ਦੇ ਮੁੱਖ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਇਸ ਕਬੱਡੀ ਕੱਪ ਤੇ ਕਿਸੇ ਵੀ ਖਿਡਾਰੀ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਹਰ ਇਕ ਕਬੱਡੀ ਟੀਮ ਨਾਲ ਇਨਸਾਫ਼ ਹੋਵੇਗਾ।

ਬੇਅੰਤ ਨੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ, ਬਾਦਲ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ,ਮਾਨ ਵੱਡਾ ਇਨਕਲਾਬੀ ਇਨਸਾਫ਼ ਨਹੀਂ ਦਿੰਦਾ - ਭਾਈ ਫਰਾਂਸ, ਐਡਵੋਕੇਟ ਚਾਹਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ,29 ਨਵੰਬਰ (ਸਤਵਿੰਦਰ  ਸਿੰਘ ਗਿੱਲ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ 'ਚ ਹਾਜ਼ਰੀ ਭਰਨ ਲਈ ਸਰਾਭਾ ਪੰਥਕ ਮੋਰਚੇ ਦੇ ਜੁਝਾਰੂ ਆਗੂ ਪਹੁੰਚੇ 31 ਸਿੰਘਾਂ ਦਾ ਜੱਥਾ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਵੱਲ ਜਾਂਦੇ ਸਮੇਂ ਸਤਿਨਾਮ ਵਾਹਿਗੁਰੂ ਦਾ ਜਾਪ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਓ, ਬੰਦੀ ਸਿੰਘ ਰਿਹਾ ਕਰੋ, ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਨਾਰਿਆਂ ਨਾਲ ਚੰਡੀਗੜ੍ਹ ਦੇ ਬਾਰਡਰ ਤੇ ਗੂੰਜਾਂ ਪਾਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਾਭਾ ਪੰਥਕ ਮੋਰਚੇ ਦੇ ਆਗੂ ਬਲਦੇਵ ਸਿੰਘ  ਸਰਾਭਾ, ਦਰਸ਼ਨ ਸਿੰਘ ਰਕਬਾ, ਹਵਾਰਾ ਕਮੇਟੀ ਲੁਧਿਆਣਾ ਦੇ ਕਨਵੀਨਰ ਭਾਈ ਅਮਰ ਸਿੰਘ ਜੜਾਹਾਂ ਨੇ ਆਖਿਆ ਕਿ ਸਮੁੱਚੀ ਸਿੱਖ ਕੌਮ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਘਰ ਪਾ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰਾਂ ਅੱਗੇ ਰੋਸ ਮੁਜਾਰੇ ਕਰ ਰਹੇ ਹਨ । ਪਰ ਨਿਕੰਮੀਆਂ ਸਰਕਾਰਾਂ ਸਾਡੀਆਂ ਮੰਗਾਂ ਵੱਲ ਗੌਰ ਕਰਨ ਦੀ ਬਜਾਏ ਸਾਨੂੰ ਲਾਰੇ ਲਾ ਕੇ ਸਾਰ ਦੀਆਂ ਹਨ। ਜਦਕਿ ਕੇਂਦਰ ਦੀ ਭਾਜਪਾ ਸਰਕਾਰ ਤਾਂ ਸਿੱਖਾਂ ਨੂੰ ਆਪਣੇ ਦੇਸ਼ ਦੇ ਬਿਸ਼ਨਿੰਦੇ ਹੀ ਮੰਨਣ ਨੂੰ ਤਿਆਰ ਨਹੀਂ ਜਿਸ ਦੀ ਮਿਸਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਗੁਰਪੁਰਬ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਖੜ ਕੇ ਇਹ ਐਲਾਨ ਕੀਤਾ ਸੀ ਕਿ ਬੰਦੀ ਸਿੰਘ ਅਸੀਂ ਜਲਦ ਰਿਹਾ ਕਰਾਂਗੇ। ਪਰ ਉਨਾਂ ਦਾ ਸਿੱਖ ਕੌਮ ਨਾਲ ਕੀਤਾ ਵਾਅਦਾ ਵੀ ਲਾਰਾ ਹੀ ਨਿਕਲਿਆ। ਹੁਣ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੀ ਮੋਦੀ ਦੇ ਰਾਹ ਤੇ ਚੱਲਦਾ ਹੋਇਆ ਸਿੱਖਾਂ ਨੂੰ ਮੁੱਢ ਤੋਂ ਭਲਾਈ ਬੈਠਾ ਹੈ । ਜਿਸ ਦੀ ਮਿਸਾਲ ਕਿ ਕੌਮੀ ਹੱਕਾਂ ਲਈ 7 ਜਨਵਰੀ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਜੋ ਹਰ ਰੋਜ਼ ਵੱਡੇ ਜਥੇ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਲਈ ਜਾਂਦੇ ਹਨ । ਪਰ ਉਹਨਾਂ ਦੀ ਪੰਜਾਬ ਪੁਲਿਸ ਵੱਲੋਂ ਰਾਸਤੇ ਵਿੱਚ ਰੋਕ ਲਏ ਜਾਂਦੇ ਹਨ। ਸਮੁੱਚੀ ਸਿੱਖ ਕੌਮ ਦੇ ਜੁਝਾਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਨ ਲਈ ਸਰਕਾਰਾਂ ਨੂੰ ਲਾਹਣਤਾਂ ਪਾਉਂਦੇ ਹਨ। ਇਸ ਸਮੇਂ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਅਤੇ ਸੀਨੀਅਰ ਆਗੂ ਐਡਵੋਕੇਟ ਅਮਰ ਸਿੰਘ ਚਾਹਲ ਵੱਲੋਂ ਸਰਾਭਾ ਪੰਥਕ ਮੋਰਚੇ ਤੇ ਜੁਝਾਰੂ ਆਗੂਆਂ ਦੇ ਸਹਿਯੋਗ ਕਰਦਿਆਂ ਹਾਜ਼ਰੀ ਭਰੀ। ਆਗੂਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਗਰੀ ਦੇ ਨੇੜਲੇ ਪਿੰਡਾਂ ਤੋਂ ਲੋਕ ਜਦੋਂ ਵੀ ਮੋਰਚੇ ਵਿੱਚ ਆਪਣੀ ਹਾਜ਼ਰੀ ਭਰਨ ਆਉਂਦੇ ਹਨ ਤਾਂ ਉਹ ਪੂਰੇ ਮੋਰਚੇ ਨੂੰ ਚੜਦੀ ਕਲਾ ਵਿੱਚ ਲੈ ਜਾਂਦੇ ਹਨ। ਬਾਕੀ ਸਾਨੂੰ ਗੁਰੂ ਤੇ ਭਰੋਸਾ ਹੈ ਉਹ ਸਾਡੇ ਇਸ ਕਾਰਜ ਨੂੰ ਜਰੂਰ ਸਫਲ ਕਰਨਗੇ। ਬਾਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਖ ਲਾਹਣਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸੀਆਂ ਨੂੰ ਸਜ਼ਾਵਾਂ ਦਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਮੰਗਾਂ ਮਰਵਾਉਣ ਲਈ ਡੱਕੇ ਭਰਦਾ ਵੀ ਸਹਿਯੋਗ ਕਰਨ ਨੂੰ ਤਿਆਰ ਨਹੀਂ। ਜਦਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹੀ ਭਗਵੰਤ ਮਾਨ ਬੜੇ ਦਮ ਗਜੇ ਮਾਰਦਾ ਸੀ ਕਿ ਸਾਡੀ ਆਪ ਪਾਰਟੀ ਦੀ ਸਰਕਾਰ ਬਣਾ ਦਿਓ ਕਿਸੇ ਨੂੰ ਵੀ ਸੜਕਾਂ ਤੇ ਰੋਸ ਧਰਨੇ ਮੁਜਾਰੇ ਨਹੀਂ ਕਰਨੇ ਪੈਣਗੇ। ਪਰ ਦੁੱਖ ਵਾਲੀ ਗੱਲ ਇਹ ਤਾਂ ਬਾਦਲ ਅਤੇ ਬੇਅੰਤ ਬੁੱਚੜ  ਨੂੰ ਵੀ ਮਾਤ ਪਾ ਗਿਆ । ਬੇਅੰਤ ਨੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ, ਬਾਦਲ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ, ਭਗਵੰਤ ਮਾਨ ਵੱਡਾ ਇਨਕਲਾਬੀ ਇਨਸਾਫ ਨਹੀਂ ਦਿੰਦਾ। ਕੇਂਦਰ ਦੀ ਗੱਠ ਪੁਤਲੀ ਬਣ ਕੇ ਭਗਵੰਤ ਮਾਨ ਪੰਜਾਬ ਦੇ ਪੈਸੇ ਦੀ ਬਰਬਾਦੀ ਜ਼ੋਰਾਂ ਤੇ ਕਰ ਰਿਹੇ ਹਨ । ਜਦਕਿ ਅਸੀਂ ਹਾਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀਆਂ ਹੱਕੀ ਮੰਗਾਂ ਲਈ  ਅਪੀਲਾਂ ਦਲੀਲਾਂ ਕਰ ਰਹੇ ਹਾਂ ਤਾਂ ਜੋ ਇਹ ਪਹਿਲਾਂ ਵਾਲੇ ਮੁੱਖ ਮੰਤਰੀ ਦੀ ਹਿਸਟਰੀ ਪੜ੍ਹ ਕੇ ਦੇਖ ਲੈਣ ਅੰਜਾਮ ਬਹੁਤਣੇ ਪੈਂਦੇ ਹਨ। ਇਸ ਮੌਕੇ ਬਾਬਾ ਜੱਗੀ ਸਿੰਘ ਪੰਧੇਰ, ਭੁਪਿੰਦਰ ਸਿੰਘ ਨਾਰੰਗਵਾਲ, ਤੇਜਵੀਰ ਸਿੰਘ, ਪਰਮਜੀਤ ਸਿੰਘ ਦਵਿੰਦਰ ਸਿੰਘ ਭਨੋਹੜ, ਜਗਜੀਤ ਸਿੰਘ, ਬੀਬੀ ਨਵਜੋਤ ਕੌਰ, ਦਰਸ਼ਨ ਸਿੰਘ ਫੌਜੀ ਰਕਬਾ, ਪਿਸੌਰਾ ਸਿੰਘ ਦਾਖਾ, ਸ਼ੇਰ ਸਿੰਘ ਕਨੇਚ, ਕਮਲਪ੍ਰੀਤ ਸਿੰਘ ਧੂਰਕੋਟ ਸੁਖਪਾਲ ਸਿੰਘ ਫੱਲੇਵਾਲ, ਜਗਤਾਰ ਸਿੰਘ, ਅਮਰਜੀਤ ਸਿੰਘ, ਜਸਪਿੰਦਰਜੀਤ ਸਿੰਘ, ਸਰਪੰਚ ਸਵਾਰਨ ਸਿੰਘ ਜੁੜਾਹਾ, ਜਥੇਦਾਰ ਪ੍ਰਥਪਾਲ ਸਿੰਘ ਰਛੀਨ, ਭੋਲਾ ਸਿੰਘ ਜੁੜਾਹਾ, ਸੁਖਦੇਵ ਸਿੰਘ ਧੂਰਕੋਟ, ਹਰਜੀਤ ਸਿੰਘ ਧੂਰਕੋਟ, ਜਸਵੀਰ ਸਿੰਘ ਕਾਲਖ, ਗੁਰਮੇਲ ਸਿੰਘ ਜੜਾਹਾਂ, ਕ੍ਰਿਸ਼ਨ, ਅਮਨਦੀਪ ਸਿੰਘ, ਬਲਜਿੰਦਰ ਸਿੰਘ ਖਾਲਸਾ, ਰਣਜੋਧ ਸਿੰਘ ਹਵਾਰਾ, ਗੁਰਚਰਨ ਸਿੰਘ ਹਸਨਪੁਰ, ਕਰਨੈਲ ਸਿੰਘ, ਜੋਗਿੰਦਰ ਸਿੰਘ, ਫੱਲੇਵਾਲ, ਸੁਰਜੀਤ ਸਿੰਘ, ਜਥੇਦਾਰ ਪਰਮਜੀਤ ਸਿੰਘ, ਕੁਲਵੀਰ ਸਿੰਘ, ਗੁਰਮੁਖ ਸਿੰਘ, ਜੁਝਾਰ ਸਿੰਘ, ਬਲਵਿੰਦਰ ਸਿੰਘ ਗੁੱਡੂ, ਇੰਦਰਜੀਤ ਸਿੰਘ ਆਦਿ ਜੁਝਾਰੂ ਸਿੰਘਾਂ ਨੇ ਹਾਜ਼ਰੀ ਭਰੀ।