You are here

ਪੰਜਾਬ

ਬਠਿੰਡਾ ਚ ਦਿਨ-ਦਿਹਾੜੇ ਸਰੇ ਬਾਜ਼ਾਰ ਚ ਢਾਬਾ ਮਾਲਕ ਦਾ ਗੌਲੀਆਂ ਮਾਰ ਕੇ ਕਤਲ

ਬਠਿੰਡਾ (ਗੁਰਕੀਰਤ ਸਿੰਘ) : ਬਠਿੰਡਾ ਦੇ ਭੀੜ-ਭੜੱਕੇ ਵਾਲੇ ਮਾਲ ਰੋਡ ਇਲਾਕੇ ਵਿਚ ਸਥਿਤ ਹਰਮਨ ਕੁਲਚਾ ਢਾਬੇ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਨੂੰ ਦਿਨ ਦਿਹਾੜੇ ਸਾਢੇ 5 ਵਜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਦੌਰਾਨ ਜ਼ਖਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਹਨੂੰਮਾਨ ਚੌਕ ਸਥਿਤ ਹਰਮਨ ਕੁਚਲਾ ਢਾਬੇ ਦਾ ਮਾਲਕ ਹਰਜਿੰਦਰ ਉਰਫ਼ ਮੇਲਾ ਕਾਊਂਟਰ ਦੇ ਬਾਹਰ ਕੁਰਸੀ ’ਤੇ ਬੈਠਾ ਸੀ ਤਾਂ ਮੂੰਹ ਢਕੇ ਹੋਏ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੇਲਾ ਨੂੰ ਚਾਰ ਗੋਲੀਆਂ ਲੱਗੀਆਂ। ਹਮਲਾਵਰਾਂ ਨੇ ਕੁੱਲ 6 ਗੋਲੀਆਂ ਚਲਾਈਆਂ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿੱਥੇ ਉਨ੍ਹਾਂ ਨੇ ਢਾਬੇ ’ਤੇ ਕੰਮ ਕਰਦੇ ਮੁਲਾਜ਼ਮਾਂ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਮੌਕੇ ’ਤੇ ਪਹੁੰਚੇ ਐੱਸ.ਪੀ. ਸਿਟੀ ਨਰਿੰਦਰ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਕੋਤਵਾਲੀ ਪਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਪੁਲਸ ਨੂੰ ਰਿਵਾਲਵਰ ’ਚੋਂ ਚੱਲੀਆਂ ਗੋਲੀਆਂ ਦੇ ਖੋਲ ਮਿਲੇ ਹਨ। ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਜਦਕਿ ਕਈ ਚਰਚਾਵਾਂ ਚੱਲ ਰਹੀਆਂ ਹਨ। ਪੁਲਸ ਇਸ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਹਰਜਿੰਦਰ ਸਿੰਘ ਜੌਹਲ ਜੋ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਢਾਬਾ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸਕੱਤਰ ਵੀ ਰਹੇ ਹਨ। ਇਸ ਦੇ ਨਾਲ-ਨਾਲ ਉਹ ਕਈ ਸੰਸਥਾਵਾਂ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਸਨ। ਗੁਆਂਢੀ ਦੁਕਾਨਦਾਰ ਨੇ ਦੱਸਿਆ ਕਿ ਮੇਲਾ ਬਾਹਰ ਕੁਰਸੀ ’ਤੇ ਬੈਠਾ ਸੀ ਜਦੋਂ ਦੋ ਨੌਜਵਾਨ ਮੂੰਹ ’ਤੇ ਮਾਸਕ ਪਾਏ ਸਪਲੈਂਡਰ ਮੋਟਰਸਾਈਕਲ ’ਤੇ ਆਏ। ਪਿੱਛੇ ਬੈਠੇ ਵਿਅਕਤੀ ਨੇ ਉਸ 'ਤੇ ਪਿਸਤੌਲ ਦੇ ਕਈ ਰਾਊਂਡ ਫਾਇਰ ਕੀਤੇ ਅਤੇ ਉਹ ਨਾਲ ਵਾਲੀ ਗਲੀ 'ਚ ਵੜ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਸ ਵਲੋਂ ਮੁਲਜ਼ਮਾਂ ਨੂੰ ਫੜਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਹੋ ਜਲਾਲ ਨਾਲ ਸਜੇ ਨਗਰ ਕੀਰਤਨ ਦਾ ਸ਼ਹਿਰ ਦੀਆਂ ਸੰਗਤਾਂ ਨੇ ਕੀਤਾ ਸ਼ਾਨਦਾਰ ਸਵਾਗਤ 

ਜਗਰਾਉ 28 ਅਕਤੂਬਰ (ਅਮਿਤਖੰਨਾ) : ਸਿੱਖਾਂ ਦੇ ਚੌਥੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਸੋਢੀ ਸੁਲਤਾਨ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਅਗਵਾੜ ਗੁਜਰਾਂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਗੁਜਰਦਾ ਹੋਇਆ ਦੁਪਹਿਰ ਬਾਅਦ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਨੇ ਬੜੇ ਸਤਿਕਾਰ ਨਾਲ ਬਹੁਤ ਹੀ ਸੁੰਦਰ ਸਜੀ ਪਾਲਕੀ ਵਿੱਚ ਸੁਸ਼ੋਭਤ ਕੀਤਾ ਗਿਆ। ਜਿਉਂ ਹੀ ਗੁਰੂ ਸਾਹਿਬ ਪਾਲਕੀ ਚ ਸੁਸ਼ੋਭਿਤ ਹੋਏ ਤਾਂ ਉਡੀਕ ਰਹੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਮੜ ਪਈਆਂ । "ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ "ਸੰਗਤਾਂ ਵੱਲੋਂ ਪੜੇ ਜਾ ਰਹੇ ਸ਼ਬਦ ਫਿਜ਼ਾ ਵਿੱਚ ਗੂੰਜਣ ਲੱਗੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਨੇ  ਕਰੀਬ 10 ਵਜੇ ਚਾਲੇ ਪਾਏ । ਨਗਰ ਕੀਰਤਨ ਅਨਾਰਕਲੀ ਬਾਜ਼ਾਰ ,ਕਮਲ ਚੌਂਕ, ਲਾਜਪਤ ਰਾਏ ਰੋਡ, ਸਟੇਸ਼ਨ ਰੋਡ ,ਤਹਿਸੀਲ ਰੋਡ ਤੋਂ ਹੁੰਦਾ ਹੋਇਆ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ । ਨਗਰ ਕੀਰਤਨ ਵਿੱਚ ਸਕੂਲੀ ਵਿਦਿਆਰਥੀਆਂ, ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਦੀਆਂ ਬੀਬੀਆਂ ,ਸ਼ਬਦੀ ਜੱਥੇ ਤੇ ਗਤਕਾ ਪਾਰਟੀਆਂ ਨੇ ਸ਼ਿਰਕਤ ਕੀਤੀ। ਹਮੇਸ਼ਾ ਦੀ ਤਰ੍ਹਾਂ ਨਗਰ ਕੀਰਤਨ ਸਮੇਂ ਗੁਰੂ ਸਾਹਿਬ ਦੇ ਸਤਿਕਾਰ ਨੂੰ ਬਣਾਈ ਰੱਖਣ ਲਈ ਗੁਰਮਤ ਨਾਮ ਸੇਵਾ ਸੋਸਾਇਟੀ ਦੇ ਪ੍ਰਧਾਨ ਰਜਿੰਦਰ ਪਾਲ ਸਿੰਘ ਮੱਕੜ ਅਤੇ ਭਾਈ ਸੁਖਵਿੰਦਰ ਸਿੰਘ ਜੀ ਅਗਵਾਈ ਵਿੱਚ ਮੈਂਬਰ ਸਖਤੀ ਨਾਲ ਪਹਿਰਾ ਦਿੰਦੇ ਰਹੇ। ਨਗਰ ਕੀਰਤਨ ਦੇ ਡਿਸਿਪਲਨ ਨੂੰ ਸਹੀ ਰੱਖਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਦੀਪ ਸਿੰਘ ਰਿਕੀ ਚਾਵਲਾ ਜਤਿੰਦਰ ਸਿੰਘ ਚੱਡਾ ਤਤਪਰ ਰਹੇ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲਾ, ਦੀਪਇੰਦਰ ਸਿੰਘ ਭੰਡਾਰੀ ,ਹਰਦੇਵ ਸਿੰਘ ਬੋਬੀ, ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਇੰਦਰਦੀਪ ਸਿੰਘ ਨੇ ਸਿੱਖ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ । ਨਗਰ ਕੀਰਤਨ ਸਮੇਂ ਹਾਜ਼ਰੀ ਭਰਨ ਵਾਲਿਆਂ ਚ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗੁਰਪ੍ਰੀਤ ਸਿੰਘ ਭਜਨਗੜ੍ਹ ,ਇੰਦਰਪ੍ਰੀਤ ਸਿੰਘ ਵਸ਼ੇਰ, ਗਗਨਦੀਪ ਸਿੰਘ ਸਰਨਾ ,ਜਤਿੰਦਰ ਸਿੰਘ ਚੱਡਾ, ਪ੍ਰਿਥੀਪਾਲ ਸਿੰਘ ਚੱਡਾ ,ਚਰਨਜੀਤ ਸਿੰਘ ਸਰਨਾ, ਸ਼ਾਮ ਸਿੰਘ ਅਟਾਰੀ, ਕੌਂਸਲਰ ਕੰਵਰਪਾਲ ਸਿੰਘ, ਜਸਵੰਤ ਸਿੰਘ ,ਪਰਮਜੀਤ ਸਿੰਘ ਆੜਤੀ, ਜਸਪਾਲ ਸਿੰਘ ਛਾਬੜਾ,ਗੁਰਦੀਪ ਸਿੰਘ ਛਾਬੜਾ ਆਦਿ ਹਾਜਰ ਰਹੇ।

ਟਰੱਕ ਅਤੇ ਕੰਬਾਈਨ ਵਿੱਚ ਹੋਈ ਆਹਮੋ  ਸਾਹਮਣੇ ਟੱਕਰ,  ਕੰਬਾਈਨ ਡਰਾਈਵਰ ਦੀ ਮੌਤ, ਟਰੱਕ ਡਰਾਈਵਰ ਗੰਭੀਰ ਜ਼ਖਮੀ

ਜਗਰਾਉ 28 ਅਕਤੂਬਰ (ਅਮਿਤਖੰਨਾ)  ਰਾਏਕੋਟ ਰੋਡ ਉਪਰ ਢੋਲਣ ਪਿੰਡ ਦੇ ਕਰੀਬ ਇੱਕ ਕੰਬਾਈਨ ਅਤੇ ਟਰੱਕ ਦੀ ਆਹਮੋ ਸਾਹਮਣੇ ਜਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਜਾਨਲੇਵਾ ਹਾਦਸੇ ਵਿੱਚ ਕੰਬਾਈਨ ਚਾਲਕ ਜਗਸੀਰ ਸਿੰਘ ਦੀ ਮੌਤ ਹੋ ਗਈ। ਜਦ ਕਿ ਟਰੱਕ ਡਰਾਈਵਰ ਵੀ ਗੰਭੀਰ ਜਖਮੀ ਹੋ ਗਿਆ।ਮਰਨ ਵਾਲੇ ਡਰਾਈਵਰ ਦੇ ਭਰਾ ਜੀਵਨ ਰਾਮ ਪੁੱਤਰ ਬਾਰਾਚੰਦ ਵਾਸੀ ਬਾਦਸਾਹਪੁਰ  ਜਿਲਾ ਸੰਗਰੂਰ ਨੇ ਦੱਸਿਆ ਕਿ ਉਸ ਦਾ ਭਰਾ ਕੰਬਾਈਨ ਚਲਾਉਨ ਦਾ ਕੰਮ ਕਰਦਾ ਹੈ ਅਤੇ ਉਹ ਆਪਣੀ ਕੰਬਾਈਨ ਉੱਪਰ ਆਪਣੇ ਸਾਥੀਆਂ ਨਾਲ ਕਾਲਾ ਸੰਘੀਆਂ ਤੋਂ ਰਾਏਕੋਟ ਵੱਲ ਨੂੰ ਜਾ ਰਹੇ ਸਨ। ਅਖਾੜੇ ਵਾਲੀ ਨਹਿਰ ਦਾ ਪੁਲ ਪਾਰ ਕਰਕੇ ਥੋੜੀ ਦੂਰ ਹੀ ਗਏ ਸਨ ਕਿ ਅੱਗੋਂ ਇੱਕ ਤੇਜ ਰਫਤਾਰ ਟਰੱਕ ਜੋ ਕੀ ਰਾਏਕੋਟ ਸਾਈਡ ਤੋਂ ਆ ਰਿਹਾ ਸੀ। ਜਿਸ ਦੇ ਡਰਾਈਵਰ ਨੇ ਬੜੀ ਲਾਪਰਵਾਹੀ ਨਾਲ  ਟਰੱਕ ਨੰਬਰ ਆਰ ਜੇ 31 ਜੀ ਏ 2076 ਕੰਬਾਈਨ ਵਿੱਚ ਠੋਕ ਦਿੱਤਾ। ਜਿਸ ਨਾਲ ਕੰਬਾਈਨ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਦੇ ਵੀ ਗੰਭੀਰ ਸੱਟਾਂ ਲੱਗੀਆਂ। ਜਿਸ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਇਸ ਹਾਦਸੇ ਦੇ ਦੋਸ਼ੀ ਟਰੱਕ ਡਰਾਈਵਰ ਦੇ ਖਿਲਾਫ ਥਾਣਾ ਸਿਟੀ ਜਗਰਾਓ ਵਿਖੇ ਧਾਰਾ 304-A, 279,427, 337, 338 ਆਈਪੀਸੀ ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ। ਇਸ ਟੱਕਰ ਵਿੱਚ ਕੰਬਾਈਨ ਅਤੇ ਟਰੱਕ ਦਾ ਭਾਰੀ ਨੁਕਸਾਨ ਹੋਇਆ ਹੈ।

ਭਾਰਤ ਹਮਾਸ ਵੱਲੋਂ ਅਗਵਾ ਕੀਤੇ ਗਏ ਲੋਕਾਂ ਦੀ ਰਿਹਾਈ ਲਈ ਆਪਣਾ ਰਸੂਖ ਵਰਤੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 28 ਅਕਤੂਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਕੀਤੇ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਰਸੂਖ਼ ਦਾ ਇਸਤੇਮਾਲ ਹਮਾਸ ਦੁਆਰਾ ਅਗਵਾ ਕੀਤੇ ਗਏ ਲੋਕਾਂ ਦੀ ਰਿਹਾਈ ਲਈ ਕਰਨਾ ਚਾਹੀਦਾ ਹੈ। ਨਿਹੰਗ ਮੁਖੀ ਨੇ ਕਿਹਾ ਕਿ ਇਜ਼ਰਾਈਲ ਨੇ ਹਮਾਸ ਦਾ ਮੁਕੰਮਲ ਸਫਾਇਆ ਕਰ ਦੇਣ ਦੇ ਬਹਾਲੇ ਆਮ ਨਾਗਰਿਕਾਂ ਉੱਤੇ ਬੰਬ ਸੁੱਟਣ ਤੇ ਜ਼ਰੂਰੀ ਸਪਲਾਈ ਰੋਕ ਦੇਣ ਨਾਲ ਕੌਮਾਂਤਰੀ ਮਾਨਵੀ ਕਾਨੂੰਨਾਂ ਦੀ ਖਿਲਾਫ਼ ਵਰਜ਼ੀ ਕੀਤੀ ਹੈ। ਉਨ੍ਹਾਂ ਕਿਹਾ ਇਜ਼ਰਾਈਲ ਦੀਆਂ ਇਨ੍ਹਾਂ ਕਾਰਵਾਈਆਂ ਕਾਰਨ ਬੱਚਿਆਂ ਅਤੇ ਬੇਕਸੂਰ ਨਾਗਰਿਕਾਂ ਨੂੰ ਅਥਾਹ ਕਸ਼ਟ ਭੋਗਣੇ ਪੈ ਰਹੇੇ ਹਨ ਅਤੇ ਇਜ਼ਰਾਈਲ ਹਮਾਸ ਟਕਰਾਅ ਨੂੰ ਰੋਕਣ ਦੀਆਂ ਸੰਭਾਵਨਾਵਾਂ ਦਿਨ-ਬ-ਦਿਨ ਘੱਟ ਰਹੀਆਂ ਹਨ। ਇਸ ਤਰ੍ਹਾਂ ਵੱਧ ਰਹੇ ਖੂਨ-ਖਰਾਬੇ ਦੇ ਹੋਰ ਵੀ ਭਿਆਨਕ ਸਿੱਟੇ ਨਿਕਲ ਸਕਦੇ ਹਨ ਅਤੇ ਇਹ ਯੁੱਧ ਮੱਧ ਪੂਰਬ ਤੋਂ ਬਾਹਰ ਵੀ ਫੈਲ ਸਕਦਾ ਹੈ। ਉਨ੍ਹਾਂ ਕਿਹਾ ਸੰਯੁਕਤ ਰਾਸ਼ਟਰ ਦੀ ਜਾਣਕਾਰੀ ਅਨੁਸਾਰ ਗਾਜ਼ਾ ਵਿਚ ਵੱਡੀ ਗਿਣਤੀ ਵਿੱਚ ਲੋਕ ਮਲਬੇ ਹੇਠ ਦੱਬ ਹੋਏ ਹਨ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।

ਨਿਹੰਗ ਮੁਖੀ ਨੇ ਕਿਹਾ ਕਿ ਵੱਧ ਰਿਹਾ ਤਨਾਅ ਤਬਾਹੀ ਦਾ ਹੀ ਸੰਕੇਤ ਹੈ। ਉਨ੍ਹਾਂ ਕਿਹਾ ਇਜ਼ਰਾਇਲ ਵੱਲੋਂ ਬਿਨਾਂ ਕਿਸੇ ਰੋਕ-ਟੋਕ ਤੋਂ ਮਨੁੱਖੀ ਸਹਾਇਤਾ ਭੇਜਣ ਅਤੇ ਰਾਜ ਪੱਟੀ ਵਿੱਚ ਜੰਗਬੰਦੀ ਕੀਤੇ ਜਾਣ ਸਬੰਧੀ ਕੀਤੀਆਂ ਜਾ ਰਹੀਆਂ ਅਪੀਲਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਜਿਸ ਤਰ੍ਹਾਂ ਇਜ਼ਰਾਈਲ ਵੱਲੋਂ ਜੰਗ ਦੇ ਅਗਲੇ ਪੜਾਅ ਦੀ ਤਿਆਰੀ ਕੀਤੀ ਜਾ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਗਾਜ਼ਾ ਵਿੱਚ ਵੱਧ ਰਿਹਾ ਮਨੁੱਖੀ ਸੰਕਟ ਬਦ ਤੋਂ ਬਦਤਰ ਹੀ ਹੋਵੇਗਾ। ਇਹ ਅਜਿਹੀ ਤਰਾਸਦੀ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਭਾਰਤ ਨੂੰ ਆਪਣੇ ਰਸੂਖ਼ ਦਾ ਇਸਤੇਮਾਲ ਗਾਜ਼ਾ ਦੇ ਲੋਕਾਂ ਦੀਆਂ ਤਕਲੀਫਾਂ ਘਟਾਉਣ ਅਤੇ ਹਮਾਸ ਦੁਆਰਾ ਅਗਵਾ ਕੀਤੇ ਗਏ ਲੋਕਾਂ ਦੀ ਰਿਹਾਈ ਲਈ ਕਰਨਾ ਚਾਹੀਦਾ ਹੈ।

 

 

 

ਡੱਲਾ ਨਹਿਰ ਵਿਚੋ ਅਣਪਛਾਤੇ ਵਿਅਕਤੀ ਦੀ ਲਾਸ ਮਿਲੀ

ਹਠੂਰ,28 ਅਕਤੂਬਰ-(ਕੌਸ਼ਲ ਮੱਲ੍ਹਾ)-ਲੁਧਿਆਣਾ-ਅਬੋਹਰ ਬਰਾਚ ਪਿੰਡ ਡੱਲਾ ਨਹਿਰ ਵਿਚੋ ਇੱਕ ਨੌਜਵਾਨ ਦੀ ਲਾਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਥਾਣਾ ਹਠੂਰ ਦੇ ਏ ਐਸ ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਡੱਲਾ ਦੀ ਮਹਿਲਾ ਸਰਪੰਚ ਦੇ ਪਤੀ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਹਠੂਰ ਪੁਲਿਸ ਨੂੰ ਸੁਚਿਤ ਕੀਤਾ ਕਿ ਪਿੰਡ ਡੱਲਾ ਦੀ ਨਹਿਰ ਦੇ ਪੁੱਲ ਨਜਦੀਕ ਇੱਕ ਨੌਜਵਾਨ ਦੀ ਲਾਸ ਤੈਰ ਰਹੀ ਹੈ।ਇਸ ਦੀ ਸੂਚਨਾ ਮਿਲਣ ਤੇ ਹਠੂਰ ਪੁਲਿਸ ਨੇ ਨੌਜਵਾਨ ਦੀ ਲਾਸ ਨੂੰ ਨਹਿਰ ਵਿਚ ਬਾਹਰ ਕੱਢ ਲਿਆ ਅਤੇ ਇਸ ਲਾਸ ਨੂੰ 72 ਘੰਟੇ ਸਰਕਾਰੀ ਹਸਪਤਾਲ ਜਗਰਾਉ ਦੀ ਮੋਰਚਰੀ ਵਿਖੇ ਸਨਾਖਤ ਲਈ ਰੱਖ ਦਿੱਤਾ ਹੈ ਅਤੇ ਇਲਾਕੇ
ਦੀਆ ਗ੍ਰਾਮ ਪੰਚਾਇਤਾ ਨੂੰ ਵੀ ਸੂਚਨਾ ਦੇ ਦਿੱਤੀ ਹੈ।ਉਨ੍ਹਾ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਲਗਭਗ 35 ਸਾਲ ਲੱਗਦੀ ਹੈ ਜਿਸ ਦੇ ਨੀਲੀ ਪੈਟ ਅਤੇ ਡੱਬੀਦਾਰ ਕਮੀਜ ਪਾਈ ਹੋਈ ਹੈ ਅਤੇ ਬਾਕੀ ਤਫਤੀਸ ਜਾਰੀ ਹੈ।
ਫੋਟੋ ਕੈਪਸਨ:-ਡੱਲਾ ਨਹਿਰ ਵਿਚ ਅਣਪਛਾਤੇ ਵਿਅਕਤੀ ਦੀ ਤੈਰਦੀ ਹੋਈ ਲਾਸ।
 

ਵੈਟਨਰੀ ਯੂਨੀਵਰਸਿਟੀ ਦਾ ਯੁਵਕ ਮੇਲਾ ਦੋ ਪੜਾਵਾਂ ਵਿਚ ਕੀਤਾ ਜਾਏਗਾ

 ਸ਼ੁਰੂਆਤ 6 ਨਵੰਬਰ ਤੋਂ
ਲੁਧਿਆਣਾ 27 ਅਕਤੂਬਰ (ਟੀ. ਕੇ.) 
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਚ 6 ਨਵੰਬਰ  ਤੋਂ 17 ਨਵੰਬਰ  ਤੱਕ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਯੁਵਕ ਮੇਲਾ ਦੋ ਪੜਾਵਾਂ ਵਿਚ ਕਰਵਾਇਆ ਜਾਏਗਾ। ਪਹਿਲਾ ਪੜਾਅ 6 ਨਵੰਬਰ ਤੋਂ 9 ਨਵੰਬਰ ਤੱਕ ਅਤੇ ਦੂਸਰਾ ਪੜਾਅ 15 ਨਵੰਬਰ ਤੋਂ 17 ਨਵੰਬਰ ਤਕ ਹੋਵੇਗਾ। ਇਹ ਜਾਣਕਾਰੀ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦਿੱਤੀ। ਇਸ ਵਕਤ ਵਿਦਿਆਰਥੀਆਂ ਵਿਚ ਇਸ ਮੇਲੇ ਲਈ ਭਾਰੀ ਉਤਸ਼ਾਹ  ਅਤੇ ਚਾਅ ਪਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਬੜੀਆਂ ਜ਼ਿਕਰਯੋਗ ਕਾਰਗੁਜ਼ਾਰੀਆਂ ਦਰਜ ਕਰਦੇ ਹਨ। ਖੇਤੀਬਾੜੀ ਤੇ ਵੈਟਨਰੀ ਯੂਨੀਵਰਸਿਟੀਆਂ ਦੇ ਸਰਬ ਹਿੰਦ ਯੁਵਕ ਮੇਲਿਆਂ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਕਈ ਅਹਿਮ ਪ੍ਰਤੀਯੋਗਤਾਵਾਂ ਵਿੱਚ ਇਨਾਮ ਹਾਸਿਲ ਕੀਤੇ ਹਨ, ਇਸ ਲਈ ਆਪਣੀ ਯੂਨੀਵਰਸਿਟੀ ਵਿੱਚ ਕਰਵਾਇਆ ਯੁਵਕ ਮੇਲਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਲੱਭਣ ਦਾ ਇਕ ਵਧੀਆ ਮੰਚ ਬਣਦਾ ਹੈ। ਡਾ. ਰਾਮਪਾਲ ਨੇ ਦੱਸਿਆ ਕਿ ਮੇਲੇ ਦੇ ਸਾਰੇ ਕਾਰਜਾਂ ਤੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਸਿਰੇ ਚੜਾਉਣ ਲਈ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ।
ਮੇਲੇ ਵਿੱਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਏ ਪੀ ਐਸ ਬਰਾੜ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਪੜਾਅ ਵਿਚ ਵਿੱਚ 6 ਨਵੰਬਰ ਨੂੰ ਫੋਟੋਗ੍ਰਾਫੀ, ਕਵਿਜ਼, ਕਾਰਟੂਨ ਬਨਾਉਣ ਅਤੇ ਪੋਸਟਰ ਬਨਾਉਣ, 7 ਨਵੰਬਰ ਨੂੰ ਕੋਲਾਜ ਮੇਕਿੰਗ, ਕਲੇ ਮਾਡਲਿੰਗ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ, 8 ਨਵੰਬਰ ਨੂੰ ਰੰਗੋਲੀ, ਇੰਸਟਾਲੇਸ਼ਨ ਅਤੇ ਮੌਕੇ ’ਤੇ ਚਿੱਤਰਕਾਰੀ, 9 ਨਵੰਬਰ ਨੂੰ ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਮੁਕਾਬਲੇ ਹੋਣਗੇ ਜਦੋਂ ਕਿ ਦੂਸਰੇ ਪੜਾਅ ਵਿਚ 15 ਨਵੰਬਰ ਨੂੰ ਉਦਘਾਟਨ ਸਮਾਰੋਹ, ਲੋਕ ਗੀਤ, ਰਚਨਤਾਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ) ਹੋਣਗੇ, 16 ਨਵੰਬਰ ਨੂੰ ਮਾਈਮ, ਸਕਿਟ, ਮਿਮਕਰੀ ਅਤੇ ਇਕਾਂਗੀ ਨਾਟਕ ਜਦਕਿ ਸਮਾਪਨ ਦਿਨ 17 ਨਵੰਬਰ ਨੂੰ ਸਮੂਹ ਨਾਚ ਤੇ ਲੋਕ ਨਾਚ ਦੇ ਮੁਕਾਬਲੇ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਇਸੇ ਦਿਨ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਜਾਵੇਗਾ। ਡਾ. ਨਿਧੀ ਸ਼ਰਮਾ, ਸਹਿ-ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਅਜਿਹੇ ਮੇਲਿਆਂ ਨਾਲ ਵਿਦਿਆਰਥੀਆਂ ਦਾ ਜਿੱਥੇ ਆਪਸ ਵਿੱਚ ਸਹਿਚਾਰ ਵਧਦਾ ਹੈ ਉੱਥੇ ਉਨ੍ਹਾਂ ਅੰਦਰ ਨਵਾਂ ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਰਾ ਯੁਵਕ ਮੇਲਾ ਪੂਰਨ ਨਿਯਮਾਂ ਅਤੇ ਕਾਇਦੇ ਅਨੁਸਾਰ ਕਰਵਾਇਆ ਜਾਵੇਗਾ।
ਡਾ. ਰਾਮਪਾਲ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਲੁਤਫ਼ ਉਠਾਉਣਗੇ ਅਤੇ ਸੋਹਣੀਆਂ, ਰੰਗੀਨ, ਖੁਸ਼ੀ ਤੇ ਖੇੜੇ ਵਾਲੀਆਂ ਯਾਦਾਂ ਲੈ ਕੇ ਜਾਣਗੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੀਸਰੇ ਸਾਰਸ ਮੇਲੇ ਦਾ ਸ਼ਾਨਦਾਰ ਆਗਾਜ਼

ਵੱਖ-ਵੱਖ 23 ਰਾਜਾਂ ਦੇ ਕਾਸ਼ਤਕਾਰ ਆਪਣੇ ਜੌਹਰ ਵਿਖਾਉਣਗੇ - ਡਿਪਟੀ ਕਮਿਸ਼ਨਰ
ਲੁਧਿਆਣਾ, 27 ਅਕਤੂਬਰ (ਟੀ. ਕੇ. ) -
ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ, ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੀਸਰੇ ਸਾਰਸ ਮੇਲੇ ਦਾ ਸ਼ਾਨਦਾਰ ਆਗਾਜ਼ ਹੋਇਆ।

ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਮੇਲਾ ਅਫ਼ਸਰ  ਰੁਪਿੰਦਰ ਪਾਲ ਸਿੰਘ ਅਤੇ ਸਹਾਇਕ ਮੇਲਾ ਅਫਸਰ ਸ੍ਰੀ ਨਵਨੀਤ ਜੋਸ਼ੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਨੇ ਦੱਸਿਆ ਕਿ ਸਾਰਸ ਮੇਲੇ ਦੇ ਆਯੋਜਨ ਲਈ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਜੋਕਿ ਇਸ ਮੇਲੇ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ-ਵੱਖ 23 ਰਾਜਾਂ ਦੇ ਕਾਸ਼ਤਕਾਰ ਅਤੇ ਰਸੋਈਏ ਆਪਣੇ ਹੁਨਰ ਦਾ ਜੌਹਰ ਵਿਖਾਉਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮਾਗਮ ਦੌਰਾਨ ਇੱਥੇ ਕੁੱਲ 356 ਸਟਾਲ ਲਗਾਏ ਜਾਣਗੇ ਜਿਨ੍ਹਾਂ ਵਿੱਚ ਖਾਣ-ਪੀਣ ਦੇ ਸਟਾਲ, ਕਾਰੀਗਰਾਂ ਦੇ ਸਟਾਲ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਆਮ ਲੋਕਾਂ ਦੇ ਆਉਣ ਲਈ ਸਿਰਫ 10 ਰੁਪਏ ਐਂਟਰੀ ਫੀਸ ਰੱਖੀ ਗਈ ਹੈ ਅਤੇ ਪੂਰੇ ਮੇਲਾ ਗਰਾਉਂਡ ਵਿੱਚ 300 ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਨਾਲ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਭਾਗੀਦਾਰਾਂ ਲਈ ਮੁਫਤ ਭੋਜਨ, ਰਿਹਾਇਸ਼ ਅਤੇ ਸਟਾਲਾਂ ਦਾ ਢੁੱਕਵਾਂ ਪ੍ਰਬੰਧ ਯਕੀਨੀ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਜਿੱਥੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੀਸ ਤੋਂ ਛੋਟ ਦਿੱਤੀ ਗਈ ਹੈ ਉੱਥੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਇਸ ਮੇਲੇ ਦਾ ਮੁਫਤ ਵਿੱਚ ਆਨੰਦ ਮਾਣ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ, ਰਣਜੀਤ ਬਾਵਾ, ਗੁਰਨਾਮ ਭੁੱਲਰ, ਸੁਖਵਿੰਦਰ ਸੁੱਖੀ, ਅਮਰ ਸਹਿੰਬੀ, ਹੁਨਰ ਸਿੱਧੂ, ਜ਼ੋਰਾਵਤ ਵਡਾਲੀ, ਨਿਤਿਨ ਅਤੇ ਹੋਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਦਰਸ਼ਕਾਂ ਦੇ ਮਨੋਰੰਜਨ ਲਈ ਇਸ ਮੈਗਾ ਸਮਾਗਮ ਦੌਰਾਨ ਪੇਸ਼ਕਾਰੀ ਕਰਨਗੇ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਸਮੁੱਚੇ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਲੁਧਿਆਣਾ ਜ਼ਿਲ੍ਹਾ ਇਸ ਸਮਾਗਮ ਦੀ ਤੀਸਰੀ ਵਾਰ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇਹ ਸਮਾਗਮ 2012 ਅਤੇ 2017 ਵਿੱਚ ਹੋਇਆ ਸੀ, ਹੁਣ ਤੀਸਰੀ ਵਾਰ ਲੁਧਿਆਣਾ ਜ਼ਿਲ੍ਹੇ ਦੇ ਵਸਨੀਕ ਇਸ ਮੇਲੇ ਦਾ ਲੁਤਫ ਲੈਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਣਥੱਕ ਯਤਨਾਂ ਸਦਕਾ ਇਹ ਸਾਰਸ ਮੇਲਾ ਸਫਲਾ ਹੋਵੇਗਾ।

ਪੀ.ਏ.ਯੂ. ਨੇ ਮਿਰਚਾਂ ਦੀ ਦੋਗਲੀ ਕਿਸਮ ਦੇ ਵਪਾਰੀਕਰਨ ਲਈ ਸਮਝੌਤੇ  'ਤੇ ਸਹੀ ਪਾਈ

ਲੁਧਿਆਣਾ 27 ਅਕਤੂਬਰ(ਟੀ. ਕੇ.) ਪੀ.ਏ.ਯੂ. ਨੇ ਅੱਜ ਇੰਡੀਅਨ ਫਾਰਮ ਫੌਰੈਸਟਰੀ ਡਿਵਲਪਮੈਂਟ ਕੋਆਪਰੇਟਿਵ ਲਿਮਿਟਡ ਪੰਜਾਬ ਨਾਲ ਇਕ ਸਮਝੌਤੇ ਉੱਪਰ ਦਸਤਖਤ ਕੀਤੇ। ਇਸ ਅਨੁਸਾਰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਮਿਰਚਾਂ ਦੀ ਹਾਈਬ੍ਰਿਡ ਕਿਸਮ ਸੀ ਐੱਚ-27 ਦੇ ਬੀਜ ਉਤਪਾਦਨ ਦੇ ਅਧਿਕਾਰ ਸੰਬੰਧਿਤ ਫਰਮ ਨੂੰ ਦਿੱਤੇ ਗਏ। 

 
ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਆਈ ਐੱਫ ਐੱਫ ਡੀ ਸੀ ਦੇ ਸ਼੍ਰੀ ਕੇ ਐੱਸ ਸੰਧੂ ਨੇ ਦਸਤਖਤ ਕੀਤੇ। ਇਸ ਮੌਕੇ ਕੁਦਰਤੀ ਸਰੋਤ ਦੇ ਅਪਰ ਨਿਰਦੇਸ਼ਕ ਖੋਜ ਡਾ. ਪੁਸ਼ਪਿੰਦਰਪਾਲ ਸਿੰਘ ਪੰਨੂ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਵਪਾਰੀਕਰਨ ਦੀ ਇਸ ਸੰਧੀ ਦੇ ਸਿਰੇ ਚੜ੍ਹਨ ਲਈ ਸੀਨੀਅਰ ਸਬਜ਼ੀ ਵਿਗਿਆਨੀ ਡਾ. ਸੇਲੇਸ਼ ਜਿੰਦਲ ਨੂੰ ਵਧਾਈ ਦਿੱਤੀ। 

 
ਡਾ. ਜਿੰਦਲ ਨੇ ਦੱਸਿਆ ਕਿ ਸੀ ਐੱਚ-27 ਮਿਰਚਾਂ ਦੀ ਦੋਗਲੀ ਕਿਸਮ ਹੈ ਜੋ ਪੱਤਾ ਮਰੋੜ ਵਾਇਰਸ ਦਾ ਸਹਾਮਣਾ ਕਰਨ ਦੀ ਸਮਰਥਾ ਰੱਖਦੀ ਹੈ| ਇਸ ਤੋਂ ਇਲਾਵਾ ਇਸ ਕਿਸਮ ਵਿਚ ਫਲਾਂ ਦੇ ਗਾਲ੍ਹੇ ਅਤੇ ਜੜ੍ਹਾਂ ਦੀਆਂ ਗੰਢਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਵੀ ਹੈ| ਇਸਦੇ ਪੌਦੇ ਵੱਡੇ ਹੁੰਦੇ ਹਨ ਅਤੇ ਫਲ ਨੂੰ ਲੰਮੇ ਸਮੇਂ ਤੱਕ ਤੋੜਨ ਲਈ ਰੱਖਿਆ ਜਾ ਸਕਦਾ ਹੈ| ਫਲਾਂ ਦਾ ਰੰਗ ਹਲਕਾ ਹਰਾ ਹੁੰਦਾ ਹੈ ਅਤੇ ਇਸ ਵਿਚ ਤਿੱਖੇਪਣ ਦੀ ਮਾਤਰਾ ਦਰਮਿਆਨੀ ਹੁੰਦੀ ਹੈ| ਇਹ ਕਿਸਮ ਮਿਰਚਾਂ ਦਾ ਪਾਊਡਰ ਬਨਾਉਣ ਅਤੇ ਪ੍ਰੋਸੈਸਿੰਗ ਲਈ ਬੇਹੱਦ ਢੁੱਕਵੀਂ ਹੈ| ਉਹਨਾਂ ਕਿਹਾ ਕਿ ਇਸ ਕਿਸਮ ਨੂੰ ਦੇਸ਼ ਭਰ ਦੇ ਕਿਸਾਨਾਂ ਨੇ ਬੇਹੱਦ ਸਤਿਕਾਰਿਆ ਹੈ। 

 
ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਨੇ ਆਪਣੇ ਭਾਗੀਦਾਰਾਂ ਦੇ ਲਾਭ ਅਤੇ ਕਿਸਾਨਾਂ ਦੇ ਮੁਨਾਫ਼ੇ ਲਈ ਬੇਹੱਦ ਢੁਕਵੀਆਂ ਮਿਰਚਾਂ ਦੀਆਂ ਕਿਸਮਾਂ ਦਾ ਵਿਕਾਸ ਕੀਤਾ ਹੈ।

ਸਾਰਸ ਮੇਲੇ ਦੇ ਪਹਿਲੇ ਦਿਨ ਕਵੀ ਦਰਬਾਰ ਹੋਇਆ 

ਲੁਧਿਆਣਾ, 27 ਅਕਤੂਬਰ(ਟੀ. ਕੇ.) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਰਸ ਮੇਲੇ ਦੇ ਪਹਿਲੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਪੀ. ਏ. ਯੂ. ਯੰਗ ਰਾਈਟਰਜ਼ ਅਸੋਸੀਏਸ਼ਨ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਸਨ ਤੇ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ  ਡਾਃ ਸੁਰਜੀਤ ਪਾਤਰ ਨੇ ਕੀਤੀ।
ਸੁਆਗਤੀ ਸ਼ਬਦ ਬੋਲਦਿਆਂ ਲੁਧਿਆਣਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ(ਵਿਕਾਸ) ਸਃ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਾਹਿਬਾ ਸੁਰਭੀ ਮਲਿਕ ਦੀ ਦੇਖ ਰੇਖ ਹੇਠ ਸ਼ਬਦਾਂ ਦੀ ਜੋਤ ਬਾਲ ਕੇ ਅਸੀਂ ਸਾਰਸ ਮੇਲੇ ਦਾ ਆਰੰਭ ਕਰ ਰਹੇ ਹਾਂ। ਇਤਿਹਾਸਕ ਪਲ ਹੈ ਕਿ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਡਾਃ ਸੁਰਜੀਤ ਪਾਤਰ ਕਰ ਰਹੇ ਹਨ ਜਿੰਨ੍ਹਾਂ ਦੀ ਸ਼ਾਇਰੀ ਪੜ੍ਹ ਕੇ ਅਸੀਂ ਜੁਆਨ ਹੋਏ ਹਾਂ। ਮੁੱਖ ਮਹਿਮਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਦੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਅਸੀਂ ਮੁਕਾਬਲੇ ਦੇ ਇਮਤਿਹਾਨ ਪਾਸ ਕੀਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ (ਵਿਦਿਆਰਥੀ ਭਲਾਈ) ਡਾਃ ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਵੱਡੇ ਲੇਖਕਾਂ ਨੂੰ ਬੁਲਾ ਕੇ ਵਿਦਿਆਰਥੀਆਂ ਅੰਦਰ ਸਿਰਜਣਾਤਮਿਕ ਚਿਣਗ ਜਗਾਉਣ ਦੀ ਪੁਰਾਣੀ ਰਵਾਇਤ ਹੈ। ਇਹ ਸਮਾਗਮ ਵੀ ਉਸੇ ਲੜੀ ਦੀ ਅਗਲੀ ਕੜੀ ਹੈ। 
ਕਵੀ ਦਰਬਾਰ ਦਾ ਮੰਚ ਸੰਚਾਲਨ ਪ੍ਰਸਿੱਧ ਕਵੀ ਪ੍ਰਭਜੋਤ ਸੋਹੀ ਨੇ ਕੀਤਾ। 
ਕਵੀ ਦਰਬਾਰ ਵਿੱਚ ਤ੍ਰੈਲੋਚਨ ਲੋਚੀ, ਡਾਃ ਜਗਵਿੰਦਰ ਜੋਧਾ,ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ,ਅਨੀ ਕਾਠਗੜ੍ਹ, ਗੁਰਚਰਨ ਕੌਰ ਕੋਚਰ,ਕੋਮਲਦੀਪ, ਪ੍ਰਭਜੋਤ ਸੋਹੀ, ਡਾਃ ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ, ਰੁਪਿੰਦਰਪਾਲ ਸਿੰਘ, ਡਾਃ ਬਿਕਰਮ ਸਿੰਘ, ਮਨਿੰਦਰ ਸਿੰਘ ਸੈਣੀ, ਰਮਨ ਸੰਧੂ ਤੇ ਮਨਦੀਪ ਲੁਧਿਆਣਵੀ ਨੇ ਭਾਗ ਲਿਆ।

ਆਮ ਆਦਮੀ ਪਾਰਟੀ ਦੁਨੀਆਂ ਦੀ ਸਭ ਤੋਂ ਵੱਧ ਅਨੁਸ਼ਾਸ਼ਨ ਵਾਲੀ ਪਾਰਟੀ ਬਣੀ—ਮੁੱਖ ਮੰਤਰੀ ਭਗਵੰਤ ਮਾਨ

ਬਲਾਕ ਪ੍ਰਧਾਨ ਸਾਹਿਬਾਨ ਨੂੰ ਸੋਹ ਚੁਕਵਾਉਣ ਪੁੱਜੇ ਮੁੱਖ ਮੰਤਰੀ
ਅਕਾਲੀ ਦਲ ਬਾਦਲ ਨੂੰ ਕਿਹਾ ਛੋਲੇ ਕੁਲਚੇ ਵਾਲਿਆਂ ਦੀ ਪਾਰਟੀ
 ਮੁੱਲਾਂਪੁਰ ਦਾਖਾ 27 ਅਕਤੂਬਰ (ਸਤਵਿੰਦਰ ਸਿੰਘ ਗਿੱਲ)ਅੱਜ ਲੁਧਿਆਣਾ ਜਿਲ੍ਹੇ ਦੇ ਕਸਬਾ ਮੁੱਲਾਂਪੁਰ ਦਾਖਾ ਨਜਦੀਕ ਮਹਿਲ ਮੁਬਾਰਕ ਰਿਜ਼ੌਰਟ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜੇ ਸਨ ਜਿੱਥੇ ਪ੍ਰਿੰਸੀਪਲ ਬੁੱਧ ਰਾਮ ਨੇ ਬਲਾਕ ਪ੍ਰਧਾਨ ਸਾਹਿਬਾਨ ਨੂੰ ਸੌਹ ਚੁਕਵਾਈ।ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਬੋਧਨ ਕਰਦਿਆਂ ਉਹਨਾਂ ਆਮ ਆਦਮੀ ਪਾਰਟੀ ਦੇ ਵੋਟਰਾਂ ਨੂੰ ਵਧਾਈ ਦਿੱਤੀ ਕਿ ਪੰਜਾਬ ਚ ਸਰਕਾਰ ਬਣਾਉਣ ਤੋਂ ਬਾਅਦ ਜਲੰਧਰ ਚ ਜਿਮਨੀ ਚੋਣ ਵਿਚੋਂ ਵੀ ਜਿੱਤ ਆਮ ਆਦਮੀ ਪਾਰਟੀ ਦੇ ਵੋਟਰਾਂ ਨੇ ਹੀ ਦਰਜ ਕਰਵਾਈ ਹੈ। ਉਹਨਾਂ ਕਿਹਾ ਕਿ ਹੁਣ ਵਿਦੇਸ਼ਾਂ ਚ ਵੀ ਆਮ ਆਦਮੀ ਪਾਰਟੀ ਬੱਲੇ ਬੱਲੇ ਹੋਣ ਲੱਗ ਪਈ ਹੈ।  ਜੇਕਰ ਲੋਕ ਸਾਨੂੰ ਮੌਕਾ ਦੇਣਗੇ ਤਾਂ ਅਸੀਂ ਵਿਦੇਸ਼ਾਂ ਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਦਿਵਾ ਸਕਦੇ ਹੈ।ਉਹਨਾਂ ਕਿਹਾ ਕਿ ਮੈਂ ਅੱਜ ਜੌ ਕੁਝ ਵੀ ਹਾਂ ਉਹ ਆਮ ਆਦਮੀ ਪਾਰਟੀ ਦੀ ਬਦੌਲਤ ਹਾਂ।ਇਸ ਤੋ ਬਿਨਾ ਉਹਨਾਂ ਕਿਹਾ ਕਿਹਾ ਕਿ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਅਸੀਂ  ਇਸ ਕਰਕੇ ਦਸ ਰਹੇ ਹਾਂ ਕਿਉਕਿ ਪਿਛਲੀਆਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ। ਉਹਨਾਂ ਬਿਆਨ ਦਿੱਤਾ ਕਿ ਪਹਿਲਾ ਪਿੰਡਾਂ ਚ 11 ਮੈਬਰਾਂ ਦੀ ਕਮੇਟੀ ਹੁੰਦੀ ਸੀ ਜੌ ਇਸ ਵਾਰ 21 ਮੈਬਰਾਂ ਦੀ ਪਿੰਡ ਪੱਧਰੀ ਕਮੇਟੀ ਬਣੇਗੀ ਜਿਸ ਚ ਔਰਤਾਂ ਨੂੰ ਵੀ ਜਗਾ ਦਿੱਤੀ ਜਾਵੇਗੀ। ਇਸੇ ਤਰਾਂ 21 ਮੈਂਬਰੀ ਕਮੇਟੀ ਬਣੇਗੀ ਜਿਹਨਾਂ ਨੂੰ ਸੋਂਹ ਅਰਵਿੰਦਰ ਕੇਜਰੀਵਾਲ ਚੁਕਵਾਉਣ ਆਉਣਗੇ।ਉਹਨਾਂ ਗਰੰਟੀ ਦਿੱਤੀ ਕਿ ਪੰਜਾਬ ਚ ਜਿੰਨੀਆਂ ਵੀ ਚੋਣਾਂ ਪੋਲ ਹੋਣ ਜਾ ਰਹੀਆਂ ਹਨ ਉਹਨਾਂ ਚ ਆਪ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਯਤਨ ਕੀਤਾ ਜਾਵੇ। ਅਖੀਰ ਮੌਕੇ ਪੰਜਾਬ ਦੇ 
ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਗਿਣਤੀ ਵਲੰਟੀਅਰਜ਼ ਤੇ ਬਲਾਕ ਪ੍ਰਧਾਨ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ 
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਿਕਰ ਕੀਤਾ ਉਪਰੰਤ ਬੋਲਦਿਆਂ ਕਿਹਾ  ਕਿ ਅੱਜ ਉਹ ਜੌ ਕੁਝ ਵੀ ਹਨ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਕਰਕੇ ਹੀ ਹਨ।ਪੰਜਾਬੀਆਂ ਦੀ ਤਰੱਕੀ ਬਾਰੇ ਉਹਨਾ ਕਿਹਾ ਕਿ ਅਸੀਂ ਤਾਂ ਉਹਨਾਂ ਦੇਸ਼ ਚ ਵੀ ਕਾਮਯਾਬ ਹੋ ਗਏ ਜਿੱਥੇ ਪੰਜਾਬੀ ਗਲਤੀ ਨਾਲ ਪਹੁੰਚ ਗਏ ਸੀ। ਪਾਰਟੀ ਬਾਰੇ ਉਹਨਾ ਕਿਹਾ ਕਿ ਪਾਰਟੀ 2012 ਚ ਬਣੀ ਸੀ, 2014 ਦੀ ਇਲੈਕਸ਼ਨ ਮੌਕੇ ਚ ਕੋਈ ਵੀ ਵਲੰਟੀਅਰ ਨਹੀਂ ਸੀ,ਪਿੰਡਾਂ ਚ ਆਮ ਆਦਮੀ ਪਾਰਟੀ ਦਾ ਜਿਆਦਾ ਪ੍ਰਭਾਵ ਨਹੀ ਸੀ ਪਰ ਮੈਂ ਫੇਰ ਵੀ ਮੈਂ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕਰਦਾ ਸੀ ,ਪ੍ਰੋਗਰਾਮਾਂ ਚ ਇਕੱਠ ਨਹੀਂ ਹੁੰਦਾ ਸੀ । ਉਹਨਾਂ ਪੂਰੇ ਦਾਅਵੇ ਨਾਲ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਵੱਧ ਅਨੁਸ਼ਾਸ਼ਨ ਵਾਲੀ ਪਾਰਟੀ ਬਣ ਚੁੱਕੀ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ
ਪੰਜਾਬ ਮੇਰਾ ਅਸਲੀ ਪਰਿਵਾਰ ਹੈ ਇਸ ਕਰਕੇ  ਮੈਂ ਲੋਕ ਹਿੱਤ ਫੈਸਲੇ ਲੈਣ ਨੂੰ ਤਰਜੀਹ ਦੇਂਦਾ ਹਾਂ।ਮੁੱਖ ਮੰਤਰੀ ਨੇ ਇਹ ਕਿਹਾ ਕਿ ਸੰਗਠਨ ਵੱਡਾ ਹੁੰਦਾ ਨਾ ਕਿ ਵਿਆਕਤੀ ਵੱਡਾ ਨਹੀਂ ਹੁੰਦਾ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਆਮ ਲੋਕਾਂ ਦੇ ਧੀਆਂ ਪੁੱਤ ਹੁਣ ਚੇਅਰਮੈਨ ਵੀ ਬਣ ਸਕਦੇ ਹਨ ਉਹਨਾਂ ਇਕ ਸਬਜੀ ਦੀ ਰੇਹੜੀ ਲਗਾਉਣ ਵਾਲੇ ਦਾ ਵੀ ਜਿਕਰ ਕੀਤਾ।ਲੋਕਾਂ ਨੇ ਇਸ ਗੱਲ ਤੇ ਗਿਲਾ ਜਰੂਰ ਕੀਤਾ ਜਦੋ ਮੁੱਖ ਮੰਤਰੀ ਨੇ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਕਿਹਾ ਕਿ ਹੁਣ ਉਹ ਹੁਣ ਛੋਲੇ ਕੁਲਚਿਆ ਵਾਲੀ ਪਾਰਟੀ ਰਹਿ ਹੈ।ਅਰਵਿੰਦ ਕੇਜਰੀਵਾਲ ਬਾਰੇ ਜਿਕਰ ਕਰਦਿਆਂ ਉਹਨਾ ਕਿਹਾ  ਇਨਕਮ ਟੈਕਸ ਚ ਕਮਿਸ਼ਨਰ ਦੀ ਨੌਕਰੀ ਛੱਡ ਕੇ ਉਹ ਸਿਆਸਤ ਚ ਇਸ ਕਰਕੇ ਆਏ ਹਨ ਤਾਂ ਜ਼ੋ ਲੋਕਾਂ ਦੀ ਸੇਵਾ ਕੀਤੀ ਜਾ ਸਕੇ।ਉਹਨਾਂ ਦਸਿਆ ਕਿ 88 ਪ੍ਰਤੀਸ਼ਤ ਤੋਂ ਘਟ ਲੋਕਾਂ ਦਾ ਬਿਜਲੀ ਦਾ ਬਿਲ ਜੀਰੋ ਆਉਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਨੌਜਵਾਨ ਰਾਜਨੀਤੀ ਚ ਹਿਸਾ ਜਰੂਰ ਲਿਆ ਕਰਨ। ਆਖੀਰ ਚ ਪ੍ਰਿੰਸੀਪਲ ਬੁੱਧ ਰਾਮ ਨੇ ਪੁੱਜੇ ਵੱਡੀ ਗਿਣਤੀ ਬਲਾਕ ਪ੍ਰਧਾਨ ਸਾਹਿਬਬਾਂਨ ਨੂੰ ਸੋਹ ਚੁਕਵਾਈ।ਸਮਾਗਮ ਚ ਕਾਰਜਕਰਨੀ ਪ੍ਰਧਾਨ ਪ੍ਰਿੰਸਿਪਲ ਬੁੱਧ ਰਾਮ ਤੋ ਬਿਨਾ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਕੈਬਨਟ ਮੰਤਰੀ ਅਮਨ ਅਰੋੜਾ,ਜਰਨੈਲ ਸਿੰਘ ਪੰਜਾਬ ਮਾਮਲਿਆਂ ਦੇ ਇੰਚਾਰਜ, ਐਨ ਆਰ ਆਈਜ਼ ਮੰਮਲੀਆ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ,ਕੈਬਨਿਟ ਮੰਤਰੀ ਬਲਜੀਤ ਕੌਰ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ,ਮੰਤਰੀ ਲਾਲਜੀਤ ਸਿੰਘ ਭੁੱਲਰ,ਹਰਭਜਨ ਸਿੰਘ ਈ ਟੀ ਓ,ਸੰਦੀਪ ਪਾਠਕ ਮੈਂਬਰ ਰਾਜ ਸਭਾ,ਚੇਅਰਮੈਨ ਮਾਰਕਫੈੱਡ ਅਮਨਦੀਪ ਸਿੰਘ ਮੋਹੀ,ਵਾਈਸ ਪ੍ਰਧਾਨ ਤਰੁਨਦੀਪ ਸਿੰਘ ਸੋਦ, ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਇਕ ਸਰਬਜੀਤ ਕੌਰ ਮਾਣੂਕੇ,ਹਲਕਾ ਇੰਚਾਰਜ ਕੇ ਐਨ ਐਸ ਕੰਗ,ਚੇਅਰਮੈਨ ਬਲੌਰ ਸਿੰਘ,ਚੇਅਰਮੈਨ ,ਸਨੀ ਬੇਧੂਈ,ਮਨਜੀਤ ਸਿੰਘ ਲੁਧਿਆਣਾ,ਜਸਪ੍ਰੀਤ ਸਿੰਘ ਜੱਸੀ,ਪਰਮਿੰਦਰ ਸਿੰਘ ਮਾਨ,ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋ ,ਮੋਹਨ ਸਿੰਘ ਮਾਜਰੀ, ਵਿਜੇ ਬੈਕਟਰ ਆਦਿ ਤੋ ਬਿਨਾ ਵੱਖ ਵੱਖ ਹਲਕਿਆਂ ਦੇ  ਵਿਧਾਇਕ ਤੇ ਵੱਖ ਵੱਖ ਹਲਕਿਆਂ ਦੇ ਇੰਚਾਰਜ ਸਾਹਿਬਾਨ ਹਾਜ਼ਰ ਸਨ।

ਮੁੱਖ ਮੰਤਰੀ ਮਾਨ ਨੂੰ ਮਿਲਣ ਆਈ ਐੱਨ.ਆਰ.ਆਈ ਮਹਿਲਾ ਦੋ ਘੰਟੇ ਰਹੀ ਨਜ਼ਰਬੰਦ

ਕਿਤੇ ਇਹ ਨਾ ਹੋਵੇ ਕਿ ਉਹ ਪ੍ਰੋ. ਬਲਵਿੰਦਰ ਕੌਰ ਬਣੇ - ਮੈਡਮ ਸੰਧੂ
ਮੁੱਲਾਂਪੁਰ ਦਾਖਾ 27 ਅਕਤੂਬਰ (ਸਤਵਿੰਦਰ ਸਿੰਘ ਗਿੱਲ)
– ਸਥਾਨਕ ਕਸਬੇ ਅੰਦਰ ਹੋ ਰਹੇ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਉਹ ਮਿਲਣ ਪੁੱਜੀ ਸੀ ਪਰ ਉਸਨੂੰ ਮੁੱਖ ਮੰਤਰੀ ਨਾਲ ਮਿਲਾਉਣਾ ਤਾਂ ਇੱਕ ਪਾਸੇ ਸਗੋਂ ਪੁਲਿਸ ਨੇ ਉਸਨੂੰ ਦੋ ਘੰਟੇ ਕਮਰੇ ’ਚ ਨਜ਼ਰਬੰਦ ਰੱਖਿਆ। ਇਹ ਕਹਿਣਾ ਹੈ ਐੱਨ.ਆਰ.ਆਈ ਮਹਿਲਾ ਸੁਖਜੀਤ ਕੌਰ ਸੰਧੂ ਦਾ, ਉਸਨੇ ਦੱਸਿਆ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਪੰਜਾਬ ਦੀ ਦੂਸਰੀ ਪ੍ਰੋਫੈਸਰ ਬਲਵਿੰਦਰ ਕੌਰ ਬਣੇਗੀ। ਕਿਉਂਕਿ ਪੁਲਿਸ ਨੇ ਉਸਦੇ ਧੱਕੇ ਨਾਲ ਝੋਨੇ ਦੀ ਫਸਲ ਕਟਾਈ ਕਰ ਦਿੱਤੀ ਹੈ। ਉਹ ਫਰਿਆਦ ਲੈ ਕੇ ਮੁੱਖ ਮੰਤਰੀ ਦੇ ਕੋਲ ਆਈ ਸੀ।
           ਮੈਡਮ ਸੁਖਜੀਤ ਕੌਰ ਸੰਧੂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਐਨਆਰਆਈ ਨਾਲ ਹੋ ਰਿਹਾ ਲਗਾਤਾਰ ਧੱਕਾ ਹੋ ਰਿਹਾ ਹੈ।  ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹੁਣ ਖਾਸ ਬਣ ਗਈ ਹੈ।

ਤਫਤੀਸ਼ੀ ਅਧਿਕਾਰੀ ਖਿਲਾਫ਼ ਧਾਰਾ 166-ਏ ਤਹਿਤ ਮੁਕੱਦਮਾ ਦਰਜ ਕਰੋ-ਸੀਟੂ

ਜਗਰਾਉਂ 26 ਅਕਤੂਬਰ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ )   ਪੁਲਿਸ ਅੱਤਿਆਚਾਰ ਖਿਲਾਫ਼ ਚੱਲ ਪੱਕੇ ਮੋਰਚੇ ਵਿੱਚ ਬੈਠੇ 'ਸੀਟੂ' ਆਗੂ ਨਿਰਮਲ ਸਿੰਘ ਧਾਲੀਵਾਲ, ਇੰਜੀਨੀਅਰ ਦਰਸ਼ਨ ਸਿੰਘ ਧਾਲੀਵਾਲ, ਇਕਬਾਲ ਸਿੰਘ ਰਸੂਲਪੁਰ ਨੇ ਅੱਜ ਫਿਰ ਮੰਗ ਕੀਤੀ ਕਿ "ਛੂਤਛਾਤ ਰੋਕੂ ਅੈਕਟ 1989 ਅਧੀਨ ਦਰਜ ਮੁਕੱਦਮੇ ਨੂੰ ਕੌਮੀ ਕਮਿਸ਼ਨ ਦੇ ਹੁਕਮ ਦੇ ਖਿਲਾਫ ਜਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਰੱਦ ਕਰਨ ਵਾਲੇ ਤਫਤੀਸ਼ੀ ਅਧਿਕਾਰੀ ਬਲਵੀਰ ਸਿੰਘ ਭੱਟੀ ਖਿਲਾਫ਼ ਧਾਰਾ ਭਾਰਤੀ ਦੰਡਾਵਲੀ ਦੀ ਧਾਰਾ 116-ਏ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਹੁਕਮਾਂ ਦੀ ਤੌਹੀਨ ਕਰਦਿਆਂ ਦਰਜ ਮੁਕੱਦਮੇ ਦੇ ਦੋਸ਼ੀ ਡੀਅੈਸਪੀ, ਏਅੈਸਆਈ ਤੇ ਸਰਪੰਚ ਦੀ ਗ੍ਰਿਫਤਾਰੀ ਕਰਨ ਦੀ ਬਿਜਾਏ ਮੁਕੱਦਮੇ ਦੀ ਝੂਠੀ ਤੇ ਗੁੰਮਰਾਹਕੁੰਨ ਰਿਪੋਰਟ ਭੇਜਣ ਵਾਲੇ ਉੱਕਤ ਅਧਿਕਾਰੀ ਦੀ ਦੋਸ਼ੀਆਂ ਨਾਲ ਪੂਰੀ ਮਿਲੀ ਭੁਗਤ ਹੈ। ਉਨ੍ਹਾਂ ਮੰਗ ਕੀਤੀ ਕਿ "ਪੀੜਤ ਮਾਤਾ ਨੂੰ ਪੈਨਸ਼ਨ, ਦਰਜ ਅੈਫ.ਅਾਈ.ਅਾਰ. ਦੇ ਸਾਰੇ ਪੀੜ੍ਹਤਾਂ ਨੂੰ ਮੁਆਵਜਾ ਅਤੇ  ਪੀੜ੍ਹਤਾ ਮਨਪ੍ਰੀਤ ਕੌਰ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਇੱਕ ਜੀਅ ਨੂੰ ਤਰਸ ਅਧਾਰ ਨੌਕਰੀ ਦੇਣ ਦੀ ਮੰਗ ਦੁਹਰਾਈ ਅਤੇ ਨਿਆਂ ਮਿਲਣ ਤੱਕ ਥਾਣੇ ਮੂਹਰੇ ਸੰਘਰਸ਼ ਜਾਰੀ ਰੱਖਣ ਦੇ ਫੈਸਲੇ ਨੂੰ ਦੁਹਰਾਇਆ। ਦੱਸਣਯੋਗ ਹੈ ਕਿ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਨੇ ਆਪਣੇ ਹੁਕਮਾਂ 'ਚ  ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਲਿਖਿਆ ਹੋਇਆ ਹੈ ਪਰ ਪੰਜਾਬ ਸਰਕਾਰ ਦੇ ਅਧਿਕਾਰੀ ਕਮਿਸ਼ਨ ਦੀ ਤੌਹੀਨ ਕਰ ਰਹੇ ਹਨ। ਉਨ੍ਹਾਂ ਤਫਤੀਸ਼ੀ ਅਧਿਕਾਰੀ ਇੰਸਪੈਕਟਰ ਜਨਰਲ ਪੁਲਿਸ (ਕਰਾਇਮ ) ਬਲਵੀਰ ਸਿੰਘ ਭੱਟੀ ਖਿਲਾਫ਼ ਧਾਰਾ 166/ਏ ਅਧੀਨ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।

ਪੁਲਿਸ ਕਮਿਸ਼ਨਰ ਲੁਧਿਆਣਾ ਦੀ ਅਗਵਾਈ 'ਚ ਸੈਂਕੜੇ ਨੌਜਵਾਨਾਂ ਨੇ ਸਮਾਜ ਵਿੱਚੋਂ ਨਸ਼ੇ ਅਤੇ ਗੰਨ ਸੱਭਿਆਚਾਰ ਨੂੰ ਖਤਮ ਕਰਨ ਦਾ ਪ੍ਰਣ ਲਿਆ

ਲੁਧਿਆਣਾ, 25 ਅਕਤੂਬਰ (ਟੀ. ਕੇ) ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਬੁੱਧਵਾਰ ਨੂੰ ਇੱਥੇ ਪਿੰਡ ਦੁਲੇਅ  ਵਿਖੇ ਕਮਿਸ਼ਨਰੇਟ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ 'ਪ੍ਰੌਮਿਸ ਕੱਪ' ਨਾਮਕ ਇੱਕ ਵਿਲੱਖਣ ਪਹਿਲਕਦਮੀ ਦੌਰਾਨ ਸੈਂਕੜੇ ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਲੜਾਈ ਲੜਨ ਦਾ ਪ੍ਰਣ ਲਿਆ। ਪੁਲਿਸ ਕਮਿਸ਼ਨਰ  ਨੇ ਦੱਸਿਆ ਕਿ ਇਸ ਤਿੰਨ ਦਿਨ ਚੱਲਣ ਵਾਲੇ ਕ੍ਰਿਕਟ ਕੱਪ ਦੀ ਸ਼ੁਰੂਆਤ ਲੋਕਾਂ ਨੂੰ ਇਸ ਖ਼ਤਰੇ ਵਿਰੁੱਧ ਜਾਗਰੂਕ ਕਰਨ ਲਈ ਕੀਤੀ ਗਈ ਹੈ ਕਿਉਂਕਿ ਇਸ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ 32 ਟੀਮਾਂ ਅਤੇ ਦਰਸ਼ਕਾਂ ਨੇ ਅੱਗੇ ਵਧਣ ਲਈ ਨਸ਼ਿਆਂ ਤੋ ਦੂਰ ਰਹਿਣ ਦਾ ਵਾਅਦਾ ਕੀਤਾ ਹੈ।  ਉਨ੍ਹਾਂ  ਸੋਸ਼ਲ ਮੀਡੀਆ 'ਤੇ ਬੰਦੂਕ ਸੱਭਿਆਚਾਰ ਅਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਵਿੱਚ ਬੰਦੂਕ ਸੱਭਿਆਚਾਰ ਨੂੰ ਖਾਤਮ ਕਰਨ ਦਾ ਪ੍ਰਣ ਲਿਆ ਹੈ।  ਭਾਗੀਦਾਰਾਂ ਅਤੇ ਦਰਸ਼ਕਾਂ ਨੇ ਆਪੋ-ਆਪਣੇ ਇਲਾਕਿਆਂ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਹਰ ਇੱਕ ਜਾਣਕਾਰੀ ਸਾਂਝੀ ਕਰਕੇ ਰੋਕਥਮ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਵੀ ਕੀਤਾ।

 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਲੁਧਿਆਣਾ ਦੇ ਦਿਹਾਤੀ ਖੇਤਰਾਂ ਵਿੱਚੋਂ 32 ਟੀਮਾਂ ਨੇ ਭਾਗ ਲਿਆ ਹੈ ਅਤੇ ਨਸ਼ਿਆਂ ਵਿਰੁੱਧ ਲੜਨ ਦਾ ਇੱਕ ਸ਼ਕਤੀਸ਼ਾਲੀ ਮਿਸ਼ਨ ਹੈ।  “ਪ੍ਰੋਮਿਸ ਕੱਪ” ਨਾਮ ਸਾਡੇ ਨੌਜਵਾਨਾਂ ਦੀ ਨਸ਼ਿਆਂ ਨੂੰ ਨਾਂਹ ਕਹਿਣ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਸਹਿਯੋਗ ਕਰਨ, ਨਸ਼ਿਆਂ ਨਾਲ ਲੜ ਰਹੇ ਲੋਕਾਂ ਦਾ ਸਮਰਥਨ ਕਰਨ ਅਤੇ ਆਪਣੀ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਵਰਤਣ ਦਾ ਪ੍ਰਤੀਕ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀ ਕ੍ਰਿਕਟ ਦੇ ਰੋਮਾਂਚ ਨੂੰ ਇੱਕ ਸ਼ਕਤੀਸ਼ਾਲੀ ਸੰਦੇਸ਼ ਦੇ ਨਾਲ ਜੋੜਦੀ ਹੈ - ਆਓ ਨਸ਼ੇ ਦੇ ਵਿਰੁੱਧ ਇੱਕਜੁੱਟ ਹੋਈਏ ਅਤੇ ਇੱਕ ਉੱਜਵਲ, ਨਸ਼ਾ ਮੁਕਤ ਭਵਿੱਖ ਨੂੰ ਆਕਾਰ ਦੇਈਏ। ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨਸ਼ਿਆਂ ਵਿਰੁੱਧ ਸੰਦੇਸ਼ ਦੇਣ ਲਈ ਇੱਕ ਵੱਡੀ ਸਾਈਕਲ ਰੈਲੀ ਵੀ ਆਯੋਜਿਤ ਕਰਨ ਜਾ ਰਹੀ ਹੈ ਤਾਂ ਜੋ ਸਾਡੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਇਸ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾ ਸਕੇ।

 ਉਨ੍ਹਾਂ ਦੱਸਿਆ ਕਿ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਮੈਗਾ ਸਾਈਕਲ ਰੈਲੀ ਵੀ ਕੱਢੀ ਜਾਵੇਗੀ।

ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਸਰਕਲ ਨਿਹਾਲ ਸਿੰਘ ਵਾਲਾ ਦੀ ਹੋਈ ਚੋਣ

ਸਰਕਲ ਪ੍ਰਧਾਨ ਭਾਈ ਪਰਮਜੀਤ ਸਿੰਘ ਪੰਮਾ ਲੋਪੋਂ ਚੁਣੇ ਗਏ- ਬੱਡੂਵਾਲ

ਮੋਗਾ , (ਜਸਵਿੰਦਰ ਸਿੰਘ ਰੱਖਰਾ )ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਵੱਲੋਂ ਸਰਕਲ ਨਿਹਾਲ ਸਿੰਘ ਵਾਲਾ ਦੀ ਚੋਣ, ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ, ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ,ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ ਭਾਈ ਹਰਜੀਤ ਸਿੰਘ , ਚੇਅਰਮੈਨ ਭਾਈ ਜਗਦੀਪ ਸਿੰਘ ਲੰਗੇਆਣਾ, ਜ਼ਿਲ੍ਹਾ ਮੀਤ ਪ੍ਰਧਾਨ ਭਾਈ ਗੁਰਸੇਵਕ ਸਿੰਘ ਨੱਥੂਵਾਲਾ, ਵਾਈਸ ਜਨਰਲ ਸਕੱਤਰ ਭਾਈ ਸੁਖਜੀਤ ਸਿੰਘ ਧੂੜਕੋਟ, ਸੀਨੀਅਰ ਮੁੱਖ ਸਲਾਹਕਾਰ ਭਾਈ ਸਰਬਜੀਤ ਸਿੰਘ ਬੁੱਟਰ, ਭਾਈ ਜਗਜੀਤ ਸਿੰਘ ਦੌਧਰ, ਪ੍ਰੈਸ ਸਕੱਤਰ, ਦਫ਼ਤਰ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬੱਧਨੀ ਕਲਾਂ ਵਿਖੇ ਹੋਈ ਸਰਬਸੰਮਤੀ ਨਾਲ ਸਰਕਲ ਪ੍ਰਧਾਨ ਭਾਈ ਪਰਮਜੀਤ ਸਿੰਘ ਪੰਮਾ ਲੋਪੋਂ, ਸੀਨੀਅਰ ਮੀਤ ਪ੍ਰਧਾਨ ਭਾਈ ਨਿਰਮਲ ਸਿੰਘ ਬੱਧਨੀ ਕਲਾਂ , ਜਨਰਲ ਸਕੱਤਰ ਭਾਈ ਹੰਸਰਾਜ ਸਿੰਘ ਬਿਲਾਸਪੁਰ, ਚੇਅਰਮੈਨ ਭਾਈ ਸਿੰਕਦਰ ਸਿੰਘ ਮੀਨੀਆ, ਪ੍ਰਚਾਰ ਸਕੱਤਰ ਭਾਈ ਜਸਵੀਰ ਸਿੰਘ ਚਕਰ, ਮੁੱਖ ਸਲਾਹਕਾਰ ਭਾਈ ਇੰਦਰਜੀਤ ਸਿੰਘ ਰਾਮਾ, ਸਲਾਹਕਾਰ ਭਾਈ ਗੁਰਸੇਵਕ ਸਿੰਘ ਨੱਥੂਵਾਲਾ,ਪ੍ਰੈਸ ਸਕੱਤਰ ਭਾਈ ਕੁਲਵਿੰਦਰ ਸਿੰਘ ਮੀਨੀਆ, ਖਜਾਨਚੀ ਭਾਈ ਰਾਮ ਸਿੰਘ ਰਾਉਕੇ ਕਲਾਂ, ਦਫ਼ਤਰ ਸਕੱਤਰ ਭਾਈ ਗੁਰਮੇਲ ਸਿੰਘ ਬੱਧਨੀ ਕਲਾਂ, ਮੀਤ ਪ੍ਰਧਾਨ ਭਾਈ ਹਾਕਮ ਸਿੰਘ ਲੋਪੋਂ,ਵਾਈਸ ਚੇਅਰਮੈਨ ਭਾਈ ਜਸਪਾਲ ਸਿੰਘ ਰਾਮੂੰਵਾਲਾ ਕਲਾਂ, ਸਹਾਇਕ ਖਜਾਨਚੀ ਭਾਈ ਅਮਰਜੀਤ ਸਿੰਘ ਲੋਪੋਂ, ਸਕੱਤਰ ਭਾਈ ਛਿੰਦਰਪਾਲ ਸਿੰਘ ਬੁੱਟਰ,ਵਾਈਸ ਪ੍ਰੈਸ ਸਕੱਤਰ ਭਾਈ ਜਗਪਾਲ ਸਿੰਘ ਗਾਜੀਆਣਾ, ਸਹਾਇਕ ਸਕੱਤਰ ਸੁਖਪਾਲ ਸਿੰਘ ਟੱਲੇਵਾਲ ਸਮੂੰਹ ਅਹੁਦੇਦਾਰ ਚੁਣੇ ਗਏ ਇਹ ਚੌਣ ਅਗਲੇ 2 ਸਾਲਾਂ ਤੱਕ ਕੀਤੀ ਗਈ ਹੈ ਚੁਣੇ ਗਏ ਅਹੁਦੇਦਾਰ ਨੂੰ ਅਤੇ ਭਾਈ ਇੰਦਰਜੀਤ ਸਿੰਘ ਰਾਮਾ ਜੀ ਦੀ ਪੁਰਾਣੀ ਪ੍ਰਧਾਨਗੀ ਦੀ ਚੰਗੀ ਕਾਰਗੁਜ਼ਾਰੀਆਂ ਦੀਆਂ ਸੇਵਾਵਾਂ ਨਿਭਾਉਣ ਅਤੇ ਸਰਕਲ ਪ੍ਰਧਾਨ ਭਾਈ ਪਰਮਜੀਤ ਸਿੰਘ ਪੰਮਾ ਲੋਪੋਂ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ , ਸਰਕਲ ਨਿਹਾਲ ਸਿੰਘ ਵਾਲਾ ਦੇ ਅਹੁਦੇਦਾਰਾਂ ਵੱਲੋਂ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਦੇ ਸੂਮੰਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਦੂਰ ਦੁਰਾਡੇ ਤੋਂ ਸਿੰਘ ਇਸ ਚੋਣ ਵਿਚ ਬਹੁਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਬਹੁਤ ਹੀ ਸਿੰਘਾ ਵਿੱਚ ਉਤਸ਼ਾਹ ਅਤੇ ਖੁਸ਼ੀ ਭਰਿਆ ਮਾਹੌਲ ਸੀ, ਭਾਈ ਇਕਬਾਲ ਸਿੰਘ ਲੋਪੋਂ, ਭਾਈ ਹਰਨੇਕ ਸਿੰਘ ਭਾਈ ਭਗਵਾਨ ਸਿੰਘ ਮੱਲੇਆਣਾ, ਭਾਈ ਅੰਮ੍ਰਿਤਪਾਲ ਸਿੰਘ ਦੌਧਰ, ਭਾਈ ਤਰਸੇਮ ਸਿੰਘ ਬਰਗਾੜੀ, ਭਾਈ ਪਾਲਾ ਸਿੰਘ ਘੋਲੀਆ, ਭਾਈ ਜਸਵੀਰ ਸਿੰਘ ਮੀਨੀਆ, ਭਾਈ ਦੇਵ ਸਿੰਘ ਕੁੱਸਾ ਤੋਂ ਇਲਾਵਾ ਬਹੁਤ ਸਿੰਘ ਹਾਜ਼ਰ ਸਨ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

ਸ. ਕੰ. ਸ. ਸ. ਸ. ਧਰਮਕੋਟ ਦੀਆਂ ਵਿਦਿਆਰਥਣਾਂ ਨੇ ਜ਼ੋਨ ਐਥਲੈਟਿਕਸ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ 

ਧਰਮਕੋਟ,  ਜਸਵਿੰਦਰ ਸਿੰਘ ਰਖਰਾ

ਜਿਲ੍ਹਾ ਸਿੱਖਿਆ ਅਫਸਰ ਮੋਗਾ (ਸੈ.ਸਿ.) ਮਮਤਾ ਬਜਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੋਗਾ ਗੁਰਦਿਆਲ ਸਿੰਘ ਮਠਾੜੂ ਦੀ ਅਗਵਾਈ ਵਿੱਚ ਹੋ ਰਹੀਆਂ ਜ਼ੋਨ ਖੇਡਾਂ ਵਿੱਚ ਸ. ਕੰ. ਸ. ਸ. ਸ. ਧਰਮਕੋਟ ਦੀਆਂ ਵਿਦਿਆਰਥਣਾਂ ਨੇ ਇੰਚਾਰਜ ਪ੍ਰਿੰਸੀਪਲ ਪਰਮਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਅਤੇ ਪ੍ਰਿਤਪਾਲ ਕੌਰ ਲੈਕਚਰਾਰ, ਗੁਰਪ੍ਰੀਤ ਕੌਰ ਡੀ.ਪੀ.ਈ. ਦੀ ਦੇਖਰੇਖ ਅਧੀਨ ਸ.ਸ.ਸ.ਸ. ਕਿਸ਼ਨਪੁਰਾ ਕਲਾਂ ਵਿਖੇ ਜ਼ੋਨ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲਿਆ। ਸਕੂਲ ਦੀਆਂ ਵਿਦਿਆਰਥਣਾਂ ਦਿਲਪ੍ਰੀਤ ਕੌਰ 400 ਮੀ. ਫਸਟ ਤੇ ਟ੍ਰਿਪਲ ਜੰਪ ਸੈਕਿੰਡ, ਮਨਦੀਪ ਕੌਰ 3000 ਮੀ. ਫਸਟ, ਮਲਕਾ 3000 ਮੀ. ਸੈਕਿੰਡ, ਜਸ਼ਨਪ੍ਰੀਤ ਕੌਰ 100 ਮੀ. ਸੈਕਿੰਡ, ਸੰਜਨਾ 1500 ਮੀ. ਫਸਟ, ਕੋਮਲਦੀਪ ਕੌਰ 800 ਮੀ. ਫਸਟ, ਅਮਨਦੀਪ ਕੌਰ 800 ਮੀ. ਥਰਡ, ਲੱਛਮੀ 200 ਮੀ. ਥਰਡ ਤੇ ਰੋਜ਼ੀ ਲੌਂਗ ਜੰਪ ਥਰਡ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਮੋਗਾ (ਸੈ.ਸਿ.), ਸਕੂਲ ਇੰਚਾਰਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਵਿਦਿਆਰਥਣਾਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਵਧਾਈ ਦਿੱਤੀ।

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਉਤਸਵ ਮੌਕੇ ਸੰਗਤਾਂ ਨੂੰ ਦਿੱਤੀ ਮੁਬਾਰਕਬਾਦ

ਸਮਾਨਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ 'ਤੇ ਚੱਲਣਾ ਚਾਹੀਦਾ ਹੈ - ਵਿੱਤ ਮੰਤਰੀ 
ਲੁਧਿਆਣਾ, 22 ਅਕਤੂਬਰ (ਟੀ. ਕੇ. ) -
ਵਿੱਤ ਮੱਤਰੀ ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਲੋਕਾਂ ਨੂੰ ਸਮਾਨਤਾ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ 'ਤੇ ਚੱਲਣ ਦਾ ਸੱਦਾ ਦਿੱਤਾ ਹੈ ਤਾਂ ਜੋ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਸਮਾਗਮ ਦੌਰਾਨ ਹਿੰਦ ਸਮਾਚਾਰ ਸਮੂਹ ਦੇ ਮੁੱਖ ਸੰਪਾਦਕ ਪਦਮਸ੍ਰੀ ਵਿਜੇ ਚੋਪੜਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਗਰੇਵਾਲ, ਗੁਰਪ੍ਰੀਤ ਬੱਸੀ ਗੋਗੀ, ਰਜਿੰਦਰਪਾਲ ਕੌਰ ਛੀਨਾ, ਭਾਰਤੀ ਵਾਲਮੀਕਿ ਧਰਮ ਸਮਾਜ ਦੇ ਕੌਮੀ ਨਿਰਦੇਸ਼ਕ ਨਰੇਸ਼ ਧੀਂਗਾਨ ਦੇ ਨਾਲ ਕੈਬਨਿਟ ਮੰਤਰੀ ਵਲੋਂ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਵਿਸ਼ਵ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ ਜਿਨ੍ਹਾਂ ਆਪਣੀ ਅਮਰ ਅਤੇ ਮਹਾਨ ਰਚਨਾ ਰਾਮਾਇਣ ਰਾਹੀਂ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। 

ਉਨ੍ਹਾਂ ਇਹ ਵੀ ਕਿਹਾ ਕਿ ਮਹਾਨ ਮਹਾਂਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਾਚ ਸਿਖਾਉਂਦਾ ਆਇਆ ਹੈ ਅਤੇ ਲੋਕਾਂ ਲਈ ਨੈਤਿਕ ਜੀਵਨ ਦਾ ਚਾਨਣ ਮੁਨਾਰਾ ਰਿਹਾ ਹੈ ਜੋ ਕਿ ਮੌਜੂਦਾ ਪਦਾਰਥਵਾਦੀ ਸਮਾਜ ਵਿੱਚ ਕਿਤੇ ਜ਼ਿਆਦਾ ਪ੍ਰਸੰਗਿਕ ਸੀ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਮਾਜ ਵਿੱਚ ਬਰਾਬਰਤਾ ਦੇ ਨਾਲ-ਨਾਲ ਨੈਤਿਕਤਾ 'ਤੇ ਜ਼ੋਰ ਦਿੰਦੀਆਂ ਹਨ ਕਿ ਇੱਕ ਆਦਰਸ਼ ਰਾਜ ਜਾਂ ਸਮਾਜ ਦੀ ਸਿਰਜਣਾ ਲਈ ਇੱਕ ਆਦਰਸ਼ ਮਨੁੱਖ, ਆਦਰਸ਼ ਸ਼ਾਸਕ ਅਤੇ ਆਦਰਸ਼ ਲੋਕਾਂ ਨੂੰ ਕਿਸ ਤਰ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ।

ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਇਸ ਵਿਸ਼ਾਲ ਸਮਾਗਮ ਦੇ ਆਯੋਜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਇੱਕ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਫਲਸਫ਼ੇ ਦਾ ਪ੍ਰਚਾਰ ਕਰਨ ਵਿੱਚ ਸਹਾਈ ਹੁੰਦੇ ਹਨ ਸਗੋਂ ਸਾਡੇ ਨੌਜਵਾਨਾਂ ਵਿੱਚ ਸਮਾਜ ਨੂੰ ਸੇਧ ਦੇਣ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਭਗਵਾਨ ਵਾਲਮੀਕਿ ਜੀ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਹਰ ਸਾਲ ਇਸ ਮੈਗਾ ਈਵੈਂਟ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

ਇਸ ਦੌਰਾਨ ਉਨ੍ਹਾਂ ਸਮਾਜ ਵਿੱਚ ਸਿੱਖਿਆ ਦੀ ਮਹੱਤਤਾ 'ਤੇ }ੋਰ ਦਿੱਤਾ ਅਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਲਈ ਉਚੇਰੀ ਸਿੱਖਿਆ ਨੂੰ ਯਕੀਨੀ ਬਣਾਉਣ ਤਾਂ ਜੋ ਉਹ ਸਮਾਜਿਕ ਅਤੇ ਆਰਥਿਕ ਪੱਖੋਂ ਪੈਰਾਂ ਸਿਰ ਹੋ ਸਕਣ। ਉਨ੍ਹਾਂ ਕਿਹਾ ਕਿ ਕੇਵਲ ਸਿੱਖਿਆ ਹੀ ਸਮਾਜ ਵਿੱਚ ਖੁਸ਼ਹਾਲੀ ਲਿਆ ਸਕਦੀ ਹੈ, ਇਸ ਲਈ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸੰਦੇਸ਼ 'ਤੇ ਚੱਲੀਏ।

ਇਸ ਮੌਕੇ ਭਾਵਾਧਸ ਦੇ ਮਹਾਂਮੰਤਰੀ ਰਾਜਕੁਮਾਰ ਸਾਥੀ, ਸਵਾਮੀ ਚੰਦਰਪਾਲ ਅਨਾਰਿਆ ਜੀ ਆਦਿ ਧਰਮ ਗੁਰੂ, ਸ਼ਿਵ ਕੁਮਾਰ ਬਿਡਲਾ, ਰਾਸ਼ਟਰੀ ਮੁੱਖ ਸੰਚਾਲਕ, ਧਰਮਵੀਰ ਅਨਾਰੀਆ, ਰਾਸ਼ਟਰੀ ਪ੍ਰਚਾਰ ਮੰਤਰੀ, ਸੁਰਿੰਦਰ ਜਾਜਾ, ਕਨਵੀਨਰ ਪੰਜਾਬ, ਭੋਪਾਲ ਸਿੰਘ ਪੁਹਾਲ, ਜ਼ਿਲ੍ਹਾ ਸੰਯੋਜਕ, ਵੀਰ ਅਕਾਸ਼ ਲੋਹਟ, ਸ਼ਹਿਰੀ ਪ੍ਰਧਾਨ, ਪ੍ਰਦੀਪ ਲਾਂਬਾ ਪ੍ਰਧਾਨ ਡਾ. ਅੰਬੇਡਕਰ ਸੰਘਰਸ਼ ਮੋਰਚਾ, ਮਦਨ ਲਾਲ ਜੋਸ਼ ਵਾਈਸ ਚੇਅਰਮੈਨ ਨਗਰ ਨਿਗਮ ਕਰਮਚਾਰੀ ਯੂਨੀਅਨ, ਐਡਵੋਕੇਟ ਅਰਜੁਨ ਧੀਂਗਾਨ, ਕੈਲਾਸ਼ ਚੌਹਾਨ, ਸਾਬਕਾ ਡਿਪਟੀ ਸੁਪਰਡੈਂਟ ਜੇਲ੍ਹ, ਸਵਰਨ ਕੁਮਾਰ ਸੋਨੀ ਸਾਬਕਾ ਵਾਈਸ ਚੇਅਰਮੈਨ, ਨਗਰ ਕੌਂਸਲ ਸਾਹਨੇਵਾਲ, ਰਵਿੰਦਰ ਚੌਹਾਨ, ਨੀਰਜ ਸੁਬਾਹੂ, ਸੁਭਾਸ਼ ਸੌਦੇ, ਪਿੰਕਾ ਚੰਡਾਲੀਆ, ਸ਼ਿਵ ਕੁਮਾਰ ਪਾਰਚਾ, ਵਿੱਕੀ ਰਹੇਲਾ, ਮਨੌਜ ਚੌਹਾਨ, ਅਰੁਣ ਸੂਦ, ਵਿਕਾਸ ਸੌਦੇ, ਕੁਲਦੀਪ ਧੀ੍ਹਗਾਨ, ਸੁਰੇਸ਼ ਸ਼ੈਲੀ, ਨੇਹਾ ਚਨਾਲੀਆ, ਸੁਨੈਨਾ ਕੇਸਲਾ, ਰਾਣਕੀ ਕਾਕੜਾ, ਐਡਵੋਕੇਟ ਕੁਲਦੀਪ ਸਿਘ ਸ਼ਖੀਰਾ, ਕੁਲਦੀਪ ਚੌਹਾਨ, ਰਾਜੇਸ਼ ਟਾਂਕ, ਵੀਰ ਲਲਿਤ ਧੀਂਗਾਨ ਸਮੇਤ ਭਾਵਾਧਸ ਟੀਮ ਦੇ ਸਾਰੇ ਅਹੁਦੇਦਾਰ ਤੇ ਮੈਂਬਰ ਮੌਜੂਦ ਰਹੇ।

ਉਰਦੂ , ਹਿੰਦੀ ਤੇ ਪੰਜਾਬੀ ਜ਼ਬਾਨ ਦੇ ਪ੍ਰਮੁੱਖ ਕਵੀ ਜਨਾਬ ਸਰਦਾਰ ਪੰਛੀ ਅੱਜ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਸਨਮਾਨਿਤ

ਉਰਦੂ ਹਿੰਦੀ ਤੇ ਪੰਜਾਬੀ ਕਵੀ ਜਨਾਬ ਸਰਦਾਰ ਪੰਛੀ ਦਾ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਹੱਥੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਸਨਮਾਨ

ਲੁਧਿਆਣਾ, 22 ਅਕਤੂਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉਰਦੂ , ਹਿੰਦੀ ਤੇ ਪੰਜਾਬੀ ਜ਼ਬਾਨ ਦੇ ਪ੍ਰਮੁੱਖ ਕਵੀ ਜਨਾਬ ਸਰਦਾਰ ਪੰਛੀ ਨੂੰ ਅੱਜ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਸਨਮਾਨਿਤ ਕਰਦਿਆਂ ਪੰਜਾਬ ਦੇ ਪਰਵਾਸੀ ਮਾਮਲਿਆਂ ਸਬੰਧੀ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਦੇਸ਼ ਵੰਡ ਮਗਰੋਂ ਪੰਜਾਬ ਦੀਆਂ ਸਰਕਾਰਾਂ ਨੇ ਉਰਦੂ ਦੀ ਪੜ੍ਹਾਈ ਬੰਦ ਕਰਕੇ ਸਾਨੂੰ ਸਰਬ ਸਾਂਝੀ ਰਹਿਤਲ ਤੋਂ ਤੋੜਿਆ ਹੈ। ਇਸ ਸਬੰਧ ਵਿੱਚ ਵਿਸ਼ੇਸ਼ ਉਪਰਾਲਿਆਂ ਦੀ ਜ਼ਰੂਰਤ ਹੈ ਕਿ ਉਰਦੂ ਜਾਨਣ ਵਾਲਿਆਂ ਦੀ ਗਿਣਤੀ ਵਧੇ। ਭਾਵੇਂ ਭਾਸ਼ਾ ਵਿਭਾਗ ਪੰਜਾਬ ਬੜੀ ਤਨਦੇਹੀ ਨਾਲ ਉਰਦੂ ਦੀਆਂ ਜਮਾਤਾਂ ਜ਼ਿਲ੍ਹਾ ਸਦਰ ਮੁਕਾਮਾਂ ਤੇ ਕਰਵਾ ਰਿਹਾ ਹੈ ਪਰ ਉਰਦੂ ਜਾਨਣ ਵਾਲਿਆਂ ਨੂੰ ਵੀ ਵਾਲੰਟੀਅਰ ਤੌਰ ਤੇ ਉਰਦੂ ਪੜ੍ਹਾਈ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੇਰੇ ਜੱਦੀ ਪਿੰਡ ਜਗਦੇਵ ਕਲਾਂ ਪੇ ਪੰਜਾਬੀ ਜ਼ਬਾਨ ਨੂੰ ਦੋ ਮਹਾਨ ਕਵੀ ਹਾਸ਼ਮ ਸ਼ਾਹ ਤੇ ਬਾਬਾ ਨਜਮੀ ਦਿੱਤੇ ਹਨ, ਇਸੇ ਕਰਕੇ ਮੇਰੀ ਇੱਛਾ ਹੈ ਕਿ ਵੱਧ ਤੋਂ ਵੱਧ ਉਰਦੂ ਤੇ ਸ਼ਾਹਮੁਖੀ ਵਿੱਚ ਛਪੀਆਂ ਕਿਤਾਬਾਂ ਦਾ ਉਤਾਰਾ ਗੁਰਮੁਖੀ ਲਿਪੀ ਵਿੱਚ ਹੋਵੇ। ਉਨ੍ਹਾਂ ਆਖਿਆ ਕਿ ਫ਼ਰਵਰੀ ਮਹੀਨੇ ਵਿੱਚ ਹਾਸ਼ਮ ਸ਼ਾਹ ਯਾਦਗਾਰੀ ਸਾਹਿੱਤਕ ਮੇਲਾ ਜਗਦੇਵ ਕਲਾਂ(ਅੰਮ੍ਰਿਤਸਰ) ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਭਾਸ਼ਾ ਵਿਭਾਗ ਦੀ ਮਦਦ ਨਾਲ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਜ਼ਿਲ੍ਹੇਵਾਰ ਮੁਕਾਬਲੇ ਵੀ ਕਰਵਾਏ ਜਾਣਗੇ। 
ਸਾਹਨੇਵਾਲ ਹਲਕੇ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਇਸ ਮੌਕੇ ਜਨਾਬ ਸਰਦਾਰ ਪੰਛੀ ਜੀ ਨੂੰ ਲੋਕ ਪੀੜਾਂ ਦਾ ਪੇਸ਼ਕਾਰ ਕਿਹਾ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਦੁਆ ਕੀਤੀ। ਇਸ ਮੌਕੇ ਅਮਰੀਕਾ ਤੋਂ ਆਏ ਪਰਵਾਸੀ ਭਾਰਤੀ ਸਃ ਜਸਜੀਤ ਸਿੰਘ ਨੱਤ, ਪੰਜਾਬੀ ਕਵੀ ਜ਼ੋਰਾਵਰ ਸਿੰਘ ਪੰਛੀ, ਗੁਰਿੰਦਰਜੀਤ ਸਿੰਘ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਜਨਾਬ ਸਰਦਾਰ ਪੰਛੀ ਜੀ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ 1984 ਵਿੱਚ ਦੇਸ਼ ਭਰ ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਝੰਬੇ ਉਹ ਰਾਏ ਬਰੇਲੀ(ਯੂ ਪੀ) ਤੋਂ ਪੰਜਾਬ ਆ ਗਏ ਸਨ। “ਏਕ ਚਾਦਰ ਮੈਲੀ ਸੀ” ਤੇ “ਵਾਰਿਸ” ਫ਼ਿਲਮਾਂ ਦੇ ਕੁਝ ਗੀਤ ਲਿਖਣ ਤੋਂ ਇਲਾਵਾ ਉਹ ਹੁਣ ਤੀਕ ਹਿੰਦੀ, ਪੰਜਾਬੀ ਤੇ ਉਰਦੂ ਵਿੱਚ 34ਕਿਤਾਬਾਂ ਲਿਖ ਤੇ ਛਪਵਾ ਚੁਕੇ ਹਨ। ਹਿੰਦੀ ਵਿੱਚ ਮਜ਼ਦੂਰ ਕੀ ਪੁਕਾਰ,ਸਰੇ ਰਾਹ ਚਲਤੇ ਚਲਤੇ, ਅਨੁਕ੍ਰਿਤੀ, ਨਯਾ ਦਰਪਨ,ਕੁਰਬਾਨੀਉਂ ਕੇ ਵਾਰਿਸ, ਸ਼ਿਵਰੰਜਿਨੀ,ਜਯੋਤੀ ਕਲਸ਼ ਤੇ ਰੰਗ ਬਰੰਗੇ ਮੋਤੀ,ਉਰਦੂ ਵਿੱਚ ਸਾਂਵਲੇ ਸੂਰਜ,ਸੂਰਜ ਕੀ ਸ਼ਾਖੇਂ, ਟੁਕੜੇ ਟੁਕੜੇ ਆਈਨਾ,ਦਰਦ ਕਾ ਤਰਜ਼ੁਮਾਂ,ਅਧੂਰੇ ਬੁੱਤ,ਕਦਮ ਕਦਮ ਤਨਹਾਈ, ਨਕਸ਼ ਏ ਕਦਮ, ਪੰਛੀ ਕੀ ਪਰਵਾਜ਼, ਗੁਲਸਤਾਨੇ ਅਕੀਦਤ,ਬੋਸਤਾਨੇ ਅਕੀਦਤ, ਆਸਤਾਨੇ ਅਕੀਦਤ, ਮੇਰੀ ਨਜ਼ਰ ਮੇ ਆਪ,ਉਜਾਲੋਂ ਕੇ ਹਮਸਫ਼ਰ, ਖ਼ਾਕੇ ਰੰਗ ਔਰ ਮੈਂ, ਆਜ਼ਰ ਕੀ ਬੁੱਤਪ੍ਰਸਤੀ, ਜ਼ਾਅਫ਼ਰਾਨੀ  ਰੰਗ-ਓ-ਬੂ, ਕਹਿਕਸ਼ਾਂ ਕੇ ਰੰਗ,ਅਬ੍ਰ-ਏ-ਰਵਾਂ ਕੀ ਬਾਜ਼ਗਸ਼ਤ, ਪੰਜਾਬੀ ਵਿੱਚ ਵੰਝਲੀ ਗੇ ਸੁਰ, ਪਿੱਛੇ ਰਹੀਆਂ ਪੈੜਾਂ, ਭਰ ਵਗਦਾ ਦਰਿਆ, ਪੰਛੀ ਦੀਆਂ ਝੱਲ ਵਲੱਲੀਆਂ,ਕੁਰਬਾਨੀਆਂ ਦੇ ਵਾਰਿਸ, ਵਿਹੜਾ ਗ਼ਜ਼ਲਾਂ ਦਾ ਤੇ ਰੰਗ ਬਰੰਗੇ ਮੋਤੀ ਮਹੱਤਵਪੂਰਨ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਆਪ ਨੂੰ ਸ਼੍ਰੋਮਣੀ ਉਰਦੂ ਕਵੀ ਵਜੋਂ ਸਨਮਾਨਿਤ ਕੀਤਾ ਜਾ ਚੁਕਾ ਹੈ। ਇਸ ਮੌਕੇ ਜਨਾਬ ਸਰਦਾਰ ਪੰਛੀ ਜੀ ਨੇ ਆਪਣਾ ਚੋਣਵਾਂ ਕਲਾਮ ਵੀ ਸੁਣਾਇਆ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦਾ ਇੱਜ਼ਤ ਅਫ਼ਜ਼ਾਈ ਲਈ ਧੰਨਵਾਦ ਕੀਤਾ।

 

ਜਮਹੂਰੀ ਅਧਿਕਾਰ ਸਭਾ ਦੀ ਮੀਟਿੰਗ ਦੌਰਾਨ ਲੋਕ ਮਸਲੇ ਉਭਾਰਨ ਜਲਦੀ ਲਏ ਅਹਿਮ ਫ਼ੈਸਲੇ

ਲੁਧਿਆਣਾ , 22 ਅਕਤੂਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )  ਜਮਹੂਰੀ ਅਧਿਕਾਰ ਸਭਾ ਪੰਜਾਬ (ਜਿਲ੍ਹਾ ਲੁਧਿਆਣਾ) ਦੀ ਮੀਟਿੰਗ ਅੱਜ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਵਿੱਖੇ ਜਸਵੰਤ ਜੀਰਖ ਦੀ ਪ੍ਰਧਾਨਗੀ ‘ਚ ਹੋਈ। ਇਸ ਸਮੇਂ ਦੇਸ਼ ਦੇ ਮੌਜੂਦਾ ਹਾਲਾਤਾਂ ਉੱਪਰ ਚਰਚਾ ਦੌਰਾਨ ਸੂਬਾ ਕਮੇਟੀ ਵਿੱਚ ਪਾਸ ਹੋਏ ਨੁਕਤਿਆਂ ਦੀ ਰੌਸ਼ਨੀ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਇਹਨਾਂ ਵਿੱਚ ਮੁੱਖ ਤੌਰ ਤੇ ਦੇਸ਼ ਵਿੱਚ ਰਾਜ ਕਰਦਾ ਸ਼੍ਰੇਣੀ ਅਤੇ  ਸਿਆਸਤਦਾਨਾ ਵੱਲੋ ਦੇਸ਼ ਨੂੰ ਹਰ ਪੱਖ ਤੋਂ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਆਮ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਦਰੜੇ ਜਾਣ ਬਾਰੇ ਗੰਭੀਰਤਾ ਨਾਲ ਵਿਚਾਰਿਆ ਗਿਆ।ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਇਸ ਬਾਰੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਕੱਢੇ ਜਾ ਰਹੇ ਇਕ ਵਿਸ਼ੇਸ਼ ਹੱਥ ਪਰਚੇ ਨੂੰ ਆਮ ਲੋਕਾਂ ਤੱਕ ਲੈ ਜਾਣ ਬਾਰੇ ਪ੍ਰੋਗਰਾਮ ਤਹਿ ਕਰਨ ਲਈ ਜਾਣਕਾਰੀ ਦਿੱਤੀ ਜੋ ਕਿ 15 ਨਵੰਬਰ ਤੱਕ ਛਪਕੇ ਸਾਰੀਆਂ ਇਕਈ ਕੋਲ ਪੁੱਜ ਜਾਵੇਗਾ। ਇਸ ਬਾਰੇ ਪ੍ਰੋਗਰਾਮ ਬਣਾਉਂਦਿਆਂ ਮਨੁੱਖੀ ਅਧਿਕਾਰਾਂ ਦੇ ਦਿਨ 10 ਦਸੰਬਰ ਨੂੰ ਮੁੱਖ ਰੱਖਦੇ ਹੋਏ, ਜਿਲ੍ਹਾ ਲੁਧਿਆਣਾ ਇਕਾਈ ਵੱਲੋਂ ਲੋਕਾਂ ਦਾ ਧਿਆਨ ਦੇਸ਼ ਪ੍ਰਤੀ ਮੁੱਦਿਆਂ ਉੱਪਰ ਕੇਂਦਰਤ ਕਰਨ ਲਈ ਸਕੂਲਾਂ, ਕਾਲਜਾਂ, ਲੋਕ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਅਸਲ ਮੁੱਦਿਆਂ ਪ੍ਰਤੀ ਚੇਤਨ ਕਰਨ ਦੀ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਮਨੀਪੁਰ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਅੱਖੀਂ ਵੇਖੇ ਹਾਲ ਦਾ ਵਰਨਣ ਕਰਦਿਆਂ ਜਸਵੰਤ ਜੀਰਖ ਨੇ ਦੱਸਿਆ ਕਿ ਇਹ ਸਭ ਕੁੱਝ  ਤਹਿਸ਼ੁਦਾ ਯੋਜਨਾ ਤਹਿਤ ਸਰਕਾਰੀ ਸ਼ਹਿ ਹੇਠ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਵਾਪਰਿਆ। ਇਸੇ ਕਰਕੇ ਲੋਕਾਂ ਦੀ ਰਾਖੀ ਕਰਨ ਵਾਲੀ ਕੋਈ ਸਰਕਾਰੀ ਸ਼ਕਤੀ ਲੋਕਾਂ ਦੀ ਰੱਖਿਆ ਲਈ ਨਹੀਂ ਆਈ, ਸਗੋਂ ਮੂਕਦ੍ਰਸ਼ਕ ਬਣਕੇ ਸਾੜਫੂਕ ਕਰਨ ਵਾਲਿਆਂ ਦੇ ਪੱਖ ਵਿੱਚ ਭੁਗਤੀ।
ਮੀਟਿੰਗ ਦੌਰਾਨ ਤਹਿ ਕੀਤਾ ਗਿਆ ਕਿ ਚੋਣਾਂ ਵਿੱਚ  ਵਰਤੀਆਂ ਜਾਂਦੀਆਂ ਮਸ਼ੀਨਾਂ (ਈ ਵੀ ਐਮ) ਰਾਹੀਂ ਹੋ ਰਹੀਆਂ ਬੇ ਨਿਯਮੀਆਂ ਬਾਰੇ ਲੋਕਾਂ ਵਿੱਚ ਜਾਂਗ੍ਰਤੀ ਪੈਦਾ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ 29 ਅਕਤੂਬਰ ਨੂੰ ਕਰਵਾਇਆ ਜਾਵੇ । ਇਹ ਸੈਮੀਨਾਰ ਜਮਹੂਰੀ ਅਧਿਕਾਰ ਸਭਾ ਅਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਸਹਿਯੋਗ ਨਾਲ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿੱਚ ਕੀਤਾ ਜਾਵੇਗਾ । ਇਸ ਵਿੱਚ ਡਾ ਬਲਵਿੰਦਰ ਸਿੰਘ ਔਲਖ ਇਸ ਮਸ਼ੀਨ ਦੀ ਸਮੁੱਚੀ ਭੂਮਿਕਾ ਬਾਰੇ ਜਾਣਕਾਰੀ ਦੇਣਗੇ। ਸਭਾ ਦੇ ਸੂਬਾ ਇਜਲਾਸ ਲਈ ਜ਼ਿਲ੍ਹਿਆਂ ਦੀਆਂ ਮੈਂਬਰਸ਼ਿਪਾਂ ਅਤੇ ਚੋਣਾਂ ਕਰਨ ਸਮੇਤ ਸਭਾ ਦੇ ਐਲਨਨਾਮੇਂ ਵਿੱਚ ਲੋੜੀਂਦੀਆਂ ਸੋਧਾਂ ਕਰਨ ਬਾਰੇ ਵੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਗਰਾਮ ਤਹਿ ਕੀਤਾ ਗਿਆ। ਮੀਟਿੰਗ ਵਿੱਚ ਪ੍ਰੋ ਏ ਕੇ ਮਲੇਰੀ, ਡਾ ਹਰਬੰਸ ਗਰੇਵਾਲ, ਐਡਵੋਕੇਟ ਹਰਪ੍ਰੀਤ ਜੀਰਖ, ਮਾ ਪ੍ਰਮਜੀਤ ਪਨੇਸਰ, ਪ੍ਰਿੰਸੀਪਲ ਅਜਮੇਰ ਦਾਖਾ, ਪ੍ਰਮਜੀਤ ਸਿੰਘ ਕੈਸ਼ੀਅਰ, ਰਾਕੇਸ਼ ਆਜ਼ਾਦ, ਕਰਤਾਰ ਸਿੰਘ ਸ਼ਾਮਲ ਸਨ।

ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਦੀ ਯਾਦ ‘ਚ ਬੱਦੋਵਾਲ ਸਮਾਗਮ ‘ਚ ਗੂੰਜਿਆ ਦੇਸ਼ ਭਗਤਾਂ ਦੇ ਅਧੂਰੇ ਕਾਰਜ ਪੂਰੇ ਕਰਨ ਦਾ ਹੋਕਾ

ਮੁੱਲਾਂਪੁਰ ਦਾਖਾ 20 ਅਕਤੂਬਰ (ਸਤਵਿੰਦਰ ਸਿੰਘ ਗਿੱਲ) ਗਦਰੀ ਬਾਬਾ ਹਰੀ ਸਿੰਘ ਉਸਮਾਨ ਕੋਮਾਗਾਟਾਮਾਰੂ ਯਾਦਗਾਰ ਕਮੇਟੀ ਬੱਦੋਵਾਲ ਵੱਲੋ ਮਹਾਨ ਗ਼ਦਰੀ ਤੇ ਅਜ਼ਾਦ ਹਿੰਦ ਫੌਜ਼ ਦੇ ਜਰਨੈਲ ਬਾਬਾ ਹਰੀ ਸਿੰਘ ਉਸਮਾਨ ਦੇ ਜਨਮ ਦਿਨ ਦੀ 144ਵੀਂ ਵਰ੍ਹੇ-ਗੰਢ੍ਹ ਮੋਕੇ ਪਿੰਡ ਬੱਦੋਵਾਲ ਦੇ ਵੱਡਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਿਸ਼ਾਲ ਦੇਸ਼ ਭਗਤ ਸਮਾਗਮ ਰਚਾਇਆ ਗਿਆ।

ਦੇਸ਼ ਭਗਤ ਸਮਾਗਮ ਦੀ ਪ੍ਰਧਾਨਗੀ ਸਰਵ ਸ਼੍ਰੀ  ਐਡਵੋਕੇਟ ਕੁਲਦੀਪ ਸਿੰਘ ਮਾਸਟਰ, ਜਸਦੇਵ ਸਿੰਘ ਲਲਤੋਂ, ਹਰਦੇਵ ਸਿੰਘ ਸੁਨੇਤ (ਤਿੰਨੇ ਕੋਮਾਗਾਟਾਮਾਰੂ ਯਾਦਗਾਰ ਕਮੇਟੀ ਜਿਲ੍ਹਾ ਲੁਧਿਆਣਾ ਦੇ ਮੈਂਬਰ), ਬਿਕਰਮ ਸਿੰਘ,  ਗੁਰਦਿਆਲ ਸਿੰਘ ਤਲਵੰਡੀ  ਅਮਰੀਕ ਸਿੰਘ ਤਲਵੰਡੀ ,,, ਦਲਜਿੰਦਰ ਸਿੰਘ ਬੂਟਾ , ਉਜਾਗਰ ਸਿੰਘ ਬੱਦੋਵਾਲ , ਸਰਪੰਚ ਜਸਪ੍ਰੀਤ ਸਿੰਘ  ਨੇ ਉਚੇਚੇ ਤੋਰ ਤੇ ਕੀਤੀ।

ਪਹਿਲ ਪ੍ਰਿਥਮੇ ਸਮੂਹ ਹਾਜਰੀਨਾ ਨੇ 2 ਮਿੰਟ ਖੜੇ ਹੋ ਕੇ ਮੌਨ ਧਾਰ ਕੇ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਸਮੇਤ ਸਮੂਹ ਦੇਸ਼ ਭਗਤ ਸ਼ਹੀਦਾਂ ਤੇ ਯੋਧਿਆਂ ਨੂੰ ਨਿੱਘੀ ਤੇ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ।

ਸੰਬੋਧਨ ਦੋਰਾਨ ਵੱਖ-ਵੱਖ ਨਾਮਵਰ ਬੁਲਾਰਿਆਂ- ਅਮਰੀਕ ਸਿੰਘ ਤਲਵੰਡੀ , ਹਰਦੇਵ ਸਿੰਘ ਸੁਨੇਤ, ਗੁਰਦੇਵ ਸਿੰਘ ਮੁਲਾਪੁਰ,  ਐਡਵੋਕੇਟ ਕੁਲਦੀਪ ਸਿੰਘ, ਢਾਡੀ ਕਮਲ ਸਿੰਘ, ਤਲਵੰਡੀ ਰਾਮ ਸਿੰਘ ਹਠੂਰ  , ਨਿਰਮਲ ਸਿੰਘ ਬਦੋਵਾਲ ਜਸਦੇਵ ਸਿੰਘ ਲਲਤੋਂ, ਹਰਦੇਵ ਸਿੰਘ ਮੁੱਲਾਂਪੁਰ,ਬਲਵਿੰਦਰ ਸਿੰਘ ਗੁੱਜਰਵਾਲ, ਜਸਵੀਰ ਕੋਰ ਜੋਧਾਂ, ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ  ਨੇ ਗਦਰੀ ਬਾਬਾ ਹਰੀ ਸਿੰਘ ਉਸਮਾਨ ਦੇ ਬਚਪਨ ਤੇ ਜੁਆਨੀ ਦੇ ਬਾਰੇ, ਕਿਸਾਨੀ ਤੇ ਫੌਜੀ ਜਿੰਦਗੀ ਬਾਰੇ, ਫਿਲਪਾਈਨ, ਅਮਰੀਕਾ, ਇੰਡੋਨੇਸ਼ੀਆ ਦੇ ਜਾਵਾ ਦੇ ਪਹਾੜੀ ਖੇਤਰਾਂ ‘ਚ   1-1-1916 ਤੋ 1-1-1938 ਤਕ ਦੇਸ਼ ਦੀ ਅਜ਼ਾਦੀ ਵਾਸਤੇ ਬਤੀਤ ਕੀਤੇ ਗੁਪਤਵਾਸ ਅਤੇ ਕਿਸਾਨੀ ਜੀਵਨ ਬਾਰੇ 1938 ਤੋ 1948 ਤਕ ਹਾਂਗਕਾਂਗ, ਪਿਨਾਂਗ, ਸਿੰਘਾਪੁਰ, ਰੰਗੂਨ ਤੇ ਬੈਂਕਾਕ ‘ਚ ਨਵੇ ਗਦਰ ਤੇ ਅਜ਼ਾਦ ਹਿੰਦ ਫੋਜ ਲਈ ਕੀਤੇ ਕਾਰਜਾ ਬਾਰੇ, ਵੱਡੇ ਪੁਤਰ ਹੈਰੀ ਦੀ ਸ਼ਹਾਦਤ  ਬਾਰੇ, 1948 ਤੋ 1969 ਤਕ ਪਿੰਡ ਬੱਦੋਵਾਲ’ਚ ਕੀਤੇ ਉਤਮ ਕਾਰਜਾਂ ਬਾਰੇ ਨਵਾ ਨਰੋਆ ਤੇ ਲੋਕ ਜਮਹੂਰੀ ਰਾਜ ਪ੍ਰਬੰਧ ਸਿਰਜਣ ਦੇ ਕਾਰਜਾਂ ਬਾਰੇ , ਦੇਸ਼ ਦੇ ਮੋਜੂਦਾ ਹਾਲਾਤ ਬਾਰੇ ਵੱਖ-ਵੱਖ ਪੱਖਾਂ ਤੋ ਭਰਵਾਂ ਤੇ ਕੀਮਤੀ ਚਾਨਣਾ ਪਾਇਆ। ਅੰਤ ‘ਚ ਉਜਾਗਰ ਸਿੰਘ ਬੱਦੋਵਾਲ ਨੇ ਸਮੂਹ ਹਾਜਰੀਨਾ ਦਾ ਤਹਿ ਦਿਲੋ ਧੰਨਵਾਦ ਕਰਦਿਆਂ,  ਮਹਾਨ ਦੇਸ਼ ਭਗਤਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਲੋਕ ਲਹਿਰ ਤੇਜ਼ ਕਰਨ ਦਾ ਸੰਗਰਾਮੀ ਸੱਦਾ ਦਿਤਾ।ਅੱਜ ਦੇ ਸਮਾਗਮ ਵਿੱਚ ਹੋਰਨਾ ਤੋ ਇਲਾਵਾ- ਸੁਖਦੇਵ ਸਿੰਘ ਕਿਲਾ ਰਾਏਪੁਰ, ਉਜਾਗਰ ਸਿੰਘ ਲਲਤੋ, ਜ਼ੋਰਾ ਸਿੰਘ ਪ੍ਰਧਾਨ, ਰਜਿੰਦਰ ਸਿੰਘ ਪੈਨਸ਼ਨਰ ਆਗੂ, ਨਿਰਮਲ ਸਿੰਘ, ਬੂਟਾ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ ਮਜਦੂਰ ਆਗੂ, ਜਸਵੀਰ ਸਿੰਘ, ਮੇਵਾ ਸਿੰਘ ਨੰਬਰਦਾਰ (ਸਾਰੇ ਬੱਦੋਵਾਲ) ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

45ਵਾਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲਾ 20 ਅਕਤੂਬਰ ਨੂੰ ਪੰਜਾਬੀ ਭਵਨ ਲੁਧਿਆਣਾ ਚ ਲੱਗੇਗਾ— ਪਰਗਟ ਸਿੰਘ ਗਰੇਵਾਲ

ਉਦਘਾਟਨ ਸਵੇਰੇ 10.30 ਵਜੇ ਬੁੱਤ ਤੇ ਹਾਰ ਪਹਿਨਾ ਕੇ ਹੋਵੇਗਾ— ਲ਼ਵਲੀ

ਲੁਧਿਆਣਾ, 17 ਅਕਤੂਬਰ -(ਕੌਸ਼ਲ ਮੱਲ੍ਹਾ)-ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਵੱਲੋ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਨਾਰਥ ਜ਼ੋਨ ਕਲਚਰਲ ਸੈਟਰ ਪਟਿਆਲਾ , ਵਿਸ਼ਵ ਪੰਜਾਬੀ ਸਭਾ ਟੋਰੰਟੋ ਤੇ ਪੈਂਜ਼ੀ ਇਕਮਿੰਦਰ ਸਿੰਘ ਸੰਧੂ ਵੈੱਲਫੇਅਰ ਸੋਸਾਇਟੀ(ਰਜਿਃ)ਦੇ  ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਸਵੇਰੇ 10.30 ਵਜੇ 20 ਅਕਤੂਬਰ 2023 ਨੂੰ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਕਰਵਾਇਆ ਜਾ ਰਿਹਾ ਹੈ। 20 ਅਕਤੂਬਰ ਪ੍ਰੋਃ ਮੋਹਨ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ ਸਵੇਰੇ 10:30 ਵਜੇ ਪੰਜਾਬੀ ਭਵਨ ਦੇ ਬਾਹਰ ਲੱਗੇ ਪ੍ਰੋ: ਮੋਹਨ ਸਿੰਘ ਜੀ ਦੇ ਬੁੱਤ ਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ,ਪੰਜਾਬ ਦੇ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਮੁੱਖ ਸਰਪ੍ਰਸਤ ਡਾ: ਸ. ਸ. ਜੌਹਲ, ਸਰਬੱਤ ਦਾ ਭਲਾ ਟਰਸਟ ਦੇ ਮੁਖੀ ਡਾਃ ਸ ਪ ਸ ਉਬਰਾਏ,ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਃ ਅਰਵਿੰਦ ਢਿੱਲੋਂ,ਡਾ: ਸੁਰਭੀ ਮਲਿਕ ਆਈ ਏ ਐੱਸ ਡਿਪਟੀ ਕਮਿਸ਼ਨਰ ਲੁਧਿਆਣਾ, ਸੰਦੀਪ ਰਿਸ਼ੀ ਆਈ ਏ ਐੱਸ ਕਮਿਸ਼ਨਰ, ਮਿਉਂਸਪਲ ਕਾਰਪੋਰੇਸ਼ਨ, ਸ: ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ., ਕਮਿਸ਼ਨਰ ਪੁਲਿਸ ਲੁਧਿਆਣਾ, ਪ੍ਰੋ: ਜ਼ਿੰਦਾਂ ਪੁਰੀ (ਸਪੁੱਤਰੀ ਪ੍ਰੋ: ਮੋਹਨ ਸਿੰਘ), ਡਾ: ਸਤਬੀਰ ਸਿੰਘ ਗੋਸਲ, ਵੀ ਸੀ ਪੀਏ ਯੂ , ਡਾ: ਸੁਰਜੀਤ ਪਾਤਰ ਚੇਅਰਮੈਨ, ਪੰਜਾਬ ਆਰਟਸ ਕੌਂਸਲ ਤੇ ਡਾਃ ਲਖਵਿੰਦਰ ਸਿੰਘ ਜੌਹਲ, ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸਮੂਹ ਅਹੁਦੇਦਾਰਾਂ ਸਮੇਤ ਪੁਸ਼ਪ ਮਾਲਾਵਾਂ ਭੇਂਟ ਕਰਨਗੇ। ਇਸ ਉਪਰੰਤ ਸਵੇਰੇ 
11:00 ਵਜੇ: ਪ੍ਰੋਃ ਮੋਹਨ ਸਿੰਘ ਯਾਦਗਾਰੀ ਗੋਸ਼ਟੀ ਤੇ ਕਵੀ ਦਰਬਾਰ, ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ, ਪੰਜਾਬੀ ਭਵਨ ਵਿਖੇ ਹੋਵੇਗਾ। ਜਿਸ ਵਿੱਚ ਆਰੰਭਕ ਸ਼ਬਦ ਡਾ: ਸੁਰਜੀਤ ਪਾਤਰ ਬੋਲਣਗੇ। ਪ੍ਰੋ: ਮੋਹਨ ਸਿੰਘ ਰਚਨਾ ਦੀ ਅਜੋਕੇ ਹਾਲਾਤ ਵਿੱਚ ਸਾਰਥਕਤਾ ਬਾਰੇ ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ, ਪੰਜਾਬੀ ਸਾਹਿੱਤ ਅਕਾਡਮੀ ਤੇ ਪ੍ਰੋਃ ਮੋਹਨ ਸਿੰਘ ਮੇਲਾ: ਪੜਾਅ ਦਰ ਪੜਾਅ ਬਾਰੇ ਨਿੰਦਰ ਘੁਗਿਆਣਵੀ ਸੰਬੋਧਨ ਕਰਨਗੇ। 
ਕਵੀ ਦਰਬਾਰ ਵਿੱਚ ਚੋਣਵੇਂ ਕਵੀ ਜਨਾਬ ਸਰਦਾਰ ਪੰਛੀ,ਮਨਜੀਤ ਇੰਦਰਾ,ਦਰਸ਼ਨ ਬੁੱਟਰ, ਸੁਰਿੰਦਰ ਸਿੰਘ ਸੁੰਨੜ,ਬਲਵਿੰਦਰ ਸੰਧੂ,ਰਾਜਦੀਪ ਸਿੰਘ ਤੂਰ,ਗੁਰਚਰਨ ਕੌਰ ਕੋਚਰ, ਸੁਖਦੀਪ ਕੌਰ ਬਿਰਧਨੋ ,ਹਰਵਿੰਦਰ ਚੰਡੀਗੜ੍ਹ,ਅਜੀਤਪਾਲ, ਕਰਮਜੀਤ ਗਰੇਵਾਲ,ਮਨਦੀਪ ਕੌਰ ਭਮਰਾ,ਮਨਜਿੰਦਰ ਧਨੋਆ,ਸੁਰਜੀਤ ਜੱਜ,ਤ੍ਰੈਲੋਚਨ ਲੋਚੀ, ਕੋਮਲਦੀਪ ਕੌਰ, ਅਨਿਲ ਫ਼ਤਹਿਗੜ੍ਹ ਜੱਟਾਂ ਭਾਗ ਲੈਣਗੇ। ਮੰਚ ਸੰਚਾਲਕ ਪ੍ਰਭਜੋਤ ਸੋਹੀ ਹੋਣਗੇ। 
ਦੂਜੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਦੇ ਖੇਤੀਬਾੜੀ ਮੰਤਰੀ ਸਃ ਗੁਰਮੀਤ ਸਿੰਘ ਖੁੱਡੀਆਂ ਕਰਨਗੇ।ਪ੍ਰੋਃ ਮੋਹਨ ਸਿੰਘ ਮੇਲਾ ਸਨਮਾਨ ਸਮਾਰੋਹ 2:00 ਵਜੇ ਤੋਂ 3.00 ਵਜੇ ਤੀਕ ਹੋਵੇਗਾ ਜਿਸ ਵਿੱਚ ਸਨਮਾਨਿਤ ਸ਼ਖਸੀਅਤਾਂ
 ਮਹਿੰਦਰ ਸਿੰਘ ਦੋਸਾਂਝ ਜਗਤਪੁਰ ਜ਼ਿਲ੍ਹਾ ਨਵਾਂ ਸ਼ਹਿਰ,ਸਃ ਆਗਿਆਕਾਰ ਸਿੰਘ ਮੈਲਬੌਰਨ ਆਸਟਰੇਲੀਆ,ਗ਼ਜ਼ਲ ਗਾਇਕ ਵਿਨੋਦ ਸਹਿਗਲ ਅੰਬਾਲਾ(ਹਰਿਆਣਾ) ਉਲੰਪੀਅਨ ਅਵਨੀਤ ਕੌਰ ਸਿੱਧੂ,ਸਃ ਨਵਜੋਤ ਸਿੰਘ ਮੰਡੇਰ (ਜਰਗ) ਲੁਧਿਆਣਾ ਨੂੰ ਸਨਮਾਨਿਤ ਕੀਤਾ ਜਾਵੇਗਾ। 
ਇਸ ਉਪਰੰਤ 3.00 ਵਜੇ ਤੋਂ 4.00 ਵਜੇ ਤੀਕ ਲੋਕ ਸਾਜ਼ ਵਾਦਨ, ਕਵੀਸ਼ਰੀ, ਢਾਡੀ ਰਾਗ ਤੇ ਮਲਵਈ ਗਿੱਧਾ ਪੇਸ਼ਕਾਰੀਆਂ ਨਵਜੋਤ ਸਿੰਘ ਮੰਡੇਰ ਜਰਗ ਤੇ ਅੰਮ੍ਰਿਤਪਾਲ ਸਿੰਘ ‘ਪਾਲੀ ਖਾਦਿਮ’ (ਅਹਿਮਦਗੜ੍ਹ ਮੰਡੀ) ਦੀ ਅਗਵਾਈ ਹੇਠ ਕੀਤੀਆਂ ਜਾਣਗੀਆਂ। 4.00 ਵਜੇ ਤੋਂ 5.00 ਵਜੇ ਤੀਕ ਲੋਕ ਸੰਗੀਤ ਪੇਸ਼ਕਾਰੀਆਂ ਸੰਗੀਤਕਾਰ ਤੇਜਵੰਤ ਕਿੱਟੂ ਦੇ ਸਹਿਯੋਗ ਨਾਲ ਉਸਦੇ ਵਿਦਿਆਰਥੀਆਂ ਦੁਆਰਾ ਕੀਤੀਆਂ ਜਾਣਗੀਆਂ। 5.00 ਤੋਂ 6:00 ਵਜੇ: ਸੁਗਮ ਸੰਗੀਤ ਪੇਸ਼ਕਾਰੀਆਂ: ਗ਼ਜ਼ਲ ਗਾਇਕ ਵਿਨੋਦ ਸਹਿਗਲ ਤੇ ਡਾਃ ਸੁਖਨੈਨ ਪੰਜਾਬੀ ਤੇ ਉਰਦੂ ਗਜ਼ਲਾਂ / ਗੀਤ ਪੇਸ਼ ਕਰਨਗੇ।
ਲੋਕ ਸੰਗੀਤ ਪੇਸ਼ਕਾਰੀਆਂ- 6 ਵਜੇ ਤੋਂ 8 ਵਜੇ ਸ਼ਾਮ ਨੂੰ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਦੀ ਅਗਵਾਈ ਹੇਠ ਸਿਰਕੱਢ ਪੰਜਾਬੀ ਲੋਕ ਗਾਇਕ ਲੋਕ ਸੰਗੀਤ ਪੇਸ਼ ਕਰਨਗੇ।

ਇਸ ਮੇਲੇ ਨੂੰ ਸਃ ਇੰਦਰਜੀਤ ਸਿੰਘ ਗਰੇਵਾਲ, ਡਾਃ ਸ ਪ ਸ ਉਬਰਾਏ,ਡਾ. ਸੁਰਜੀਤ ਪਾਤਰ, ਪ੍ਰਗਟ ਸਿੰਘ ਗਰੇਵਾਲ, ਮੁਹੰਮਦ ਸਦੀਕ ਐੱਮ ਪੀ,ਸਾਧੂ ਸਿੰਘ ਗਰੇਵਾਲ, ਸ. ਗੁਰਲਾਭ ਸਿੰਘ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ(ਬਠਿੰਡਾ) ਸ. ਜਗਪਾਲ ਸਿੰਘ ਖੰਗੂੜਾ, ਸ. ਹਰਿੰਦਰ ਸਿੰਘ ਚਾਹਲ (ਆਈ ਪੀ ਐੱਸ ਰੀਟਃ), ਜਸਵੰਤ ਸਿੰਘ ਢਿੱਲੋਂ ਯੂ ਐੱਸ ਏ, ਪਿਰਥੀਪਾਲ ਸਿੰਘ ਹੇਅਰ ਬਟਾਲਾ, ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹਾਸਲ ਹੈ। ਇਹ ਜਾਣਕਾਰੀ ਅੱਜ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਦੇਖ ਰੇਖ ਹੇਠ ਤਿਆਰੀ ਕਮੇਟੀ ਦੀ ਮੀਟਿੰਗ ਉਪਰੰਤ ਸਃ ਗੁਰਨਾਮ ਸਿੰਘ ਧਾਲੀਵਾਲ ਚੇਅਰਮੈਨ,ਰਾਜੀਵ ਕੁਮਾਰ ਲਵਲੀ ਪ੍ਰਧਾਨ,ਡਾ.ਨਿਰਮਲ ਸਿੰਘ ਜੌੜਾ ਸਕੱਤਰ ਜਨਰਲ,ਅਮਰਿੰਦਰ ਸਿੰਘ ਜੱਸੋਵਾਲ ਤੇ ਡਾ. ਅਨਿਲ ਸ਼ਰਮਾ ਪੀ ਏ ਯੂ ਜਨਰਲ ਸਕੱਤਰ ਨੇ ਦਿੱਤੀ।