You are here

ਪੰਜਾਬ

“ਲੋਹੜੀ ਦੇ ਪਵਿੱਤਰ ਤਿਉਹਾਰ ਤੇ ਨਗਰ ਕੌਂਸਲ ਕਰਮਚਾਰੀਆਂ ਵਲੋਂ “ਮੇਰਾ ਸ਼ਹਿਰ-ਮੇਰਾ ਮਾਨ” ਮੁਹਿੰਮ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪ੍ਰਣ ਲਿਆ”

ਜਗਰਾਉਂ ,13 ਜਨਵਰੀ ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ )ਪੰਜਾਬ ਸਰਕਾਰ ਵਲੋਂ ਚਲਾਈ ਗਈ “ਮੇਰਾ ਸ਼ਹਿਰ-ਮੇਰਾ ਮਾਣ” ਮੁਹਿੰਮ ਤਹਿਤ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ  ਜਤਿੰਦਰ ਪਾਲ ਅਤੇ ਕਾਰਜ ਸਾਧਕ ਅਫਸਰ  ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 13/01/2023 ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਤੇ ਨਗਰ ਕੌਂਸਲ ਜਗਰਾਉਂ ਦੇ ਸਮੂਹ ਕਰਮਚਾਰੀਆਂ ਵਲੋਂ ਇੱਕਠੇ ਹੋ ਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰਣ ਲਿਆ ਗਿਆ ਅਤੇ ਦਫਤਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ  ਮਨੋਹਰ ਸਿੰਘ ਬਾਘਾ ਵਲੋਂ ਸਾਰੇ ਸਟਾਫ, ਖਾਸ ਕਰਕੇ ਸਫਾਈ ਯੋਧਿਆਂ ਸੀਵਰਮੈਨਾਂ ਅਤੇ ਸਫਾਈ ਸੇਵਕਾਂ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਕਾਰਜ ਸਾਧਕ ਅਫਸਰ ਵਲੋਂ ਸਾਰੇ ਸੀਵਰਮੈਨਾਂ ਅਤੇ ਸਫਾਈ ਸੇਵਕਾਂ ਵਲੋਂ ਸ਼ਹਿਰ ਅੰਦਰ ਨਿਰੰਤਰ ਕੀਤੇ ਜਾ ਰਹੇ ਸਫਾਈ ਦੇ ਕੰਮ ਦੀ ਸ਼ਲਾਘਾ ਕੀਤੀ ਗਈ। ਉਹਨਾਂ ਵਲੋਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਨਗਰ ਕੌਂਸਲ ਦਾ ਸਹਿਯੋਗ ਕੀਤਾ ਜਾਵੇ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਿਆ ਜਾਵੇ। ਉਹਨਾਂ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਅਤੇ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਦੇਣ ਦੀ ਬੇਨਤੀ ਵੀ ਕੀਤੀ ਗਈ।ਇਸ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਫਾਈ ਅਤੇ ਸਟਰੀਟ ਲਾਈਟ ਰਿਪੇਅਰ ਦਾ ਕੰਮ ਵੀ ਕੀਤਾ ਗਿਆ। ਇਸ ਮੌਕੇ ਤੇ ਉਕਤ ਤੋਂ ਇਲਾਵਾ ਸ੍ਰੀਮਤੀ ਸ਼ਿਖਾ ਬਿਲਡਿੰਗ ਇੰਸਪੈਕਟਰ, ਅਭੈ ਜੋਸ਼ੀ ਲੇਖਾਕਾਰ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਸ੍ਰੀਮਤੀ ਨਵਜੀਤ ਕੌਰ ਕਲਰਕ, ਅਮਰਪਾਲ ਸਿੰਘ ਕਲਰਕ, ਤਾਰਕ ਕਲਰਕ, ਹਰਦੀਪ ਢੋਲਣ, ਬੇਅੰਤ ਸਿੰਘ, ਸ੍ਰੀਮਤੀ ਸੀਮਾ ਸੀ.ਐਫ., ਅਰੁਣ ਕੁਮਾਰ, ਸ਼ਾਮ ਲਾਲ, ਰਾਜ ਕੁਮਾਰ, ਸਤੀਸ਼ ਕੁਮਾਰ, ਬ੍ਰਹਮਪਾਲ, ਸੰਤ ਰਾਮ, ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ ਗਰਚਾ, ਮੁਨੀਸ਼ ਕੁਮਾਰ, ਗੁਰਜੰਟ ਸਿੰਘ, ਨਰਿੰਦਰ ਕੁਮਾਰ, ਗੁਰਮੀਤ ਸਿੰਘ, ਮੁਕੇਸ਼ ਕੁਮਾਰ, ਵਿੱਕੀ, ਰਵੀ ਰੰਜਨ, ਵਿਸ਼ਾਲ ਟੰਡਨ, ਧਰਮਵੀਰ ਸਿੰਘ, ਪਰਮਜੀਤ ਸਿੰਘ, ਤੀਰਥ ਸਿੰਘ, ਅਮਨਦੀਪ ਸਿੰਘ, ਮੰਗਲ ਸਿੰਘ, ਬਲਵਿੰਦਰ ਸਿੰਘ ਗੋਪੀ, ਜਸਪ੍ਰੀਤ ਸਿੰਘ ਵਿੱਕੀ, ਡਿੰਪਲ, ਸੰਦੀਪ, ਰਾਜੇਸ਼ ਕੁਮਾਰ, ਸੰਜੇ ਕੁਮਾਰ, ਗੁਰਇਕਬਾਲ ਸਿੰਘ ਢਿੱਲੋਂ, ਬਲਵੀਰ ਸਿੰਘ, ਗੁਰਸੇਵਕ ਸਿੰਘ, ਸੋਨੂੰ ਆਦਿ ਹਾਜਰ ਸਨ।

ਪੀ ਸੀ ਐਸ ਅਧਿਕਾਰੀ ਇਸ ਵਾਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਕਰਨਗੇ ਕੰਮ

ਚੰਡੀਗੜ੍ਹ੍, 13 ਜਨਵਰੀ ( ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) ਪੀ ਸੀ ਐਸ ਅਧਿਕਾਰੀਆਂ ਵੱਲੋਂ ਪਿਛਲੇ ਦਿਨੀਂ ਕੀਤੀ ਸਮੂਹਿਕ ਛੁੱਟੀ ਤੋਂ ਬਾਅਦ ਆਮ ਪਬਲਿਕ ਦੇ ਕੰਮ ਪ੍ਰਭਾਵਿਤ ਹੋਏ ਸਨ। ਸੋ ਹੁਣ ਪੀ ਸੀ ਐਸ ਅਧਿਕਾਰੀ ਸਮੂਹਿਕ ਛੁੱਟੀ ਦੌਰਾਨ ਦੇ ਪੈਂਡਿੰਗ ਕੰਮਾਂ ਨੂੰ ਪੂਰੇ ਕਰਨ ਲਈ ਇਸ ਵਾਰ ਸ਼ਨਿੱਚਰਵਾਰ ਅਤੇ ਐਤਵਾਰ ਵੀ ਆਪਣੀ ਡਿਊਟੀ ‘ਤੇ ਕੰਮ ਕਰਨਗੇ। ਅਧਿਕਾਰੀਆਂ ਵੱਲੋਂ ਇਹ ਫੈਸਲਾ ਮੀਟਿੰਗ ਕਰਕੇ ਲਿਆ ਗਿਆ ਹੈ। ਜ਼ਿਕਰਯੋਗ ਹੈ ਪਿਛਲੇ ਦਿਨੀ ਪੰਜਾਬ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਵਿਚ ਪੀ ਸੀ ਐਸ ਅਧਿਕਾਰੀਆਂ ਨੇ ਕਿਹਾ ਸੀ ਕਿ ਬਕਾਇਆ ਕੰਮ ਨੂੰ ਪੂਰਾ ਕਰਨ ਲਈ ਉਹ ਸ਼ਨੀਵਾਰ ਅਤੇ ਐਤਵਾਰ ਵੀ ਕੰਮ ਕਰ ਕੇ ਪੂਰਾ ਕਰਨਗੇ।

ਲੋਹੜੀ ਦਾ ਤਿਉਹਾਰ ਪੰਜਾਬ ਵਾਸੀਆਂ  ਲਈ ਪਰਵਾਰਿਕ ਸਾਝਾ ਪਉਣ ਵਾਲਾ ਪਵਿਤਰ ਦਿਹਾੜਾ -ਕੁਲਦੀਪ ਮੱਕੜ

ਲੁਧਿਆਣਾ ,13 ਜਨਵਰੀ (ਰਾਣਾ ਮੱਲ ਤੇਜੀ ) ਵਿਧਾਨ ਸਭਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਆਪਣੇ ਪਰਵਾਰ ਅਤੇ ਸਮੂਹ ਪਾਰਟੀ ਵਰਕਰਾਂ ਨਾਲ ਲੋਹੜੀ ਦਾ ਤਿਉਹਾਰ ਆਪਣੇ ਨਿਵਾਸ ਸਥਾਨ ਸਲੇਮ ਟਾਬਰੀ ਵਿਖੇ ਧੂਮ ਧਾਮ ਨਾਲ ਮਨਾਇਆ  । ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਮੱਕੜ ਨੇ ਆਪਣੇ ਸਾਥੀਆਂ ਨਾਲ ਵਿਧਾਇਕ ਬੱਗਾ ਦੇ ਨਿਵਾਸ ਸਥਾਨ ਤੇ ਜਾ ਕੇ ਲੋਹੜੀ ਦੇ ਇਸ ਪਵਿੱਤਰ ਤਿਉਹਾਰ ਦੀ ਖੁਸ਼ੀ ਸਾਝੀ ਕਰਕੇ ਵਿਧਾਇਕ ਬੱਗਾ ਅਤੇ ਉਨ੍ਹਾਂ ਦੇ ਪਰਵਾਰ ਨੂੰ ਮੁਬਾਰਕਬਾਦ ਦਿੰਦਿਆਂ  ਦੱਸਿਆ ਕਿ ਲੋਹੜੀ ਤੇ ਮਾਘੀ ਦੇ ਤਿਉਹਾਰ ਦਾ ਪੰਜਾਬ 'ਚ ਬਹੁਤ ਮਹੱਤਵ ਹੈ । ਕਿਉਂਕਿ ਲੋਹੜੀ ਦਾ ਤਿਉਹਾਰ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਦੇਸ਼ ਦਾ ਰਵਾਇਤੀ ਤਿਉਹਾਰ ਹੈ। ਅਤੇ ਅੱਜ ਸਾਡੇ ਦੇਸ਼ ਅੰਦਰ ਵੱਧ ਰਹੇ ਪੱਛਮੀ ਸਭਿਆਚਾਰ ਕਾਰਨ ਇਹ ਅਲੋਪ ਹੋ ਰਿਹਾ ਹੈ ।ਜਿਸ ਕਰਕੇ ਇਸ ਤਿਉਹਾਰ ਨੂੰ ਆਪਣੇ ਸਭਿਆਚਾਰਾਂ ਨਾਲ ਹੀ ਬਚਾਉਣ ਵੱਡੀ ਲੋੜ ਹੈ ।ਉਨ੍ਹਾਂ ਕਿਹਾ ਕਿ ਲੋਹੜੀ ਨੂੰ ਅਪਣੇ ਪਰਵਾਰਾਂ ਅਤੇ ਆਢ ਗੁਆਂਢ ਨਾਲ ਬੈਠ ਸਾਝ ਬਣਾਕੇ ਮਨਾਉਣਾ ਚਾਹੀਦਾ ਹੈ। ਜਿਸ ਕਾਰਨ ਆਪਸੀ ਪਿਆਰ ਅਤੇ ਪਰਵਾਰਿਕ ਸਾਝਾ ਕਾਇਮ ਰਹਿ ਸਕਦੀਆਂ ਹਨ  ਉਨ੍ਹਾਂ ਲੋਕਾਂ ਨੂੰ ਆਪੀਲ ਕਰਦਿਆਂ  ਕਿਹਾ ਕਿ ਲੋਹੜੀ ਤੇ ਪਤੰਗਾ ਨੂੰ ਚੜਾਉਣ ਲਈ ਜੋ ਲੋਕ ਚਾਇਨਾ ਡੋਰ ਨਾ ਵਰਤੋ ਤੋਂ ਗੁਰੇਜ ਕਰਨ ।ਕਿਉਂਕਿ ਇਸ ਡੋਰ ਨਾਲ ਬਹੁਤ ਸਾਰੀਆਂ ਪਸ਼ੂ ਪੰਛੀਆਂ ਤੇ ਇਨਸਾਨਾਂ ਦੀਆਂ ਕੀਮਤੀ ਜਾਨਾ ਦਾ ਨੁਕਸਾਨ ਹੋ ਚੁੱਕਾ। ਇਸ ਮੌਕੇ ਮੱਕੜ ਨਾਲ ਬੱਬੂ , ਸੁਰਜੀਤ ਵਰਤਿਆ , ਹਰੀ ਸਿੰਘ ਮੱਕੜ,ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਅਤੇ  ਆਗੂ ਹਾਜ਼ਰ ਸਨ।

ਸਮਾਜ ਭਲਾਈ ਕਲੱਬ (ਪੰਜਾਬ) ਦੀ ਸਲਾਨਾ ਚੋਣ ਹੋਈ

ਪਰਮਿੰਦਰ ਸਿੰਘ ਗਰੇਵਾਲ (ਠੱਕਰਵਾਲ) ਪ੍ਰਧਾਨ, ਜਗਤਾਰ ਸਿੰਘ ਪੰਡੋਰੀ ਖਜਾਨਚੀ ਅਤੇ ਗੁਰਸੇਵਕ ਸਹੋਤਾ ਜਨਰਲ ਸਕੱਤਰ ਚੁਣੇ
ਮਹਿਲ ਕਲਾਂ 13 ਜਨਵਰੀ (ਗੁਰਸੇਵਕ ਸੋਹੀ) ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਿਹਾ ਸਮਾਜ ਭਲਾਈ ਕਲੱਬ (ਪੰਜਾਬ) ਸਮਾਜ ਭਲਾਈ ਕੰਮਾਂ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕਰਦਾ ਆ ਰਿਹਾ ਹੈ। ਅੱਜ ਸਥਾਨਕ ਕਸਬਾ ਮਹਿਲ ਕਲਾਂ ਵਿਖੇ ਕਲੱਬ ਆਗੂਆਂ ਦੀ ਮੀਟਿੰਗ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਠੱਕਰਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨਵੇ ਵਰੇ ਦੀ ਆਮਦ ਤੇ ਕਲੱਬ ਆਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸਮੂਹ ਆਗੂਆਂ ਵੱਲੋਂ ਸਰਬ ਸੰਮਤੀ ਨਾਲ ਸਮਾਜ ਭਲਾਈ ਕਲੱਬ (ਪੰਜਾਬ) ਦੇ ਫਿਰ ਤੋਂ ਪ੍ਰਧਾਨ ਲਈ ਸ੍ਰ ਪਰਮਿੰਦਰ ਗਰੇਵਾਲ( ਠੱਕਰਵਾਲ) ਚੁਣਿਆ ਗਿਆ। ਇਸ ਮੌਕੇ ਡਾਇਰੈਕਟਰ ਹਰਪਾਲ ਸਿੰਘ ਪਾਲੀ ਵਜੀਦਕੇ ਨੂੰ ਸਮਾਜ ਭਲਾਈ ਕਲੱਬ (ਪੰਜਾਬ) ਚੇਅਰਮੈਨ, ਸ੍ਰ ਜਗਤਾਰ ਸਿੰਘ ਪੰਡੋਰੀ ਨੂੰ ਖਜਾਨਚੀ, ਪੱਤਰਕਾਰ ਗੁਰਸੇਵਕ ਸਿੰਘ ਸਹੋਤਾ (ਮਹਿਲ ਕਲਾਂ) ਨੂੰ ਜਨਰਲ ਸਕੱਤਰ, ਅੰਬੀ ਗਿੱਲ ਲੁਧਿਆਣਾ ਨੂੰ ਸੀਨੀਅਰ ਮੀਤ ਪ੍ਰਧਾਨ,ਏਕਮ ਸਿੰਘ ਚਹਿਲ (ਖਿਆਲੀ) ਨੂੰ ਮੀਤ ਪ੍ਰਧਾਨ,ਸਨੀ ਗਰੇਵਾਲ ਨੂੰ ਮੀਤ ਪ੍ਰਧਾਨ, ਫੌਜੀ ਸਰਬਜੀਤ ਸਿੰਘ ਨੂੰ ਤਾਲਮੇਲ ਸਕੱਤਰ ਅਤੇ ਮਨੀ ਗਰੇਵਾਲ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ, ਚੇਅਰਮੈਨ ਹਰਪਾਲ ਸਿੰਘ ਪਾਲੀ ਵਜੀਦਕੇ, ਖਜਾਨਚੀ ਸ੍ਰ ਜਗਤਾਰ ਸਿੰਘ ਪੰਡੋਰੀ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ ਨੇ ਦੱਸਿਆ ਕਿ ਸਮਾਜ ਭਲਾਈ ਕਲੱਬ (ਪੰਜਾਬ) ਲੋਕਾਂ ਦੇ ਦੁੱਖ ਦਰਦ ਨੂੰ ਸਮਝਦਾ ਹੈ। ਹਮੇਸ਼ਾ ਅੱਗੇ ਹੋ ਕੇ ਬੱਚਿਆਂ ਨੂੰ ਵਰਦੀਆਂ, ਬੂਟ, ਕਿਤਾਬਾਂ, ਲੋੜਬੰਦ ਭੈਣ ਭਰਾਵਾਂ ਨੂੰ ਰਾਸਨ ਅਤੇ ਹੋਰ ਅਨੇਕਾਂ ਸਮਾਜ ਭਲਾਈ ਕੰਮ ਨਿਰੰਤਰ ਕੀਤੇ ਜਾ ਰਹੇ ਹਨ। ਅੱਗੇ ਤੋਂ ਵੀ ਹੋਰ ਉਤਸਾਹ ਨਾਲ ਕੰਮ ਹੋਣਗੇ। ਜਿਆਦਾਤਰ ਆਹੁਦੇਦਾਰ ਕੈਨੇਡਾ ਜਾਂ ਵੱਖ ਵੱਖ ਦੇਸਾਂ ਵਿੱਚ ਜਾਣ ਕਰਕੇ ਉਹਨਾਂ ਨਵੇ ਚੁਣੇ ਆਹੁਦੇਦਾਰਾਂ ਨੂੰ ਵੀਡੀਓ ਕਾਨਫਰੰਸ ਰਾਹੀ ਵਧਾਈ ਦਿੱਤੀ। ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਲੋੜਬੰਦ ਪਰਿਵਾਰ ਨੂੰ ਰਾਸਨ, ਬੱਚਿਆਂ ਲਈ ਵਰਦੀਆ ਜਾ ਬੂਟਾ ਦੀ ਲੋੜ ਹੈ ਤਾਂ ਕਲੱਬ ਆਗੂਆਂ ਨਾਲ ਸੰਪਰਕ ਕਰ ਸਕਦਾ ਹੈ। ਜਲਦ ਹੀ ਪੂਰੇ ਪੰਜਾਬ ਵਿੱਚੋਂ ਹੋਰ ਆਹੁਦੇਦਾਰ ਸਮਾਜ ਭਲਾਈ ਕਲੱਬ ਵਿੱਚ ਸਾਮਲ ਹੋਣਗੇ। ਆਹੁਦੇਦਾਰਾਂ ਨੇ ਕਲੱਬ ਨੂੰ ਸਮੁੱਚੇ ਢੰਗ ਨਾਲ ਚਲਾਉਣ ਅਤੇ ਤਨਦੇਹੀ ਨਾਲ ਸੇਵਾ ਕਰਨ ਦਾ ਪ੍ਰਣ ਗਿਆ। ਅਖੀਰ ਕਲੱਬ ਆਹੁਦੇਦਾਰਾ ਵੱਲੋਂ ਨਵ ਨਿਯੁਕਤ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਭਾਰਤੀਯ ਅੰਬੇਡਕਰ ਮਿਸ਼ਨ ਦੀ 2023 ਲਈ ਚੌਥੀ ਸੂਚੀ ਜਾਰੀ

ਕੌਮੀ ਪ੍ਰਧਾਨ ਵੱਲੋਂ ਮਹਿਲਾ ਵਿੰਗ ਦੀ ਸੂਬਾ ਕਮੇਟੀ ਤੇ 18 ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ 

ਮਿਸ਼ਨ ਦਾ ਹਿੱਸਾ ਬਣਨ ਲਈ ਸੂਬੇ ਭਰ ਚ ਭਾਰੀ ਉਤਸ਼ਾਹ: ਦਰਸ਼ਨ ਕਾਂਗੜਾ 

 ਸੰਗਰੂਰ 13 ਜਨਵਰੀ (ਗੁਰਸੇਵਕ ਸਿੰਘ ਸੋਹੀ) ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਸਾਲ 2023 ਲਈ ਭਾਰਤੀਯ ਅੰਬੇਡਕਰ ਮਿਸ਼ਨ ਦੀ ਤੀਸਰੀ ਸੂਚੀ ਜਾਰੀ ਕਰਦਿਆਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਚੱਬੇਵਾਲ ਤੋਂ ਬਾਅਦ ਮਹਿਲਾ ਵਿੰਗ ਦੇ 13 ਸੂਬਾ ਜਨਰਲ ਸਕੱਤਰ,14 ਸੂਬਾ ਸਕੱਤਰ ਅਤੇ 18 ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ ਕੀਤੀ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਸੂਬਾ ਜਨਰਲ ਸਕੱਤਰਾਂ ਚ 1) ਜਸਵਿੰਦਰ ਕੌਰ ਬਾਗੜੀਆਂ ਚੇਅਰਪ੍ਰਸਨ ਬਲਾਕ ਸੰਮਤੀ ਮਾਲੇਰਕੋਟਲਾ, 2) ਸਰਬਜੀਤ ਕੌਰ ਸਾਬਕਾ ਚੇਅਰਪ੍ਰਸਨ ਬਲਾਕ ਸੰਮਤੀ ਬਰਨਾਲਾ, 3) ਪ੍ਰਿਯੰਕਾ ਅਨੰਦ ਲੁਧਿਆਣਾ,4) ਬੇਅੰਤ ਕੌਰ ਸੁਪਰਡੈਂਟ ਸੰਗਰੂਰ, 5) ਰਾਣੀ ਕੌਰ ਠੀਕਰੀਵਾਲ, 6) ਸੱਤਪਾਲ ਕੌਰ ਬਹਾਦਰਪੁਰ,7)  ਜਸਵਿੰਦਰ ਕੌਰ ਸੰਗਤੀਵਾਲਾ (ਦੋਵੇਂ ਮੈਂਬਰ ਬਲਾਕ ਸੰਮਤੀ)  8) ਸ਼ਾਲੂ ਭੱਟੀ ਕੌਂਸਲਰ ਪਠਾਨਕੋਟ, 9) ਚਰਨਜੀਤ ਕੌਰ ਭਦੋੜ, 10) ਜਸਵਿੰਦਰ ਕੌਰ ਰਾਮਗੜ੍ਹ ਬਰਨਾਲਾ, 11) ਬਲਵਿੰਦਰ ਕੌਰ ਸਰਪੰਚ ਝੰਜੋਵਾਲ ਹੁਸ਼ਿਆਰਪੁਰ, 12) ਹਰਵਿੰਦਰ ਕੌਰ ਕੌਂਸਲਰ ਭਵਾਨੀਗੜ੍ਹ, 13) ਪੰਮੀ ਕੌਰ ਬਾਹਮਣੀਵਾਲਾ ਸੰਗਰੂਰ ਅਤੇ ਸਕੱਤਰਾਂ ਚ 1) ਅਮਨਦੀਪ ਕੌਰ ਚੱਕ ਭਾਈ ਕਾ ਲੁਧਿਆਣਾ,2) ਗਗਨਦੀਪ ਕੌਰ ਕੋਟਭਾਰਾ ਬਠਿੰਡਾ, 3) ਸੁਖਵਿੰਦਰ ਕੌਰ ਧੂਰੀ, 4 ਹਰਜੀਤ ਕੌਰ ਪਟਿਆਲਾ, 5) ਬਬਲੀ ਸੱਭਰਵਾਲ ਸ਼੍ਰੀ ਅੰਮ੍ਰਿਤਸਰ ਸਾਹਿਬ, 6) ਬਿੰਦੋ ਕੌਰ ਮਲਵਾਲਾ ਬਠਿੰਡਾ, 7) ਜਸਮੇਲ ਕੌਰ ਬਠਿੰਡਾ, 8) ਪਿੰਕੀ ਰਾਨੀ ਸੁਨਾਮ, 9) ਪਰਮਜੀਤ ਕੌਰ ਤਾਜੋਕੇ, 10)  ਅਮਰਜੀਤ ਕੌਰ ਘੁੰਨਸ ਬਰਨਾਲਾ, 11) ਮਨਜੀਤ ਕੌਰ ਕੱਟੂ, 12) ਅੰਜੂ ਰਾਣੀ ਫ਼ਰੀਦਕੋਟ, 13 ਰਫੀਆ ਬੇਗਮ ਮਾਲੇਰਕੋਟਲਾ, 14) ਸੁਰਜੀਤ ਕੌਰ ਜੌਹਲ ਜਲੰਧਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਾਂ ਵਿੱਚ 1) ਸੁਰਿੰਦਰ ਕੌਰ ਬੁਗਰਾ (ਸੰਗਰੂਰ) 2) ਸੁਨੈਨਾ ਗਿੱਲ (ਮਾਲੇਰਕੋਟਲਾ) 3) ਪਰਮਜੀਤ ਕੌਰ ਧੌਲਾ (ਬਰਨਾਲਾ) 4) ਰਾਣੀ ਕੌਰ (ਬਠਿੰਡਾ ਸ਼ਹਿਰੀ) 5) ਗੁਰਮੇਲ ਕੌਰ  (ਬਠਿੰਡਾ ਦਿਹਾਤੀ) 6) ਰਾਣੀ ਦੇਵੀ (ਫਿਰੋਜ਼ਪੁਰ) 7) ਮਨਦੀਪ ਕੌਰ (ਮੋਗਾ) 8) ਬਲਵੀਰ ਕੌਰ (ਲੁਧਿਆਣਾ ਸ਼ਹਿਰੀ) 9) ਜੌਤੀ ਲੋਹਾਰਾ (ਲੁਧਿਆਣਾ) 10) ਰੁਪਿੰਦਰ ਕੌਰ (ਨਵਾਂ ਸ਼ਹਿਰ) 11) ਹਰਪਾਲ ਕੌਰ ਸਰਪੰਚ ਮੋਤੀਆਂ (ਹੁਸ਼ਿਆਰਪੁਰ ਦਿਹਾਤੀ) 12 ਨਵਿਤਾ ਕੁਮਾਰੀ (ਗੁਰਦਾਸਪੁਰ) 13) ਕਮਲਜੀਤ ਕੌਰ (ਐਸ ਏ ਐਸ ਨਗਰ, ਮੁਹਾਲੀ)  14) ਜਸਬੀਰ ਕੌਰ  (ਖੰਨਾ) 15) ਮਨਪ੍ਰੀਤ ਕੌਰ ਸਰਪੰਚ ਲਚਕਾਣੀ (ਪਟਿਆਲਾ ਦਿਹਾਤੀ) 16) ਰੀਨਾ ਕੁਮਾਰੀ  (ਹੁਸ਼ਿਆਰਪੁਰ ਸ਼ਹਿਰੀ) 17) ਰਾਜ ਕੁਮਾਰੀ ਦੌਲਤਪੁਰ (ਪਠਾਨਕੋਟ) ਅਤੇ 18)ਮਨਦੀਪ ਕੌਰ ਸਰਪੰਚ ਤੁਰਾਂ ਨੂੰ ਜ਼ਿਲ੍ਹਾ ਪ੍ਰਧਾਨ (ਸ਼੍ਰੀ ਫ਼ਤਹਿਗੜ੍ਹ ਸਾਹਿਬ) ਨਿਯੁਕਤ ਕੀਤਾ ਗਿਆ ।

ਧੀਆਂ ਨੂੰ ਮਿਲੇ ਵਧੀਆ ਮਾਹੌਲ ਤਾਂ ਧੀਆਂ ਸਮਾਜਿਕ ਪ੍ਰੀਵਾਰਕ ਰਾਜਨੀਤਕ ਤੌਰ ਤੇ ਕਰ ਸਕਦੀਆਂ ਹਨ ਤਰੱਕੀ - ਅਰੁਣ ਗਿਲ 

ਸਫਾਈ ਸੇਵਕ ਯੂਨੀਅਨ ਜਗਰਾਉਂ ਵੱਲੋਂ ਲੋਹੜੀ ਦਾ  ਪਵਿਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ 
    ਜਗਰਾਉਂ ,13 ਜਨਵਰੀ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ )ਸਫਾਈ ਸੇਵਕ ਯੂਨੀਅਨ ਪੰਜਾਬ ਬਰਾਂਚ ਨਗਰ ਕੌਂਸਲ ਜਗਰਾਉਂ ਵੱਲੋਂ ਲੋਹੜੀ ਦਾ ਪਵਿਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅੱਜ ਦੇ ਪਵਿੱਤਰ ਤਿਉਹਾਰ ਸਬੰਧੀ ਜਾਣਕਾਰੀ ਦਿੰਦਿਆਂ ਸਫਾਈ ਸੇਵਕ ਯੂਨੀਅਨ ਜ਼ਿਲ੍ਹਾ ਪ੍ਰਧਾਨ ਅਰੁਣ ਗਿਲ ਨੇ ਦੱਸਿਆ ਕਿ ਅੱਜ ਦੇ ਇਸ ਪਵਿੱਤਰ ਤਿਉਹਾਰ ਨੂੰ ਮਨਾਉਣ ਦਾ ਮੁੱਖ ਕਾਰਨ ਧੀਆਂ ਪ੍ਰਤੀ ਸ਼ਰਧਾ ਤੇ ਸਤਿਕਾਰ ਪੈਦਾ ਕਰਨਾ ਹੈ ਕਿਉਂਕਿ ਅੱਜ ਸਾਡੇ ਸਮਾਜ ਵਿੱਚ ਧੀਆਂ ਪ੍ਰਤੀ ਅੱਤਿਆਚਾਰ ਵੱਧ ਰਹੇ ਹਨ ਜਿਸ ਕਾਰਨ ਧੀਆਂ ਦੇ ਪੈਦਾ ਹੋਣ ਤੇ ਬਹੁਤ ਸਾਰੇ ਪ੍ਰੀਵਾਰ ਨਿਰਾਸ਼ਾ ਦੇ ਆਲਮ ਵਿੱਚ ਚਲੇ ਜਾਂਦੇ ਹਨ ਜੇਕਰ ਧੀਆਂ ਪ੍ਰਤੀ ਸਮਾਜ ਉਨਾਂ ਨੂੰ ਬਣਦਾ ਮਾਣ ਸਤਿਕਾਰ ਤੇ ਸੁਰੱਖਿਅਤ ਮਹੌਲ ਦੇਵੇਗਾ ਤਾਂ ਹਰ ਧੀ ਸਮਾਜਿਕ, ਪ੍ਰੀਵਾਰਕ ਤੇ ਰਾਜਨੀਤਕ ਤੌਰ ਤੇ ਅਹਿਮ ਰੋਲ ਅਦਾ ਕਰ ਸਕਦੀ ਹੈ ਇਸ ਲਈ ਅੱਜ ਸਮੇਂ ਦੀ ਲੋੜ ਹੈ ਧੀਆਂ ਨੂੰ ਉਤਸਾਹਿਤ ਕਰਨ ਵਾਲੇ ਪ੍ਰੋਗਰਾਮ ਤਿਉਹਾਰ ਮਨਾਏ ਜਾਣ ਉਨਾਂ ਵਲੋਂ ਸਮੂਚੇ ਸਮੂਹ ਸਟਾਫ ਨੂੰ ਨਾਲ ਲੈਕੇ ਇਸ ਪਵਿੱਤਰ ਤਿਉਹਾਰ ਨੂੰ ਇਕ ਮੰਚ ਤੇ ਇਕੱਠੇ ਹੋ ਮਨਾਉਣ ਨਾਲ ਸ਼ਹਿਰ ਅੰਦਰ ਧੀਆਂ ਪ੍ਰਤੀ ਉੱਚੀ ਤੇ ਸੁੱਚੀ ਸੋਚ ਰੱਖਣ ਵਾਲੇ ਹਰ ਇਨਸਾਨ ਨੂੰ ਧੀਆਂ ਪ੍ਰਤੀ ਅੱਗੇ ਹੋ ਕੇ ਕੰਮ ਕਰਨ ਲਈ ਉਤਸ਼ਾਹ ਮਿਲੇਗਾ ਅੱਜ ਦੇ ਲੋਹੜੀ ਦੇ ਪ੍ਰੋਗਰਾਮ ਅੰਦਰ ਕਾਰਜ ਸਾਧਕ ਅਫਸਰ ਸ਼੍ਰੀ ਮਨੋਹਰ ਸਿੰਘ ਬਾਘਾ ਜੀ ਨਗਰ ਕੌਂਸਲ ਜਗਰਾਉਂ ਅਕਾਊਟੈਂਟ ਅਭੇ ਜੋਸ਼ੀ, ਕਲਰਕ ਦਵਿੰਦਰ ਸਿੰਘ, ਨਵਦੀਪ ਕੌਰ, ਅਮਰ ਪਾਲ, ਹਰਦੀਪ ਸਿੰਘ, ਜਿਮੀ ਗਰਚਾ,, ਫਾਇਰ ਬ੍ਰਿਗੇਡ, ਇਲੈਟ੍ਰੀਸ਼ੀਅਨ, ਸੀਵਰਮੈਨ, ਸ਼ਾਮ ਲਾਲ, ਸਫਾਈ ਯੂਨੀਅਨ ਸੈਕਟਰੀ ਰਜਿੰਦਰ ਕੁਮਾਰ, ਰਾਜ ਕੁਮਾਰ, ਸਨਦੀਪ ਕੁਮਾਰ ਬਿਕਰਮ ਕੁਮਾਰ, ਆਸ਼ਾ ਰਾਣੀ, ਨੀਨਾ ਰਾਣੀ, ਕਮਲੇਸ਼, ਕੰਚਨ, ਸੁਮਨ ਰਾਣੀ ਰਾਜ ਰਾਣੀ, ਸਮੂਹ ਕਰਮਚਾਰੀ ਹਾਜਰ ਸਨ

"ਪੈਸਾ" ✍️ ਨਰਪਿੰਦਰ ਸਿੰਘ ਮੁਸਾਫ਼ਿਰ,

ਹਰ ਥਾਂ ਉਤੇ ਬਣਿਆ ਇਹ ਪ੍ਰਧਾਨ ਦੇਖਿਆ

ਮੈਂ ਪੈਸਾ ਯਾਰੋ ਬਾਹਲਾ ਹੀ ਬਲਵਾਨ ਦੇਖਿਆ

 

ਲੋੜ ਮੁਤਾਬਕ ਰਿਸ਼ਤੇ ਅੱਜਕਲ ਨਿਭਦੇ ਨੇ

ਹੋਇਆ ਮੈਂ ਖੁਦ-ਗਰਜ਼ ਬੜਾ ਇਨਸਾਨ ਦੇਖਿਆ

 

ਬੱਸ ਚਿੱਟੇ ਕੱਪੜੇ ਦੇਖ ਸਲਾਮਾਂ ਕਰਦੇ ਨੇ ਲੋਕੀ

ਨਾ ਕੱਪੜਿਆਂ ਓਹਲੇ ਬੈਠਾ ਕਿਸੇ ਹੈਵਾਨ ਦੇਖਿਆ

 

ਇਹ ਜਾਤ ਮਜ਼ਹਬ ਦੇ ਰੌਲੇ ਬਸ ਗਰੀਬਾਂ ਖਾਤਰ

ਮੈਂ ਜਾਇਦਾਦਾਂ ਨੂੰ ਹੁੰਦਾ ਕੰਨਿਆਦਾਨ ਦੇਖਿਆ

 

ਨਿੱਤ ਧਰਮ ਦਾ ਹੌਕਾ ਦਿੰਦਾ ਹੈ ਜੋ ਖਲਕਤ ਨੂੰ

ਸਿੱਕਿਆਂ ਪਿੱਛੇ ਹੁੰਦਾ ਉਹ ਬੇ-ਈਮਾਨ ਦੇਖਿਆ

 

ਢਿੱਡ ਬੰਨ ਬੰਨ ਕੇ ਪੁੱਤ ਪੜ੍ਹਾਇਆ ਮਾਪਿਆਂ ਨੇ

ਝੱਟ ਦੌਲਤ ਪਿੱਛੇ ਭੁਲਿਆ ਹਰ ਅਹਿਸਾਨ ਦੇਖਿਆ

 

ਅੰਤ ਬੇਵੱਸ ਹੋ ਕੇ ਚੇਤੇ ਕਰਦੇ ਰੱਬ ਨੂੰ ਮੇਰੇ ਵਰਗੇ

ਉਂਝ ਜੀਭ ਤੇ ਬੈਠਾ ਸੁਬਹ ਸ਼ਾਮ ਸ਼ੈਤਾਨ ਦੇਖਿਆ

 

ਇਹ ਕੋਠੀਆਂ ਕਾਰਾਂ ਛੱਡ ਕੇ "ਮੁਸਾਫ਼ਿਰ" ਤੁਰ ਜਾਣਾ

ਕੁੱਝ ਨਾਲ ਲੈ ਜਾਂਦਾ ਕੋਈ ਨਾ ਖੱਬੀਖਾਨ ਦੇਖਿਆ

 

ਨਰਪਿੰਦਰ ਸਿੰਘ ਮੁਸਾਫ਼ਿਰ,ਖਰੜ

ਨੌਜਵਾਨ ਵਰਗ ਬਦਲ ਸਕਦਾ ਹੈ ਦੇਸ਼ ਦੀ ਦਿਸ਼ਾ ਅਤੇ ਦਸ਼ਾ "✍️ ਕੁਲਦੀਪ ਸਿੰਘ ਰਾਮਨਗਰ

 

ਦੇਸ਼ ਭਰ 'ਚ ਹਰ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਦੇਸ਼ ਦੀ ਅਜ਼ਾਦੀ ਦੀ ਲੜਾਈ ਤੋਂ ਲੈ ਕੇ ਹੋਰ ਬਹੁਤ ਸਾਰੇ ਸੰਘਰਸ਼ਾਂ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਰਿਹਾ ਹੈ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉਥੋ ਦੇ ਨੌਜਵਾਨਾਂ ਦੇ ਚਿਹਰਿਆ ਤੋਂ ਸਹਿਜੇ ਹੀ ਪੜੀ ਜਾ ਸਕਦੀ ਹੈ। ਨੌਜਵਾਨ ਇਕ ਇਹੋ ਜਿਹਾ ਵਰਗ ਹੈ, ਜਿਸ ਤੋਂ ਬਿਨਾਂ ਕਿਸੇ ਦੇਸ਼ ਜਾਂ ਸੂਬੇ ਦੀ ਸੱਤਾ ਤਬਦੀਲੀ ਨਹੀਂ ਹੋ ਸਕਦੀ ਪਰ ਅੱਜ ਜੇ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਇਥੋਂ ਦਾ ਨੌਜਵਾਨ ਦੂਜੇ ਦੇਸ਼ਾਂ ਵੱਲ ਜਾਣ ਲਈ ਜਦੋ ਜਹਿਦ ਕਰ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਿਸਟਮ ਦਾ ਸਹੀ ਨਾ ਹੋਣਾ, ਨੌਜਵਾਨਾਂ ਨੂੰ ਰੁਜ਼ਗਾਰ ਦੀ ਸਮੱਸਿਆ, ਭ੍ਰਿਸ਼ਟਾਚਾਰ ਆਦਿ। ਪਾਰਟੀਆਂ ਵਲੋਂ ਕਈ ਤਰ੍ਹਾਂ ਦੇ ਵਾਅਦੇ ਜ਼ਰੂਰ ਕੀਤੇ ਜਾਂਦੇ ਹਨ ਪਰ ਕੋਈ ਠੋਸ ਨੀਤੀ ਨਹੀਂ ਬਣਾਈ ਜਾਂਦੀ। ਜਦੋਂਕਿ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਹੁਣ ਵੀ ਹੈ ਪਰ ਸੋਨੇ ਦੀ ਖਾਣ ਵਿੱਚੋ ਕਿਸੇ ਸਰਕਾਰ ਨੇ ਸੋਨਾ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਆਸਤ ਹਮੇਸ਼ਾ ਸਿਰਫ਼ ਧਨਾਢ ਲੋਕਾਂ ਤੱਕ ਹੀ ਸੀਮਤ ਰਹੀ ਹੈ। ਪਾਰਟੀਆਂ ਅਤੇ ਰਾਜਨੀਤਕ ਲੋਕਾਂ ਵਲੋਂ ਵੱਡੇ-ਵੱਡੇ ਲੋਕਾਂ ਅਤੇ ਕੰਪਨੀਆਂ ਤੋਂ ਪਾਰਟੀ ਫੰਡ ਲੈਕੇ ਚੋਣਾਂ ਜਿੱਤੀਆਂ ਜਾਦੀਆ ਹਨ ਅਤੇ ਬਾਅਦ ’ਚ ਉਨ੍ਹਾਂ ਮੁਤਾਬਕ ਕੰਮ ਕੀਤੇ ਜਾਂਦੇ ਹਨ ਜਿਸ ਕਰਕੇ ਰਾਜਨੀਤੀ ਸਮਾਜ ਸੇਵਾ ਦੀ ਬਜਾਏ ਇੱਕ ਬਿਜਿਨਸ ਬਣ ਚੁੱਕਾ ਹੈ ਇਥੋਂ ਤੱਕ ਕਿ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਵੀ ਵੇਚੇ ਤੇ ਖਰੀਦੇ ਜਾਂਦੇ ਹਨ ਰਾਜਨੀਤੀ ਪੈਸੇ ਅਤੇ ਧਨਾਢ ਲੋਕਾਂ ਦੇ ਦੁਆਲੇ ਘੁੰਮਦੀ ਘੁੰਮਦੀ ਗਰੀਬਾ, ਨੌਜਵਾਨਾਂ ਅਤੇ ਦੇਸ਼ ਦੀਆਂ ਹੋਰ ਸਮੱਸਿਆਵਾਂ ਤੱਕ ਪਹੁੰਚਦੇ ਪਹੁੰਚਦੇ ਦਮ ਤੋੜ ਜਾਂਦੀ ਹੈ। ਜਿਨ੍ਹਾਂ ’ਚੋਂ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਵੀ ਸਮੱਸਿਆ ਹੈ। ਲੇਬਰ ਬਿਊਰੋ ਅੰਕੜਿਆਂ ਅਨੁਸਾਰ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਬੇਰੁਜ਼ਗਾਰਾਂ ਦਾ ਦੇਸ਼ ਬਣ ਚੁੱਕਿਆ ਹੈ। ਦੇਸ਼ ਵਿੱਚ ਨੌਕਰੀਆਂ ਦਿਨ-ਬ-ਦਿਨ ਘੱਟ ਰਹੀਆਂ ਹਨ, ਸਵੈ-ਰੁਜ਼ਗਾਰ ਦੇ ਮੌਕੇ ਦੇਸ਼ ਦੇ ਨੌਜਵਾਨਾਂ ਨੂੰ ਮਿਲ ਨਹੀਂ ਰਹੇ। ਭਾਰਤ ਦੁਨੀਆਂ ’ਚ ਅਬਾਦੀ ’ਚ ਦੂਜਾ ਵੱਡਾ ਦੇਸ਼ ਹੈ। ਦੇਸ਼ ਦੀ 65 ਫ਼ੀਸਦੀ ਅਬਾਦੀ ਦੀ ਔਸਤ ਉਮਰ 35 ਸਾਲ ਹੈ। ਭਾਵ ਭਾਰਤ ’ਚ ਨੌਜਵਾਨ ਕਾਮਾ ਸ਼ਕਤੀ, ਦੁਨੀਆ ਦੇ ਕਿਸੇ ਦੇਸ਼ ਨਾਲੋਂ ਵੱਡੀ ਹੈ ਪਰ ਇਸ ਕਾਮਾ ਸ਼ਕਤੀ ਕੋਲ ਰੁਜ਼ਗਾਰ ਜਾਂ ਇੱਛਤ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਦੀ ਘਾਟ ਹੈ, ਜੋ ਵੱਡੀ ਨਿਰਾਸ਼ਾ ਦਾ ਕਾਰਨ ਹੈ। ਕਈ ਹਾਲਤਾਂ ਵਿੱਚ ਉਸਨੂੰ ਪ੍ਰਵਾਸ ਹੰਢਾਉਣ ਲਈ ਮਜ਼ਬੂਰ ਕਰ ਰਹੀ ਹੈ ਜਾਂ ਫਿਰ ਉਸਨੂੰ ਅੱਤਵਾਦੀ ਸਰਗਰਮੀਆਂ, ਸਮਾਜ ਵਿਰੋਧੀ ਅਨਸਰਾਂ ਵੱਲ ਪ੍ਰੇਰਿਤ ਕਰਦੀ ਹੈ। ਦੇਸ਼ ਦਾ ਨੌਜਵਾਨ ਇਸ ਸਮੇਂ ਨਿਰਾਸ਼ ਹੈ। ਇਸ ਨਿਰਾਸ਼ਤਾ ਕਾਰਨ ਉਹ ਆਪਣੇ ਸਰਵਜਨਕ ਜੀਵਨ ਵਿੱਚ ਸੁਤੰਤਰ ਫ਼ੈਸਲੇ ਨਹੀਂ ਲੈ ਪਾ ਰਿਹਾ। ਉਸਦੇ ਜੀਵਨ ਵਿੱਚ ਭਟਕਾਅ ਅਤੇ ਅਸੰਤੁਲਿਨ ਵੇਖਿਆ ਜਾਣ ਲੱਗਾ ਹੈ। ਉਸਦੇ ਮਨ ‘ਚ ਪੈਦਾ ਹੋ ਰਹੇ ਨਾਕਾਰਤਮਕ ਵਿਚਾਰ, ਕ੍ਰੋਧ ਅਤੇ ਤਨਾਅ ਉਸਦੇ ਵਿਅਕਤੀਤਵ ’ਤੇ ਬੁਰਾ ਪ੍ਰਭਾਵ ਛੱਡ ਰਹੇ ਹਨ। ਉਹ ਆਪਣੇ ਸਭਿਆਚਾਰ, ਸਮਾਜਿਕ ਮੁਲਾਂ ਅਤੇ ਪ੍ਰੰਪਰਾਵਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਸਮੇਂ ਵਿਗੜੀ ਅਰਥ ਵਿਵਸਥਾ ਨੂੰ ਥਾਂ-ਸਿਰ ਲਿਆਉਣ ਲਈ ਵੱਡੇ ਕਦਮ ਪੁੱਟਣ ਦੀ ਲੋੜ ਹੈ ਪਰ ਇਸ ਤੋਂ ਵੀ ਵੱਡੀ ਲੋੜ ਸਥਾਨਕ ਪੱਧਰ ‘ਤੇ ਅਸਥਾਈ ਅਤੇ ਸਥਾਈ ਰੁਜ਼ਗਾਰ ਸਿਰਜਨ ਦੀ ਹੈ। ਇਸ ਵਾਸਤੇ ਭਾਰਤ ਨੂੰ ਆਪਣੀਆਂ ਨੀਤੀਆਂ ਵਿੱਚ ਵੱਡਾ ਬਦਲਾਅ ਕਰਨਾ ਹੋਏਗਾ ਅਤੇ ਨਾ-ਬਰਾਬਰੀ ਵਾਲੇ, ਲੋਕਾਂ ਦੀ ਲੁੱਟ-ਖਸੁੱਟ ਵਾਲੇ ਅਰਥਚਾਰੇ ਨੂੰ ਕਾਬੂ ਕਰਨਾ ਹੋਵੇਗਾ। ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਠੋਸ ਨੀਤੀਆਂ ਲਿਆਉਣ ਦੀ ਲੋੜ ਹੈ, ਕਿਉਂਕਿ ਜਿਸ ਦੇਸ਼ ਦਾ ਨੌਜਵਾਨ ਵਰਗ ਨਿਰਾਸ਼ ਹੈ ਤਾਂ ਉਸ ਦੇਸ਼ ਦੇ ਵਿਕਾਸ ਵਿਚ ਤੇਜ਼ੀ ਆਉਣੀ ਨਾ ਮੁਮਕਿਨ ਹੈ।  ਜੇੇਕਰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਦੇ ਵਿਕਾਸ ਕਰਨ ਦੀ ਵਜਾਏ ਉਨ੍ਹਾਂ ਦੀ ਉਰਜਾ ਆਪਣੇ ਦੇਸ਼ ਵਿਚ ਲਾਉਣਾ ਚਾਹੁੰਦੇ ਹਾਂ ਤਾਂ ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਸਾਧਨਾ ਤੇ ਗੰਭੀਰ ਚਰਚਾ ਕਰਨ ਦੀ ਲੋੜ ਹੈ ਤਾਂ ਹੀ ਸਾਨੂੰ ਨੌਜਵਾਨ ਦਿਵਸ ਮਨਾਉਣ ਦਾ ਫ਼ਾਇਦਾ ਹੈ ਇਸ ਦੇ ਨਾਲ ਹੀ ਨੌਜਵਾਨ ਵਰਗ ਨੂੰ ਚੰਗੀ ਰਾਜਨੀਤੀ ਵਿੱਚ ਰੁਚੀ ਵਧਾਉਣ ਦੀ ਲੋੜ ਹੈ ਜਿਸ ਦਿਨ ਸਾਡੇ ਨੌਜਵਾਨ ਰਾਜਨੀਤੀ ਸਮਝਣ ਸਮਝਣ ਲੱਗ ਪਏ ਤਾਂ ਅਖੌਤੀ, ਅਤੇ ਭ੍ਰਿਸ਼ਟ ਲੀਡਰਾ ਨੂੰ ਰਾਜਨੀਤੀ ਕਰਨੀ ਇਨੀ ਆਸਾਨ ਨਹੀਂ ਹੋਵੇਗੀ। ਸ਼ਹੀਦਾਂ ਦੇ ਸੁਪਨਿਆਂ ਦੇ ਲੋਕਤੰਤਰ ਦੀ ਬਹਾਲੀ, ਦੇਸ਼ ਦੇ ਨਿਰਮਾਣ, ਵਿਕਾਸ, ਅਤੇ ਸਾਫ ਸੁਥਰੀ ਰਾਜਨੀਤੀ ਲਈ ਨੌਜਵਾਨ ਪੀੜ੍ਹੀ ਦਾ ਯੋਗਦਾਨ ਬੜੀ ਅਹਿਮੀਅਤ ਰੱਖਦਾ ਹੈ।

ਕੁਲਦੀਪ ਸਿੰਘ ਰਾਮਨਗਰ
9417990040

 ਗ਼ਜ਼ਲ ✍️ ਅੰਜੂ ਸਾਨਿਆਲ

   

 

ਮਨ੍ਹਾਂ  ਹੋ ਰਹੀ ਹੈ ਵਹੀ ਆਰਜ਼ੂ ।

ਤਮਾਂ ਹੋ ਰਹੀ ਹੈ, ਵਹੀ ਆਰਜ਼ੂ ।

 

ਮੁਹੱਬਤ ਜਵਾਂ ਹੈ ਜਵਾਂ ਬੇਖ਼ੁਦੀ, 

ਬਿਆਂ ਹੋ ਰਹੀ ਹੈ, ਵਹੀ ਆਰਜ਼ੂ।

 

ਹੈ ਤੇਰੀ ਵੀ ਖਾਹਿਸ਼ ਜੋ ਚਾਹਤ ਮੇਰੀ ,

ਰਵਾਂ ਹੋ ਰਹੀ ਹੈ, ਵਹੀ ਆਰਜ਼ੂ।

 

ਕਹਾਂ ਥੀ ਕਹਾਂ ਹੈ ਵੋ ਉਲਫ਼ਤ ਤੇਰੀ,

ਕਹਾਂ ਹੋ ਰਹੀ ਹੈ, ਵਹੀ ਆਰਜ਼ੂ।

 

ਪਿਘਲਤੇ ਪਿਘਲਤੇ ਖ਼ਤਮ ਹੋ ਰਹੀ, 

ਸ਼ਮਾਂ ਹੋ ਰਹੀ ਹੈ, ਵਹੀ ਆਰਜ਼ੂ।

 

ਯੇ ਗਾਓਂ ਕੀ ਗੁਡੀਆ ਕੋ ਦੇਖੋ ਜ਼ਰਾ, 

ਜਹਾਂ ਹੋ ਰਹੀ ਹੈ, ਵਹੀ ਆਰਜ਼ੂ।

 

ਐ 'ਅੰਜੂ' ਤੇਰੀ ਭੀ ਕਹਾਨੀ ਅਜਬ,

ਅਯਾਂ ਹੋ ਰਹੀ ਹੈ, ਵਹੀ ਆਰਜ਼ੂ।

 

ਅੰਜੂ ਸਾਨਿਆਲ 

ਹਿਆਉਂ ਨ ਕੈਹੀ ਠਾਹਿ ✍️ ਮਨਜੀਤ ਕੌਰ ਧੀਮਾਨ

ਮਹਾਨ ਸੂਫ਼ੀ ਸੰਤ ਕਵੀ ਸ਼ੇਖ ਫ਼ਰੀਦ ਜੀ ਉਪਰੋਕਤ ਕਥਨ ਰਾਹੀਂ ਇਹ ਸੁਨੇਹਾ ਦਿੰਦੇ ਹਨ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਫ਼ਰੀਦ ਜੀ ਅਨੁਸਾਰ ਸੱਭਨਾਂ ਦੇ ਦਿਲਾਂ ਵਿੱਚ ਉਹ ਸੱਚਾ ਪਰਮਾਤਮਾ ਵਾਸ ਕਰਦਾ ਹੈ ਤੇ ਜੇਕਰ ਅਸੀਂ ਕਿਸੇ ਦਾ ਵੀ ਦਿਲ ਦੁਖਾਉਂਦੇ ਹਾਂ ਤਾਂ ਅਸੀਂ ਉਸ ਪਰਮਾਤਮਾ ਦਾ ਦਿਲ ਦੁਖਾਉਂਦੇ ਹਾਂ।

                 ਜੇਕਰ ਅਸੀਂ ਇਹਨਾਂ ਮਹਾਨ ਸੰਤਾਂ ਦੀਆਂ ਗੱਲਾਂ ਤੇ ਅਮਲ ਕਰੀਏ ਤਾਂ ਸਾਡੀ ਜ਼ਿਦੰਗੀ ਵਿੱਚ ਕੋਈ ਕਮੀ ਨਹੀਂ ਰਹਿ ਜਾਏਗੀ। ਪਰ ਨਹੀਂ, ਅਸੀਂ ਤਾਂ ਸਿਰਫ਼ ਇਹਨਾਂ ਨੂੰ ਮੱਥੇ ਟੇਕਣੇ ਹਨ। ਇਹਨਾਂ ਦੀਆਂ ਫੋਟੋਆਂ ਤੇ ਹਾਰ ਪਾ ਕੇ ਬੱਸ ਇਹਨਾਂ ਨੂੰ ਪੂਜੀ ਜਾਣਾ ਹੈ। ਇਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਅਸੀਂ ਜ਼ਰੂਰੀ ਨਹੀਂ ਸਮਝਦੇ। ਸਾਡਾ ਫ਼ਰਜ਼ ਤਾਂ ਮੱਥੇ ਟੇਕਣ ਨਾਲ਼ ਹੀ ਪੂਰਾ ਹੋ ਜਾਂਦਾ ਹੈ।

                ਹੁਣ ਗੱਲ ਕਰਦੇ ਹਾਂ ਬਾਬਾ ਫ਼ਰੀਦ ਜੀ ਦੇ ਕਹੇ ਸ਼ਬਦ ਦੀ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਅਕਸਰ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਲੋਕਾਂ ਦਾ ਦਿਲ ਦੁੱਖਾ ਦਿੰਦੇ ਹਾਂ। ਅਨਜਾਣੇ ਵਿੱਚ ਤਾਂ ਮੰਨਿਆ ਪਰ ਜੇਕਰ ਜਾਣ ਬੁੱਝ ਕੇ ਅਸੀਂ ਕਿਸੇ ਦਾ ਦਿਲ ਦੁਖਾਉਂਦੇ ਹਾਂ ਤਾਂ ਇਹ ਬਹੁਤ ਬੁਰੀ ਗੱਲ ਹੈ। ਅਸੀਂ ਜਿੰਨੇ ਮਰਜ਼ੀ ਧਰਮ-ਕਰਮ ਕਰ ਲਈਏ ਪਰ ਜੇ ਕਿਸੇ ਦਾ ਦਿਲ ਦੁੱਖਾ ਦਿੱਤਾ ਤਾਂ ਸੱਭ ਵਿਅਰਥ ਹੈ।

                ਪਤੀ-ਪਤਨੀ ਵਿੱਚ ਵੀ ਅਕਸਰ ਕਿਹਾ-ਸੁਣੀ ਹੁੰਦੀ ਰਹਿੰਦੀ ਹੈ। ਪਰ ਦੋਵਾਂ ਵਿੱਚ ਇੱਕ ਪਿਆਰ ਵਾਲ਼ੀ ਸਾਂਝ ਬਣੀ ਹੁੰਦੀ ਹੈ ਜਿਸ ਕਰਕੇ ਉਹ ਇੱਕ- ਦੂਜੇ ਨਾਲ ਜੁੜੇ ਰਹਿੰਦੇ ਹਨ। ਪਰ ਕਈ ਵਾਰ ਪਤੀ-ਪਤਨੀ ਇੱਕ-ਦੂਜੇ ਨੂੰ ਇਹੋ ਜਿਹੇ ਮਿਹਣੇ- ਤਾਹਨੇ ਮਾਰਦੇ ਹਨ ਕਿ ਦਿਲੋਂ ਉੱਤਰ ਜਾਂਦੇ ਹਨ। ਫ਼ੇਰ ਚਾਹੇ 'ਕੱਠੇ ਰਹਿਣ ਦੀ ਮਜ਼ਬੂਰੀ ਹੋਵੇ ਪਰ ਅੰਦਰੋਂ ਪਿਆਰ ਖਤਮ ਹੋ ਜਾਂਦਾ ਹੈ। ਇਸ ਤੋਂ ਚੰਗਾ ਕਿ ਗ਼ੁੱਸੇ ਦੇ ਵਕਤ ਥੋੜਾ ਰੁੱਕ ਜਾਓ। ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਆਪਣੇ ਰਿਸ਼ਤੇ ਨਾ ਵਿਗਾੜੋ।

                 ਇਸੇ ਤਰ੍ਹਾਂ ਕਦੇ- ਕਦੇ ਭੈਣ-ਭਰਾਵਾਂ ਵਿੱਚ ਵੀ ਅਣਬਣ ਹੋ ਜਾਂਦੀ ਹੈ। ਛੋਟੀਆਂ- ਛੋਟੀਆਂ ਗੱਲਾਂ ਤੋਂ ਵੱਡਾ ਬਤੰਗੜ ਬਣ ਜਾਂਦਾ ਹੈ। ਫ਼ੇਰ ਸ਼ੁਰੂ ਹੁੰਦਾ ਹੈ ਇੱਕ-ਦੂਜੇ ਦੇ ਦਿਲਾਂ ਨੂੰ ਦੁਖਾਉਣ ਦਾ ਸਿਲਸਿਲਾ।ਹਰ ਕੋਈ ਇਹੋ ਜਿਹੀਆ ਚੁੱਭਵੀਆਂ ਗੱਲਾਂ ਕਰਦਾ ਹੈ ਕਿ ਅਗਲੇ ਦੇ ਅੰਦਰ ਬੱਸ ਭਾਂਬੜ ਮਚ ਜਾਣ। ਫਿਰ ਉਹ ਆਪਣੀ ਤੱਸਲੀ ਲਈ ਚੰਗੀ ਤਰ੍ਹਾਂ ਬਦਲਾ ਲੈਂਦਾ ਹੈ। ਬੱਸ ਇੰਝ ਹੀ ਚੱਲਦਾ ਰਹਿੰਦਾ ਹੈ ਤੇ ਅਸੀਂ ਭੁੱਲੇ ਰਹਿੰਦੇ ਹਾਂ।

                   ਹੁਣ ਇਸੇ ਤਰ੍ਹਾਂ ਹੁੰਦਾ ਹੈ ਦਫ਼ਤਰਾਂ ਜਾਂ ਕੰਮ ਕਾਜ਼ ਵਾਲੀਆਂ ਥਾਵਾਂ ਤੇ। ਜੇ ਕੋਈ ਮਜ਼ਦੂਰ ਜਾਂ ਵਰਕਰ ਰਤਾਂ ਕੁ ਦੇਰ ਨਾਲ ਪਹੁੰਚੇ ਤਾਂ ਬੌਸ ਨੂੰ ਗੱਲਾਂ ਸੁਣਾਉਣ ਦਾ ਮੌਕਾ ਮਿਲ ਜਾਂਦਾ ਹੈ। ਫਿਰ ਵਰਕਰ ਵੀ ਮੌਕੇ ਦੀ ਤਾੜ ਵਿੱਚ ਰਹਿੰਦਾ ਹੈ ਕਿ ਕਦੋਂ ਉਹ ਬਦਲਾ ਲਵੇ।

                ਸਿਆਣੇ ਲੋਕ ਕਹਿੰਦੇ ਹਨ ਕਿ ਕਿਸੇ ਨੂੰ ਮਾਫ਼ ਕਰ ਦਿਓ ਜਾਂ ਕਿਸੇ ਤੋਂ ਮਾਫ਼ੀ ਮੰਗ ਲਓ। ਪਰ ਅੱਜਕਲ੍ਹ ਇਸ ਗੱਲ ਤੇ ਹੁਣ ਬਹੁਤ ਘੱਟ ਲੋਕ ਹੀ ਅਮਲ ਕਰਦੇ ਹਨ। ਬਾਕੀ ਤਾਂ ਮਰਨ ਮਰਾਉਣ ਵਿੱਚ ਹੀ ਵਿਸ਼ਵਾਸ ਰੱਖਦੇ ਹਨ।

                 ਆਓ ਜ਼ਰਾ ਸੋਚ ਕੇ ਦੇਖੀਏ ਕਿ ਨਫ਼ਰਤ ਦੀ ਇਸ ਦੁਨੀਆਂ ਵਿੱਚ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਕਿੱਥੇ ਗਈ ਉਹ ਪਿਆਰ ਮੁਹੱਬਤ ਜਿਹੜੀ ਜਾਨ ਦੇਣ ਤੱਕ ਜਾਂਦੀ ਸੀ। ਕਿੱਥੋਂ ਆ ਗਈ ਇਹ ਨਫ਼ਰਤ,ਬੇਯਕੀਨੀ ਤੇ ਤੰਗਦਿਲੀ? 

                 ਆਧੁਨਿਕਤਾ ਆਪਣੀ ਥਾਂ ਜ਼ਰੂਰੀ ਹੈ ਪਰ ਪੁਰਾਣਾ ਪਿਆਰ ਤੇ ਸਾਂਝ ਵਾਲ਼ਾ ਸੱਭਿਆਚਾਰ ਬਹੁਤ ਸੋਹਣਾ ਹੈ। ਚਲੋ ਮੁੜ ਚਲੀਏ! ਉਸ ਰਿਸ਼ਤਿਆਂ ਦੀ ਮਿਠਾਸ ਵੱਲ ਤੇ ਸਾਂਭ ਲਈਏ ਆਪਣੇ ਗੁਰੂਆਂ ਤੇ ਪੀਰਾਂ ਦੀਆਂ ਕਹੀਆਂ ਮਹਾਨ ਗੱਲਾਂ ਨੂੰ। ਫ਼ੇਰ ਅਸਲ ਵਿੱਚ ਅਸੀਂ ਉਹਨਾਂ ਦੇ ਅਨੁਯਾਈ ਕਹਾਂਵਾਗੇ। ਛੱਡੋ ਜਿੱਦਾਂ ਵਾਲੀਆਂ ਅੜੀਆਂ ਤੇ ਖੋਲੋ ਮੁੱਹਬਤ ਦੀਆਂ ਕੜੀਆਂ। ਤੇ ਫੇਰ ਇੰਝ ਹੋਵੇ...

 

ਦੁਨੀਆਂ ਦੇ ਵਿੱਚ ਰੱਖ ਫਰੀਦਾ

ਕੁਝ ਐਸਾ ਬਹਿਣ ਖਲੋਣ,

 ਕੋਲ ਹੋਈਏ ਤਾਂ ਹੱਸਣ ਲੋਕੀ

ਤੁਰ ਜਾਈਏ ਤਾਂ ਰੋਣ ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ , ਸੰ:9464633059

   ਸਿਆਸਤ ✍️ ਸਰਬਜੀਤ ਸਿੰਘ ਨਮੋਲ

  ਬਾਬੇ ਦੀ ਬਾਣੀ ਨੂੰ ਵੀ  ਨੇਤਾ ਤਾਂ ਲੁੱਟ ਕੇ ਖਾ ਗਏ 

ਭੁੱਲ ਭਾਈ ਲਾਲੋ ਤਾਂਈ ਭਾਗੋ ਦੇ ਘਰ ਨੇ ਆ ਗਏ

ਹਰ ਥਾਂ ਤੇ ਗੋਲਕ  ਰੱਖ ਕੇ ਲੁੱਟਦੇ  ਨੇ ਕਿਰਤੀ ਨੂੰ

ਬਾਬਾ ਕੀ ਬਖ਼ਸ਼  ਦਿਊਗਾ ਲੋਟੂ  ਇਸ ਬਿਰਤੀ ਨੂੰ

 

ਬਾਬੇ ਦੀ ਤੱਕੜੀ ਨੇ ਤਾਂ  ਤੋਲਿਆ ਕਦੇ ਤੇਰਾਂ ਤੇਰਾਂ

ਵੋਟਾਂ ਦੀ ਖੇਡ ਸਿਆਸਤ  ਕਰਦੇ ਰਹੇ ਹੇਰਾਂ ਫੇਰਾਂ

ਲੋਕਾਂ ਨੂੰ ਹਰ ਥਾਂ ਵੰਡ ਕੇ ਮਾਰਿਆ ਪ੍ਰਵਿਰਤੀ ਨੂੰ

ਬਾਬਾ ਕੀ ਬਖ਼ਸ਼ ਦਿਊਗਾ ਲੋਟੂ ਇਸ ਬਿਰਤੀ ਨੂੰ

 

ਭਾਈਆਂ ਤੋਂ ਭਾਈ  ਮਰਾਉਂਦੇ ਵੋਟਾਂ ਦੀ ਖਾਤਿਰ ਨੇ

ਨਸ਼ਿਆਂ ਨਾਲ਼ ਪੁੱਤ ਮਰਵਾਏ ਝੂਠੇ ਇਹ ਪਾਤਰ ਨੇ

ਲੋਕਾਂ ਦੀ ਸਾਂਝ ਤੋੜ ਕੇ ਅਪਣਾਉਂਦੇ ਨੇ ਫਿਰਤੀ ਨੂੰ

ਬਾਬਾ ਕੀ ਬਖ਼ਸ਼  ਦਿਊਗਾ ਲੋਟੂ ਇਸ ਬਿਰਤੀ ਨੂੰ

 

ਬਾਲਾ ਮਰਦਾਨਾ ਵੀ  ਅੱਜ ਬੈਠਣ ਕਦੇ ਜੁੜ ਕੇ ਨਾ

ਸਾਂਝਾ ਦਾ ਵਕਤ ਬਰਾਬਰ ਆਉਣਾ ਕਦੇ ਮੁੜ ਕੇ ਨਾ

ਨਸ਼ਿਆਂ ਵਿੱਚ ਰੋਲ਼  ਜਵਾਨੀ ਬੁਰੀ ਇਹ ਤ੍ਰਿਪਤੀ ਨੂੰ

ਬਾਬਾ  ਕੀ ਬਖ਼ਸ਼  ਦਿਊਗਾ  ਲੋਟੂ ਇਸ ਬਿਰਤੀ ਨੂੰ

 

ਜਿਨ੍ਹਾਂ ਨੇ ਸਿਰ ਕਟਵਾਏ ਉਨ੍ਹਾਂ ਦਾ ਮੁੱਲ ਕੋਈ ਨਾ

 ਨੀਲੇ ਤੇ ਚਿੱਟੇ ਚੰਦਰੇ ਅੰਦਰੋਂ ਇਹ ਵੱਖ ਹੋਈ ਨਾ

'ਜੀਤ' ਸਿਆਂ ਦੇਣੇ  ਲਾਲਚ ਬਦਲੋ  ਪ੍ਰਵਿਰਤੀ ਨੂੰ

ਬਾਬਾ ਕੀ ਬਖ਼ਸ਼  ਦਿਊਗਾ ਲੋਟੂ ਇਸ ਬਿਰਤੀ ਨੂੰ

ਸਰਬਜੀਤ ਸਿੰਘ ਨਮੋਲ਼, ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ 9877358044

ਮਨ ਸਾਗਰ ✍️ ਅੰਜੂ ਸਾਨਿਆਲ 

ਮਨ ਸਾਗਰ

ਸ਼ੋਰ ਮਚਾਉਂਦੀਆਂ ਲਹਿਰਾਂ

ਉੱਛਲ ਉੱਛਲ ਆਪਸ ਵਿੱਚ

ਟਕਰਾਉਂਦੀਆਂ ਲਹਿਰਾਂ ।

 

ਮੇਰੇ ਅੰਦਰ ਨਿੱਤ ਨਵਾਂ

ਰੋਸ ਜਤਾਉਂਦੀਆਂ ਲਹਿਰਾਂ

ਫਿਰ ਅੱਖਾਂ ਬੰਦ ਕਰ ਕੇ

ਸਬਰ ਤੇ ਸੰਤੋਖ

ਕਿੰਝ ਮੈਂ ਕਰ ਲਵਾਂ

ਦਿਲ ਵਿੱਚ ਲਾਵੇ ਵਾਂਗ

ਉਬਾਲੇ ਖਾਂਦੀਆਂ ਲਹਿਰਾਂ।

 

ਦਿਲ ਚਾਹੁੰਦਾ ਹੈ ਤੋੜ ਦਿਆਂ

ਵਰ੍ਹਿਆਂ ਦੀ ਧਾਰੀ ਚੁੱਪ ਨੂੰ

ਤੋੜ ਕੇ ਝੂਠੇ ਬੰਧਨ

ਦਿਖਾ ਦਿਆਂ ਆਇਨਾ ਜੱਗ ਨੂੰ

ਕਹਿ ਦਿਆਂ, ਹਰ ਜ਼ਾਲਮ ਦੇ

ਰੂਹ ਚੀਰਦੇ ਸੱਚ ਨੂੰ ।

 

ਅੰਜੂ ਸਾਨਿਆਲ 

ਅਸਲੀ ਰਾਹ (ਕਹਾਣੀ  ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਦਲਜੀਤ ਤੇ ਮੀਤ ਦੇ ਵਿਆਹ ਨੂੰ ਅਜੇ ਕੁੱਝ ਕੁ ਮਹੀਨੇ ਹੀ  ਬੀਤੇ ਸਨ ਕਿ ਦੋਨਾਂ ਦੇ ਵੱਖਰੇ ਸੁਭਾਅ ਤੇ ਦੋਨਾਂ ਪਰਿਵਾਰਾਂ ਦੀ ਉਹਨ੍ਹਾਂ ਦੀ ਜਿੰਦਗੀ ਵਿੱਚ ਲੋੜ ਤੋਂ ਵੱਧ   ਦਖ਼ਲਅੰਦਾਜੀ ਕਾਰਨ ਉਨ੍ਹਾਂ 'ਚ ਕਾਂਟੋਂ -ਕਲੇਸ਼ ਸ਼ੁਰੂ ਹੋ ਗਿਆ l ਹੌਲੀ -ਹੌਲੀ ਕਲੇਸ ਤੇ ਨਫਰਤ ਏਨੀ ਜਿਆਦਾ ਵੱਧ  ਗਈ ਕੇ ਮੀਤ ਪੇਕੇ ਘਰ ਆ ਗਈ l ਹੁਣ ਹਾਲਾਤ  ਇਹ ਸੀ ਕੇ ਨਾ ਹੀ ਉਸਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਜਾਣਾ ਚਾਹੁੰਦੇ ਸਨ ਅਤੇ ਨਾ ਹੀ ਉਸ ਦਾ ਪੇਕਾ ਪਰਿਵਾਰ ਉਸ ਨੂੰ  ਭੇਜਣਾ ਚਾਹੁੰਦਾ ਸੀ l                          

    ਗੱਲ ਵਧਦੀ-ਵਧਦੀ ਵੱਧ ਗਈ ਅਤੇ ਕੋਰਟ ਕਚਹਿਰੀ ਤੱਕ ਪੁੱਜ ਗਈ l  ਤਲਾਕ ਦਾ ਕੇਸ ਚੱਲ ਪਿਆ l ਦੋਵੇਂ ਧਿਰਾਂ ਹਰ ਤਰੀਕ ਤੇ ਕਹਚਿਰੀ ਆਉਂਦੀਆ ਤੇ ਇੱਕ ਦੂਜੇ ਨੂੰ ਵੱਢ -ਖਾਣ ਵਾਲੀਆਂ ਨਜਰਾਂ ਨਾਲ ਤੱਕਦੀਆਂ l ਵਕਤ ਗੁਜ਼ਰਦਾ ਗਿਆ l  ਤਾਰੀਕ  ਤੇ ਤਾਰੀਕ ਪੈਂਦੀ ਗਈ l ਖ਼ੱਜਲ - ਖ਼ੁਆਰ ਹੁੰਦਿਆਂ ਉਹਨਾਂ ਨੂੰ ਚਾਰ ਵਰ੍ਹੇ ਲੰਘ ਗਏ, ਪਰ ਹੱਥ ਪੱਲੇ ਕੁੱਝ ਨਹੀਂ ਪਿਆ।              ਅੱਜ ਵੀ ਉਨ੍ਹਾਂ ਦੀ ਤਾਰੀਕ ਸੀ ਤੇ ਅੱਜ ਦੋਹਾਂ ਧਿਰਾਂ ਨੂੰ ਇਨਸਾਫ਼ ਦੀ ਉਮੀਦ ਸੀ l ਉਹ ਸਾਰੇ ਸਵੇਰੇ ਦਸ ਵਜੇ ਈ ਕਹਚਿਰੀ ਪਹੁੰਚ ਗਏ । ਵਾਰੀ ਦੀ ਉਡੀਕ ਕਰਦਿਆਂ ਦੁਪਹਿਰ ਪੈ ਗਈ ਤੇ ਲੰਚ ਟਾਈਮ ਹੋ ਗਿਆ l                      

     ਦਲਜੀਤ ਨੂੰ ਖਿੱਝ ਚੜੀ ਜਾ ਰਹੀ ਸੀ l ਭੁੱਖਣ- ਭਾਣਾ  ਸਵੇਰ ਦਾ ਉਹ ਵਾਰੀ ਦੀ ਉਡੀਕ ਕਰੀ ਜਾ ਰਿਹਾ ਸੀ। ਪਿਛਲੇ  ਚਾਰ ਸਾਲਾ ਦੀ ਜਿੰਦਗੀ  ਉਸ ਦੀਆਂ ਅੱਖਾਂ ਅੱਗੇ ਘੁੰਮ ਰਹੀ ਸੀ  l 

        ਹਰ ਵਾਰ ਖ਼ੱਜਲ -ਖ਼ੁਆਰੀ, ਪੂਰੀ ਦਿਹਾੜੀ ਦੀ ਬਰਬਾਦੀ l ਕੀ ਖੱਟਿਆ ਉਸ ਨੇ ਵਿਆਹ ਕਰਵਾ ਕੇ l ਅਜਿਹੀ ਜਿੰਦਗੀ ਨਾਲੋਂ ਤਾਂ ਉਹ ਕੁਵਾਰਾ ਹੀ ਚੰਗਾ ਸੀ l ਹੁਣ ਤਾਂ ਸਗੋਂ ਕਲੇਜੇ ਧੂਹ ਪੈਂਦੀ ਆ l ਰਾਤ ਨੂੰ ਇੱਕਲਾਪਣ ਵੱਢ ਖਾਣ ਨੂੰ ਆਉਂਦਾ ਐ ਤੇ ਲੋਕਾਂ ਦੀਆਂ ਗੱਲਾਂ ਵਖਰੀਆਂ l                             ਉਸ ਨੂੰ ਯਾਦ ਆਇਆ ਜਦ ਉਸਦਾ ਨਵਾਂ ਵਿਆਹ ਹੋਇਆ ਸੀ ਤਾਂ ਮੀਤ ਉਸ ਨੂੰ ਕਿਸੇ ਪਰੀ ਤੋਂ ਘੱਟ ਨਹੀਂ ਸੀ  ਲੱਗਦੀ l ਸ਼ੁਰੂਆਤੀ ਵਿਆਹੁਤਾ ਜਿੰਦਗੀ ਸਵਰਗ ਵਾਂਗ ਬੀਤ ਰਹੀ ਸੀ l  ਗੱਲ ਬਾਤ ਤਾਂ ਉਨ੍ਹਾਂ ਦੀ ਠਾਕੇ ਤੋਂ ਬਾਅਦ ਈ ਫ਼ੋਨਾਂ 'ਤੇ ਸ਼ੁਰੂ ਹੋ ਗਈ ਸੀ l  ਦਿਹਾੜੀ ਵਿੱਚ ਉਹ ਇੱਕ -ਦੂਜੇ ਨੂੰ ਚਾਰ -ਪੰਜ ਵਾਰ ਤਾਂ ਫੋਨ ਕਰ ਈ ਲੈਂਦੇ l ਵਿਆਹ ਹੋਇਆ ਤਾਂ ਪਹਿਲੀ ਰਾਤ ਨੂੰ ਉਹ ਇੰਜ ਮਿਲੇ ਜਿਵੇੰ ਚਿਰਾਂ ਦੇ ਵਿੱਛੜੇ ਪ੍ਰੇਮੀ ਮਿਲੇ ਹੋਣ l

   ਅੰਤਾਂ ਦਾ ਮੋਹ - ਮੁਹੱਬਤ ਸੀ ਉਨ੍ਹਾਂ ਦਰਮਿਆਨ l ਫੇਰ  ਹੌਲੇ -ਹੌਲੇ ਵਕਤ ਬੀਤਦਾ ਗਿਆ l ਮੀਤ ਦੀਆਂ ਕੁੱਝ  ਗੱਲਾਂ ਉਸਨੂੰ ਖਲਨ ਲੱਗੀਆਂ ਤੇ ਮੀਤ ਨੂੰ ਉਸਦੀਆਂ l ਉਹ ਇੱਕ -ਦੂਜੇ ਨਾਲ  ਰੁੱਸੇ -ਰੁੱਸੇ ਰਹਿਣ ਲੱਗੇ l ਪਹਿਲਾਂ ਤਾਂ ਘੰਟੇ ਦੋ ਘੰਟੇ ਲਈ ਉਹ ਰੁਸਦੇ l ਫਿਰ  ਇਹ ਰੋਸਾ ਦਿਨਾਂ ਵਿੱਚ ਬਦਲਣ ਲੱਗਾ l ਉਨ੍ਹਾਂ ਦੀ ਐਸੀ ਖਿਟ -ਪਿਟ  ਸ਼ੁਰੂ ਹੋਈ ਕਿ ਜਿਸ ਦਾ ਅੰਤ ਹੋਣ ਦਾ ਨਾਮ ਈ ਨਹੀਂ ਸੀ ਲੈ ਰਿਹਾ l ਉਸ ਦੀ ਮਾਂ ਹਮੇਸ਼ਾਂ ਹੀ ਉਸ ਦਾ ਪੱਖ ਲੈਂਦੀ ਤਾਂ ਮੀਤ ਦਾ ਗੁੱਸਾ ਹੋਰ ਵੱਧ ਜਾਂਦਾ l ਉਸ ਦੇ ਸਹੁਰੇ ਵੀ ਵਾਰ -ਵਾਰ ਉਸ ਨੂੰ ਫੋਨ ਕਰਦੇ ਤੇ ਮੀਤ ਨੂੰ ਕੁੱਝ ਕਹਿਣ ਦੀ ਬਜਾਏ ਉਸ ਨੂੰ ਹੀ ਮੀਤ ਨਾਲ ਚੰਗੀ ਤਰ੍ਹਾਂ ਰਹਿਣ ਲਈ ਕਹਿੰਦੇ ਤੇ ਸਮਝਾਉਦੇ l ਇਸ ਤੇ ਉਹ ਬਹੁਤ ਹੀ ਖਿਝ ਜਾਂਦਾ l ਵਿਗਾੜ ਪੈਂਦਾ -ਪੈਂਦਾ ਏਨਾ ਪੈ ਗਿਆ ਕਿ ਇੱਕ ਦਿਨ ਮਮੂਲੀ ਝਗੜੇ ਤੋਂ ਬਾਅਦ ਉਸਦਾ ਹੱਥ ਮੀਤ 'ਤੇ  ਉੱਠ ਗਿਆ l ਉਸਦੀ ਮਾਂ ਨੇ ਉਸਦਾ ਸਾਥ ਦਿਤਾ l ਬੱਸ ਫਿਰ ਕੀ ਸੀ ਬਾਤ ਦਾ ਬਤੰਗੜ ਬਣ ਗਿਆ l ਪੜੀ -ਲਿਖੀ ਮੀਤ ਇਹ ਅਪਮਾਨ ਕਿਵੇਂ ਸਹਿੰਦੀ। ਉਹ ਸ਼ੇਰਨੀ ਦਾ ਰੂਪ ਧਾਰੀ ਸਮਾਨ ਲੈ ਕੇ ਪੈਕੇ ਚਲੀ ਗਈl ਕਿਸੇ ਨੇ ਵੀ ਉਸਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਸ ਦਿਨ ਤੋਂ ਹੀ ਐਸਾ ਕਲੇਸ਼ ਸ਼ੁਰੂ ਹੋਇਆ ਕਿ ਉਹ ਅੱਜ ਤੱਕ ਕਹਿਚਿਰੀਆਂ ਵਿੱਚ ਰੁਲਦੇ ਫਿਰਦੇ ਨੇ।

     "ਚਲ ਦਲਜੀਤ ਤੂੰ ਵੀ ਕੁੱਝ ਖਾ-ਪੀ ਲੈ"l ਦਲਜੀਤ ਦੇ ਡੈਡੀ ਨੇ ਆ ਕੇ ਉਸ ਦਾ ਮੋਢਾ ਹਲੂਣਿਆ ਤਾਂ ਦਲਜੀਤ ਇੱਕ ਦਮ ਵਰਤਮਾਨ ਵਿੱਚ ਪਰਤ ਆਇਆ l ਦਲਜੀਤ ਮੱਥੇ ਤੋਂ  ਪਸੀਨਾ ਪੂੰਝਦਾ ਬੋਲਿਆ, "ਨਹੀਂ ਡੈਡੀ ਮੇਰਾ  ਜ਼ਰਾ ਮਨ ਨਹੀਂ, ਵੈਸੇ ਵੀ ਗ਼ਰਮੀ ਕਾਰਨ ਘਬਰਾਹਟ ਜਿਹੀ ਹੋ ਰਹੀ  ਹੈ l" ਤੇ ਉਸ ਨੇ ਡੈਡੀ ਦੇ ਹੱਥ 'ਚੋਂ ਪਾਣੀ ਦੀ ਬੋਤਲ ਫੜ ਕੇ ਮੂੰਹ ਨਾਲ ਲਾ ਲਈ l                                     "ਕੋਈ ਨੀ ਪੁੱਤ, ਆ ਜਾ ਬਾਹਰ......      ਕੁੱਝ ਤਾਂ ਖਾ l" ਪਰ ਦਲਜੀਤ ਦੇ ਮਨਾਂ ਕਰਨ 'ਤੇ ਉਹ ਬਾਹਰ ਚਲੇ ਗਏ l ਦਲਜੀਤ ਨੇ ਦੇਖਿਆ ਹੁਣ ਲੋਕ ਇੱਧਰ- ਉੱਧਰ ਬਿਖ਼ਰ ਗਏ ਸੀ l ਅੰਤਾਂ ਦੀ ਗ਼ਰਮੀ ਨੇ ਵੀ ਵੱਟ ਕੱਢੇ ਹੋਏ  ਸੀ l ਕਚਹਿਰੀ ਦੇ ਪੱਖੇ ਵੀ ਨਾ-ਮਾਤਰ   ਜਿਹੀ ਹਵਾ ਦੇ ਰਹੇ ਸਨ l ਲੋਕਾਂ ਦੀ ਭੀੜ  ਤੇ ਉਪਰੋਂ ਕਹਿਰ ਦੀ ਗ਼ਰਮੀ...... l                                      ਅਚਾਨਕ ਹੀ ਮੀਤ ਬੈਠੀ -ਬੈਠੀ ਚੱਕਰ ਖਾ ਖਾ ਕੇ ਥੱਲੇ ਡਿੱਗ ਪਈ l "ਕੀ ਹੋ ਗਿਆ ਇਸਨੂੰ...?" ਆਲੇ ਦੁਵਾਲਿਓਂ ਕੁੱਝ ਅਵਾਜ਼ਾਂ ਉਭਰੀਆਂ ਤੇ ਲੋਕ ਉਸ ਦੇ ਆਲੇ - ਦਵਾਲੇ ਇਕੱਠੇ ਹੋ ਗਏ l ਲੋਕਾਂ ਨੇ ਉਸਦੇ ਮੂੰਹ ਤੇ ਪਾਣੀ ਪਾਇਆ l ਉਸ ਦੇ ਪਰਿਵਾਰ ਵਾਲੇ ਜਲਦੀ ਨਾਲ ਉਸ ਨੂੰ ਚੁੱਕ ਕੇ ਜ਼ਰਾ ਹਟਵੀਂ ਥਾਂ 'ਤੇ ਲੈ ਗਏ l ਉਸਦੇ ਪਰਿਵਾਰ ਵਾਲਿਆ ਵਿੱਚ ਭਾਜੜ ਜਿਹੀ ਪੈ ਗਈ ਸੀ ਦਲਜੀਤ ਦੇ ਮਨ ਵਿੱਚ ਆਇਆ, ਮਨਾਂ ਦੇਖ ਜਾ ਕੇ ਕੀ ਹੋਇਆ ਇਹਨੂੰ। ਫੇਰ ਦੂਜੇ ਹੀ ਪਲ ਖਿਆਲ ਆਇਆ,  "ਦਫ਼ਾ ਕਰ, ਇਸੇ ਜਨਾਨੀ ਕਰ ਕੇ ਤਾਂ ਇੰਨੀ  ਖ਼ੱਜਲ- ਖ਼ੁਆਰੀ ਪੱਲੇ ਪਈ l ਜੁਵਾਨੀ ਕਚਹਿਰੀਆਂ ਵਿੱਚ ਹੀ ਬਰਬਾਦ ਹੋਈ ਜਾ ਰਹੀ ਆ, ਦਫ਼ਾ ਕਰ l" ਨਫਰਤ ਉਸ ਦੇ ਜਹਿਨ ਵਿੱਚ ਘੁੰਮੀ ਤੇ ਉਸ ਨੇ ਖ਼ੁਦ ਨੂੰ ਰੋਕ ਲਿਆ l ਉਹ ਇੱਧਰ -ਉੱਧਰ ਟਹਿਲਦਾ ਰਿਹਾ ਤੇ ਲੰਚ - ਬਰੇਕ ਖ਼ਤਮ ਹੋਣ ਦਾ ਇੰਤਜ਼ਾਰ ਕਰਦਾ ਰਿਹਾ ।              

    ਪਰ ਕੁੱਝ ਦੇਰ ਮਗਰੋਂ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਈ? ਉਹ ਉੱਧਰ ਨੂੰ ਹੋ ਤੁਰਿਆ, ਜਿੱਧਰ ਮੀਤ ਨੂੰ ਲੈ ਕੇ ਗਏ ਸੀ l ਉਸ ਨੇ ਦੇਖਿਆ ਕੇ ਇੱਕ ਬੈਂਚ 'ਤੇ ਪੱਖੇ ਹੇਠਾਂ ਮੀਤ ਅੱਖਾਂ ਬੰਦ ਕਰੀ ਲੇਟੀ ਪਈ ਸੀ,ਉਸ ਦੀ ਮਾਂ ਕੋਲ ਬੈਠੀ ਸੀ lਪਰ ਥੋੜੀ ਦੇਰ ਮਗਰੋਂ ਜਿਵੇੰ ਹੀ ਉਹ ਉੱਠ ਕੇ ਪਰਾਂ ਗਈ ਦਲਜੀਤ ਝੱਟ ਹੀ ਮੀਤ ਦੇ ਸਿਰ ਵਾਲੇ ਪਾਸੇ ਜਾ ਕੇ ਬੈਠ ਗਿਆ l ਅੰਦਰ ਹੀ ਅੰਦਰ ਉਹ ਡਰ ਵੀ ਰਿਹਾ ਸੀ, ਕੇ ਜੇ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ 'ਚੋਂ ਕੋਈ ਵੀ ਖ਼ਾਸ ਕਰਕੇ ਉਸ ਦੇ ਸਾਲੇ ਆ ਗਏ ਤਾਂ ਇੱਥੇ ਤਮਾਸ਼ਾ ਬਣ ਜਾਣਾ ਏ l ਪਰ ਉਹ ਫਿਰ ਵੀ ਬੈਠਾ ਰਿਹਾ l

      ਅਚਾਨਕ ਮੀਤ ਨੇ ਅੱਖਾਂ ਖੋਲੀਆਂ ਕੋਲ ਦਲਜੀਤ ਨੂੰ ਬੈਠਾ ਦੇਖ ਕੇ ਉਹ ਇੱਕ ਦਮ ਤ੍ਰਬਕ ਕੇ ਉੱਠ ਬੈਠੀ ਅਤੇ  ਹੈਰਾਨੀ ਨਾਲ ਅੱਖਾਂ ਅੱਡੀ ਉਸ ਵੱਲ ਤੱਕਣ ਲੱਗੀ l "ਤੁਸ਼ੀਂ.....? ਤੁਸ਼ੀਂ ਇੱਥੇ ਕਿਵੇਂ?" ਉਹ ਹੈਰਾਨੀ 'ਚੋਂ ਬੋਲੀ l          

     "ਕੀ ਹੋਇਆ ਸੀ? ਬੈਠੀ -ਬੈਠੀ ਡਿੱਗ ਪਈ? ਕਿਵੇਂ ਆ ਹੁਣ?" ਦਲਜੀਤ ਬੋਲਿਆ।               .            

  "ਥੋਨੂੰ ਕੀ? ਮਰਾਂ ਭਾਂਵੇ ਜੀਵਾਂ? ਜਦ ਕੋਈ ਰਿਸ਼ਤਾ ਈ ਨਹੀਂ ਰਿਹਾ ਤਾਂ....l" ਮੀਤ ਗੁੱਸੇ 'ਚ ਬੋਲੀ l                 

   "ਅਜੇ ਤੱਕ ਗੁੱਸਾ ਠੰਡਾ ਨਹੀਂ ਹੋਇਆ? ਏਨੇ ਸਾਲ ਬੀਤ ਗਏ ਫੇਰ ਵੀ?" ਦਲਜੀਤ ਜ਼ਰਾ ਸਹਿਜ ਹੋ ਕੇ ਬੋਲਿਆ l                                      "ਗੁੱਸਾ ਕਿਵੇਂ ਠੰਡਾ ਹੋਵੇ? ਤੁਹਾਨੂੰ ਕਿਹੜਾ ਪ੍ਰਵਾਹ ਏ l ਇੱਕ ਵਾਰ ਵੀ ਮੁੜ ਕੇ ਵੇਖਿਆ? ਜਿਉਂਦੀ ਆਂ ਕੇ ਮਰ ਗਈ?"      "ਮੁੜ ਕੇ ਦੇਖਣ ਜੋਗਾ ਛੱਡਿਆ ਕਿੱਥੇ ਤੁਸਾਂ? ਝੱਟ ਤਾਂ ਕੇਸ ਠੋਕ ਤਾਂ l" ਦਲਜੀਤ   ਬੋਲਿਆ  

 "ਤੁਹਾਡੇ ਪਰਿਵਾਰ ਵਾਲਿਆਂ ਨੇ ਵੀ ਘੱਟ ਨਹੀਂ ਕੀਤੀ ਇਸ ਮਾਮਲੇ 'ਚ ।" 

     "ਛੱਡ ਮੀਤ.... ਤੂੰ ਕਿਹੜਾ ਮੁੜ ਕੇ ਦੇਖ  ਲਿਆ ਮੇਰੇ ਵੱਲ l ਅੱਜ ਤੱਕ ਕਦੀ ਇੱਕ ਵਾਰ ਵੀ ਫੋਨ ਕੀਤਾ ਈ....?"       "......ਤੇ ਤੁਸੀਂ...? ਤੁਸੀਂ ਕਿੰਨੇ ਕੁ ਫੋਨ ਕਰਕੇ ਥੱਕ ਗਏ l" ਮੀਤ ਗੁੱਸੇ 'ਵਿੱਚ  ਬੋਲੀ ਤਾਂ ਦਲਜੀਤ ਨੇ ਮੀਤ ਵੱਲ ਦੇਖਿਆ ਤੇ ਮੀਤ ਨੇ ਦਲਜੀਤ ਵੱਲ l ਉਹ ਕੁੱਝ ਦੇਰ ਇਵੇਂ ਹੀ ਇੱਕ ਦੂਜੇ ਨੂੰ ਵੇਖਦੇ ਰਹੇ l                                             "ਥੋਡਾ ਕੀ ਹਾਲ ਐ?" ਮੀਤ ਨਜਰਾਂ ਝੁਕਾਏ ਜ਼ਰਾ ਗੁੱਸੇ 'ਚ ਬੋਲੀ l            

     "ਹਾਲ ਕੀ ਹੋਣੈ ,ਇਸ ਖ਼ੱਜਲ- ਖ਼ੁਆਰੀ 'ਚ ।ਹਰ ਮਹੀਨੇ ਤਰੀਕਾ ਭੁਗਤ- ਭੁਗਤ ਥੱਕ ਗਿਆਂ । ਲੱਗਦੈ ਇੱਥੇ ਹੀ ਖ਼ੁਆਰ ਹੋ ਜਾਂਵਾਗਾ ਤੇ ਜਿੰਦਗੀ ਇੱਥੇ ਹੀ ਬਰਬਾਦ ਹੋ ਜਾਵੇਗੀ l ਦਿਲ ਤਾਂ ਕਰਦਾ ਇਸ ਜਿੰਦਗੀ ਨਾਲੋਂ ਤਾਂ ਕੁੱਝ ਖਾ ਕੇ ਮਰ ਜਾਂਵਾ, ਕਿੱਸਾ ਹੀ ਖ਼ਤਮ ਹੋ ਜਾਵੇ l"

    "ਕਿਉਂ?" ਇੱਕੋ ਦਮ ਅੱਖਾਂ ਟੱਡਦਿਆਂ  ਮੀਤ ਨੇ  ਆਪਣਾਂ ਹੱਥ ਦਲਜੀਤ ਦੇ ਹੱਥ 'ਤੇ ਰੱਖ ਦਿਤਾ l                     .    

    "ਓਹ ! ਤਾਂ ਤੈਨੂੰ ਅਜੇ ਵੀ ਮੇਰੀ ਪ੍ਰਵਾਹ ਐ l"  ਕਹਿੰਦਿਆਂ ਦਲਜੀਤ ਨੇ ਉਸ ਦੀਆਂ ਅੱਖਾਂ 'ਚ ਝਾਕਿਆ  l ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਮੀਤ ਦੀਆਂ ਅੱਖਾਂ ਛਲਕ   ਪਈਆਂ l                 

    "ਤੇ ਹੋਰ ਕੀ....? ਤੁਹਾਨੂੰ ਕੀ ਲੱਗਦੈ, ਤੁਸੀ  ਇਕੱਲੇ  ਈ ਖ਼ੁਆਰ ਹੋਏ ਪਏ ਓ,  ਮੈਂ ਨਹੀਂ....l ਅੰਦਰੋਂ ਤਾਂ ਮੈਂ ਵਲੂੰਧਰੀ  ਪਈ ਆਂ । ਇੱਕਲੀ ਬੈਠੀ ਰੋਂਦੀ ਰਹਿੰਦੀ ਆ । ਕੀ ਕਹਾਂ ਕਿਸੇ ਨੂੰ ਕਿ ਮੈਂ  ਤੁਹਾਨੂੰ ਯਾਦ ਕਰ - ਕਰ  ਕੇ ਰੋਂਦੀ ਆ l" 

    "ਬੱਸ ਇੱਕ ਜ਼ਿੱਦ ਈ ਐ, ਜਿਹੜੀ ਹਰ ਵਾਰ ਇੱਥੇ ਖਿੱਚ ਲਿਆਂਦੀ ਏ l ਨਾ ਤੁਹਾਡਾ ਪਰਿਵਾਰ ਝੁਕਣ ਲਈ ਤਿਆਰ ਐ l ਨਾ ਈ ਮੇਰਾ । ਅਸੀਂ ਦੋਵਾਂ ਪਰਿਵਾਰਾਂ ਵਿਚਕਾਰ ਫਸੇ ਪਏ ਆਂ l" 

   "ਪਰ ਹੁਣ.... ਸੋਚ ਸੋਚ ਕੇ ਲੱਗਦੈ ਗਲਤੀ ਮੇਰੀ ਹੀ ਸੀ.... ਮੈਂ ਹੀ ਜਲਦੀ ਕਾਹਲੀ ਪੈ ਗਈ l ਤੁਹਾਡੇ ਨਾਲ ਮੈਂ ਈ ਐਡਜਸਟ ਨਹੀਂ ਕਰ ਸਕੀ l ਤਾਂ ਹੀ ਤਾਂ  ਇੱਕ -ਦੂਜੇ ਤੋਂ  ਦੂਰ ਅੱਜ ਇੱਥੇ ਖੜੇ ਆਂ l"            "ਨਹੀਂ ਮੀਤ , ਗ਼ਲਤੀ ਮੇਰੀ ਸੀ l ਮੈਂ ਈ ਤੇਰੀਆਂ ਭਾਵਨਾਵਾਂ ਨੂੰ ਸਮਝ ਨਾ ਸਕਿਆ। ਦੂਜਿਆਂ ਮਗਰ ਲੱਗ - ਲੱਗ ਤੈਨੂੰ ਬੁਰਾ- ਭਲਾ ਕਹਿੰਦਾ ਰਿਹਾ l ਗਾਲੀ -  ਗਲੋਚ ਕਰਦਾ ਰਿਹਾ l ਇਥੋਂ ਤੱਕ ਕਿ ਇੱਕ ਦਿਨ ਤਾਂ ਤੈਨੂੰ ਥੱਪੜ ਵੀ ਮਾਰ ਦਿਤਾ l ਬਾਅਦ ਵਿੱਚ ਬਹੁਤ ਪਛਤਾਇਆ ਮੈਂ l ਆਪਣਾ ਸੁਨਹਿਰੀ ਸਮਾਂ ਤਾਂ ਅਸਾਂ ਲੜ- ਝਗੜ ਕੇ ਬਿਤਾ ਲਿਆ l

    "ਪਰ.... ਹੁਣ.... ਹੁਣ ਕੀ ਹੋ ਸਕਦਾ.... ਹੁਣ ਤਾਂ ਫੈਸਲੇ ਦਾ ਹੀ ਇੰਤਜ਼ਾਰ ਕਰਨਾ ਪੈਣੈ ..... ।"                      

    " ਨਹੀਂ ਮੀਤ.... ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ l ਚੱਲ ਉੱਠ ਤੁਰ ਮੇਰੇ ਨਾਲ..... l ਇੱਥੇ ਬੈਠਿਆਂ ਤਾਂ ਉਮਰਾਂ ਬੀਤ ਜਾਣਗੀਆਂ l ਆਜਾ ਛੱਡ ਦੇ ਸਾਰੇ ਗਲੇ ਸ਼ਿਕਵੇ। ਆ ਚੱਲ । ਮੁੜ ਤੋਂ ਨਵੀਂ ਜਿੰਦਗੀ ਸ਼ੁਰੂ ਕਰੀਏ l"  ਦਲਜੀਤ ਨੇ ਮੀਤ ਦੀਆਂ ਅੱਖਾਂ 'ਚ  ਅੱਖਾਂ ਪਾ ਕੇ ਕਿਹਾ l                          "ਪਰ.....? ਆਪਣੇ ਪਰਿਵਾਰ ਵਾਲੇ l ਉਹ ਇਵੇਂ ਰਾਜ਼ੀ ਨਹੀਂ ਹੋਣਗੇ.... ।"

     "ਕਿਉਂ ਨਹੀਂ ਹੋਣਗੇ?  ਉਹ ਵੀ ਤਾਂ ਦਿਲੋਂ ਮਿਲਣ ਈ ਚਾਹੁੰਦੇ ਹੋਣੇ .... l"                                  "ਚੱਲ ਉੱਠ.... ।" ਤੇ ਦਲਜੀਤ ਨੇ ਮੀਤ ਦਾ ਹੱਥ ਘੁੱਟ ਕੇ ਫੜ ਲਿਆ l ਦਲਜੀਤ ਨੂੰ ਇੱਧਰ- ਉੱਧਰ ਦੇਖਦਿਆਂ ਉਸ ਦੇ ਪਰਿਵਾਰ ਵਾਲੇ ਤੇ ਮੀਤ ਦੇ ਪਰਿਵਾਰ ਵਾਲੇ ਵੀ ਉੱਥੇ ਪੁੱਜ ਗਏ ਅਤੇ ਉਥੋਂ ਦਾ ਨਜ਼ਾਰਾ ਦੇਖ ਕੇ ਦੰਗ ਰਹੇ ਗਏ ਤੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ l                                   "ਆਪਣੀ ਵਾਰੀ ਆਉਣ ਵਾਲੀ ਆ ਮੀਤ..... l" ਅਚਾਨਕ ਈ ਮੀਤ ਦੇ ਵੱਡੇ ਭਰਾ ਨੇ ਵੀ ਆਉਂਦਿਆਂ ਹੀ ਕਿਹਾ l                                 "ਨਹੀਂ ਵੀਰੇ, ਹੁਣ ਕਿਸੇ ਵਾਰੀ ਦੀ ਲੋੜ ਨੀਂ। ਮੈਨੂੰ ਅਸਲੀ ਰਾਹ ਲੱਭ ਗਿਆ ਏ l"                                          "ਪਰ ਇਹ ਕਿਵੇਂ.....? ਇਹ ਕਿੱਦਾਂ ਹੋ ਸਕਦਾ....? ਬਿਨਾਂ ਕਿਸੇ ਫੈਸਲੇ ਤੋਂ ਤੁਸੀ.......?" ਇਸ ਤੋਂ ਪਹਿਲਾਂ ਕਿ ਕੋਈ ਕੁੱਝ ਹੋਰ ਬੋਲਦਾ ਦੋਵੇਂ ਇੱਕ- ਦੂਜੇ ਦਾ ਹੱਥ ਫੜੀ ਕਚਹਿਰੀ ਤੋਂ ਬਾਹਰ ਨਿਕਲ ਗਏ l ਉਨ੍ਹਾਂ ਨੂੰ ਇਵੇਂ ਹੱਥ ਵਿੱਚ ਹੱਥ ਪਾਈ   ਜਾਂਦੇ ਦੇਖ ਦੋਵਾਂ ਪਰਿਵਾਰ ਵਾਲਿਆਂ ਦੇ ਗੁੱਸੇ ਭਰੇ ਚਿਹਰੇ ਹੌਲੇ -ਹੌਲੇ ਮੁਸ਼ਕਰਾਹਟ 'ਚ ਬਦਲ ਗਏ l

ਮਨਪ੍ਰੀਤ ਕੌਰ ਭਾਟੀਆ-ਐਮ.ਏ ,ਬੀ.ਐਡ-ਫਿਰੋਜ਼ਪੁਰ ਸ਼ਹਿਰ

ਪੋਹ ਅਤੇ ਮਾਘ ਮਹੀਨੇ ਦੀ ਹੱਡ-ਚੀਰਵੀਂ ਠੰਡ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਾਡੇ ਦੇਸ ਵਿਚ ਕੁਦਰਤੀ ਛੇ ਰੁੱਤਾਂ ਗਰਮੀ, ਸਰਦੀ ,ਵਰਖਾ, ਪਤਝੜ, ਬਸੰਤ ਅਤੇ ਬਹਾਰ ਹੁੰਦੀਆਂ ਹਨ। ਇਹਨਾਂ ਰੁੱਤਾਂ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਪਣੇ ਹੀ ਰੰਗ ਹੁੰਦੇ ਹਨ। ਸਰਦੀ ਦੀ ਰੁੱਤ ਵਰਖਾ ਦੀ ਰੁੱਤ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਹ ਰੁੱਤ ਨਵੰਬਰ ਤੋਂ ਲੈ ਕੇ ਮਾਰਚ ਦੇ ਅੱਧ ਤੱਕ ਚਲਦੀ ਹੈ। ਸਰਦੀ ਦੀ ਰੁੱਤ ਦੇ  ਪੋਹ ਅਤੇ ਮਾਘ ਮਹੀਨੇ ਬਹੁਤ ਹੀ ਠੰਢੇ ਹੁੰਦੇ ਹਨ। ਦਸੰਬਰ ਮਹੀਨੇ ਵਿਚ ਠੰਡੀਆਂ ਹਵਾਵਾਂ ਚੱਲਦੀਆਂ ਹਨ ਜਿਸ ਕਾਰਨ ਹੱਡ ਚੀਰਵੀਂ ਠੰਢ ਪੈਂਦੀ ਹੈ। ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿਚ ਸਰਦੀ ਆਪਣੇ ਪੂਰੇ ਜੋਬਨ ਤੇ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਦਿਨ ਛੋਟੇ ਰਾਤਾਂ ਵੱਡੀਆਂ ਹੁੰਦੀਆਂ ਹਨ। ਇਹਨਾਂ ਦਿਨਾਂ ਵਿੱਚ ਕੋਹਰਾ ਅਤੇ ਧੁੰਦ ਜ਼ਿਆਦਾ ਪੈਂਦੀ ਹੈ। ਇਸ ਕਾਰਨ ਜੀਵਨ ਦੀ ਗੱਡੀ ਦੀ ਰਫ਼ਤਾਰ ਸਰਦੀ ਕਰਨਾ ਹੋਲੀ ਹੋ ਜਾਂਦੀ ਹੈ।

ਅਮੀਰਾਂ ਅਤੇ ਮਿਡਲ ਕਲਾਸ ਲੋਕਾਂ ਲਈ ਸਰਦੀਆਂ ਵਰਦਾਨ ਸਿੱਧ ਹੁੰਦੀਆਂ ਹਨ। ਇਹ ਲੋਕ ਵੱਖ ਵੱਖ ਕਿਸਮ ਦੀਆਂ ਗਰਮ ਮਹਿੰਗੀਆ ਕੋਟੀਆਂ ਸਵੈਟਰ, ਕੋਟ ਅਤੇ ਜਾਕਟਾਂ  ਆਦਿ ਪਾ ਕੇ ਆਪਣੀ ਸੁੰਦਰਤਾ ਅਤੇ ਅਮੀਰੀ ਦਾ ਲੋਕ ਵਿਖਾਵਾ ਕਰਦੇ ਹਨ। ਅਤੇ  ਜਿਹੜੇ ਘੁੰਮਣ-ਫਿਰਨ ਦੇ ਸ਼ੌਕੀਨ ਹੁੰਦੇ ਹਨ ਉਹ ਲੋਕ ਬਰਫ਼ੀਲੇ ਪਹਾੜਾਂ ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ, ਕੁਫ਼ਰੀ, ਰੋਹਤਾਂਗ, ਲੇਹ-ਲਦਾਖ ਵਗੈਰਾ ਘੁੰਮਣ ਲਈ ਜਾਂਦੇ ਹਨ। ਕਈ ਅਮੀਰ ਇਹਨਾਂ ਸਰਦੀ ਦੇ ਦਿਨਾਂ ਵਿੱਚ ਮਹਿੰਗੀ ਸ਼ਰਾਬ ਵਗੈਰਾ ਦਾ ਅਤੇ ਮਹਿੰਗੇ ਮੀਟ ਮੱਛੀ ਦਾ ਸੇਵਨ ਕਰਦੇ ਹਨ। ਇਹ ਅਮੀਰ ਲੋਕ ਅਪਣੀਆਂ ਮਹਿੰਗੀਆਂ ਗੱਡੀਆਂ ਵਿੱਚ ਹੀਟਰ ਲਗਾ ਕੇ ਸੜਕਾਂ ਤੇ ਆਪਣੇ ਡਰਾਈਵਿੰਗ ਦਾ ਅਨੰਦ ਮਾਣਦੇ ਹਨ। ਕਈ ਅਮੀਰ ਲੋਕ ਤਾਂ ਵੱਡੇ ਦਿਲ ਵਾਲੇ ਹੁੰਦੇ ਹਨ ਜਿਹੜੇ ਗਰੀਬ ਲੋਕਾਂ ਨੂੰ ਆਪਣੇ ਪਾਏ ਹੋਏ ਗਰਮ ਕੰਬਲ ਅਤੇ ਗਰਮ ਕੱਪੜੇ ਵੰਡਦੇ ਫਿਰਦੇ ਹਨ। ਇਨ੍ਹਾਂ ਦਿਨਾਂ ਵਿਚ  ਕੋਹਰੇ ਅਤੇ ਧੁੰਦ ਦੇ ਕਾਰਨ  ਦਰੱਖਤਾਂ ਦੇ ਪੱਤਿਆਂ ਤੋਂ ਧੁੰਦ ਅਤੇ ਕੌਰ ਦਾ ਪਾਣੀ ਤਿੱਪ ਤਿੱਪ ਟਪਕ ਰਿਹਾ ਹੁੰਦਾ ਹੈ ਜਿਸ ਕਾਰਨ ਸੜਕਾਂ ਗਿੱਲੀਆਂ ਪੈ ਜਾਂਦੀਆਂ ਹਨ ਅਤੇ ਇਹਨਾਂ ਤੇ ਚੱਲ ਰਹੇ ਆਵਾਜਾਈ ਦੇ ਸਾਧਨ ਜ਼ਿਆਦਾਤਰ ਆਪਸ ਵਿੱਚ ਟਕਰਾਉਂਦੇ ਰਹਿੰਦੇ ਹਨ।

ਇਸ ਦੇ ਉਲਟ ਗਰੀਬ ਲੋਕਾਂ ਲਈ ਸਰਦੀ ਇਕ ਸਰਾਪ ਦੀ ਤਰ੍ਹਾਂ ਹੁੰਦੀ ਹੈ। ਉਹਨਾਂ ਕੋਲ ਤਾਂ ਢਿੱਡ ਭਰਨ ਦੇ ਲਈ ਦੀ ਪਹਿਲਾਂ ਹੀ ਪੂਰੇ ਪੈਸੇ ਨਹੀਂ ਹੁੰਦੇ ਹਨ। ਇਸ ਤਰ੍ਹਾਂ ਉਹ ਆਪਣਾ ਤਨ ਢਕਣ ਲਈ ਵਧੀਆ ਕਿਸਮ ਦੇ ਗਰਮ ਕਪੜੇ ਕਿਵੇਂ ਖਰੀਦਣ। ਸਰਦੀ ਦੇ ਮੌਸਮ ਵਿਚ ਗਰੀਬ ਬਜ਼ੁਰਗ ਅਤੇ ਬੱਚੇ ਜ਼ਿਆਦਾਤਰ ਬਿਮਾਰ ਪੈ ਜਾਂਦੇ ਹਨ। ਜ਼ਿਆਦਾ ਗਰਮ ਕੱਪੜੇ ਨਾ ਹੋਣ ਕਾਰਨ ਬਜ਼ੁਰਗਾਂ ਨੂੰ ਠੰਡ ਵੱਧ ਲੱਗਦੀ ਹੈ ਉਹ ਗਰੀਬ ਬਜੁਰਗ ਆਪਣਾ ਇਲਾਜ਼ ਨਾ ਕਰਵਾਉਂਣ ਕਾਰਨ ਇਸ ਦੁਨੀਆ ਤੋਂ ਅਲਵਿਦਾ ਕਹਿ ਜਾਂਦੇ ਹਨ। ਪਸ਼ੂ ਅਤੇ ਪੰਛੀ ਵੀ ਇਸ ਸਰਦੀ ਦੇ ਮੌਸਮ ਵਿਚ ਠੰਡ ਤੋਂ ਬਚਣ ਦਾ ਠਿਕਾਣਾ ਨਾ ਹੋਣ ਕਾਰਨ ਜ਼ਿਆਦਾਤਰ ਮਰ ਹੀ ਜਾਂਦੇ ਹਨ। ਜ਼ਿਆਦਾਤਰ ਠੰਡ ਕਾਰਨ ਲੋਕ ਘਰਾਂ ਵਿੱਚ ਹੀ ਬੰਦ ਹੋ ਕੇ ਰਹਿ ਜਾਂਦੇ ਹਨ। ਇੰਨੀਂ ਅੱਤ ਦੀ ਪੈ ਰਹੀ ਠੰਡ ਵਿਚ ਗਰੀਬ ਵਿਅਕਤੀਆਂ ਦਾ ਕੰਮ ਕਾਰ ਤਾਂ ਬਿਲਕੁਲ ਬੰਦਾ ਹੀ ਹੋ ਜਾਂਦਾ ਹੈ ਅਤੇ ਉਹਨਾਂ ਦੇ ਚੁੱਲ੍ਹੇ ਠੰਡੇ ਪੈ ਜਾਂਦੇ ਹਨ। ਕੀ ਬਜ਼ੁਰਗ, ਕੀ ਬੱਚੇ, ਕੀ ਨੌਜਵਾਨ ਹਰੇਕ ਵਰਗ ਦੇ ਲੋਕ ਜ਼ਿਆਦਾਤਰ ਅੱਗ ਬਾਲ ਕੇ ਸੇਕ ਰਹੇ ਹੁੰਦੇ ਹਨ ਅਤੇ ਕਹਿ ਰਹੇ ਹੁੰਦੇ ਹਨ ਕੀ ਇਸ ਨਾਲੋਂ ਤਾਂ ਗਰਮ ਹੀ ਚੰਗੀ ਹੈ ਤਾਂ ਜੋ ਉਨ੍ਹਾਂ ਦਿਨਾਂ ਵਿੱਚ ਘੱਟ ਕੱਪੜਿਆਂ ਨਾਲ ਗੁਜ਼ਾਰਾ ਹੋ ਜਾਂਦਾ ਹੈ।ਓਧਰ ਮਾਘ ਦੇ ਮਹੀਨੇ ਦੇ ਵਿੱਚ ਵਿਆਹ-ਸ਼ਾਦੀਆਂ ਦਾ ਵੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਗਰੀਬਾਂ ਨੂੰ ਵਿਆਹ ਲਈ ਨਵੇਂ ਕਪੜੇ ਖ਼ਰੀਦਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।

ਸਰਦੀ ਦੇ ਪੋਹ ਅਤੇ ਮਾਘ ਦੇ ਮਹੀਨਿਆਂ ਵਿੱਚ ਸਰਕਾਰੀ ਦਫਤਰਾ ਦੇ ਕੰਮ ਕਾਜ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ।  ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਪੜਾਈ ਦਾ ਨਾਮਾਤਰ ਹੀ ਰਹਿ ਜਾਂਦੀ ਹੈ ਕਿਉਂਕਿ ਸਰਕਾਰ ਵੱਲੋ 25 ਦਸੰਬਰ ਤੋਂ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਜਦੋਂ ਨਵੇਂ ਸਾਲ ਵਿਚ 1 ਜਨਵਰੀ ਤੋਂ ਸਕੂਲ ਲਗਦੇ ਹਨ ਤਾਂ ਹਰ ਸਾਲ ਕੋਈ ਨਾ ਕੋਈ ਦੁਰਘਟਨਾ ਹੋ ਜਾਂਦੀ ਹੈ। ਜਿਵੇਂ ਇਹ ਸਾਲ ਪਿਛਲੇ ਦਿਨੀਂ ਲੁਧਿਆਣਾ ਦੇ ਇਕ ਮਹਿਲਾ ਅਧਿਆਪਕਾ ਦੀ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਸੀ ਜਿਸ ਕਾਰਨ ਸਰਕਾਰ ਨੂੰ ਸਕੂਲ ਦਾ ਸਮਾਂ 21 ਦਸੰਬਰ ਤੋਂ 21 ਜਨਵਰੀ ਤੱਕ 10 ਵਜੇ ਤੋਂ 3 ਵਜੇ ਤੱਕ ਕਰਨਾ ਪਿਆ ਸੀ। ਹੁਣ ਜਦੋਂ ਸਰਦੀ ਕਾਰਨ ਸਕੂਲ 9 ਜਨਵਰੀ ਤੋਂ ਸ਼ੁਰੂ ਹੋਏ ਹਨ ਤਾਂ ਇਸ ਪੈ ਰਹੀ ਅੱਤ ਦੀ ਸਰਦੀ ਕਾਰਨ ਸਮਾਣਾ ਜਿਲਾ ਪਟਿਆਲਾ ਦੇ ਸਰਕਾਰੀ ਸਕੂਲ ਦੇ ਵਿੱਚ ਪੜ ਰਹੀ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਕਿਉਂਕਿ ਇੰਨੀ ਸਰਦੀ ਵਿੱਚ ਖੂਨ ਗਾੜਾ ਹੋ ਜਾਂਦਾ ਹੈ ਦਿਲ ਦੀਆਂ ਬਿਮਾਰੀਆਂ ਵੱਧ ਜਾਂਦੀਆਂ ਹਨ। ਇਸ ਤੋਂ ਇਲਾਵਾ ਅਸੀਂ ਅਕਸਰ ਹੀ ਟੈਲੀਵਿਜਨ ਅਤੇ ਅਖ਼ਬਾਰਾਂ ਵਿਚ ਧੁੰਦ ਅਤੇ ਕੋਹਰੇ ਦੇ ਕਾਰਨ ਹੋ ਰਹੀਆਂ ਘਟਨਾਵਾਂ ਬਾਰੇ ਰੋਜ਼ ਹੀ ਵੇਖਦੇ ਅਤੇ ਪੜ੍ਹਦੇ ਹਾਂ ਅਤੇ ਇਸ ਤਰ੍ਹਾਂ ਟਰੱਕਾਂ, ਬਸਾਂ ਅਤੇ ਟਰਾਲੀਆਂ ਨਾਲ ਟਕਰਾ ਕੇ ਪਰਿਵਾਰ ਦੇ ਪਰਿਵਾਰ ਹੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।

ਸਰਦੀ ਦੇ ਦਿਨਾਂ ਵਿੱਚ ਜਦੋਂ ਅਸੀਂ ਘਰ ਵਿੱਚ ਕੋਈ ਵੀ ਕੰਮ ਕਰਵਾ ਰਹੇ ਹੁੰਦੇ ਹਾਂ ਤੱਕ ਕੰਮ ਕਰਨ ਦੀ ਰਫ਼ਤਾਰ ਵੀ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਕੰਮ ਨੂੰ ਹੋਣ ਵਿੱਚ ਵੱਧ ਸਮਾਂ ਲੱਗਦਾ ਹੈ। ਪੋਹ ਤੇ ਮਾਘ ਦੇ ਮਹੀਨੇ ਵਿਚ ਸਭ ਕੁਝ ਠੰਡਾ ਹੀ ਰਹਿੰਦਾ ਹੈ ਚਾਹੇ ਕੋਈ ਮਸੀਨਰੀ ਹੋਵੇ, ਕੋਈ ਕੱਪੜਾ ਹੋਵੇ, ਚਾਹੇ ਇਨਸਾਨ ਹੋਵੇ। ਪਰ ਇਹਨਾਂ ਦਿਨਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਹੋ ਜਾਂਦਾ ਹੈ ਅਤੇ ਸਰੀਰ ਨੂੰ ਅਰਾਮ ਪੈ ਜਾਂਦਾ ਹੈ ਜਿਸ ਕਾਰਨ ਸਰੀਰ ਵਜਨਦਾਰ ਅਤੇ ਮੋਟਾਪਾ ਆ ਜਾਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਅਸੀ ਤੁਰਨਾ ਫਿਰਨਾ ਘੱਟ ਕਰ ਦਿੰਦੇ ਹਾਂ।

ਇਕ ਗੱਲ ਇਹ ਵੀ ਹੈ ਸਰਦੀਆਂ ਵਿੱਚ ਜੇਕਰ ਹਿਮਾਲਿਆ ਪਹਾੜਾਂ  ਉੱਤੇ ਬਰਫ਼ ਜੰਮੇਂਗੀ ਤਾਂ ਹੀ ਗਰਮੀਆਂ ਦੇ ਵਿੱਚ ਉਹ ਪਿੰਗਲ ਕੀ ਹੈ ਪਾਣੀ ਦਾ ਰੂਪ ਧਾਰਨ ਕਰੇਗੀ ਅਤੇ ਪਾਣੀ ਦੀ ਘਾਟ ਪੂਰੀ ਕਰੇਗੀ। ਇਸ ਲਈ ਜ਼ਿੰਦਗੀ ਦੇ ਵਿੱਚ ਮੌਸਮ ਤਾਂ ਆਉਂਦੇ ਹੀ ਰਹਿੰਦੇ ਹਨ। ਇਨਸਾਨ ਦਾ ਨਾ ਤਾਂ ਸਰਦੀ ਤੋਂ ਬਿਨਾ ਗੁਜ਼ਾਰਾ ਹੈ ਅਤੇ ਨਾ ਹੀ ਗਰਮੀ ਤੋਂ ਬਿਨਾ। ਇਸ ਲਈ ਇਨਸਾਨ ਨੂੰ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਚਾਹੀਦਾ ਹੈ ਤਾਂ ਜੋ ਜ਼ਿੰਦਗੀ ਦੇ ਵਿੱਚ ਹਰ ਮੌਸਮ ਦਾ ਸੁਖ ਭੋਗਿਆ ਜਾ ਸਕੇ।

 

ਜਸਪਾਲ ਸਿੰਘ  ਸਨੌਰ (ਪਟਿਆਲਾ) ਮੋਬਾਈਲ 6284347188

" ਲੋਹੜੀ ਵੀ ਲੋਹੜੀ, ਦੇ ਗੁੜ ਦੀ ਰਿਉੜੀ" ✍️ ਕੁਲਦੀਪ ਸਿੰਘ ਰਾਮਨਗਰ

ਬਚਪਨ ਵਿੱਚ ਲੋਹੜੀ ਮੰਗਣ ਵੇਲੇ ਗਾਏ ਇਹ ਬੋਲ ਬਚਪਨ ਵੇਲੇ ਮਨਾਈ ਜਾਂਦੀ ਹਰ ਲੋਹੜੀ ਦੀ ਯਾਦ ਤਾਜ਼ਾ ਕਰਾ ਜਾਂਦੇ ਹਨ।
ਦੇ ਮਾਈ ਪਾਥੀ
ਤੇਰਾ ਪੁੱਤ ਚੜ੍ਹੇ ਹਾਥੀ,
ਦੇ ਮਾਈ ਲੋਹੜੀ
ਜੀਵੇ ਤੇਰੀ ਜੋੜੀ,
ਦੇ ਮਾਈ ਲੋਹੜੀ
ਤੇਰਾ ਪੁੱਤ ਚੜ੍ਹੇ ਘੋੜੀ,
ਦੇ ਮਾਈ...
 ਭਾਵੇਂ ਲੋਹੜੀ ਮਨਾਉਣ ਪਿੱਛੇ ਕਈ ਕਾਰਨ ਦੱਸੇ ਜਾਂਦੇ ਹਨ ਪਰ ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗ਼ੀ ਸੀ ਅਤੇ ਦਿਆਲੂ ਵੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ। ਇੱਕ ਹੋਰ ਦੰਤ-ਕਥਾ ਅਨੁਸਾਰ: ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜ਼ੁੰਮੇਵਾਰੀ ਲੈ ਲਈ ਅਤੇ "ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਹਨਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਇਸ ਕਰ ਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਸ਼ਾਮ ਨੂੰ ਬੱਚੇ ਘਰਾਂ ਚੋਂ ਲੋਹੜੀ ਮੰਗਣ ਤੋਂ ਬਾਅਦ ਪਾਥੀਆਂ ਅਤੇ ਲੱਕੜਾਂ ਨਾਲ ਲੋਹੜੀ ਨੂੰ ਜਲਾ ਕੇ ਇਹ ਗੀਤ ਗਾਉਂਦੇ ਹੋਏ ਨਜਰ ਆਉਂਦੇ ਹਨ।
ਸੁੰਦਰ ਮੁੰਦਰੀਏ - ਹੋ!
ਤੇਰਾ ਕੌਣ ਵਿਚਾਰਾ - ਹੋ!
ਦੁੱਲਾ ਭੱਟੀ ਵਾਲਾ - ਹੋ!
ਦੁੱਲੇ ਧੀ ਵਿਆਹੀ - ਹੋ!
ਸੇਰ ਸੱਕਰ ਆਈ - ਹੋ!
ਕੁੜੀ ਦੇ ਬੋਝੇ ਪਾਈ - ਹੋ!
ਕੁੜੀ ਦਾ ਲਾਲ ਪਟਾਕਾ - ਹੋ!
ਕੁੜੀ ਦਾ ਸਾਲੂ ਪਾਟਾ - ਹੋ!
ਸਾਲੂ ਕੌਣ ਸਮੇਟੇ - ਹੋ!
ਚਾਚਾ ਗਾਲ੍ਹੀ ਦੇਸੇ - ਹੋ!
ਚਾਚੇ ਚੂਰੀ ਕੁੱਟੀ - ਹੋ!
ਜ਼ਿੰਮੀਦਾਰਾਂ ਲੁੱਟੀ - ਹੋ!
ਜ਼ਿੰਮੀਦਾਰ ਸਦਾਓ - ਹੋ!
ਗਿਣ ਗਿਣ ਪੌਲੇ ਲਾਓ - ਹੋ!
ਇੱਕ ਪੌਲਾ ਘਟ ਗਿਆ!
ਜ਼ਿਮੀਂਦਾਰ ਨੱਸ ਗਿਆ -
 ਜੋਂ ਵੀ ਹੈ ਲੋਹੜੀ ਇੱਕ ਆਪਸੀ ਭਾਈਚਾਰਕ ਅਤੇ ਪਿਆਰ ਦੀ ਸਾਂਝ ਬਣ ਚੁੱਕੀ ਹੈ। ਪਹਿਲਾਂ ਸਿਰਫ਼ ਇਹ ਨਵੇਂ ਜੰਮੇ ਮੁੰਡਿਆਂ ਦਾ ਸਨਮਾਨ ਸੀ ਪਰ ਅੱਜ ਕੱਲ੍ਹ ਇਹ ਸਾਡੀ ਧੀਆਂ ਦਾ ਸਨਮਾਨ ਵੀ ਬਣ ਚੁੱਕੀ ਹੈ। ਨਵੇਂ ਜਨਮੇ ਬੱਚਿਆ ਦੀ ਲੋਹੜੀ ਮਨਾਉਣ ਦੀ ਰੀਤ ਬਣ ਚੁੱਕੀ ਹੈ। ਅੱਜ ਦੀ ਭੱਜ ਦੌੜ ਵਿੱਚ ਇਨਸਾਨ ਪਿੰਡ ਜਾਂ ਸ਼ਹਿਰ ਦੀ ਸਾਂਝੀ ਥਾਂ ਤੇ ਬਲਦੀ ਲੋਹੜੀ ਸ਼ੇਕਦਾ ਹੋਇਆ ਅਤੇ ਅਪਣੇ ਲੋਕਾਂ ਨਾਲ ਮੋਹ ਭਿੱਜੀਆਂ ਗੱਲਾਂ ਕਰਦਾ ਹੋਇਆ ਉਥੋਂ ਆਪਣੇ ਬਚਪਨ ਵਾਲੇ ਵਕਤ ਦੀਆ ਯਾਦਾ ਦੀਆ ਰਿਉੜੀਆਂ ਲੈਕੇ  ਸਕੂਨ ਮਹਿਸੂਸ ਕਰਦਾ ਹੋਇਆ ਫਿਰ ਅਗਲੀ ਸਕੂਨ ਭਰੀ ਲੋਹੜੀ ਦੇ ਇੰਤਜ਼ਾਰ ਵਿੱਚ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਸਫ਼ਰ ਵਿੱਚ ਗੁਆਚ ਜਾਂਦਾ ਹੈ।

ਕੁਲਦੀਪ ਸਿੰਘ ਰਾਮਨਗਰ 9417990040

ਦੇਰ ਆਏ ਦਰੁਸਤ ਆਏ (ਮਿੰਨੀ ਕਹਾਣੀ) ✍️ ਮਨਜੀਤ ਕੌਰ ਧੀਮਾਨ

 

 

             ਸੋਨੀਆ......! ਸੋਨੀਆ...!ਕੀ ਹੋਇਆ ਪੁੱਤਰ? ਤੂੰ ਐਨੀ ਪਰੇਸ਼ਾਨ ਕਿਉਂ ਹੈ! ਸ਼ਰਨਜੀਤ ਨੇ ਆਪਣੀ ਧੀ ਨੂੰ ਕਾਲਜ ਤੋਂ ਆ ਕੇ ਚੁੱਪਚਾਪ ਆਪਣੇ ਕਮਰੇ ਵੱਲ ਜਾਂਦਿਆਂ ਦੇਖ਼ ਕੇ ਪੁੱਛਿਆ।

              ਕੁੱਝ ਨੀਂ ਮੰਮੀ! ਬੱਸ ਐਵੇਂ ਈ। ਕਹਿ ਕੇ ਸੋਨੀਆ ਆਪਣੇ ਕਮਰੇ ਵਿੱਚ ਚਲੀ ਗਈ।

               ਸ਼ਰਨਜੀਤ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ। ਪਰ ਸੋਨੀਆ ਨੂੰ ਦੇਖ਼ ਕੇ ਉਹ ਇਹ ਜ਼ਰੂਰ ਸਮਝ ਗਈ ਸੀ ਕਿ ਕੋਈ ਗੱਲ ਤਾਂ ਹੈ ਜੋ ਸੋਨੀਆ ਦੱਸ ਨਹੀਂ ਰਹੀ।

                 ਆ ਪੁੱਤਰ, ਰੋਟੀ ਖਾ ਲੈ। ਸ਼ਰਨਜੀਤ ਨੇ ਸੋਚਿਆ ਕਿ ਰੋਟੀ ਖਾਂਦੇ ਸਮੇਂ ਦੁਬਾਰਾ ਪੁੱਛ ਕੇ ਦੇਖਾਂਗੀ।

                ਮੈਨੂੰ ਭੁੱਖ ਨਹੀਂ ਹੈ। ਤੁਸੀਂ ਖਾ ਲਓ। ਸੋਨੀਆ ਨੇ ਅੰਦਰੋਂ ਹੀ ਕਿਹਾ।

                ਹੈਂ! ਭੁੱਖ ਨਹੀਂ? ਪਰ ਅੱਗੇ ਤਾਂ ਕਾਲਜ ਤੋਂ ਆਉਂਦਿਆਂ ਹੀ ਭੁੱਖ-ਭੁੱਖ ਲਾਈ ਹੁੰਦੀ ਹੈ। ਅੱਜ ਭੁੱਖ ਕਿੱਥੇ ਗਈ?

ਚੱਲ ਆ ਮੇਰਾ ਪੁੱਤਰ। ਵੈਸੇ ਵੀ ਅੱਜ ਤੇਰੇ ਪਸੰਦ ਦੀ ਸਬਜ਼ੀ ਬਣਾਈ ਹੈ ਮੈਂ। ਸ਼ਰਨਜੀਤ ਕਿਸੇ ਵੀ ਤਰ੍ਹਾਂ ਸੋਨੀਆ ਦੀ ਸਮੱਸਿਆ ਜਾਣਨਾ ਚਾਹੁੰਦੀ ਸੀ।

                  ਮੰਮੀ, ਮੈਂ ਕਿਹਾ ਨਾ ਕਿ ਮੈਨੂੰ ਭੁੱਖ ਨਹੀਂ। ਮੈਨੂੰ ਤੰਗ ਨਾ ਕਰੋ ਪਲੀਜ਼। ਇਸ ਵਾਰ ਸੋਨੀਆ ਥੋੜ੍ਹਾ ਖਿੱਝ ਕੇ ਬੋਲੀ।

                 ਹੁਣ ਸ਼ਰਨਜੀਤ ਦਾ ਸ਼ੱਕ ਪੱਕਾ ਹੋ ਗਿਆ ਕਿ ਜ਼ਰੂਰ ਕੋਈ ਗੱਲ ਹੈ। ਉਹ ਸੋਨੀਆ ਦੇ ਕਮਰੇ ਵਿੱਚ ਜਾ ਕੇ ਬੈਠ ਗਈ।

ਦੇਖ਼ ਪੁੱਤਰ, ਸਮੱਸਿਆ ਕੋਈ ਵੀ ਹੋਵੇ ਓਸਦਾ ਹੱਲ ਜ਼ਰੂਰ ਨਿਕਲ਼ਦਾ ਹੈ ਪਰ ਜੇਕਰ ਅਸੀਂ ਆਪਣੇ ਮਾਂ-ਬਾਪ ਨੂੰ ਨਹੀਂ ਦੱਸਾਂਗੇ ਤਾਂ ਫ਼ਿਰ ਉਹ ਸਮੱਸਿਆ ਹੋਰ ਵੱਡੀ ਹੋ ਜਾਂਦੀ ਹੈ। ਇਸ ਲਈ ਜੋ ਵੀ ਗੱਲ ਹੈ ਤੂੰ ਮੈਨੂੰ ਦੱਸ ਸਕਦੀ ਹੈਂ। ਮੈਂ ਤੈਨੂੰ ਸਹੀ ਸਲਾਹ ਹੀ ਦੇਵਾਂਗੀ। ਸ਼ਰਨਜੀਤ ਨੇ ਪਿਆਰ ਨਾਲ ਕਿਹਾ।

              ਮੰਮੀ, ਕਾਲਜ ਵਿੱਚ ਕੁੱਝ ਮੁੰਡੇ ਮੈਨੂੰ ਰੋਜ਼ ਤੰਗ ਕਰਦੇ ਹਨ। ਪਹਿਲਾਂ ਤਾਂ ਮੈਂ ਧਿਆਨ ਨਹੀਂ ਦਿੰਦੀ ਸੀ ਪਰ ਅੱਜ ਤਾਂ ਹੱਦ ਹੀ ਹੋ ਗਈ। ਉਹਨਾਂ 'ਚੋਂ ਇੱਕ ਮੁੰਡਾ ਚਾਕੂ ਲੈ ਕੇ ਮੇਰੇ ਮੂਹਰੇ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਜੇ ਤੂੰ ਹਾਂ ਨਹੀਂ ਕਰੇਂਗੀ ਤਾਂ ਮੈਂ ਹੁਣੇ ਮਰ ਜਾਣਾ ਹੈ।ਮੰਮੀ...! ਮੈਂ ਬਹੁਤ ਘਬਰਾ ਗਈ ਸੀ ਇਸ ਲਈ...... ਊਂ.... ਊਂ... ਊ ਸੋਨੀਆ ਰੋਣ ਲੱਗ ਪਈ।

               ਇਸ ਲਈ ਕੀ ਪੁੱਤਰ..? ਮੈਨੂੰ ਦੱਸ! ਕੀ ਹੋਇਆ ਫ਼ਿਰ? ਸ਼ਰਨਜੀਤ ਪਰੇਸ਼ਾਨ ਹੋ ਕੇ ਬੋਲੀ।

             ਮੰਮੀ.... ਮੰਮੀ...!

ਮੈਨੂੰ ਸਾਰੇ ਕਹਿਣ ਲੱਗ ਪਏ ਕਿ ਤੂੰ ਹਾਂ ਕਰ ਦੇ। ਤੇ ਮੈਂ......! ਊਂ... ਊਂ.... ਸੋਨੀਆ ਫ਼ੇਰ ਰੋਣ ਲੱਗ ਪਈ।

               ਤੇ ਮੈਂ ਕੀ....? ਕੀ ਤੂੰ ਉਹਨੂੰ ਹਾਂ ਕਰ ਦਿਤੀ। ਸ਼ਰਨਜੀਤ ਨੇ ਅੰਦਾਜ਼ਾ ਲਗਾਇਆ।

               ਤੇ ਮੰਮੀ ਮੈਂ ਕੀ ਕਰਦੀ! ਤੁਸੀਂ ਆਪ ਹੀ ਦੱਸੋ! ਸੋਨੀਆ ਨੇ ਝਿਜਕਦਿਆਂ ਕਿਹਾ।

            ਤੇ ਹੁਣ.... ਤੇ ਹੁਣ....! ਸੋਨੀਆ ਬੋਲਦਿਆਂ ਚੁੱਪ ਕਰ ਗਈ।

            ਹੁਣ ਕੀ ਪੁੱਤਰ। ਦੱਸ ਮੈਨੂੰ....ਸਾਰੀ ਗੱਲ ਦੱਸ। ਸ਼ਰਨਜੀਤ ਨੇ ਦਬਾਅ ਪਾਇਆ।

            ਓਹਦੇ ਸਾਰੇ ਦੋਸਤ ਮੈਨੂੰ ਭਾਬੀ, ਭਾਬੀ ਕਹਿ ਰਹੇ ਸਨ ਤੇ ਉਹ ਸਾਰਿਆਂ ਨੂੰ ਪਾਰਟੀ ਦੇ ਰਿਹਾ ਸੀ। ਮੈਂ ਬੜੀ ਮੁਸ਼ਕਿਲ ਨਾਲ ਉਹਨਾਂ ਸਾਰਿਆਂ ਤੋਂ ਪਿੱਛਾ ਛੁਡਾ ਕੇ ਆਈ ਹਾਂ।ਸੋਨੀਆ ਨੇ ਬੇਬਸੀ ਜ਼ਾਹਰ ਕੀਤੀ।

             ਅੱਛਾ ਪੁੱਤਰ, ਤੂੰ ਮੈਨੂੰ ਇਹ ਦੱਸ ਕਿ ਐਨਾ ਹੀ ਸੱਚ ਹੈ ਕਿ ਹੋਰ ਕੁੱਝ ਵੀ ਹੈ? ਸ਼ਰਨਜੀਤ ਨੇ ਸੋਨੀਆ ਦੀਆਂ ਅੱਖਾਂ ਵਿੱਚ ਦੇਖਦਿਆਂ ਕਿਹਾ।

            ਹਾਂਜੀ ਮੰਮੀ, ਐਨਾ ਹੀ ਸੱਚ ਹੈ। ਹੋਰ ਕੋਈ ਗੱਲ ਨਹੀਂ ਹੈ। ਸੋਨੀਆ ਨੇ ਦ੍ਰਿੜ੍ਹ ਹੋ ਕੇ ਕਿਹਾ।

             ਠੀਕ ਹੈ। ਹੁਣ ਤੂੰ ਪਰੇਸ਼ਾਨ ਨਾ ਹੋ! ਸਾਰੀ ਗੱਲ ਮੇਰੇ ਤੇ ਛੱਡ ਦੇ। ਬੱਸ ਉਸ ਮੁੰਡੇ ਦਾ ਕੋਈ ਅਤਾ-ਪਤਾ ਹੈ ਤਾਂ ਮੈਨੂੰ ਦੱਸ। ਸ਼ਰਨਜੀਤ ਨੇ ਕੁੱਝ ਸੋਚਦਿਆਂ ਕਿਹਾ।

             ਮੰਮੀ ਉਹਦਾ ਨਾਮ ਸੰਨੀ ਹੈ ਤੇ ਉਹ ਨਹਿਰੂ ਕਲੋਨੀ ਵਿੱਚ ਰਹਿੰਦਾ ਹੈ। ਸੋਨੀਆ ਨੇ ਦੱਸਿਆ।

               ਚੱਲ ਫ਼ਿਰ! ਸ਼ਰਨਜੀਤ ਨੇ ਉੱਠਦਿਆਂ ਕਿਹਾ।

               ਕਿੱਥੇ ਨੂੰ? ਸੋਨੀਆ ਹੈਰਾਨ ਹੋ ਕੇ ਬੋਲੀ।

               ਤੂੰ ਚੱਲ ਤਾਂ ਸਹੀ। ਬੱਸ ਚੁੱਪ ਰਹਿ ਕੇ ਦੇਖੀ ਜਾਈਂ। ਸ਼ਰਨਜੀਤ ਨੇ ਸੋਨੀਆ ਨੂੰ ਬਾਂਹੋ ਫੜ੍ਹ ਕੇ ਉਠਾਇਆ ਤੇ ਸਕੂਟਰੀ ਤੇ ਬਿਠਾ ਕੇ ਘਰੋਂ ਨਿਕਲ ਤੁਰੀ।

ਕੁੱਝ ਦੇਰ 'ਚ ਉਹ ਸੰਨੀ ਦੇ ਘਰ ਪਹੁੰਚ ਗਈਆਂ। ਸੋਨੀਆ ਹੈਰਾਨ ਪਰੇਸ਼ਾਨ, ਪਰ ਚੁੱਪ ਸੀ।

               ਸੰਨੀ...! ਸੰਨੀ ਪੁੱਤਰ! ਸ਼ਰਨਜੀਤ ਨੇ ਅੰਦਰ ਵੜ੍ਹਦਿਆਂ ਆਵਾਜ਼ ਮਾਰੀ।

              ਹਾਂਜੀ, ਤੁਸੀਂ ਕੌਣ? ਸੰਨੀ ਦੀ ਭੈਣ ਮੀਨਾ ਨੇ ਉਹਨਾਂ ਨੂੰ ਦੇਖ਼ ਕੇ ਪੁੱਛਿਆ।

               ਪੁੱਤਰ, ਅਸੀਂ ਤੁਹਾਡੇ ਰਿਸ਼ਤੇਦਾਰ ਹੀ ਹਾਂ। ਤੂੰ ਜ਼ਰਾ ਮੰਮੀ ਨੂੰ ਤੇ ਵੀਰੇ ਨੂੰ ਤਾਂ ਬੁਲਾ। ਸ਼ਰਨਜੀਤ ਨੇ ਵਿਅੰਗਾਤਮਕ ਤਰੀਕੇ ਨਾਲ਼ ਕਿਹਾ।

                ਜੀ ਆਂਟੀ, ਹੁਣੇ ਬੁਲਾਂਦੀ ਹਾਂ। ਤੁਸੀਂ ਬੈਠੋ। ਕਹਿ ਕੇ ਮੀਨਾ ਅੰਦਰ ਚਲੀ ਗਈ।

                 ਸਤਿ ਸ਼੍ਰੀ ਆਕਾਲ ਭੈਣ ਜੀ। ਸ਼ਰਨਜੀਤ ਨੇ ਸੰਨੀ ਦੀ ਮੰਮੀ ਨੂੰ ਦੇਖ਼ ਕੇ ਕਿਹਾ।

               ਸਤਿ ਸ਼੍ਰੀ ਆਕਾਲ ਜੀ। ਸੰਨੀ ਦੀ ਮੰਮੀ ਨੇ ਕੁੱਝ ਹੈਰਾਨ ਹੁੰਦਿਆਂ ਜਵਾਬ ਦਿੱਤਾ।

               ਸੰਨੀ ਪੁੱਤਰ ਕਿਵੇਂ ਹੋ? ਸ਼ਰਨਜੀਤ ਨੇ ਸੰਨੀ ਨੂੰ ਆਉਂਦਿਆਂ ਦੇਖ਼ ਕੇ ਪੁੱਛਿਆ।

                ਮੈਂ..... ਮੈਂ....! ਸੋਨੀਆ ਵੱਲ ਦੇਖਦਿਆਂ ਹੀ ਸੰਨੀ ਇੱਕਦਮ ਬੌਂਦਲ ਜਿਹਾ ਗਿਆ।

               ਕੀ ਹੋਇਆ ਪੁੱਤਰ? ਸ਼ਰਨਜੀਤ ਨੇ ਜਿਵੇਂ ਓਹਦੇ ਸਿਰ ਤੇ ਹਥੌੜਾ ਹੀ ਮਾਰ ਦਿੱਤਾ ਹੋਵੇ।

               ਜੀ ਕੁੱਝ ਨਹੀਂ..…. ਮੈਂ....ਮੈਂ....ਹੁਣੇ ਆਇਆ...! ਕਹਿ ਕੇ ਸੰਨੀ ਬਾਹਰ ਨੂੰ ਮੁੜਿਆ।

               ਨਾਂ... ਨਾਂ.... ਪੁੱਤਰ, ਬਾਅਦ ਵਿੱਚ ਜਾਵੀਂ। ਹਜੇ ਇੱਧਰ ਆ। ਜ਼ਰੂਰੀ ਗ਼ੱਲ ਕਰਨੀ ਹੈ ਅਸੀਂ। ਸ਼ਰਨਜੀਤ ਨੇ ਸੰਨੀ ਨੂੰ ਰੋਕਦਿਆਂ ਕਿਹਾ।

               ਪਰ ਭੈਣ ਜੀ, ਤੁਸੀਂ ਹੋ ਕੌਣ? ਸੰਨੀ ਦੀ ਮੰਮੀ ਨੇ ਹੈਰਾਨੀ ਨਾਲ ਪੁੱਛਿਆ।

                 ਆਜੋ ਬੈਠੋ ਭੈਣ ਜੀ, ਮੈਂ ਸੱਭ ਦੱਸਦੀ ਹਾਂ। ਦਰਅਸਲ ਕੱਲ੍ਹ ਸੰਨੀ ਨੇ ਮੇਰੀ ਬੇਟੀ ਸੋਨੀਆ ਨੂੰ ਆਪਣੇ ਦੋਸਤਾਂ ਤੋਂ ਭਾਬੀ ਕਹਾਇਆ। ਇਸ ਤਰ੍ਹਾਂ ਇਹ ਤੁਹਾਡੀ ਨੂੰਹ ਬਣ ਗਈ। ਸ਼ਰਨਜੀਤ ਨੇ ਸੋਨੀਆ ਵੱਲ ਇਸ਼ਾਰਾ ਕਰਦਿਆਂ ਕਿਹਾ।

                ਕੀ...? ਇਹ ਕੀ ਕਹਿ ਰਹੇ ਹੋ ਭੈਣ ਜੀ। ਸੰਨੀ ਹਜੇ ਪੜ੍ਹ ਰਿਹਾ ਹੈ। ਇਹ ਤਾਂ ਛੋਟਾ ਹੈ ਹਜੇ। ਹਜੇ ਅਸੀਂ ਕਿਵੇਂ.....? ਸੰਨੀ ਦੀ ਮੰਮੀ ਨੂੰ ਕੁੱਝ ਸਮਝ ਨਹੀਂ ਸੀ ਆ ਰਹੀ।

                ਨਾਂ.... ਨਾਂ.... ਭੈਣ ਜੀ, ਇਹ ਪੜ੍ਹਨ ਥੋੜੇ ਜਾਂਦਾ। ਇਹ ਤਾਂ ਮੁੰਡਿਆਂ ਨਾਲ਼ ਰਲ਼ ਕੇ ਲੋਕਾਂ ਦੀਆਂ ਕੁੜੀਆਂ ਨੂੰ ਭਾਬੀਆਂ ਕਹਾਉਂਦਾ ਫਿਰਦਾ।

ਸ਼ਰਨਜੀਤ ਦੀ ਆਵਾਜ਼ ਵਿੱਚ ਹੁਣ ਤਲਖ਼ੀ ਸੀ।

                  ਸੰਨੀ ਇਹ ਕੀ ਕਹਿ ਰਹੇ ਹਨ? ਤੂੰ ਕਾਲਜ ਜਾ ਕੇ ਇਹ ਕੰਮ ਕਰਦਾ ਹੈਂ? ਸੰਨੀ ਦੀ ਮੰਮੀ ਨੇ ਗੁੱਸੇ ਵਿੱਚ ਕਿਹਾ।

                   ਨਹੀਂ ਮੰਮੀ..... ਉਹ...! ਸੰਨੀ ਦੀ ਜ਼ੁਬਾਨ ਲੜਖੜਾ ਰਹੀ ਸੀ।

                ਹਾਂਜੀ ਆਂਟੀ ਜੀ, ਹੁਣ ਮੈਂ ਇੱਥੇ ਹੀ ਰਹਾਂਗੀ। ਵੈਸੇ ਵੀ ਇਹਨੇ ਕਿਹਾ ਕਿ ਇਹ ਮੇਰੇ ਬਿਨਾਂ ਮਰ ਜਾਏਗਾ। ਸੋਨੀਆ ਨੇ ਆਪਣੀ ਮੰਮੀ ਦੀ ਚਾਲ ਸਮਝਦਿਆਂ ਚੁੱਪੀ ਤੋੜੀ।

                ਸ਼ਾਬਾਸ਼ ਪੁੱਤਰ! ਤੂੰ ਤਾਂ ਬਹੁਤ ਵਧੀਆ ਪੜ੍ਹਾਈ ਕਰਦਾ ਹੈਂ, ਕਾਲਜ ਵਿੱਚ। ਆਪਣੀ ਭੈਣ ਲਈ ਵੀ ਕੋਈ ਮੁੰਡਾ ਵੇਖ਼ ਲੈਣਾ ਸੀ। ਸੰਨੀ ਦੀ ਮੰਮੀ ਨੇ ਉਹਦੀ ਬਾਂਹ ਫੜ੍ਹਦਿਆਂ ਕਿਹਾ। 

                 ਮੈਨੂੰ ਮਾਫ਼ ਕਰਦੇ ਸੋਨੀਆ। ਮੈਨੂੰ ਸਮਝ ਆ ਗਈ ਹੈ ਕਿ ਮੈਂ ਤੈਨੂੰ ਬਹੁਤ ਤੰਗ ਕੀਤਾ ਹੈ। ਮੰਮੀ ਮੈਨੂੰ ਮਾਫ਼ ਕਰ ਦਿਓ, ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਕਦੇ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ। ਇਸ ਵਾਰ ਮਾਫ਼ ਕਰ ਦਿਓ ਆਂਟੀ ਜੀ। ਮੈਂ ਬਹੁਤ ਸ਼ਰਮਿੰਦਾ ਹਾਂ।ਸੋਨੀਆ ਮੈਂ ਭੁੱਲ ਗਿਆ ਸੀ ਕਿ ਮੇਰੇ ਘਰ ਵੀ ਇੱਕ ਤੇਰੇ ਵਰਗੀ ਕੁੜੀ ਹੈ ਜੋ ਕਿ ਮੇਰੀ ਭੈਣ ਹੈ। ਮੈਂ ਸੱਚ ਕਹਿ ਰਿਹਾ ਹਾਂ ਅੱਜ ਤੋਂ ਤੈਨੂੰ ਵੀ ਭੈਣ ਸਮਝਾਂਗਾ। ਬੱਸ ਇੱਕ ਵਾਰ ਮੈਨੂੰ ਤੁਸੀਂ ਸਾਰੇ ਮਾਫ਼ ਕਰ ਦਿਓ। ਸੰਨੀ ਹੱਥ ਜੋੜੀ ਖੜ੍ਹਾ ਸੀ।

                  ਕੀ ਹੋਇਆ ਵੀਰੇ? ਅੰਦਰੋਂ ਮੀਨਾ ਨੇ ਬਾਹਰ ਨਿਕਲਦਿਆਂ ਪੁੱਛਿਆ।

                  ਕੁੱਝ ਨਹੀਂ ਭੈਣੇ!ਸੰਨੀ ਬਹੁਤ ਚੰਗਾ ਮੁੰਡਾ ਹੈ, ਇਹ ਮੇਰੇ ਨਾਲ਼ ਕਾਲਜ ਵਿੱਚ ਪੜ੍ਹਦਾ ਹੈ। ਅਸੀਂ ਇੱਥੋਂ ਲੰਘ ਰਹੇ ਸੀ ਤਾਂ ਇਸ ਲਈ ਸੋਚਿਆ ਕਿ ਮਿਲ਼ ਕੇ ਚੱਲੀਏ। ਸੰਨੀ ਕਹਿੰਦਾ ਸੀ ਕਿ ਮੇਰੀ ਭੈਣ ਚਾਹ ਬਹੁਤ ਸੁਆਦ ਬਣਾਉਂਦੀ ਹੈ। ਸੋਨੀਆ ਚਹਿਕ ਉੱਠੀ ਸੀ।

               ਅੱਛਾ ਦੀਦੀ! ਸੱਚੀ? ਮੈਂ ਹੁਣੇ ਚਾਹ ਬਣਾ ਕੇ ਲਿਆਉਂਦੀ ਹਾਂ। ਕਹਿ ਕੇ ਮੀਨਾ ਅੰਦਰ ਚਾਹ ਬਣਾਉਣ ਚਲੀ ਗਈ।

             ਚਲੋ ਦੇਰ ਆਏ ਦਰੁੱਸਤ ਆਏ। ਪਰ ਸੰਨੀ ਪੁੱਤਰ ਅੱਗੇ ਤੋਂ ਯਾਦ ਰੱਖੀਂ ਕਿ ਧੀਆਂ- ਭੈਣਾਂ ਸੱਭ ਦੀਆਂ ਸਾਂਝੀਆਂ ਹੁੰਦੀਆਂ ਹਨ। ਸ਼ਰਨਜੀਤ ਨੇ ਪਿਆਰ ਨਾਲ ਕਿਹਾ।

               ਹਾਂ ਪੁੱਤਰ, ਬੱਚੇ ਮਾਂ- ਬਾਪ ਦਾ ਰੂਪ ਹੁੰਦੇ ਹਨ। ਜੋ ਤੁਸੀਂ ਕਰੋਗੇ ਓਹਦੇ ਨਾਲ਼ ਹੀ ਸਾਡਾ ਨਾਮ ਰੌਸ਼ਨ ਹੋਣਾ ਜਾਂ ਮਿੱਟੀ ਵਿੱਚ ਮਿਲਣਾ ਹੈ। ਸੰਨੀ ਦੀ ਮੰਮੀ ਨੇ ਸਮਝਾਇਆ।

                ਹਾਂਜੀ ਮੰਮੀ, ਤੁਸੀਂ ਠੀਕ ਕਹਿੰਦੇ ਹੋ। ਪਰ ਜੇ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆਵੇ ਤਾਂ ਉਹਨੂੰ ਭੁੱਲਾ ਨਹੀਂ ਕਹੀਦਾ, ਮਾਫ਼ ਕਰ ਦੇਈਦਾ ਹੈ। ਸੰਨੀ ਨੇ ਫ਼ੇਰ ਹੱਥ ਜੋੜਦਿਆਂ ਕਿਹਾ।

                 ਤੇ ਤੇਰੇ ਦੋਸਤ ਹੁਣ ਮੈਨੂੰ ਕੀ ਕਹਿਣਗੇ।ਸੋਨੀਆ ਨੇ ਉੱਠਦਿਆਂ ਕਿਹਾ।

               ਫ਼ਿਕਰ ਨਾ ਕਰ ਅੱਜ ਤੋਂ ਅਸੀਂ ਸਾਰੇ ਤੈਨੂੰ ਭੈਣ ਕਹਾਂਗੇ ਤੇ ਆਂਟੀ ਜੀ ਦੀ ਸਿੱਖਿਆ ਵੀ ਸੱਭ ਨੂੰ ਦੇਵਾਂਗੇ।ਹੁਣ ਮੈਂ ਆਪਣੀ ਭੈਣ ਤੇ ਆਂਟੀ ਲਈ ਸਮੋਸੇ ਲੈ ਕੇ ਆਉਂਦਾ ਹਾਂ, ਕਹਿ ਕੇ ਸੰਨੀ ਉੱਠ ਕੇ ਬਾਹਰ ਨਿਕਲ਼ ਗਿਆ।

                ਭੈਣ ਜੀ,ਤੁਸੀਂ ਬਹੁਤ ਚੰਗਾ ਕੀਤਾ ਕਿ ਘਰੇ ਆ ਗਏ। ਤੇ ਤੁਹਾਡਾ ਬੱਚਿਆਂ ਨੂੰ ਸਮਝਾਉਣ ਦਾ ਤਰੀਕਾ ਬਹੁਤ ਸੋਹਣਾ ਹੈ। ਬੱਚੇ ਗ਼ਲਤੀ ਕਰਨ ਤਾਂ ਵੱਡਿਆਂ ਨੂੰ ਇੰਝ ਹੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਸੰਨੀ ਦੀ ਮੰਮੀ ਨੇ ਸ਼ਰਨਜੀਤ ਨੂੰ ਕਿਹਾ ਤੇ ਸੋਨੀਆ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ।

              ਐਨੇ ਨੂੰ ਸੰਨੀ ਸਮੋਸੇ ਲੈ ਕੇ ਆ ਗਿਆ ਤੇ ਮੀਨਾ ਚਾਹ ਲੈ ਆਈ।ਸੱਭ ਨੇ ਮਿਲ਼ ਕੇ ਚਾਹ ਪੀਤੀ ਤੇ ਸਮੋਸੇ ਖਾਧੇ ਤੇ ਫ਼ਿਰ ਸ਼ਰਨਜੀਤ ਤੇ ਸੋਨੀਆ ਖੁਸ਼ੀ- ਖੁਸ਼ੀ ਆਪਣੇ ਘਰ ਨੂੰ ਤੁਰ ਪਈਆਂ।

 

ਮਨਜੀਤ ਕੌਰ ਧੀਮਾਨ-ਸਪਰਿੰਗ ਡੇਲ ਪਬਲਿਕ ਸਕੂਲ- ਸ਼ੇਰਪੁਰ, ਲੁਧਿਆਣਾ-ਸੰ:9464633059

"ਹੜਤਾਲ"✍️ ਸਰਬਜੀਤ ਸਿੰਘ ਨਮੋਲ਼

ਕਰਕੇ ਸਭ ਹੜਤਾਲ਼ ਬੈਠਗੀ

ਕੁੱਲ ਸੂਬੇ ਦੀ ਅਫ਼ਸਰ ਸ਼ਾਹੀ 

ਮੋਟੀਆਂ ਕਈ ਲੈਣ ਤਨਖਾਹਾਂ 

ਪਰ ਉੱਤੋਂ ਵੀ  ਰਿਸ਼ਵਤ ਸ਼ਾਹੀ 

ਡਿਊਟੀ ਦਾ ਟਾਇਮ ਕੋਈ ਨਾ

ਓ ਹੁਕਮਾਂ ਦੀ ਕਰਨ ਮਨਾਹੀ

ਸ਼ਾਹੀ ਸਾਰਾ  ਠਾਠ ਬਾਠ ਐ

ਹੁੰਦਾ ਜਿਉਂ  ਹੁਕਮ ਇਲਾਹੀ

ਕਰਦੇ ਨੇ ਸਭ  ਮਨ ਮਰਜ਼ੀ 

ਬੱਸ ਕੀ ਪੈਸੇ ਦੀ ਵਾਹੋਦਾਹੀ

ਫਸ ਜਾਂਦਾ  ਆਮ ਆਦਮੀ

ਮੋਟੀ ਲੈਣ  ਰਿਸ਼ਵਤ ਆਹੀ

ਦੁੱਖੜੇ ਇਥੇ ਕੌਣ ਏ ਸੁਣਦਾ

ਹਰ ਦਫ਼ਤਰ 'ਚ ਬੇਵਿਸਾਹੀ

ਦਸਖ਼ਤ ਵੀ ਮੁੱਲ ਕਰਦੇ ਜੋ 

ਪੈਂਦੀ ਨਈਂ  ਗਲ਼ ਨੂੰ ਫਾਹੀ

ਤੇਲ ਤੇ ਸਰਕਾਰੀ ਗੱਡੀਆਂ

ਦੱਸ ਰਾਣੀ ਨੂੰ ਕਦੋਂ ਮਨਾਹੀ

ਜੁੱਗਾਂ ਤੋਂ ਹੀ ਲੁੱਟਦੇ ਆਉਂਦੇ 

ਓ ਰਾਜਿਆਂ ਦੀ ਰਾਜਾਸ਼ਾਹੀ 

'ਜੀਤ' ਹੱਥ ਝੰਡਾ  ਚੱਕ ਲਓ

ਹੁਣ ਹੱਕਾਂ  ਦੀ ਭਰੋ ਗਵਾਹੀ 

 

ਸਰਬਜੀਤ ਸਿੰਘ ਨਮੋਲ-ਪਿੰਡ ਨਮੋਲ਼ ਜਿਲਾ ਸੰਗਰੂਰ -9877358044

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਰੀਵਿਊ ਮੀਟਿੰਗ

ਮਹੀਨਾਵਾਰ ਮੀਟਿੰਗ ਵਿੱਚ ਸਿੱਖਿਆ ਦੀ ਗੁਣਵੱਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ - ਜ਼ਿਲ੍ਹਾ ਅਧਿਕਾਰੀ

ਪਠਾਨਕੋਟ, 11 ਜਨਵਰੀ (ਹਰਪਾਲ ਸਿੰਘ,ਪ੍ਰਭਜੋਤ ਕੌਰ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਜ਼ਿਲ੍ਹਾ ਕੰਪਲੈਕਸ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਮਹੀਨਾਵਾਰ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕਮਲਦੀਪ ਕੌਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਮੂਹ ਬੀਪੀਈਓ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਨਾਲ ਸਿੱਖਿਆ ਦੀ ਗੁਣਵੱਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਸਬੰਧੀ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦਸੰਬਰ ਟੈਸਟ ਮੁਲਾਂਕਣ ਰਿਪੋਰਟ, ਮਿਸ਼ਨ ਸੌ ਫ਼ੀਸਦੀ ਤਹਿਤ ਗਿਵ ਯੂਅਰ ਬੈਸਟ' ਤਹਿਤ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ, ਨਵੇਂ ਸੈਸ਼ਨ ਦੇ ਦਾਖ਼ਲੇ ਲਈ ਮਾਪਿਆਂ ਨਾਲ ਗੱਲਬਾਤ ਕਰਦਿਆਂ ਦਾਖ਼ਲਾ ਮੁਹਿੰਮ ਭਖਾਈ ਜਾਵੇ। ਬੱਚਿਆਂ ਨੂੰ ਠੰਡ ਤੋਂ ਬਣਾਉਣ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ। ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਮਾਪਿਆਂ ਨਾਲ਼ ਰਾਬਤਾ ਕਾਇਮ ਕੀਤਾ ਜਾਵੇ, ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਸਕੂਲ ਮੁਖੀਆਂ ਨੂੰ ਪ੍ਰੇਰਿਤ ਕੀਤਾ ਜਾਵੇ। ਪ੍ਰੀ-ਪ੍ਰਾਇਮਰੀ ਤਹਿਤ ਮਿਲੀਆਂ ਵੱਖ ਵੱਖ ਗਰਾਂਟ ਨੂੰ ਪਪਪਪ ਟੀਮ ਮੈਂਬਰਾਂ ਦੀ ਮੱਦਦ ਨਾਲ ਖ਼ਰਚ ਕਰ ਲਿਆ ਜਾਵੇ। ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਵਰਦੀਆਂ ਦੀ ਖ਼ਰੀਦ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਬੀਪੀਈਓਜ ਕੁਲਦੀਪ ਸਿੰਘ, ਰਾਕੇਸ਼ ਠਾਕੁਰ, ਨਰੇਸ਼ ਪਨਿਆੜ ਅਤੇ ਪੰਕਜ ਅਰੋੜਾ, ਜ਼ਿਲ੍ਹਾ ਕੋਆਰਡੀਨੇਟਰ ਪਪਪਪ ਵਨੀਤ ਮਹਾਜਨ ਅਤੇ ਸਮੂਹ ਪਪਪਪ ਟੀਮ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ:- ਬੀਪੀਈਓਜ ਅਤੇ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਮੀਟਿੰਗ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ

ਪੰਜਾਬੀ ਭਾਸ਼ਾ ਦੀ ਵਰਤੋਂ ਕਰਨਾ ਯਕੀਨੀ ਬਣਾਇਆ ਜਾਵੇ

ਪਠਾਨਕੋਟ, 11 ਜਨਵਰੀ(ਹਰਪਾਲ ਸਿੰਘ/ਪ੍ਰਭਜੋਤ ਕੌਰ)ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਠਾਨਕੋਟ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਅਤੇ ਸਮੁੱਚੇ ਰਾਜ ਵਿੱਚ ਇਸ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੁਹਿਰਦ ਯਤਨ ਕਰ ਰਹੀ ਹੈ । ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਹੁਕਮ ਜਾਰੀ ਕੀਤੇ ਹਨ ਕਿ 21 ਫਰਵਰੀ, ਅੰਤਰ ਰਾਸ਼ਟਰੀ ਮਾਤ-ਭਾਸ਼ਾ ਦਿਵਸ ਤੋਂ ਪਹਿਲਾਂ ਪਹਿਲਾਂ ਸਾਰੇ ਰਾਜ ਵਿੱਚ ਸਮੂਹ ਸਰਕਾਰੀ ਦਫ਼ਤਰਾਂ/ਵਿਭਾਗਾਂ/ਅਦਾਰਿਆਂ/ਸੰਸਥਾਵਾਂ/ਵਿੱਦਿਅਕ ਅਦਾਰਿਆਂ/ਬੋਰਡਾਂ/ਨਿਗਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ/ਪਬਲਿਕ ਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ/ਨਾਮ ਪੱਟੀਆਂ/ਮੀਲ ਪੱਥਰ/ਸਾਇਨ ਬੋਰਡਾਂ ਉੱਪਰ ਪੰਜਾਬੀ (ਗੁਰਮੁਖੀ ਲਿਪੀ) ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਇਸ ਸੰਬੰਧੀ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਸੰਬੰਧੀ ਪੱਤਰ ਜ਼ਿਲ੍ਹੇ ਦੇ ਸਭ ਦਫ਼ਤਰਾਂ ਨੂੰ ਭੇਜ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਉਹਨਾਂ ਦੇ ਦਫ਼ਤਰ ਵੱਲੋਂ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਕਿਸੇ ਵੀ ਸਾਇਨ ਬੋਰਡ, ਨਾਮ ਪੱਟੀਆਂ, ਮੀਲ ਪੱਥਰ ਆਦਿ ’ਤੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ’ਚ ਲਿਖਿਆ ਜਾਣਾ ਜ਼ਰੂਰੀ ਹੈ ਜੇ ਕਿਤੇ ਦੂਜੀ ਭਾਸ਼ਾ ਦੀ ਵਰਤੋਂ ਦੀ ਲੋੜ ਹੈ ਤਾਂ ਉਹ ਪੰਜਾਬੀ ਭਾਸ਼ਾ ਤੋਂ ਬਾਅਦ ਲਿਖਿਆ ਜਾਵੇਗਾ ਅਤੇ ਧਿਆਨ ਰੱਖਿਆ ਜਾਵੇ ਕਿ ਪੰਜਾਬੀ ਦਾ ਅੱਖ਼ਰੀ ਅਕਾਰ ਦੂਜੀ ਭਾਸ਼ਾ ਨਾਲੋਂ ਵੱਡਾ ਹੋਵੇ ।

ਘਰ-ਘਰ ਰੋਜਗਾਰ ਮੁਹਿੰਮ ਤਹਿਤ ਮਿਤੀ 17-01-2023 ਨੂੰ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ- ਰੋਜਗਾਰ ਅਫਸਰ

ਪਠਾਨਕੋਟ, 11 ਜਨਵਰੀ(ਹਰਪਾਲ ਸਿੰਘ,ਪ੍ਰਭਜੋਤ ਕੌਰ)ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜਿਲ੍ਹਾ ਪਠਾਨਕੋਟ ਵਿਖੇ ਮਿਤੀ 17-01-2023 ਨੂੰ Kotak Mahindra Bank ਦੁਆਰਾ ਡੀਬੀਈਈ ਵਿਖੇ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।ਰੋਜਗਾਰ ਅਫਸਰ ਰਮਨ ਨੇ ਦੱਸਿਆ ਕਿ ਕੰਪਨੀ ਦੁਆਰਾ Junior Acquisition Manager ਦੀ ਪੋਸਟ ਲਈ ਅਸਾਮੀਆਂ ਦੀ ਮੰਗ ਕੀਤੀ ਗਈ ਹੈ । ਚਾਹਵਾਨ ਪ੍ਰਾਰਥੀ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਗਰੈਜੂਏਸ਼ਨ ਜਾਂ ਪੋਸਟ ਗਰੈਜੂਏਸ਼ਨ ਹੈ ਉਹ ਇਸ ਅਸਾਮੀ ਲਈ ਡੀਬੀਈਈ ਵਿਖੇ ਆ ਕੇ ਅਪਲਾਈ ਕਰ ਸਕਦੇ ਹਨ।
ਰੋਜਗਾਰ ਅਫਸਰ ਪਠਾਨਕੋਟ ਰਮਨ ਨੇ ਦੱਸਿਆ ਕਿ ਪ੍ਰਾਰਥੀ ਦੀ ਉਮਰ 26 ਸਾਲ ਤੱਕ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਕੰਪਨੀ ਦੁਆਰਾ 2.25 ਲੱਖ ਤੋਂ 3.25 ਲੱਖ ਤੱਕ ਦਿੱਤੀ ਜਾਵੇਗੀ। ਚਾਹਵਾਨ ਪ੍ਰਾਰਥੀ ਜੋ ਇਸ ਜਾਬ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਮਿਤੀ 17.01.2023 ਨੂੰ ਦਿਨ ਮੰਗਲਵਾਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਕਮਰਾ ਨੰ: 352 ਦੂਜੀ ਮੰਜਿਲ ਮਲਿਕਪੁਰ,ਪਠਾਨਕੋਟ ਵਿਖੇ ਸਵੇਰੇ 11 ਵਜੇ ਅਪਣੇ ਦਸਤਾਵੇਜ ਲੈ ਕੇ ਹਾਜਰ ਹੋਣ।ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ: 7657825214 ਤੇ ਸੰਪਰਕ ਕਰ ਸਕਦੇ ਹਨ।