You are here

ਪੰਜਾਬ

ਗ਼ਜ਼ਲ ✍️ ਮਨਜੀਤ ਕੌਰ ਜੀਤ

ਸਰਕਾਰ ਲੈਂਦੀ ਸਾਰ ਜੇ ,ਰੁਲਣ ਨਾ ਜਵਾਨੀਆਂ

ਭੱਠੀ ‘ਚ ਪੈਣ ਤਰੱਕੀਆਂ ,ਸੱਭੇ ਸ਼ਤਾਨੀਆਂ

 

ਮਿਲਦਾ ਟੁੱਕਰ ਰੱਜਵਾਂ, ਹੋਣ ਕਿਉਂ ਵਿਰੁਧ

ਅਪਣੀ ਧਰਤ ਸਾਂਭਦੇ ,ਛੱਡ ਕੇ ਬਿਗਾਨੀਆੰ

 

ਪੱਲੇ ‘ਚ ਰੱਖ ਕੇ ਲੈ ਗਏ ,ਆਸ਼ਾਂ ਤੇ ਖਾਹਿਸ਼ਾਂ

ਪੁੱਤਰ ਵਿਦੇਸ਼ੀ ਤੜਪਦੇ,ਤੱਕ ਕੇ ਨਿਸ਼ਾਨੀਆਂ

 

ਆ ਕੇ ਕਦੀ ਤੂੰ ਵੇਖ ਲੈ,ਜਿੰਦ ਦਾ ਅਖੀਰ ਹੈ

ਦੇਵੀਂ ਭੁਲਾ ਜੇ ਹੋ ਸਕੇ ,ਸੱਭੇ ਨਦਾਨੀਆਂ

 

ਪੀਵੇ ਜੁ ਪਾਣੀ ਵਾਰ ਕੇ,ਦਿਲ  ਤੋਂ ਦੁਆ ਕਰੇ

ਲੰਘੀ ਉਮਰ ਦੱਸਣ ਕਿਉ ਮਾੜੀਆ ਜਨਾਨੀਆਂ

ਮਨਜੀਤ ਕੌਰ ਜੀਤ

ਤੂੰ ਤੇ ਮੈਂ  ✍️ ਅੰਜੂ ਸਾਨਿਆਲ

   ਮੈਂ ਤੇਰੇ ਹੱਥੀਂ ਲਿਖੀ ਬੇ-ਵਕਤੀ ਗ਼ਜ਼ਲ ਹਾਂ

ਜਿਸ ਨੂੰ ਅਧੂਰਾ ਛੱਡ, ਤੂੰ ਸੋਚੀਂ ਪੈ ਗਿਆ

 

ਮੈਂ ਤੇਰੇ ਸ਼ਬਦਾਂ ਦੀ ਜੜ੍ਹਤ ਦਾ ਇੱਕ ਐਸਾ ਸੱਚ ਹਾਂ

ਜਿਸ ਨੂੰ ਕਹਿਣ ਲੱਗਾ, ਤੂੰ ਖ਼ੁਦ ਚੁੱਪ ਬਹਿ ਗਿਆ

 

ਮੈਂ ਤੇਰੇ ਦਿਲ ਚੋਂ ਉੱਠੀ ਐਸੀ ਉਮੰਗ ਹਾਂ

ਜਿਸ ਨੂੰ ਖ਼ੁਦ ਵੱਲ ਵੱਧਦਾ ਦੇਖ, ਤੂੰ ਦੰਗ ਰਹਿ ਗਿਆ

 

ਮੈਂ ਰਾਖ਼ ਵਿੱਚ ਦੱਬੀ ਉਹ ਚਿਣਗ ਹਾਂ

ਜਿਸ ਨੂੰ ਦਗਦਾ ਦੇਖ, ਤੂੰ ਕਸ਼ਮਕਸ਼ ਵਿੱਚ ਪੈ ਗਿਆ

 

ਮੈਂ ਤੇਰੇ ਨੂਰ ਚੋਂ ਨਿਕਲੀ ਉਹ ਕਿਰਨ ਹਾਂ

ਜਿਸ ਦੀ ਚਮਕ ਦੇਖ, ਤੂੰ ਅੱਖਾਂ ਬੰਦ ਕਰ ਬਹਿ ਗਿਆ

 

ਅੰਜੂ ਸਾਨਿਆਲ 

ਨਾਰੰਗਵਾਲ ਵਿਖੇ ਦ੍ਰਿਸ਼ਟੀ ਸਕੂਲ  ਵਿਹੜਾ ਖੁਸ਼ੀਆਂ ਦਾ ਸਮਾਗਮ ਆਯੋਜਿਤ

ਜੋਧਾਂ 15 ਜਨਵਰੀ  (ਦਲਜੀਤ ਸਿੰਘ ਰੰਧਾਵਾ) ਦ੍ਰਿਸ਼ਟੀ ਡਾ.ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਵਿਖੇ ਲੋਹੜੀ ਦੇ ਤਿਉਹਾਰ ਸਬੰਧੀ 'ਵਿਹੜਾ ਖੁਸ਼ੀਆਂ ਦਾ' ਸਮਾਗਮ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ 'ਦੁੱਲਾ ਭੱਟੀ' ਦੀ ਲੋਕ ਗਾਥਾ ਤੇ ਅਧਾਰਿਤ ਪੰਜਾਬੀ ਗੀਤਾਂ,ਨਾਚਾਂ ਅਤੇ ਨਾਟਕਾਂ ਦੀ ਪੇਸ਼ਕਾਰੀ ਦਾ ਵੱਡੀ ਗਿਣਤੀ ਵਿੱਚ ਇਕੱਤਰ ਪਤਵੰਤਿਆਂ ਨੇ ਖੂਬ ਆਨੰਦ ਮਾਣਿਆ। ਪੰਜਾਬ ਦੇ ਵਿਰਾਸਤੀ ਪਹਿਰਾਵੇ ਵਿੱਚ ਸਜ ਧਜ ਕੇ ਆਪਣੇ ਮਾਪਿਆਂ ਨਾਲ ਸਕੂਲ ਦੇ ਵਿਹੜੇ ਆਏ ਬੱਚਿਆਂ ਨੇ ਸਕੂਲ ਵੱਲੋਂ ਵਿਸ਼ੇਸ਼ ਤੌਰ ਤੇ ਲਗਾਈਆਂ ਖੇਡਾਂ  ਅਤੇ ਸਟੇਸ਼ਨਰੀ ਵਗੈਰਾ ਦੀਆਂ ਸਟਾਲਾਂ ਤੇ ਖ਼ੂਬ ਖਰੀਦੋ ਫਰੋਖਤ ਕੀਤੀ ਤੇ ਵੱਖ ਵੱਖ ਖਾਣਿਆ ਦਾ ਆਨੰਦ ਮਾਣਿਆ । ਇਸ ਮੌਕੇ  ਬੱਚਿਆਂ ਨੇ ਮਜ਼ੇਦਾਰ ਖੇਡਾਂ ਟੋਂਗਾ ਰਾਈਡ ਅਤੇ ਸੈਲਫੀ ਕਾਰਨਰ ਦਾ ਵੀ ਆਨੰਦ ਮਾਣਿਆ। ਇਸ ਮੌਕੇ ਲੱਕੀ ਡਰਾਅ ਲਈ ਵੱਧ ਟਿਕਟਾਂ ਵੇਚਣ ਵਾਲੇ ਵਿਦਿਆਰਥੀ ਹਰਸ਼ਿਤ ਕੁਮਰਾ ਨੂੰ ਵਧੀਆ ਪ੍ਰਚਾਰ ਹੁਨਰ ਲਈ ਸਕੂਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਵੱਲੋਂ ਬੱਚਿਆਂ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ ਕੱਢੇ ਗਏ ਲੱਕੀ ਡਰਾਅ ਦੌਰਾਨ ਜੇਤੂਆਂ ਨੂੰ 32" ਇੰਚੀ ਐਲ ਈ ਡੀ ,ਮੋਬਾਈਲ ਫੋਨ, ਇੰਡਕਸ਼ਨ ਸਟੋਵ,ਇਲੈਕਟ੍ਰੀਕਲ ਕੇਤਲੀ ਅਤੇ ਬਲੈਂਡਰ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਸਮਾਪਤੀ ਤੇ ਪ੍ਰਿੰਸੀਪਲ ‌ਡਾ‌‌ ਮਨੀਸ਼ਾ ਗੰਗਵਾਰ ਨੇ ਸਮਾਗਮ ਦੀ ਸਫਲਤਾ ਲਈ ਆਏ ਮਹਿਮਾਨਾਂ, ਮਾਪਿਆਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ  ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦਾ ਆਤਮਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਨੂੰ ਆਪਣਾ ਹੁਨਰ ਤੇ ਪ੍ਰਤਿਭਾ ਦਿਖਾ ਕੇ ਅੱਗੇ ਵਧਣ ਦਾ ਹੌਂਸਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਹੜੀ ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਕਮਾਇਆ ਜਾਣ ਵਾਲਾ ਮੁਨਾਫਾ ਸਮਾਜ ਭਲਾਈ ਦੇ ਕਾਰਜਾਂ ਲਈ ਵਰਤਿਆ  ਜਾਵੇਗਾ‌‌।

ਤਲਵੰਡੀ ਸਾਬੋ ਦੇ ਡਾਕਟਰਾਂ ਅਤੇ ਨਗਰ ਵਾਸੀਆਂ ਨੇ ਕੱਢਿਆ ਰੋਸ ਮਾਰਚ

ਲਗਾਇਆ ਧਰਨਾ , ਮਹਲਾਵਰਾਂ ਨੂੰ ਗ੍ਰਿਫਤਾਰ ਦੀ ਕੀਤੀ ਮੰਗ

ਤਲਵੰਡੀ ਸਾਬੋ, 15 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਨਾਮੀ ਡਾਕਟਰ ਦਿਨੇਸ਼ ਬਾਂਸਲ ਨੂੰ ਬੀਤੇ ਦੇਰ ਸ਼ਾਮ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ 'ਚ ਅੱਜ ਨਗਰ ਦੇ ਡਾਕਟਰਾਂ ਅਤੇ ਕੈਮਿਸਟਾਂ ਨੇ ਦੁਕਾਨਾਂ ਬੰਦ ਕਰਨ ਉਪਰੰਤ ਨਗਰ 'ਚ ਰੋਸ ਮਾਰਚ ਕੱਢਦਿਆਂ ਨਗਰ 'ਚ ਵਧ ਰਹੀ ਗੁੰਡਾਗਰਦੀ, ਲੁੱਟ ਖੋਹ ਅਤੇ ਫ਼ਿਰੌਤੀਆਂ ਖ਼ਿਲਾਫ਼ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ। ਫ਼ਿਲਹਾਲ ਨਗਰ ਵਾਸੀ ਨਿਸ਼ਾਨ-ਏ-ਖ਼ਾਲਸਾ ਚੌਂਕ 'ਚ ਧਰਨੇ 'ਤੇ ਬੈਠ ਗਏ ਹਨ। ਇਸ ਰੋਸ ਧਰਨੇ ਵਿੱਚ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੀ ਪਹੁੰਚੇ। ਉਹਨਾਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਇਸ ਗੰਭੀਰ ਮਾਮਲਿਆਂ ਨੂੰ ਸੂਬੇ ਭਰ ਤੋਂ ਹੱਲ ਕਰਨ ਲਈ ਸੂਬਾ ਸਰਕਾਰ ਅਤੇ ਸਾਡਾ ਸਾਥ ਦਿਓ ਅਤੇ ਜੇਕਰ ਕਿਸੇ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਨ੍ਹਾ ਜਿਝਕ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਰਲਕੇ ਅਜਿਹੇ ਅਨਸਰਾਂ ਨੂੰ ਕਾਬੂ ਕਰ ਸਕੀਏ।  ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ ਨੇ ਵਿਸ਼ਵਾਸ਼ ਦੁਆਇਆ ਹੈ ਕਿ ਕਲ੍ਹ ਨੂੰ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪਰੰਤੂ ਉਹਨਾਂ ਅਜਿਹੀਆਂ ਵਾਰਦਾਤਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਦੱਸ ਦੇਈਏ ਕਿ ਬੀਤੇ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਨੱਤ ਰੋਡ 'ਤੇ ਰਾਜ ਨਰਸਿੰਗ ਹੋਮ ਵਿਖੇ ਕੁੱਝ ਨੌਜਵਾਨ ਦਵਾਈ ਦੀ ਪਰਚੀ ਕਟਵਾਉਣ ਪਹੁੰਚੇ ਤਾਂ ਪਰਚੀ ਕਟਵਾਉਣ ਤੋਂ ਬਾਅਦ ਡਾਕਟਰ ਦੇ ਸਾਹਮਣੇ ਆਉਂਦਿਆਂ ਹੀ ਨੌਜਵਾਨਾਂ ਨੇ ਕਾਤਲਾਨਾ ਹਮਲੇ ਕਰਦੇ ਹੋਏ ਗੋਲੀ ਚਲਾ ਦਿੱਤੀ ਜਿਸ ਦੌਰਾਨ ਡਾਕਟਰ ਗੰਭੀਰ ਜ਼ਖਮੀ ਹੋਇਆ ਜਿਸਨੂੰ ਬਠਿੰਡਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸੂਬੇ ਵਿਚ ਦਿਨ-ਬ-ਦਿਨ ਫਿਰੌਤੀ, ਲੁਟਖੋਹ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਦੇ ਚਲਦਿਆਂ ਅਤੇ ਬੀਤੇ ਰਾਤ ਹੋਈ ਵਾਰਦਾਤ ਨੂੰ ਲੈ ਕੇ  ਅੱਜ ਸਵੇਰ ਤੋਂ ਡਾਕਟਰਾਂ ਅਤੇ ਕੈਮਿਸਟਾਂ ਵੱਲੋਂ ਖੰਡਾ ਚੌਂਕ ਵਿਖੇ ਧਰਨਾ ਲਗਾ ਦਿੱਤਾ ਹੈ ਪ੍ਰੰਤੂ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਪ੍ਰਸ਼ਾਸ਼ਨ ਦੇ ਵਿਸ਼ਵਾਸ਼ ਦੁਆਉਣ ਤੇ ਧਰਨਾ ਚੁੱਕ ਲਿਆ ਹੈ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਰਨਾਲਾ ਦੀ ਮੰਥਲੀ ਮੀਟਿੰਗ ਹੋਈ

   ਬਰਨਾਲਾ 15 ਜਨਵਰੀ (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਲਾਕ ਬਰਨਾਲਾ ਦੀ ਮੰਥਲੀ ਮੀਟਿੰਗ ਬਲਾਕ ਪ੍ਰਧਾਨ ਸ੍ਰੀ ਮੋਹਨ ਲਾਲ ਜੀ ਦੀ ਪ੍ਰਧਾਨਗੀ ਹੇਠ ਤਰਕਸੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿੱਚ ਜੱਥੇਬੰਦੀ ਦੇ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।

     ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਕੈਸ਼ੀਅਰ ਡਾ ਰਣਜੀਤ ਸਿੰਘ ਸੋਹੀ ਨੇ ਜਿਲਾ ਫਾਜ਼ਿਲਕਾ ਵਿਖੇ 17 ਮੈਡੀਕਲ ਪ੍ਰੈਕਟੀਸ਼ਨਰਾਂ ਤੇ ਐਸ਼ ਐਮ ਓ ਦੀ ਸ਼ਿਕਾਇਤ ਤੇ ਪਰਚੇ ਦਰਜ ਕਰਨ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ। ਉਨਾਂ ਕਿਹਾ ਕਿ ਜਥੇਬੰਦੀ ਪਿਛਲੇ 30-35 ਸਾਲਾਂ ਤੋਂ ਰਜਿਸਟ੍ਰੇਸ਼ਨ ਲੈਣ ਵਾਸਤੇ ਸੰਘਰਸ਼ ਕਰ ਰਹੀ ਹੈ ਜਥੇਬੰਦੀ ਦੇ ਮੈਂਬਰ ਪਿੰਡਾਂ ਅਤੇ ਸ਼ਹਿਰਾਂ ਦੇ ਪਛੜੇ ਇਲਾਕਿਆਂ ਅੰਦਰ ਗਰੀਬ ਲੋਕਾਂ ਨੂੰ ਸਸਤੀਆਂ ਮੁਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਇੰਨਾਂ ਪ੍ਰੈਕਟੀਸ਼ਨਰਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇਣ ਦਾ ਕਾਨੂੰਨੀ ਹੱਕ ਦੇਵੇ। ਪ੍ਰਧਾਨ ਡਾ ਮੋਹਨ ਲਾਲ ਨੇ ਜਥੇਬੰਦੀ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਡਾ ਵਾਸਦੇਵ ਸ਼ਰਮਾ ਅਤੇ ਡਾ ਦਵਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਸਾਰੇ ਮੈਂਬਰਾਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਅਤੇ ਕਿਸੇ ਵੀ ਤਰਾਂ ਦੇ ਨਸ਼ੇ ਦੀ ਦਵਾਈ  ਨਾਂ ਵਰਤਨ ਦੀ ਤਾਕੀਦ ਕੀਤੀ। ਉਨਾਂ ਯਾਦ ਦਿਵਾਇਆ ਕਿ ਉਲੰਗਣਾ ਕਰਨ ਵਾਲੇ ਮੈਂਬਰਾਂ ਨੂੰ ਜਥੇਬੰਦੀ ਵੱਲੋਂ ਭਾਰੀ ਜੁਰਮਾਨੇ ਰੱਖੇ ਗਏ ਹਨ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਡਾ ਅੰਮ੍ਰਿਤਪਾਲ ਸਕੱਤਰ, ਜਗਸੀਰ ਸਿੰਘ ਜੱਗੀ, ਜਗਰੂਪ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਵਿਰਾਟ ਵਿਸ਼ਵਾਸ, ਗੁਰਦੀਪ ਸਿੰਘ ਅਤੇ ਜਗਸੀਰ ਸਿੰਘ ਚੰਨਣਵਾਲ ਆਦਿ ਸਮੇਤ ਬਹੁਤ ਸਾਰੇ ਪ੍ਰੈਕਟੀਸ਼ਨਰਜ ਨੇ ਹਿੱਸਾ ਲਿਆ।

ਧੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਧੂਮਧਾਮ ਅਤੇ ਖੁਸ਼ੀ ਨਾਲ ਮਨਾਈ

ਪਟਿਆਲਾ, 15 ਜਨਵਰੀ (ਗੁਰਭਿੰਦਰ ਗੁਰੀ )ਨੇੜਲੇ ਪਿੰਡ ਭੁੰਨਰਹੇੜੀ ਵਿਖੇ ਜਗਰਾਜ ਸਿੰਘ ਢਿੱਲੋਂ ਦੇ ਪਰਿਵਾਰ ਵੱਲੋਂ ਆਪਣੀ ਪੋਤਰੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਗੀਤਕਾਰ ਬਚਿੱਤਰ ਸਿੰਘ ਬਾਜਵਾ ਨੇ ਕਿਹਾ ਕਿ ਲੋਹੜੀ ਦਾ ਤਿਓਹਾਰ ਸਾਡੀ ਸੱਭਿਅਤਾ ਦਾ ਪ੍ਰਤੀਕ ਹੈ। ਸਾਡੇ ਲੋਕਾਂ ਨੂੰ ਆਪਣੇ ਮਨ-ਮੁਟਾਵ ਦੂਰ ਕਰਕੇ ਸਾਰੇ ਤਿਓਹਾਰ ਰਲਮਿਲ ਕੇ ਖੁਸ਼ੀ ਨਾਲ ਮਨਾਉਣੇ ਚਾਹੀਦੇ ਹਨ। ਉਨ੍ਹਾਂ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਯਸ਼ਨਪ੍ਰੀਤ ਸਿੰਘ ਢਿੱਲੋਂ, ਨਵਪ੍ਰੀਤ ਕੌਰ ਢਿੱਲੋਂ ਵੱਲੋਂ ਆਪਣੀ ਬੇਟੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਮਨਾਈ ਗਈ ਹੈ, ਉਸੇ ਤਰ੍ਹਾਂ ਮੁੰਡੇ ਅਤੇ ਕੁੜੀ ਦੇ ਵਿੱਚ ਫਰਕ ਨਾ ਰੱਖ ਕੇ, ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਧੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਅੱਜ ਫੌਜ, ਪੁਲਿਸ, ਪਾਇਲੈਟ, ਖੇਡਾਂ ਆਦਿ ਖੇਤਰਾਂ ’ਚ ਨਾਮਣਾਂ ਖੱਟ ਕੇ ਆਪਣਾ, ਆਪਣੇ ਦੇਸ਼ ਅਤੇ ਮਾਤਾ ਪਿਤਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸ ਮੌਕੇ ਗੀਤਕਾਰ ਬਾਜਵਾ ਨੇ ਧੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਮਨਾਉਣ ਲਈ ਢਿੱਲੋਂ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਆਏ ਮਹਿਮਾਨਾਂ ਨੂੰ ਮੂਗਲਫਲੀ, ਰਿਊੜੀਆਂ ਵੰਡੀਆਂ ਗਈਆਂ ਅਤੇ ਲੋਹੜੀ ਬਾਲੀ ਗਈ। ਇਸ ਮੌਕੇ ਜਗਰਾਜ ਸਿੰਘ ਢਿੱਲੋਂ, ਦਲਜੀਤ ਕੌਰ, ਜਗਜੀਤ ਸਿੰਘ-ਮਨਿੰਦਰ ਕੌਰ (ਨਾਨਾ-ਨਾਨੀ), ਯਸ਼ਨਪ੍ਰੀਤ ਸਿੰਘ ਢਿੱਲੋਂ, ਨਵਪ੍ਰੀਤ ਕੌਰ ਢਿੱਲੋਂ, ਅੰਮ੍ਰਿਤਪਾਲ ਸਿੰਘ ਰਾਏ ,ਕਮਲਪ੍ਰੀਤ ਸਿੰਘ ਕੈਨੇਡਾ, ਸੁਖਜਿੰਦਰ ਸਿੰਘ ਅਮਰੀਕਾ (ਤਿੰਨੋਂ ਮਾਮੇ) ਗੁਰਧਿਆਨ ਸਿੰਘ ਖਰੋੜ, ਮਹਿੰਗਾ ਸਿੰਘ ਬਾਦਸ਼ਾਹਪੁਰ, ਬਲਵਿੰਦਰ ਸਿੰਘ, ਅੰਕਿਤ ਕੁਮਾਰ, ਪ੍ਰਦੀਪ ਸਿੰਘ, ਗੁਰਜੀਤ ਸਿੰੰਘ, ਅਮਰਪ੍ਰੀਤ ਸਿੰਘ, ਜੱਗਾ ਚੋਪੜਾ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮੁਕਤਸਰ ਸਾਹਿਬ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ

ਮੁਕਤਸਰ ਸਾਹਿਬ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ  ਸ਼ਿੰਗਾਰੇ ਹੋਏ ਹਾਥੀ, ਘੋੜੇ ਊਠ ਨਿਹੰਗ ਸਿੰਘਾਂ ਦੇ ਕਾਫਲੇ ‘ਚ ਸ਼ਾਮਲ ਲੋਕਾਂ ਦਾ ਧਿਆਨ ਬੈਂਡ ਵਾਜਿਆਂ, ਢੋਲ ਨਗਾਰਿਆਂ ਤੇ ਨਰਸਿੰਙਿਆਂ ਨੇ ਖਿੱਚਿਆ

ਮੁਕਤਸਰ ਸਾਹਿਬ, 15 ਜਨਵਰੀ- ਮੁਕਤਸਰ ਦੇ ਚਾਲੀ (ਮੁਕਤਿਆਂ) ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮੂੰਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਬੁੱਢਾ ਦਲ ਨੂੰ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਿਗਾਰਿਆਂ ਦੀ ਛਤਰ ਛਾਇਆ ਹੇਠ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਮਹੱਲਾ ਦੀ ਆਰੰਭਤਾ ਹੋਈ। ਇਸ ਤੋਂ ਪਹਿਲਾਂ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਂਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਆਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਦੀ ਮਰਿਯਾਦਾ ਅਨੁਸਾਰ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਭਾਈ ਲਖਬੀਰ ਸਿੰਘ ਕੋਟਕਪੁਰਾ, ਭਾਈ ਗੁਰਪ੍ਰੀਤ ਪੰਜਗਰਾਈ ਤੋਂ ਇਲਾਵਾ ਵੱਖ-ਵੱਖ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਜਿਸ ਦੇ ਪ੍ਰੋਗਰਾਮਾਂ ਮਨੋਰਥਾਂ ਬਾਰੇ ਸੰਗਤ ਨਾਲ ਸਾਂਝ ਪਾਈ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਇਹ ਮੁਕਤਸਰ ਸਾਹਿਬ ਦਾ ਜੋੜ ਮੇਲਾ ਭੁੱਲਾਂ ਬਖਸ਼ਾਉਣ ਵਾਲਾ ਤੇ ਗੁਰੂ ਦੇ ਨੇੜੇ ਹੋਣ ਦਾ ਵਿਸ਼ੇਸ਼ ਦਿਹਾੜਾ ਹੈ। ਬੇਦਾਵਾ ਦੇਣ ਵਾਲੇ ਸਿੰਘਾਂ ਨੇ ਕੁਰਬਾਨੀ ਦੇ ਕੇ ਆਪਣੀ ਭੁੱਲ ਗੁਰੂ ਜੀ ਤੋਂ ਬਖ਼ਸ਼ਾ ਕੇ ਵੱਖ-ਵੱਖ ਖਿਤਾਬਾਂ ਦੇ ਰੂਪ ‘ਚ ਅਸੀਸਾਂ ਪ੍ਰਾਪਤ ਕੀਤੀਆਂ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਾਮਤਾ ਹੈ। ਹਰ ਸਿੱਖ ਨੂੰ ਬਾਣੀ ਬਾਣੇ ਦੇ ਧਾਰਨੀ ਹੋ ਹਰ ਸਮੇ ਚੜਦੀਕਲਾ ‘ਚ ਰਹਿੰਦਿਆ ਕੌਮ ਦੀ ਬੇਹਤਰੀ ਲਈ ਤੱਤਪਰ ਰਹਿਣਾ ਚਾਹੀਦਾ ਹੈ। ਭਗਤ ਸਿਮਰਨ ਵਿੱਚ ਇਕ ਜੋਤ ਹੋਣੀਆਂ ਮਨੁੱਖੀ ਰੂਹਾਂ ਅਤੇ ਨਿਰਸੁਆਰਥ ਕੌਮੀ ਤੇ ਪੰਥ ਲਈ ਦਿਤੀ ਸ਼ਹੀਦੀ ਪ੍ਰਮਾਤਮਾ ਨੂੰ ਮਿਲਣ ਦਾ ਸਿੱਧਾ ਮਾਰਗ ਹੈ ਪ੍ਰਮਾਤਮਾ ਵੀ ਅੱਗੋਂ ਆ ਮਿਲਦਾ ਹੈ। ਉਪਰੰਤ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਜੋ ਬੁੱਢਾ ਦਲ ਦੇ ਪੰਜਵੇਂ ਮੁਖੀ ਜਥੇਦਾਰ ਹੋਏ ਹਨ ਦੇ ਅਸਥਾਨ ਤੋਂ ਬੁੱਢਾ ਦਲ ਦੀ ਅਗਵਾਈ ਵਿੱਚ ਵੱਖ-ਵੱਖ ਤਰਨਾ ਦਲਾਂ ਦੇ ਮੁਖੀ ਨਿਹੰਗ ਸਿੰਘਾਂ ਦਾ ਇੱਕ ਵਿਸ਼ਾਲ ਕਾਫਲਾ ਹਾਥੀਆਂ, ਊਠਾਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਮਹੱਲਾ ਖਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਗੁਰਦੁਆਰਾ ਤੰਬੂ ਸਾਹਿਬ ਤੋਂ ਬਜ਼ਾਰ ਰਾਂਹੀ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਖੁਲੇ੍ਹ ਮੈਦਾਨ ਵਿੱਚ ਵਾਜਿਆਂ, ਗਾਜਿਆਂ ਸਮੇਤ ਪੁੱਜਾ।ਬੈਂਡ ਵਾਜਿਆਂ ਦੀਆਂ ਸੁੰਦਰ ਧੁੰਨਾਂ, ਢੋਲਾਂ ਤੇ ਡਗੇ ਨਗਾਰਿਆਂ ਤੇ ਚੋਟਾਂ ਲਗਾਉਂਦੇ, ਨਰਸਿੰਙੇ ਵਜਾਉਂਦਿਆਂ ਨਿਹੰਗ ਸਿੰਘਾਂ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ।ਉਪਰੰਤ ਘੋੜ ਦੋੜਾਂ ਹੋਈਆਂ। ਨਿਹੰਗ ਸਿੰਘ ਇੱਕ ਤੋਂ ਦੋ, ਦੋ ਤੋਂ  ਚਾਰ ਅਤੇ ਚਾਰ ਤੋਂ ਛੇ, ਛੇ ਘੋੜਿਆਂ ਤੇ ਖਲੋ ਕੇ ਨਿਹੰਗ ਸਿੰਘਾਂ ਨੇ ਘੋੜਿਆਂ ਨੂੰ ਦੌੜਾਇਆ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ।ਗੱਤਕੇ ਦੇ ਖੁਲੇ ਪਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਨੇ ਗਤਕੇ ਦੇ ਜੋਹਰ ਵਿਖਾਏ। ਮਹੱਲੇ ਵਿੱਚ ਨਿਹੰਗ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸ਼ਮੂਲੀਅਤ ਕੀਤੀ।ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਮਹੱਲੇ ‘ਚ ਸ਼ਾਮਲ ਹੋਏ ਸਮੂਹ ਜਥੇਦਾਰਾਂ, ‘ਤੇ ਲਾਡਲੀਆਂ ਫੌਜਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਜਥੇਦਾਰ ਪੰਜਵਾਂ ਤਖ਼ਤ, ਤੋਂ ਇਲਾਵਾ ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਤਰਨਾ ਦਲ ਵੱਲਾ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਮਾਨ ਸਿੰਘ ਤਰਨਾ ਦਲ ਮੜੀਆਂ ਵਾਲਾ ਬਟਾਲਾ, ਬਾਬਾ ਵੱਸਣ ਸਿੰਘ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਬਾਬਾ ਤਾਰਾ ਸਿੰਘ ਝਾੜ ਸਾਹਿਬ ਮਾਛੀਵਾੜਾ, ਬਾਬਾ ਤਰਲੋਕ ਸਿੰਘ ਖਿਆਲਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਬਲਦੇਵ ਸਿੰਘ ਮੁਸਤਰਾਬਾਦ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਜਗਤਾਰ ਸਿੰਘ ਠੱਠੇ ਵਾਲੇ, ਬਾਬਾ ਸਤਨਾਮ ਸਿੰਘ ਮੁਕਤਸਰ, ਬਾਬਾ ਢੂੰਡਾ ਸਿੰਘ ਮਿਸ਼ਲ ਭਾਈ ਬਚਿੱਤਰ ਸਿੰਘ, ਬਾਬਾ ਕੁਲਵਿੰਦਰ ਸਿੰਘ ਤਰਨਾ ਦਲ ਚਮਕੌਰ ਸਾਹਿਬ, ਬਾਬਾ ਛਿੰਦਾ ਸਿੰਘ ਭਿੰਖੀਵਿੰਡ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਇੰਦਰ ਸਿੰਘ ਘੋੜਿਆਂ ਵਾਲੇ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਮੇਜਰ ਸਿੰਘ ਮੁਖਤਾਰੇਆਮ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਬਲਦੇਵ ਸਿੰਘ ਤਰਨਾ ਦਲ ਵੱਲਾ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਹਿਤਾਬ ਸਿੰਘ, ਬਾਬਾ ਰਣਯੋਧ ਸਿੰਘ, ਬਾਬਾ ਲੱਖਾ ਸਿੰਘ ਬਠਿੰਡਾ, ਬਾਬਾ ਭਗਤ ਸਿੰਘ ਬਹਾਦਰਗੜ੍ਹ, ਬਾਬਾ ਜਰਨੈਲ ਸਿੰਘ ਬੱਗਸਰ, ਬਾਬਾ ਸੁੱਖਾ ਸਿੰਘ ਖਿਆਲਾ, ਬਾਬਾ ਸ਼ਮਸ਼ੇਰ ਸਿੰਘ, ਬਾਬਾ ਭੁਪਿੰਦਰ ਸਿੰਘ, ਭਾਈ ਮਾਨ ਸਿੰਘ ਤਲਵੰਡੀ ਸਾਬੋ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਦਲੇਰ ਸਿੰਘ, ਸ. ਇੰਦਰਪਾਲ ਸਿੰਘ ਫੌਜੀ, ਬਾਬਾ ਗਗਨਦੀਪ ਸਿੰਘ ਆਦਿ ਹਾਜ਼ਰ ਸਨ।

 

ਟੁੱਟੀ ਗੰਢੀ ਜੋੜ ਮੇਲ ਸਮੇਂ ਪੁਜੀਆਂ ਸੰਗਤਾਂ ਤੇ ਸਮੱਚੇ ਪ੍ਰਬੰਧਕਾਂ, ਸੇਵਾ ਦਲਾਂ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਧੰਨਵਾਦ ਕੀਤਾ

ਮੁਕਤਸਰ ਸਾਹਿਬ 15 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਮਾਘੀ ਸਮੇਂ ਮੁਕਤਸਰ ਸਾਹਿਬ ਦੇ ਚਾਲੀ ਮੁਕਤਿਆਂ ਸ਼ਹੀਦ ਸਿੰਘਾਂ ਨੂੰ ਸ਼ਰਧਾ ਅਕੀਦਤ ਭੇਟ ਕਰਨ ਪੁਜੀ ਸੰਗਤ ਅਤੇ ਉਨ੍ਹਾਂ ਦੀ ਆਉ ਭਗਤ (ਟਹਿਲ ਸੇਵਾ) ਲਈ ਜਨਤਕ ਸਹਿਯੋਗੀ ਸੇਵਾ ਸੁਸਾਇਟੀਆਂ, ਸ਼੍ਰੋਮਣੀ ਕਮੇਟੀ ਤੇ ਸਰਕਾਰੀ ਪ੍ਰਸ਼ਾਸਨ ਵਲੋਂ ਨਿਭਾਈਆਂ ਸੇਵਾਵਾਂ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ 14 ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਿਲੋਂ ਹਾਰਦਿਕ ਧੰਨਵਾਦ ਕੀਤਾ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਪੁਜੀ ਸੰਗਤ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਬਾਕੀ ਗੁਰਦੁਆਰਾ ਸਾਹਿਬਾਨ ਪੁਜ ਕੇ ਗੁਰੂ ਦਸਮ ਪਾਤਸ਼ਾਹ ਦੇ ਪਿਆਰੇ ਸ਼ਹੀਦ ਸਿੰਘਾਂ ਨੂੰ ਸਰਧਾ ਸਤਿਕਾਰ ਤੇ ਅਕੀਦਤ ਭੇਟ ਕੀਤੀ ਹੈ ਉਥੇ ਵੱਖ- ਵੱਖ ਲੰਗਰਾਂ ਛਬੀਲਾਂ ਤੇ ਜੋੜਿਆਂ ਦੀ ਸੇਵਾ ਜਾਂ ਰਹਾਇਸ਼ ਆਦਿ ਨਾਲ ਜੁੜੀਆਂ ਸੇਵਾ ਸੁਸਾਇਟੀਆਂ, ਸੇਵਾ ਦਲਾਂ, ਸ਼੍ਰੋਮਣੀ ਕਮੇਟੀ ਅਤੇ ਸਰਕਾਰ ਦੇ ਪ੍ਰਬੰਧ ਵੀ ਪ੍ਰਸ਼ੰਸ਼ਾ ਜਨਕ ਸਨ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਧਾਰਮਿਕ ਇਕੱਠ ਸਮੇਂ ਪ੍ਰਬੰਧਾਂ ਵਿੱਚ ਕਿਤੇ ਕਿਸੇ ਸ਼ਰਧਾਲੂ ਨੂੰ ਔਕੜ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੋਵੇ ਤਾਂ ਖਿਮਾਂ ਚਾਹੁੰਦੇ ਹਾਂ ਉਨ੍ਹਾਂ ਕਿਹਾ ਕਿ ਵੱਡੇ ਇਕੱਠਾਂ ਵਿੱਚ ਕਈ ਵਾਰ ਉਣਤਾਈਆਂ ਪ੍ਰਬੰਧਕੀ ਰਹਿ ਜਾਂਦੀਆਂ ਹਨ ਆਸ ਕਰਦੇ ਹਾਂ ਸੰਗਤ ਬਖਸ਼ਿੰਦ ਹੈ ਉਨ੍ਹਾਂ ਪੁਜੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ।

 

ਬਦਲੀ ਉਪਰੰਤ ਅਧਿਆਪਕ ਨੂੰ ਕੀਤਾ ਸਨਮਾਨਿਤ

 ਹਠੂਰ,15,ਜਨਵਰੀ-(ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਾਇਮਰੀ ਸਕੂਲ ਲੰਮਾ ਮੇਨ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕ ਕੁਲਦੀਪ ਸਿੰਘ ਛਾਪਾ ਦੀ ਬਦਲੀ ਹੋਣ ਉਪਰੰਤ ਉਹਨਾਂ ਨੂੰ ਅੱਜ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਸੈਂਟਰ ਹੈੱਡ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕੁਲਦੀਪ ਸਿੰਘ ਛਾਪਾ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਅਧਿਆਪਕ ਹਨ । ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਰ ਦਿੱਤੀਆਂ ਸੇਵਾਵਾਂ ਨੂੰ ਵੇਖਦੇ ਹੋਏ ਅੱਜ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਬੀ.ਐਮ.ਟੀ ਸੁਖਦੇਵ ਸਿੰਘ ਜੱਟਪੁਰੀ, ਸਕੂਲ ਇੰਨਚਾਰਜ ਮਨਜਿੰਦਰ ਸਿੰਘ ਹਠੂਰ,ਜਗਜੀਤ ਸਿੰਘ,ਅਮਰਜੀਤ ਕੌਰ, ਤੇਜਿੰਦਰ ਕੌਰ ਬੱਸੀਆਂ,ਮਿੱਡ ਡੇ ਮੀਲ ਵਰਕਰ ਹਾਜ਼ਰ ਸਨ। ਫੋਟੋ ਕੈਪਸ਼ਨ—ਕੁਲਦੀਪ ਸਿੰਘ ਛਾਪਾ ਨੂੰ ਸਨਮਾਨਿਤ ਕਰਦੇ ਹੋਏ ਸੈਂਟਰ ਹੈੱਡ ਗੁਰਪ੍ਰੀਤ ਸਿੰਘ ਸੰਧੂ ਅਤੇ ਹੋਰ।

ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵੱਲੋਂ ਸ਼ਬਦ ਲੰਗਰਾਂ ਦਾ ਆਯੋਜਨ ਕੀਤਾ

ਲੁਧਿਆਣਾ, 15 ਜਨਵਰੀ, (ਕਰਨੈਲ ਸਿੰਘ ਐੱਮ.ਏ)-ਡਾਕਟਰ ਸਰੂਪ ਸਿੰਘ ਅਲੱਗ ਦੀ ਯਾਦ ਵਿੱਚ ਸ਼ਬਦ ਲੰਗਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਲੁਧਿਆਣਾ ਦੇ ਕਈ ਹਿੱਸਿਆਂ ਵਿਚ ਮਾਘੀ ਦੇ ਪਵਿੱਤਰ ਦਿਹਾੜੇ ਤੇ ਅਲੱਗ ਸ਼ਬਦ ਯਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵੱਲੋਂ ਸ਼ਬਦ ਲੰਗਰਾਂ ਦਾ ਆਯੋਜਨ ਕੀਤਾ ਗਿਆ। ਗੁਰੂ ਤੇਗ ਬਹਾਦੁਰ ਸਿਮਰਿਐ ਪੁਸਤਕ ਬਹੁਤ ਵਡੀ ਤਾਦਾਦ ਵਿਚ ਸੰਗਤਾਂ ਨੂੰ ਵੰਡੀ ਗਈ। ਸੰਗਤਾਂ ਪੁਸਤਕਾਂ ਪ੍ਰਾਪਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀਆਂ ਸਨ ਤੇ ਡਾ ਅਲੱਗ ਦੀ ਵਿਲੱਖਣ ਸੇਵਾ ਦਾ ਬਹੁਤ ਹੀ ਸਤਿਕਾਰ ਨਾਲ ਬਿਆਨ ਕਰ ਰਹੀਆਂ ਸਨ। ਯਾਦ ਰਹੇ ਕਿ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਨੇ ਤਕਰੀਬਨ 40 ਸਾਲ ਪਹਿਲਾਂ ਇਹ ਸ਼ਬਦ ਲੰਗਰਾਂ ਦੀ ਪਰੰਪਰਾ ਆਰੰਭੀ ਸੀ। ਜਿਥੇ ਖਾਣੇ ਦੇ ਲੰਗਰ ਵਰਤ ਰਹੇ ਸਨ ਉਥੇ ਡਾਕਟਰ ਅਲੱਗ ਹੋਰਾਂ ਦੀਆਂ ਪੁਸਤਕਾਂ ਦਾ ਵੀ ਅਟੁੱਟ ਲੰਗਰ ਚਲ ਰਿਹਾ ਸੀ। ਹਰ ਵਰਗ ਦਾ ਬੰਦਾ ਸ਼ਬਦ ਲੰਗਰਾਂ ਦੀ ਭਰਪੂਰ ਸ਼ਲਾਘਾ ਕਰ ਰਿਹਾ ਸੀ। 

ਚਾਲੀ ਮੁਕਤਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

ਮਾਘੀ ਦੇ ਸ਼ਹੀਦੀ ਜੋੜ ਮੇਲੇ ਤੇ ਮਨੁਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
ਲੁਧਿਆਣਾ, 15 ਜਨਵਰੀ, (ਕਰਨੈਲ ਸਿੰਘ ਐੱਮ.ਏ.)- ਮਾਘੀ ਦੇ ਸਾਲਾਨਾ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਟਿੱਬੀ ਸਾਹਿਬ, ਫਰੀਦਕੋਟ ਵਿਖੇ ਚਾਲੀ ਮੁਕਤਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 600ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਮੇਂ ਖੂਨਦਾਨ ਕੈਂਪ ਦੀ ਆਰੰਭਤਾ ਕਰਦਿਆ ਜਥੇਦਾਰ ਸੁਖਪਾਲ ਸਿੰਘ ਮੁੱਖ ਸੇਵਾਦਾਰ ਪੰਥ ਅਕਾਲੀ ਮਾਲਵਾ ਤਰਨਾਦਲ ਨੇ ਸ਼ਹੀਦਾਂ ਦੀ ਯਾਦ ਵਿਚ ਮਨੁਖਤਾ ਦੇ ਭਲੇ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਅਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੋਸਲਾ ਅਫ਼ਜ਼ਾਈ ਕਰਦਿਆਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਰਜਿ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਖੂਨਦਾਨ ਕੈਂਪ ਵਿੱਚ ਦੇ ਨਿੱਘੇ ਸਹਿਯੋਗ ਦਾ ਬੀ.ਟੀ.ਓ ਡਾ: ਚੇਤਨ ਖੁਰਾਣਾ ਸਿਵਿਲ ਹਸਪਤਾਲ ਮਲੋਟ ਅਤੇ ਉਹਨਾਂ ਦੀ ਟੀਮ ਦਿਲੋ ਧੰਨਵਾਦ ਕੀਤਾ। ਇਸ ਮੌਕੇ ਤੇਮੀਤ ਮੈਨੇਜਰ ਸੁਖਦੇਵ ਸਿੰਘ, ਬਲਜੀਤ ਸਿੰਘ ਉਰਫ ਬੁਧ ਸਿੰਘ ਖਾਲਸਾ,ਜੱਥੇ:ਮਦਨ ਸਿੰਘ,ਹੈਡ ਗ੍ਰੰਥੀ ਸਤਵੰਤ ਸਿੰਘ, ਜਥੇਦਾਰ ਜਗਸੀਰ ਸਿੰਘ,ਭਾਈ ਸੇਵਕ ਸਿੰਘ, ਨਿਸ਼ਾਨ ਸਿੰਘ, ਜਪਨਾਮ ਸਿੰਘ,ਗਿਰਦੌਰ ਸਿੰਘ,ਮਨਿੰਦਰਪ੍ਰੀਤ ਸਿੰਘ, ਨਰਦੀਪ ਸਿੰਘ, ਸਰਬਜੀਤ ਸਿੰਘ ਫਰੀਦਕੋਟ,ਜਸਪਾਲ ਸਿੰਘ ਚੂੰਗ ਹਾਜ਼ਰ ਸਨ।

 

26 ਜਨਵਰੀ ਨੂੰ ਅਤਲਾ ਖੁਰਦ ਵਿਖੇ ਮਨਾਇਆ ਜਾਵੇਗਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ - ਅਤਲਾ   

       ਭੀਖੀ, 15 ਜਨਵਰੀ ( ਕਮਲ ਜਿੰਦਲ ) ਅਨੌਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ 26 ਜਨਵਰੀ ਨੂੰ ਸਵੇਰੇ 8 ਵਜੇ ਤੋਂ 11 ਵਜੇ ਤੱਕ ਪਿੰਡ ਅਤਲਾ ਖੁਰਦ ਗੁਰੂਦਵਾਰਾ ਸੰਤ ਬਾਬਾ ਲੱਖਾ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਅਤਲੇ ਵਾਲਿਆਂ ਦੀ ਯਾਦਗਾਰ ਸਥਾਨ ਵਿਖੇ ਮਨਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਸਵੇਰੇ 8 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਉਪਰੰਤ ਬਾਬਾ ਅਵਤਾਰ ਸਿੰਘ ਸਾਧਾਵਾਲੇ ਧਾਰਮਿਕ ਦਿਵਾਨ ਸਜਾਉਣਗੇ ਇਸ ਮੌਕੇ ਕੇਸਾਧਾਰੀ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਦਾ ਸਨਮਾਨ ਕੀਤਾ ਜਾਵੇਗਾ।ਇਸ ਨਾਲ ਹੀ ਸਿੱਖ ਸਘੰਰਸ਼ ਵਿੱਚ ਯੋਗਦਾਨ ਪਾਉਣ ਵਾਲੇ ਅਤੇ ਕਿਸਾਨ ਸਘੰਰਸ਼ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ,ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਅਚਾਨਕ ਵਿਧਾਇਕਾ ਮਾਣੂੰਕੇ ਦੇ ਘਰ ਪੁੱਜੇ

ਪਰਿਵਾਰਕ ਮੈਂਬਰਾਂ ਤੇ ਵਲੰਟੀਅਰਾਂ ਨੇ ਕੀਤਾ ਭਰਵਾਂ ਸਵਾਗਤ

ਜਗਰਾਉਂ,15 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਪੰਜਾਬ ਸਰਕਾਰ ਦੇ ਸਮਾਜਿੱਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ, ਸਮਾਜਿੱਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਅੱਜ ਅਚਾਨਕ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਘਰ ਪਹੁੰਚੇ। ਜਿੱਥੇ ਪਰਿਵਾਰਕ ਮੈਂਬਰਾਂ ਦੇ ਆਮ ਆਦਮੀ ਪਾਰਟੀ ਦੇ ਵਲੰਟੀਆਂ ਵੱਲੋਂ ਵਿਧਾਇਕਾ ਮਾਣੂੰਕੇ ਦੀ ਅਗਵਾਈ ਹੇਠ ਮੰਤਰੀ ਸਾਹਿਬਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ ਨਾਲ ਵੀ ਨਿਵਾਜਿਆ। ਇਸ ਮੌਕੇ ਮੰਤਰੀ ਡਾ.ਬਲਜੀਤ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਬਚਨਵੱਧ ਹੈ। ਡਾ.ਬਲਜੀਤ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਵਾਸਤੇ ਮਿਆਰੀ ਪੌਸਟਿਕ ਅਹਾਰ ਉਪਲੱਬਧ ਕਰਵਾਇਆ ਜਾ ਰਿਹਾ ਹੈ, ਬੁਢਾਪਾ, ਵਿਧਵਾ ਅਤੇ ਅਪਾਹਜਾਂ ਵਾਸਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਆਗਨਵਾੜੀਆਂ ਰਾਹੀਂ ਛੇ ਸਾਲ ਤੱਕ ਦੇ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ਼ ਕਰਵਾਇਆ ਜਾ ਰਿਹਾ ਹੈ। ਮੰਤਰੀ ਡਾ.ਬਲਜੀਤ ਕੌਰ ਨੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਣੂੰਕੇ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਵਿਧਾਇਕਾ ਮਾਣੂੰਕੇ ਆਪਣੇ ਹਲਕੇ ਤੋਂ ਇਲਾਵਾ ਹੋਰਨਾਂ ਹਲਕਿਆਂ ਦੀਆਂ ਧੀਆਂ ਦੇ ਵੀ ਘਰੇਲੂ ਝਗੜੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੱਲ ਕਰਵਾ ਰਹੇ ਹਨ ਅਤੇ ਬਹੁਤ ਸਾਰੀਆਂ ਧੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਮੁੜ ਵਸਾਇਆ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਲਗਾਤਾਰ ਲੋਕ ਭਲਾਈ ਸਕੀਮਾਂ ਲੈ ਕੇ ਆ ਰਹੀ ਹੈ ਅਤੇ ਲੋਕਾਂ ਦੇ ਛੇ ਸੌ ਯੂਨਿਟ ਤੱਕ ਬਿਜਲੀ ਬਿਲ ਮੁਆਫ਼ ਕਰਨ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੀਆਂ ਘਰੇਲੂ ਔਰਤਾਂ ਲਈ ਇੱਕ ਹਜ਼ਾਰ ਰੁਪਏ ਮਹੀਨਾਂ ਦੇਣ ਲਈ ਵੀ ਤਿਆਰੀ ਕਰ ਰਹੀ ਹੈ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਰਛਪਾਲ ਸਿੰਘ ਚੀਮਨਾਂ, ਪਰਮਜੀਤ ਸਿੰਘ ਚੀਮਾਂ, ਅਮਰਦੀਪ ਸਿੰਘ ਟੂਰੇ, ਡਾ.ਮਨਦੀਪ ਸਿੰਘ ਸਰਾਂ, ਗੁਰਪ੍ਰੀਤ ਸਿੰਘ ਨੋਨੀ, ਮੁਖਤਿਆਰ ਸਿੰਘ ਮਾਣੂੰਕੇ, ਰਾਕੇਸ਼ ਸਿੰਗਲਾ, ਸਨੀ ਬੱਤਰਾ, ਹਰਜੀਤ ਸਿੰਘ ਕਾਉਂਕੇ, ਸੋਨੀ ਕਾਉਂਕੇ, ਘੋਲਾ ਸਿੰਘ, ਪੂਰਨ ਸਿੰਘ ਕਾਉਂਕੇ, ਜਸਵਿੰਦਰ ਸਿੰਘ ਛਿੰਦੀ, ਜਗਦੇਵ ਸਿੰਘ ਜੱਗਾ, ਸਤਵੰਤ ਸਿੰਘ, ਦੀਪਕ ਕੁਮਾਰ ਲੁਧਿਆਣਾ, ਸੁਨੀਲ ਕੁਮਾਰ ਲੁਧਿਆਣਾ, ਜਸਵਿੰਦਰ ਸਿੰਘ ਲੋਪੋ ਆਦਿ ਵੀ ਹਾਜ਼ਰ ਸਨ।

15 ਜਨਵਰੀ 1766 ਦਾ ਇਤਿਹਾਸ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਹਮੀਦ ਖ਼ਾਨ ਨੂੰ ਮਾਰ ਕੇ ਗੁਜਰਾਂਵਾਲਾ ਤੇ ਕਬਜ਼ਾ ਕੀਤਾ

ਸਰਦਾਰ ਚੜਤ ਸਿੰਘ ਸ਼ੁਕਰਚਕੀਆ ਨੇ 15 ਜਨਵਰੀ,1766 ਹਮੀਦ ਖ਼ਾਨ ਨੂੰ ਮਾਰ ਕੇ ਗੁਜਰਾਵਾਲਾ ਤੇ ਕਬਜ਼ਾ ਕਰ ਲਿਆ।18ਵੀਂ ਸਦੀ ਦੇ ਦੌਰਾਨ ਪੰਜਾਬ ਦੀਆਂ 12 ਸਿੱਖ ਮਿਸਲਾਂ ਵਿੱਚੋਂ  ਸ਼ੁੱਕਰਚੱਕੀਆ ਮਿਸਲ ਇੱਕ ਪ੍ਰਮੁੱਖ ਮਿਸਲ ਸੀ ਜੋ ਪੱਛਮੀ ਪੰਜਾਬ ਦੇ ਗੁਜਰਾਂਵਾਲਾ ਅਤੇ ਹਾਫ਼ਜ਼ਾਬਾਦ ਜ਼ਿਲ੍ਹਿਆਂ ਵਿੱਚ ਕੇਂਦਰਿਤ ਸੀ।ਸ਼ੁਕਰਚੱਕੀਆ ਮਿਸਲ ਦਾ ਸਮਾਂ 1716 ਤੋਂ 1801 ਤੱਕ ਦਾ ਹੈ, ਉਪਰੰਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕਠਿਆਂ ਕਰ ਦਿੱਤਾ ਸੀ। 18ਵੀਂ ਸਦੀ ਦੇ ਅੱਧ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸਾਰੀਆਂ ਸਿੱਖ ਮਿਸਲਾਂ ਇਕਮੁੱਠ ਕਰਕੇ ਜਦੋਂ ਪੰਜਾਬ ਵਿੱਚ ਇੱਕ ਆਜ਼ਾਦ ਰਾਜ ਕਾਇਮ ਕੀਤਾ ਤਾਂ ਸਾਰੀਆਂ ਮਿਸਲਾਂ ਦੀ ਹੋਂਦ ਖ਼ਤਮ ਹੋ ਗਈ। ਸ਼ੁਕਰਚੱਕੀਆ ਮਿਸਲ ਦਾ ਮੋਢੀ ਸ਼ੁਕਰਚੱਕ ਦਾ ਰਹਿਣ ਵਾਲਾ ਇਕ ਗੁਰਸਿੱਖ ਦੇਸੂ ਸੀ। ਸ਼ੁਕਰਚੱਕ ਲਾਹੌਰ ਤੋਂ 17 ਕਿਲੋਮੀਟਰ ਦੂਰ ਇੱਕ ਪਿੰਡ ਹੈ।ਇਸੇ ਕਰਕੇ ਇਸ ਮਿਸਲ ਦਾ ਨਾਂ ਸ਼ੁਕਰਚੱਕੀਆ ਮਿਸਲ ਪੈ ਗਿਆ। 1716 ਵਿਚ ਭਾਈ ਦੇਸੂ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਨੌਧ ਸਿੰਘ ਸ਼ੁਕਰਚੱਕੀਆ ਦਾ ਸਰਦਾਰ ਬਣਿਆ। 1752 ਵਿੱਚ ਸਰਦਾਰ ਨੌਧ ਸਿੰਘ ਮੌਤ ਹੋ ਗਈ ਅਤੇ ਉਸਤੋਂ ਬਾਅਦ ਉਸਦੇ ਪੁੱਤਰ ਸਰਦਾਰ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲੀ। ਸਰਦਾਰ ਚੜ੍ਹਤ ਸਿੰਘ ਦਾ ਅਨੰਦ ਕਾਰਜ ਗੁਜਰਾਂਵਾਲਾ ਦੇ ਇੱਕ ਤਾਕਤਵਰ ਅਤੇ ਅਣਖੀਲੇ ਸਿੱਖ ਘਰਾਣੇ ਦੇ ਯੋਧਾ ਸਰਦਾਰ ਅਮੀਰ ਸਿੰਘ ਦੀ ਬੇਟੀ ਬੀਬੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਸਰਦਾਰ ਚੜ੍ਹਤ ਸਿੰਘ ਦੀ ਹੋਰ ਤਕੜੀ ਚੜਤ ਹੋ ਗਈ। ਇਸ ਤੋਂ ਬਾਅਦ ਫੇਰ ਚੜ੍ਹਤ ਸਿੰਘ ਨਿਪੁੰਨ ਇੱਕ ਜੇਤੂ ਦੇ ਤੌਰ ਤੇ ਨਿੱਤਰੇ ਅਤੇ ਉਨ੍ਹਾਂ ਨੇ ਕਈ ਰਿਆਸਤਾਂ ਦੇ ਨਾਲ ਲੋਹਾ ਲਿਆ । 15 ਜਨਵਰੀ,1766 ਵਾਲੇ ਦਿਨ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਜੀ ਨੇ ਹਮੀਦ ਖ਼ਾਨ ਨੂੰ ਮਾਰ ਕੇ 'ਗੁਜਰਾਵਾਲਾ' ਤੇ ਕਬਜ਼ਾ ਕਰ ਲਿਆ ।

ਪਛਤਾਵਾ ✍️ ਹਰਪ੍ਰੀਤ ਕੌਰ ਸੰਧੂ

ਚੰਗੇ ਭਲੇ ਬੰਦੇ ਦੀ ਮੱਤ ਮਾਰੀ ਜਾਂਦੀ ਜਦੋਂ ਇਹਨਾਂ ਦੇ ਖੇਖਣ ਸ਼ੁਰੂ ਹੁੰਦੇ।ਬੜੀ ਵੇਰ ਇਹ ਵੇਖਿਆ ਸੀ ਕਿ ਜਦੋਂ ਵੀ ਕਿਤੇ ਮੀਤ ਬਾਰੇ ਕੋਈ ਵੀ ਗੱਲ ਕਰਦੇ ਤਾਂ ਜੀਤੋ ਪਹਿਲਾ ਹੀ ਰੌਲਾ ਪਾ ਬਹਿ ਜਾਂਦੀ। ਰਿਸ਼ਤੇ ਵਿੱਚ ਦੋਵੇਂ ਦਿਓਰ ਭਾਬੀ ਲੱਗਦੇ ਸਨ। ਮੀਤ ਦੀ ਘਰਦੀ ਸਭ ਸਮਝਦੀ ਪਰ ਚੁੱਪ ਰਹਿੰਦੀ। ਦਿਓਰ ਭਾਬੀ ਦਾ ਰਿਸ਼ਤਾ ਕਦੇ ਦਾ ਸਭ ਹੱਦ ਬੰਨੇ ਟੱਪ ਚੁੱਕਾ ਸੀ।ਜੀਤੋ ਦਾ ਘਰਵਾਲਾ ਜੋਗਾ ਨਸ਼ਾ ਪੱਤਾ ਲਾ ਕੇ ਪਿਆ ਰਹਿੰਦਾ। ਜੀਤੋ ਵਲੋ ਉਸ ਘੇਸਲ ਮਰ ਰੱਖੀ ਸੀ। ਜੀਤੋ ਨੇ ਆਪਣਾ ਰਾਹ ਮੀਤ ਰਾਹੀਂ ਲੱਭ ਲਿਆ ਸੀ। ਇਸ ਸਭ ਵਿਚ ਪਿਸ ਰਹੀ ਸੀ ਮੀਤ ਦੀ ਘਰਦੀ ਚੰਨੀ।ਚੰਨੀ ਸਭ ਦੇਖ ਵੀ ਚੁੱਪ ਰਹਿੰਦੀ। ਉਸਦੀਆਂ ਅੱਖਾਂ ਸਾਮ੍ਹਣੇ ਉਸਦਾ ਖਸਮ ਜੀਤੋ ਨਾਲ ਹੁੰਦਿਆਂ ਕਮਰਾ ਬੰਦ ਕਰ ਲੈਂਦਾ। ਸਬਰ ਦਾ ਘੁੱਟ ਭਰਨ ਤੋਂ ਇਲਾਵਾ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ।ਚੰਨੀ ਅੰਦਰੋ ਅੰਦਰ ਮਰ ਰਹੀ ਸੀ। ਓਹ ਆਪਣੇ ਆਪ ਨੂੰ ਘਰ ਦੇ ਕੰਮਾਂ ਵਿਚ ਉਲਝਾਈ ਰੱਖਦੀ। ਸੱਸ ਓਹਦੇ ਵਿਆਹ ਤੋ ਪਹਿਲਾ ਹੀ ਗੁਜ਼ਰ ਚੁੱਕੀ ਸੀ। ਸਹੁਰਾ ਅਕਸਰ ਖੇਤ ਹੀ ਡੇਰਾ ਲਾਈ ਰੱਖਦਾ। ਚੰਨੀ ਆਪਣਾ ਦੁੱਖ ਦੱਸਦੀ ਵੀ ਤਾਂ ਕਿਹਨੂੰ।ਜੁਵਾਕ ਵੀ ਸਹਿਮੇ ਜਿਹੇ ਰਹਿੰਦੇ। ਚੰਨੀ ਦਾ ਜੀਅ ਕਰਦਾ ਪੇਕੇ ਘਰ ਚਲੀ ਜਾਵੇ ਪਰ ਮਾਂ ਪਿਓ ਤੇ ਹੋਰ ਬੋਝ ਪਾਉਣਾ ਵੀ ਓਹਨੂੰ ਸਹੀ ਨਾ ਲੱਗਦਾ।ਜੀਤੋ ਦਾ ਹੌਂਸਲਾ ਵਧਦਾ ਹੀ ਜਾ ਰਿਹਾ ਸੀ। ਜਿਹੜੀਆਂ ਹਰਕਤਾਂ ਪਰਦੇ ਵਿੱਚ ਸਨ ਹਨ ਆਮ ਨਸ਼ਰ ਹੋਣ ਲੱਗੀਆਂ। ਪਿੰਡ ਦੇ ਲੋਕ ਵੀ ਸਭ ਜਾਣਦੇ ਸੀ। ਮੂੰਹ ਤੇ ਕੋਈ ਕੁਝ ਨਾ ਕਹਿੰਦਾ ਪਰ ਪਿੱਠ ਪਿੱਛੇ ਸਭ ਛੱਜ ਚ ਪਾ ਛਟਦੇ।ਜੋਗੇ ਨੂੰ ਆਪਣੇ ਨਸ਼ੇ ਤੋਂ ਅੱਗੇ ਕੁਝ ਨਾ ਦਿਸਦਾ। ਓਹ ਹੁਣ ਘਰੋ ਚੋਰੀ ਸਮਾਨ ਚੁੱਕ ਵੇਚ ਦਿੰਦਾ। ਮੀਤ ਹੀ ਖੇਤੀ ਦਾ ਕੰਮ ਦੇਖਦਾ। ਬਾਪੂ ਸਭ ਵੇਖਦਾ ਤੇ ਸਮਝਦਾ ਸੀ। ਓਸਨੇ ਜੋਗੇ ਨੂੰ ਰੋਕਣ ਦੀ ਬਹੁਤ ਕੌਸ਼ਿਸ਼ ਕੀਤੀ ਪਰ ਨਸ਼ੇ ਦੇ ਡੰਗੇ ਕਿੱਥੇ ਹਟਦੇ।ਬਾਪੂ ਨੇ ਮੀਤ ਨਾਲ ਵੀ ਗੱਲ ਕੀਤੀ ਕਿ ਆਪਣੇ ਬੱਚਿਆਂ ਵੱਲ ਧਿਆਨ ਦੇਵੇ ਪਰ ਕਾਮ ਦੇ ਡੰਗੇ ਵੀ ਕਿੱਥੇ ਰੁਕਦੇ। ਘਰ ਹਰ ਪਾਸਿਓ ਤਬਾਹੀ ਵੱਲ ਜਾ ਰਿਹਾ ਸੀ  ਇਕ ਦਿਨ ਜੂਵਾਕ ਨੇ ਆਪਣੇ ਪਿਓ ਮੀਤ ਨੂੰ ਜੀਤੋ ਨਾਲ ਵੇਖ ਲਿਆ। ਓਸ ਭੱਜ ਕੇ ਆਕੇ ਮਾਂ ਨੂੰ ਦਸਿਆ। ਮਾਂ ਨੇ ਸੌ ਪੱਜ ਪਾਏ ਪਰ ਜੁਵਾਕ਼ ਕਾਹਨੂੰ ਮੰਨਦੇ। ਚੰਨੀ ਲਈ ਰਾਤ ਬਿਤਾਉਣੀ ਔਖੀ ਹੋ ਗਈ ਸਵੇਰੇ ਓਹ ਸੁਵਖਤੇ ਹੀ ਖੂਹ ਤੇ ਬਾਪੂ ਕੋਲ ਜਾ ਪਹੁੰਚੀ। ਅੱਖਾਂ ਨੀਵੀਆਂ ਕਰ ਬਾਪੂ ਨੂੰ ਸਾਰੀ ਗੱਲ ਦੱਸੀ। ਬਾਪੂ ਕਿਹੜਾ ਅਣਜਾਣ ਸੀ। ਓਸ ਦਿਲਾਸਾ ਦੇ ਚੰਨੀ ਨੂੰ ਘਰ ਤੋਰਿਆ। ਜੋਗੇ ਨੂੰ ਪਿੰਡ ਵਿੱਚੋ ਲੱਭ ਓਸ ਨੂੰ ਸਮਝਾਇਆ। ਦੋਹਾਂ ਵਿਚ ਤੂੰ ਤੂੰ ਮੈਂ ਮੈਂ ਹੋਈ ਤੇ ਜੋਗੇ ਨੇ ਸੋਟਾ ਚੁੱਕ ਬਾਪੂ ਦੇ ਸਿਰ ਵਿਚ ਮਾਰਿਆ। ਬਾਪੂ ਥਾਈ ਢੇਰ ਹੋ ਗਿਆ।ਪੁਲਿਸ ਨੇ ਜੋਗੇ ਨੂੰ ਹਿਰਾਸਤ ਵਿਚ ਲੈ ਲਿਆ।ਘਰ ਵਿਚ ਮਾਤਮ ਛਾ ਗਿਆ। ਚੰਨੀ ਨੂੰ ਪਛਤਾਵਾ ਸੀ ਕਿ ਬਾਪੂ ਨਾਲ ਗੱਲ ਹੀ ਨਾ ਕਰਦੀ। ਮੀਤ ਤੇ ਜੀਤੋ ਦਾ ਡਰ ਮੁੱਕ ਗਿਆ ਸੀ।ਚੰਨੀ ਦੀ ਘੁਟਨ ਵੱਧ ਰਹੀ ਸੀ। ਘਰ ਵਿਚ ਓਹ ਸਿਰਫ ਕੰਮ ਕਰਨ ਵਾਲੀ ਬਣ ਕੇ ਰਹਿ ਗਈ ਸੀ।ਆਖਿਰ ਇਕ ਦਿਨ ਅੱਕੀ ਨੇ ਫਾਹਾ ਲੈ ਲਿਆ। ਜਵਾਕ ਰੋ ਰੋ ਕਮਲੇ ਹੋ ਗਏ। ਮੀਤ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਹੁਣ ਇਹ ਸਾਰਾ ਧਿਆਨ ਖੇਤੀ ਤੇ ਬੱਚਿਆਂ ਵੱਲ ਦਿੰਦਾ। ਜੀਤੋ ਨੂੰ ਇਹ ਬਰਦਾਸ਼ਤ ਨਹੀਂ ਸੀ। ਇਹ ਘਰ ਦਾ ਕੋਈ ਕੰਮ ਨਾ ਕਰਦੀ। ਹਰ ਵੇਲੇ ਲੜਾਈ ਪਈ ਰੱਖਦੀ। ਇੱਕ ਦਿਨ ਉਸ ਦੀ ਜ਼ੁਬਾਨ ਜ਼ਿਆਦਾ ਹੀ ਚਲੀ। ਗੁੱਸੇ ਵਿਚ ਮੀਤ ਨੇ ਓਹਨੂੰ ਧੱਕਾ ਮਾਰਿਆ ਤਾਂ ਇਹ ਕੰਧ ਨਾਲ ਜਾ ਵੱਜੀ ਤੇ ਐਸੀ ਡਿੱਗੀ ਕਿ ਮੰਜੇ ਜੋਗੀ ਰਹਿ ਗਈ। ਹੁਣ ਉਹ ਆਪ ਮੁਥਾਜ ਸੀ। ਸਾਰਾ ਘਰ ਜਿਵੇਂ ਸਹਿਮ ਗਿਆ ਸੀ। ਦੋ ਜੀਅ ਦੁਨੀਆ ਚੋਂ ਚਲੇ ਗਏ ਤੇ ਇਕ ਜੇਲ ਵਿੱਚ ਸੀ। ਜੀਤੋ ਮੰਜੇ ਤੇ ਪਾਈ ਅਕਸਰ ਸੋਚਦੀ ਕਿ ਸਿਆਣੇ ਸਹੀ ਕਹਿੰਦੇ ਸੀ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।ਮੀਤ ਨੇ ਬਾਪੂ ਵਾਂਗ ਖੇਤ ਡੇਰਾ ਲਾ ਲਿਆ ਸੀ। ਚੰਨੀ ਤੇ ਮੀਤ ਦੇ ਧੀ ਪੁੱਤ ਜੀਤੋ ਦੀ ਸੰਭਾਲ ਵੀ ਕਰਦੇ, ਘਰ ਦਾ ਕੰਮ ਵੀ ਤੇ ਪੜ੍ਹਦੇ ਵੀ ਸੀ। ਜੀਤੋ ਤੇ ਮੀਤ ਦੇ ਹੱਥ ਸਿਰਫ ਪਛਤਾਵਾ ਹੀ ਲਗਿਆ ਸੀ  ਜ਼ਿੰਦਗੀ ਆਪਣੀ ਚਾਲੇ ਚਲ ਰਹਿ ਸੀ।

 

ਹਰਪ੍ਰੀਤ ਕੌਰ ਸੰਧੂ

ਨਜ਼ਮ ✍️ ਅੰਜੂ ਸਾਨਿਆਲ

"ਉਹ" ਕੱਚਾ ਕੋਠਾ ਸੀ ਅਪਣਾ ਮਾਂਏਂ! ਕਿੰਨਾ ਪਿਆਰਾ!

ਇੱਕ ਪਾਸੇ ਸੀ ਘੜਾ ਘਰੋਟੀ ਤੇ ਨਾਲ ਚੌਂਕਾ ਸਚਿਆਰਾ।

 

ਤੈਨੂੰ ਮਿੱਟੀ  ਵਿਚ ਮਿੱਟੀ ਦੇਖ ਕੇ, ਸ਼ੌਕ ਸੀ ਮੈਨੂੰ ਚੜ੍ਹਿਆ।

ਮੈਂ ਵੀ ਚਾਅਵਾਂ ਨਾਲ  ਸੀ ਇੱਕ ਦਿਨ,ਚੁਲ੍ਹਾ ਚੌਂਕਾ ਘੜਿਆ।

 

 ਤੂੰ ਵੀ ਸੀ ਖੁਸ਼ ਹੋ ਕੇ, ਮਾਂਏਂ! ਮੈਨੂੰ ਗਲ਼ ਨਾਲ ਲਾਇਆ।

ਕਿਹਾ ਸੀ ਧੀਏ ! ਅੱਜ ਤੂੰ ਮੇਰਾ ਅੱਧਾ ਭਾਰ ਵੰਡਾਇਆ।

 

ਘਰ ਦੀ ਚੌਖਟ ਦੇ ਮੂਹਰੇ ਸੀ, ਖੂਹ ਦਾ ਜਗਤ ਨਿਆਰਾ।

ਖਿੜੀ ਦੁਪਹਿਰੇ ਢੁੱਕ ਜਾਂਦਾ ਸੀ ਖੂਹ ਉੱਤੇ ਪਿੰਡ ਸਾਰਾ।

 

ਢਾਕੇ ਲਾ ਕੇ ਘੜਾ ਜਦੋਂ ਮੁਟਿਆਰ ਕੋਈ ਸੀ ਆਉਂਦੀ।

ਹੁਸਨ ਜਵਾਨੀ ਤੱਕ ਕੇ,ਮਸਤੀ ਖੂਹ ਨੂੰ  ਸੀ ਨਸ਼ਿਆਉੰਦੀ।

 

ਅੱਧੀ ਛੁੱਟੀ ਖੂਹ ਦੀ ਰੌਣਕ, ਯਾਦ ਸੀ  ਮੈਨੂੰ  ਆਉਂਦੀ।

ਪਾਣੀ ਪੀਣ ਬਹਾਨੇ ਸੀ ਮੈਂ ਭੱਜ ਸਕੂਲੋਂ ਆਉਂਦੀ।

 

ਕੱਪੜੇ ਧੋਂਦਾ, ਪਾਣੀ ਢੋਂਦਾ ਸੀ ਸਖ਼ੀਆਂ ਦਾ ਟੋਲਾ।

ਹਾਸਾ ਠੱਠਾ ਵੀ ਕਰਦਾ ਸੀ, ਘੁੰਢ ਦਾ ਕਰਕੇ ਓਹਲਾ।

 

ਰਾਤ ਚਾਨਣੀ ਵਿੱਚ ਵੀ ਖੂਹ 'ਤੇ, ਹੁਸਨ ਸੀ ਰਹਿੰਦਾ ਮਘਦਾ।

ਸੁੰਨਾ ਖੂਹ ਮੈਂ ਜਦ ਤੱਕਦੀ ਹਾਂ, ਦਰਿਆ ਨੈਣੋਂ ਵਗਦਾ।

 

ਪੱਕੇ ਕੋਠੇ, ਪਾਏ "ਮਾਂ" ਕਿਉੰ ਵਿਹੜੇ ਕੰਧ ਉਸਾਰੀ।

ਸਾਂਝਾਂ ਨੇ ਦਮ ਤੋੜ ਦਿੱਤਾ, ਜਦ ਉੱਸਰੀ ਚਾਰ ਦਿਵਾਰੀ।

 

ਕੱਚੇ ਕੋਠੇ ਨਾਲ ਮੁਹੱਬਤ, ਸਾਰਾ ਟੱਬਰ ਪਲਿਆ।

ਖ਼ੁਸ਼ੀਆਂ ਖੇੜੇ, ਜੰਮ ਜੰਮ ਨੱਚੇ, ਘਰ ਬਾਬਲ ਦਾ ਫਲਿਆ।

 

ਤੰਗੀ ਤੁਰਸੀ ਸਿਰ 'ਤੇ ਝੱਲ ਕੇ,ਚੈਨ ਨਾਲ ਸੀ ਸੌਂਦੇ।

ਇੱਕ-ਦੂਜੇ ਦੇ ਦੁੱਖ 'ਚ ਸ਼ਾਮਿਲ, ਹਮਦਰਦੀ ਲੋਕ ਜਤਾਉਂਦੇ ।

 

ਵਕਤ ਤੇ ਹਾਲਾਤ ਬਦਲਗੇ, ਬਦਲ ਗਏ ਜਜ਼ਬਾਤ।

ਸੁੱਚੀਆਂ ਨੀਤਾਂ ਦੇ ਦਿਨ ਲੰਘੇ, ਚੜ੍ਹ ਗਈ ਕਾਲੀ ਰਾਤ।

 

ਪੱਕੀਆਂ ਕੰਧਾਂ ਕੱਚ ਕਮਾਇਆ, ਇਹ ਸੂਲਾਂ ਦਾ ਵਾੜਾ।

ਹੱਥਾਂ ਨਾਲੋਂ ਹੱਥ ਛੁਡਾ ਕੇ, ਮੰਗਣ ਲੱਗ ਪਏ ਭਾੜਾ।

 

ਕੱਚੇ ਕੋਠੇ ਢਾਹ ਕੇ ਬਣ ਗਏ,ਘਰ ਘਰ ਰੋਗ ਚੁਬਾਰੇ।

ਵਿੱਚ ਦਿਲਾਂ ਦੇ ਸਾੜੇ ਵੱਧ ਗਏ, ਵਿਸਰੇ ਯਾਰ ਪਿਆਰੇ।

 

ਠੀਕਰੀਆਂ ਦੇ ਯੁੱਗ ਨੇ ਮਾਏ! ਜਾਲ ਇਹ ਕੈਸਾ ਬੁਣਿਆ।

ਮਾਨਵਤਾ ਨੂੰ ਛੱਡ ਕੇ ਸਭ ਨੇ, ਠੀਕਰੀਆਂ ਨੂੰ ਚੁਣਿਆ।

 

ਅੰਜੂ ਸਾਨਿਆਲ 

ਅੰਦਰਲਾ ਇਨਸਾਨ ✍️ ਮਨਜੀਤ ਕੌਰ ਧੀਮਾਨ

 ਸੰਤੋਸ਼ ਦੇਵੀ..! ਦਫ਼ਤਰ ਦੇ ਅੰਦਰੋਂ ਆਵਾਜ਼ ਆਈ ਤਾਂ ਦਫ਼ਤਰ ਵਿੱਚ ਕੰਮ ਕਰਨ ਵਾਲ਼ੀ ਸੰਤੋਸ਼ ਅੰਦਰ ਚਲੀ ਗਈ।

       ਆਹ ਲਓ ਆਂਟੀ ਜੀ, ਤੁਹਾਡੀ ਇਸ ਮਹੀਨੇ ਦੀ ਤਨਖ਼ਾਹ। ਕਹਿ ਕੇ ਕਲਰਕ ਮੁੰਡੇ ਨੇ ਇੱਕ ਪੈਕੇਟ ਫੜਾ ਦਿੱਤਾ।

          ਪਰ.... ਪਰ.....! ਸੰਤੋਸ਼ ਦੇ ਬੁੱਲ੍ਹ ਕੁੱਝ ਕਹਿਣ ਲਈ ਹਿੱਲੇ।

          ਪਰ-ਪੁਰ, ਹਜੇ ਕੁੱਝ ਨਹੀਂ। ਤਨਖ਼ਾਹ ਵਧਾਉਣ ਦੀ ਗੱਲ ਤੁਸੀਂ ਬੌਸ ਨਾਲ਼ ਕਰਿਓ। ਹਜੇ ਮੇਰੇ ਕੋਲ ਬਿਲਕੁੱਲ ਸਮਾਂ ਨਹੀਂ। ਤੁਸੀਂ ਕਿਰਪਾ ਕਰਕੇ ਜਾਓ। ਹਜੇ ਮੈਂ ਬਾਕੀ ਕਰਮਚਾਰੀਆਂ ਨੂੰ ਵੀ ਤਨਖ਼ਾਹ ਦੇਣੀ ਹੈ। ਕਲਰਕ ਮੁੰਡੇ ਨੇ ਬਿਨਾਂ ਉਹਦੇ ਵੱਲ ਦੇਖਿਆ ਕਿਹਾ।

             ਸੰਤੋਸ਼ ਨੇ ਇੱਕ ਵਾਰ ਫ਼ੇਰ ਪੈਕੇਟ ਵੱਲ ਦੇਖਿਆ ਤੇ ਪੈਕੇਟ ਉੱਥੇ ਹੀ ਰੱਖ ਕੇ ਬਾਹਰ ਵੱਲ ਤੁਰ ਪਈ।

              ਆਂਟੀ, ਆਹ ਪੈਕੇਟ ਤਾਂ ਲੈ ਕੇ ਜਾਓ। ਮੁੰਡੇ ਨੇ ਆਵਾਜ਼ ਮਾਰੀ।

                ਹੁਣ ਸੰਤੋਸ਼ ਨੇ ਅਣਮੰਨੇ ਜਿਹੇ ਮਨ ਨਾਲ਼ ਪੈਕੇਟ ਚੁੱਕਿਆ ਤੇ ਕਾਹਲ਼ੀ ਨਾਲ਼ ਬਾਹਰ ਆ ਗਈ।

              ਕੀ ਹੋਇਆ? ਐਨੀ ਪਰੇਸ਼ਾਨ ਕਿਉਂ ਹੈ? ਤਨਖ਼ਾਹ ਮਿਲਣ ਤੇ ਲੋਕੀ ਖੁਸ਼ ਹੁੰਦੇ ਪਰ ਤੂੰ ਤਾਂ ਦੁੱਖੀ ਹੋ ਗਈ ਏਂ! ਨਾਲ਼ ਵਾਲ਼ੀ ਸਹੇਲੀ ਰਜਨੀ ਨੇ ਪੁੱਛਿਆ।

              ਉਹ ਤਾਂ ਸੱਭ ਠੀਕ ਹੈ ਪਰ..... ਸੰਤੋਸ਼ ਗੱਲ ਕਰਦੀ- ਕਰਦੀ ਚੁੱਪ ਕਰ ਗਈ।

              ਪਰ!....ਪਰ ਕੀ? ਦੱਸ ਤਾਂ ਸਹੀ, ਗੱਲ ਕੀ ਹੈ? ਰਜਨੀ ਨੇ ਜ਼ੋਰ ਪਾਇਆ।

              ਗੱਲ ਇਹ ਹੈ ਕਿ ਇਹ ਤਨਖ਼ਾਹ ਮੇਰੀ ਨਹੀਂ ਹੈ। ਸੰਤੋਸ਼ ਨੇ ਮਨ ਪੱਕਾ ਕਰਕੇ ਇੱਕਦਮ ਕਿਹਾ।

                ਹੈਂ...!ਤੇਰੀ ਨਹੀਂ? ਮਤਲਬ ਇਹ ਕਿਸੇ ਹੋਰ ਦੀ ਤਨਖ਼ਾਹ ਹੈ? ਪਰ ਕੀਹਦੀ? ਮੈਨੂੰ ਕੁੱਝ ਸਮਝ ਨਹੀਂ ਆ ਰਹੀ। ਤੂੰ ਚੰਗੀ ਤਰ੍ਹਾਂ ਦੱਸ। ਰਜਨੀ ਸੋਚਾਂ ਵਿੱਚ ਪੈ ਗਈ।

             ਓ... ਹੋ! ਕੀ ਹੋ ਗਿਆ ਤੈਨੂੰ? ਤੈਨੂੰ ਚੰਗਾ ਭਲਾ ਪਤਾ ਕਿ ਪਿੱਛਲੇ ਮਹੀਨੇ ਮੈਂ ਛੁੱਟੀ 'ਤੇ ਗਈ ਸੀ। ਤੇ ਇਹ ਪਿੱਛਲੇ ਮਹੀਨੇ ਦੀ ਹੀ ਤਨਖ਼ਾਹ ਹੈ। ਹੁਣ ਤੂੰ ਹੀ ਦੱਸ ਕਿ ਇਹ ਮੇਰੀ ਕਿਵੇਂ ਹੋਈ? ਸੰਤੋਸ਼ ਨੇ ਇੱਕੋ ਸਾਹੇ ਕਹਿ ਦਿੱਤਾ।

                ਅੱਛਾ! ਤਾਂ ਇਹ ਗੱਲ ਹੈ। ਤੂੰ ਵੀ ਨਾ ਬੱਸ ਕਮਲ਼ੀ ਹੈਂ। ਓਦਾਂ ਹਮੇਸ਼ਾਂ ਖਰਚੇ ਤੋਂ ਤੰਗ ਰਹਿੰਦੀ ਏ ਤੇ ਹੁਣ ਜੇ ਬੌਸ ਨੇ ਭੁਲੇਖ਼ੇ ਨਾਲ਼ ਤਨਖ਼ਾਹ ਦੇ ਹੀ ਦਿੱਤੀ ਤਾਂ ਤੈਨੂੰ ਕੀ ਹੈ? ਤੂੰ ਮਜ਼ੇ ਕਰ ਤੇ ਹਾਂ ਮੈਨੂੰ ਪਾਰਟੀ ਜ਼ਰੂਰ ਦੇਣੀ ਹੈ, ਸਮਝੀ! ਰਜਨੀ ਨੇ ਹੱਸਦਿਆਂ ਕਿਹਾ।

            ਰਜਨੀ ਦੀ ਗੱਲ ਸੁਣ ਕੇ ਸੰਤੋਸ਼ ਚੁੱਪ ਕਰ ਗਈ ਤੇ ਆਪਣੇ ਕੰਮ ਵਿੱਚ ਰੁੱਝ ਗਈ।         ਛੁੱਟੀ ਵੇਲ਼ੇ ਸੰਤੋਸ਼ ਨੇ ਅਚਾਨਕ ਉਹ ਪੈਕੇਟ ਆਪਣੇ ਪਰਸ ਵਿੱਚੋਂ ਕੱਢਿਆ ਤੇ ਅੰਦਰ ਜਾ ਕੇ ਕਲਰਕ ਮੁੰਡੇ ਨੂੰ ਸੋਪਦਿਆਂ ਕਿਹਾ, ਇਸ ਮਹੀਨੇ ਮੈਂ ਛੁੱਟੀ ਤੇ ਸੀ। ਸ਼ਾਇਦ ਗਲਤੀ ਨਾਲ ਤੁਸੀਂ ਮੈਨੂੰ ਤਨਖਾਹ ਦੇ ਦਿੱਤੀ ਹੈ। ਕਹਿ ਕੇ ਬਿਨਾਂ ਜਵਾਬ ਉਡੀਕੇ ਸੰਤੋਸ਼ ਬਾਹਰ ਨਿਕਲ਼ ਗਈ।

                ਮੋੜ ਹੀ ਆਈ ਫ਼ੇਰ! ਚੈਨ ਆ ਗਿਆ ਹੁਣ? ਰਜਨੀ ਨੇ ਉਹਨੂੰ ਅੰਦਰੋਂ ਆਉਂਦਿਆਂ ਦੇਖ ਕੇ ਪੁੱਛਿਆ।

          ਬਿਲਕੁੱਲ ਆ ਗਿਆ! ਅੜੀਏ ਮੈਂ ਤਾਂ ਬਹੁਤ ਮਨਾਇਆ ਪਰ ਆਹ ਅੰਦਰਲਾ ਇਨਸਾਨ ਨਹੀਂ ਮੰਨਿਆ। ਕਹਿ ਕੇ ਸੰਤੋਸ਼ ਹੱਸਦਿਆਂ ਹੋਇਆਂ ਪਰਸ ਚੁੱਕ ਘਰ ਨੂੰ ਤੁਰ ਪਈ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।     

ਬਾਬੇ ਭੰਗੜਾ ਪਾਉਂਦੇ ਨੇ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਮਾਜ ਵਿੱਚ ਗ੍ਰਹਿਸਤੀ ਦੇ ਹਰ ਇਕ ਕੰਮ ਨੂੰ ਕਰਨ ਲਈ ਇੱਕ ਉਮਰ ਹੁੰਦੀ ਹੈ ਅਤੇ ਹਰੇਕ ਕੰਮ ਉਮਰ ਦੇ ਹਿਸਾਬ ਨਾਲ ਹੀ ਸਮਾਜ ਵਿੱਚ ਚੰਗਾ ਲੱਗਦਾ ਹੈ। ਇੱਥੇ ਮੈਂ ਗੱਲ ਕਰਾਂਗਾ ਵੱਡੀ ਉਮਰ ਵਿਚ ਹੋਏ ਟਹਿਲ ਸਿੰਘ ਦੇ ਵਿਆਹ ਬਾਰੇ। ਸਰਦਾਰ ਟਹਿਲ ਸਿੰਘ ਦਾ ਜਨਮ 28 ਅਗਸਤ 1968 ਈਸਵੀ ਵਿੱਚ ਪੰਜਾਬ ਦੇ ਜਿਲ੍ਹੇ ਪਟਿਆਲਾ ਦੇ ਪਿੰਡ ਘਨੌਰ ਵਿਖੇ ਹੋਇਆ । ਉਸ ਦੇ ਪੰਜ ਦੋਸਤ ਜਿਨ੍ਹਾਂ ਦੇ ਨਾਮ ਰੁਲਦੂ ਸਿੰਘ, ਦੋਲਤ ਸਿੰਘ, ਧਰਮ ਸਿੰਘ, ਬਗੀਚਾ ਸਿੰਘ ਅਤੇ ਮੱਘਰ ਸਿੰਘ ਸਨ। ਟਹਿਲ ਸਿੰਘ ਦੇ ਦੋ ਵੱਡੇ ਭਰਾ ਅਤੇ ਦੋ ਛੋਟੀਆਂ ਭੈਣਾਂ ਸਨ। ਟਹਿਲ ਸਿੰਘ ਦੇ ਹਿੱਸੇ 6 ਕਿੱਲੇ ਜ਼ਮੀਨ ਆਉਂਦੀ ਸੀ। ਟਹਿਲ ਸਿੰਘ ਨੇ ਆਪਣੀ ਮੈਟ੍ਰਿਕ ਦੀ ਪੜ੍ਹਾਈ ਘਨੌਰ ਸਕੂਲ ਅਤੇ ਬਾਰਵੀਂ ਦੀ ਪ੍ਰੀਖਿਆ ਸਰਕਾਰੀ ਸਕੂਲ ਬਹਾਦਰਗੜ੍ਹ, ਪਟਿਆਲਾ ਤੋਂ ਕੀਤੀ। ਬਾਅਦ ਵਿਚ ਉਸ ਨੇ ਬੀ.ਏ. ਦੀ ਪੜ੍ਹਾਈ ਲਈ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ।

ਬਾਰ੍ਹਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਉਹ ਸਾਰੇ ਮਿੱਤਰ ਆਪਣੇ ਆਪਣੇ ਕੰਮ ਸਿੱਖਣ ਲੱਗ ਪਏ ਅਤੇ ਵਾਰੋ-ਵਾਰੀ ਉਸਦੇ ਪੰਜ ਮਿੱਤਰਾਂ ਦਾ ਵਿਆਹ ਹੋ ਗਿਆ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲੱਗ ਪਏ। ਪਰ ਟਹਿਲ ਸਿੰਘ ਦਾ ਇਰਾਦਾ ਸੀ ਕੀ ਉਹ ਜਿੰਦਗੀ ਵਿੱਚ ਸਰਕਾਰੀ ਨੌਕਰੀ ਕਰੇਗਾ। ਜਦੋਂ ਉਹ ਬੀ.ਏ. ਭਾਗ ਦੂਸਰਾ ਵਿੱਚ ਪੜ੍ਹ  ਰਿਹਾ ਸੀ ਤਾਂ ਉਸ ਨੇ ਫੌਜ ਦੀ ਨੌਕਰੀ ਬਾਰੇ ਅਰਜ਼ੀ ਦਿੱਤੀ ਅਤੇ ਉਹ ਫੌਜ ਵਿੱਚ ਭਰਤੀ ਹੋ ਗਿਆ। ਜਦੋਂ ਉਹ ਫੌਜ ਵਿਚ ਸੀ ਤਾਂ ਉਹ ਆਪਣੇ ਸਾਰੇ ਦੋਸਤਾਂ ਮਿੱਤਰਾਂ ਦੀ ਘਰ ਗ੍ਰਹਿਸਤੀ ਦੀ ਖਬਰ ਰੱਖਦਾ ਸੀ। ਉਸ ਦੇ ਦੋ ਦੋਸਤਾਂ ਬਗੀਚਾ ਸਿੰਘ ਅਤੇ ਧਰਮ ਸਿੰਘ ਦੀ ਆਪਣੇ ਪਰਵਾਰ ਵਿੱਚ ਬਿਲਕੁਲ ਨਹੀਂ ਬਣਦੀ ਸੀ ਜਿਸ ਕਾਰਨ ਉਸ ਦੇ ਦੋਸਤਾਂ ਦੇ ਘਰੇ ਹਮੇਸ਼ਾ ਕਲੇਸ਼ ਰਹਿੰਦਾ ਸੀ। ਘਰੇਲੂ ਕਲੇਸ਼ ਕਾਰਨ ਧਰਮ ਸਿੰਘ ਦੀ ਪਤਨੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਸੀ,  ਜਿਸ ਕਾਰਨ ਦੋਸਤ ਧਰਮ ਸਿੰਘ ਨੂੰ ਜੇਲ ਹੋ ਗਈ ਸੀ। ਬਗੀਚਾ ਸਿੰਘ ਦਾ ਆਪਣੀ ਪਤਨੀ ਨਾਲ ਕਲੇਸ਼ ਕਾਰਨ ਪੰਚਾਇਤੀ ਤਲਾਕ ਹੋ ਗਿਆ ਸੀ ਅਤੇ ਉਹ ਵਿਆਹ ਤੋਂ ਬਾਅਦ 11 ਸਾਲ ਤੋਂ ਅੱਡ ਅੱਡ ਰਹਿ ਰਹੇ ਸਨ। ਇਹੋ ਜਿਹੀਆਂ ਘਰ ਗ੍ਰਹਿਸਥੀ ਦੀਆਂ ਗੱਲਾਂ ਤੋਂ ਟਹਿਲ  ਸਿੰਘ ਬਹੁਤ ਦੁਖੀ ਰਹਿੰਦਾ ਸੀ ਅਤੇ ਉਹ ਸੋਚਦਾ ਹੁੰਦਾ ਸੀ ਕੀ ਉਹ ਜ਼ਿੰਦਗੀ ਦੇ ਵਿੱਚ ਵਿਆਹ ਨਹੀਂ ਕਰਵਾਏਗਾ , ਆਪਣੇ ਹੱਥੀਂ ਪਕਾਏਗਾ ਅਤੇ ਖਾਏਗਾ।

ਹੁਣ ਟਹਿਲ ਸਿੰਘ ਦੀ ਉਮਰ 52 ਸਾਲ ਦੀ ਹੋ ਗਈ ਸੀ ਅਤੇ ਉਹ ਫੌਜ ਵਿੱਚੋਂ ਰਿਟਾਇਰ ਹੋ ਕੇ ਆਪਣੇ ਭਾਈ ਭਰਜਾਈਆਂ ਅਤੇ ਭਤੀਜਿਆ ਨਾਲ ਪਿੰਡ ਦੇ ਘਰ ਵਿਚ ਆ ਕੇ ਰਹਿਣ ਲੱਗ ਪਿਆ। ਇਕ ਰਿਟਾਇਰਡ ਫੌਜੀ ਹੋਣ ਦੇ ਨਾਤੇ ਟਹਿਲ ਸਿੰਘ ਆਪਣੇ ਆਪ ਨੂੰ ਹੁਣ ਵੀ ਟਿਪ ਟੋਪ ਰੱਖਦਾ ਸੀ, ਉਹ ਆਪਣੀ ਦਾੜੀ ਕਾਲੀ ਕਰਦਾ ਅਤੇ ਸਾਫ ਸੁਥਰੀ ਪੈਂਟ ਕਮੀਜ਼ ਪਹਿਨਦਾ ਸੀ। ਡੇਢ ਕੁ ਮਹੀਨਾ ਉਸਦੇ ਭਤੀਜੇ ਉਹਦੇ ਨਾਲ ਠੀਕ ਵਰਤਾਰਾ ਕਰਦੇ ਰਹੇ ਪਰ ਬਾਅਦ ਵਿੱਚ ਉਸ ਦੀ ਗੱਲ ਵਿੱਚ ਕਿੰਤੂ ਪ੍ਰੰਤੂ ਲੱਗ ਪਏ, ਇਸ ਤੋਂ ਖਫ਼ਾ ਹੋ ਕੇ ਟਹਿਲ ਸਿੰਘ ਨੇ ਆਪਣੇ ਭਰਾਵਾਂ ਤੋਂ ਰੋਟੀ ਅੱਡ ਬਣਾਉਣ ਲੱਗ ਪਿਆ ਅਤੇ ਆਪਣੇ ਭਰਾਵਾਂ ਤੋਂ ਆਪਣੇ ਹਿੱਸੇ ਦੀ ਜ਼ਮੀਨ ਵੰਡਵਾਂ ਕੇ ਖੇਤੀ ਵੀ ਆਪ ਕਰਨ ਲੱਗ ਪਿਆ। ਟਹਿਲ ਸਿੰਘ ਆਪਣੇ ਘਰ ਦਾ ਆਪ ਆਪਣੇ ਹੱਥੀ ਝਾੜੂ-ਪੋਚਾ ਕਰਦਾ, ਆਪਣੇ ਲਈ ਆਪ ਰੋਟੀ ਬਣਾਉਂਦਾ ਅਤੇ ਆਪ ਕੱਪੜੇ ਧੋਂਦਾ ਸੀ। ਇਹ ਸਭ ਕੁਝ ਦੇਖ ਕੇ ਉਸਦੇ ਦੋਸਤ ਉਸ ਨੂੰ ਕਹਿਣ ਲੱਗੇ ਉਹ ਆਪਣੇ ਲਈ ਵਿਆਹ ਕਰਵਾ ਲਵੇ,  ਉਸ ਦੇ ਰਿਸ਼ਤੇਦਾਰ ਵੀ ਉਸ ਨੂੰ ਵਿਆਹ ਕਰਵਾਉਣ ਦੀ ਸਲਾਹ ਦੇਣ ਲੱਗ ਪਏ ਅਤੇ ਕਹਿਣ ਲੱਗ ਪਏ ਕਿ ਹੁਣ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗਾੜਿਆ। ਤੂੰ ਸਾਡੇ ਸਾਰਿਆਂ ਦੇ ਵਿਆਹਾਂ ਵਿਚ  ਨੱਚਿਆ ਕੁੱਦਿਆ ਹੈ ਸਾਡੇ ਵੀ ਤੂੰ ਤੇਰੇ ਵਿਆਹ ਵਿਚ ਭੰਗੜੇ  ਪੁਆ ਦੇ,  ਨਾਲ ਉਹ ਇਹ ਵੀ ਕਹਿੰਦੇ ਜੇਕਰ ਤੂੰ ਵਿਆਹ ਨਹੀਂ ਕਰਵਾਏਗਾ ਤਾਂ ਤੇਰੇ ਵਾਲੀ ਜਮੀਨ ਉਸ ਦੇ ਭਾਈ ਭਤੀਜੇ ਵਰਤਣਗੇ। ਹੁਣ ਟਹਿਲ ਸਿੰਘ ਸੋਚਣ ਲੱਗ ਪਿਆ ਸੀ ਜੇ ਉਸਨੇ ਜਵਾਨੀ ਵੇਲੇ ਵਿਆਹ ਕਰਵਾਇਆ ਹੁੰਦਾ ਤਾਂ ਉਸਦੇ ਘਰ ਨੂੰ ਸਾਂਭਣ ਵਾਲਾ ਵੀ ਅੱਜ ਕੋਈ ਨਾ ਕੋਈ ਹੁੰਦਾ। ਅਤੇ ਆਪਣੇ ਦੋਸਤਾਂ ਦੇ ਵਾਂਗ ਉਸਦੇ ਵੀ ਆਪਣੇ ਧੀਆਂ ਪੁੱਤਰਾਂ ਵਾਲਾ ਹੁੰਦਾ।

ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਕਹਿਣ ਤੇ ਟਹਿਲ ਸਿੰਘ ਮੰਨ ਗਿਆ ਅਤੇ ਹੁਣ ਸਾਰੇ ਟਹਿਲ ਸਿੰਘ ਲਈ ਜੀਵਣ ਸਾਥੀ ਲੱਭਣ ਲੱਗ ਪਏ। ਪਰ ਇਸ ਉਮਰ ਵਿੱਚ ਟਹਿਲ ਸਿੰਘ ਲਈ ਜੀਵਨ ਸਾਥੀ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਕਿਉਂਕਿ ਉਸ ਦੀ ਉਮਰ 52 ਸਾਲ ਤੋਂ ਉੱਪਰ ਹੋ ਚੁੱਕੀ ਸੀ। ਵਿਚੋਲਿਆ ਅਤੇ ਰਿਸਤੇਦਾਰਾ ਨੇ ਬਥੇਰੀਆਂ ਜੁੱਤੀਆਂ ਘਸਾਈਆਂ। ਆਖਰਕਾਰ ਉਤਰ ਪ੍ਰਦੇਸ਼ ਦਾ ਇੱਕ ਪਰਿਵਾਰ ਆਪਣੇ ਵਿਧਵਾ ਲੜਕੀ ਦੇ ਵਿਆਹ ਲਈ ਤਿਆਰ ਹੋ ਗਿਆ ਜਿਸ ਦੀ ਉਮਰ 43 ਕੁ ਸਾਲ ਸੀ ਅਤੇ ਉਸ ਕੋਲ ਇੱਕ 13 ਸਾਲ ਦੀ ਬੇਟੀ ਸੀ। ਪਹਿਲਾਂ ਤਾਂ ਟਹਿਲ ਸਿੰਘ ਇਸ ਪ੍ਰਤੀ ਨਾਂਹ ਨੁੱਕਰ ਕਰਦਾ ਰਿਹਾ ਪਰ ਬਾਅਦ ਵਿੱਚ ਰਾਜ਼ੀ ਹੋ ਗਿਆ। ਪਰੰਤੂ ਟਹਿਲ ਸਿੰਘ ਦੇ ਭਰਾ ਅਤੇ ਭਰਜਾਈਆਂ ਇਹ ਸੁਣ ਕੇ ਹੱਕੀਆਂ ਬੱਕੀਆਂ ਰਹਿ ਗਈਆਂ ਅਤੇ ਇਸ ਰਿਸ਼ਤੇ ਬਾਰੇ ਭਾਨੀ ਮਾਰਨ ਲੱਗ ਪਈਆਂ ਕਿਉਂਕਿ ਟਹਿਲ ਸਿੰਘ ਦੀ ਜ਼ਮੀਨ  ਉਹਨਾਂ ਦੇ ਹੱਥੋਂ ਖਿਸਕਦੀ ਨਜ਼ਰ ਆ ਰਹੀ ਸੀ। ਹੁਣ ਟਹਿਲ ਸਿੰਘ ਨੂੰ ਵੀ ਸਮਝ ਆ ਰਹੀ ਸੀ ਅਤੇ ਉਹ ਆਪਣੇ ਚਾਰ ਪੰਜ ਰਿਸ਼ਤੇਦਾਰਾਂ ਨੂੰ ਨਾਲ ਉੱਤਰ ਪ੍ਰਦੇਸ ਲਿਜਾ ਕੇ ਆਨੰਦ ਕਾਰਜ ਕਰਵਾ ਕੇ ਆਪਣੀ ਪਤਨੀ ਜਗਮੋਹਣ ਕੌਰ ਨੂੰ ਨਾਲ ਆਪਣੇ ਘਰ ਲੈ  ਆਇਆ।

ਇਧਰ ਟਹਿਲ ਸਿੰਘ ਦੋਸਤਾਂ ਨੇ ਉਸਦੇ ਵਿਆਹ ਦੀ ਖੁਸ਼ੀ ਵਿੱਚ ਟਹਿਲ ਸਿੰਘ ਦੇ ਘਰ ਇਕ ਰਾਤ ਦੀ ਪਾਰਟੀ ਰੱਖੀ ਸੀ ਜਿਸ ਵਿੱਚ ਟਹਿਲ ਸਿੰਘ ਦੇ ਸਾਕ-ਸੰਬੰਧੀ, ਰਿਸ਼ਤੇਦਾਰ ਅਤੇ ਪਿੰਡ ਵਾਲੇ ਸੱਦੇ ਗਏ। ਟਹਿਲ ਸਿੰਘ ਆਪਣੀ ਵਹੁਟੀ ਨਾਲ ਘਰੇ ਵਾਪਸ ਆਉਂਦਾ ਹੈ ਅਤੇ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ । ਸਟੇਜ ਤੇ ਡੀ.ਜੇ. ਵਾਲਾ ਬਦਲ ਬਦਲ ਕੇ ਗੀਤ ਲਗਾਉਂਦਾ ਹੈ ਪਰ ਨੱਚਣ ਲਈ ਕੋਈ ਅੱਗੇ ਨਹੀਂ ਆ ਰਿਹਾ ਸੀ । ਡੀ.ਜੇ. ਵਾਲੇ ਨੇ ਅਨਾਊਸਮੈਂਟ ਕੀਤੀ ਕਿ ਮੁੰਡੇ ਦੇ ਯਾਰ-ਦੋਸਤ ਹੀ ਆ ਕੇ ਭੰਗੜਾ ਪਾ ਲੈਣ। ਬਸ ਫੇਰ ਟਹਿਲ ਸਿੰਘ ਦੇ ਜੁੰਡੀ ਦੇ ਯਾਰ ਭੰਗੜਾ ਪਾਉਣ ਲਈ ਸਟੇਜ ਦੇ ਅੱਗੇ ਆ ਗਏ, ਉਹਨਾਂ ਨੂੰ ਵੇਖ ਕੇ ਡੀ.ਜੇ.  ਵਾਲੇ ਨੇ ਸੋਚਿਆ ਕਿ ਮੁੰਡੇ ਦੇ ਦੋਸਤ ਤਾਂ ਬਾਅਦ ਵਿਚ ਨੱਚਣਗੇ ਪਹਿਲਾ ਇਨਾਮ ਬਜੁਰਗਾਂ ਤੋਂ ਹੇ ਸਰੂਆਤ ਕੀਤੀ ਜਾਵੇ ਅਤੇ ਗੁਰਦਾਸ ਮਾਨ ਦਾ ਗੀਤ ਲਗਇਆ ਗਿਆ "ਆ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ", ਦੋਸਤਾਂ ਨੇ ਖਾਧੀ ਪੀਤੀ ਦੇ ਵਿੱਚ ਵਿਆਹ ਦੇ ਵਿੱਚ ਭੰਗੜਾ ਪਾ ਕੇ ਚਾਰ ਚੰਨ ਲਗਾ ਦਿੱਤੇ। 52-53 ਸਾਲਾਂ ਦੇ ਭੰਗੜਾ ਪਾਉਂਦੇ ਲੰਮੀਆਂ ਦਾੜੀਆਂ ਵਾਲੇ ਦੋਸਤ ਬਹੁਤ ਸੋਹਣੇ ਲੱਗ ਰਹੇ ਸਨ  ਆਪਣੇ ਯਾਰ ਦੇ ਵਿਆਹ ਦੇ ਵਿੱਚ ਖੁਸ਼ੀ ਮਨਾ ਰਹੇ ਸਨ ਅਤੇ ਬਾਰ ਬਾਰ ਡੀ.ਜੇ.  ਵਾਲੇ  ਤੋਂ ਇਹੀ ਗਾਣਾ ਲਗਵਾ ਰਹੇ ਸੀ ਕੀ ਬਾਬੇ ਭੰਗੜਾ ਪਾਉਂਦੇ ਨੇ ਅਤੇ ਆਪਣੇ ਯਾਰ ਦੇ ਬਿਆਹ ਦੇ ਵਿਚ ਖੁਸ਼ੀ ਮਨਾਉਂਦੇ ਨੇ। ਇਸੇ ਤਰ੍ਹਾਂ ਟਹਿਲ ਸਿੰਘ ਤੇ ਭਰਾ ਭਰਜਾਈ ਅਤੇ ਭਤੀਜੇ ਵਿਆਹ ਤੋਂ ਨਾਖੁਸ਼ ਹੋ ਕੇ ਚੁੱਪ-ਚੁਪੀਤੇ ਬੈਠੇ ਸਨ। ਟਹਿਲ ਸਿੰਘ ਦੇ ਘਰ ਨੂੰ ਸਾਂਭਣ ਲਈ ਆ ਕੇ ਰੋਟੀ ਟੁੱਕ ਕਰਨ ਲਈ ਉਸ ਦੀ ਪਤਨੀ ਜਗਮੋਹਣ ਕੌਰ ਆ ਗਈ, ਉਸ ਦੀ ਬੇਟੀ ਨੂੰ ਸਕੂਲ ਵਿੱਚ ਪੜ੍ਹਨ ਲਾ ਦਿੱਤਾ ਅਤੇ ਇੱਕ ਸਾਲ ਬਾਅਦ ਟਹਿਲ ਸਿੰਘ ਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ। ਇਸ ਤਰ੍ਹਾਂ ਟਹਿਲ ਸਿੰਘ ਵੀ ਘਰ ਗਰਿਸਤੀ ਵਾਲਾ ਹੋ ਗਿਆ ਅਤੇ ਇੱਕ ਆਮ ਇਨਸਾਨ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨ ਲੱਗਿਆ।

ਜਸਪਾਲ ਸਿੰਘ  ਸਨੌਰ (ਪਟਿਆਲਾ) ਮੋਬਾਈਲ 6284347188

ਪੀ.ਐਚ.ਡੀ. ਵਾਲਿਆਂ ਨੂੰ ਪੜ੍ਹਨੇ ਪਾਉਣ ਵਾਲਾ ਬੁੱਧ  ਸਿੰਘ ਨੀਲੋਂ ✍️ ਰਮੇਸ਼ਵਰ ਸਿੰਘ

ਪੰਜਾਬੀ ਸਾਹਿਤ ਤੇ ਪੱਤਰਕਾਰੀ ਦੇ ਵਿੱਚ  ਬਹੁਤ  ਲੋਕ ਕਲਮਾਂ ਘਸਾ ਰਹੇ ਹਨ, ਤੇ ਕਿਤਾਬਾਂ  ਛਪਵਾ ਰਹੇ ਹਨ। ਪੱਲਿਓ ਪੈਸੇ ਦੇ ਕੇ ਕਿਤਾਬਾਂ ਛਪਵਾ ਕੇ ਆਪਣੀ ਆਪੇ ਹੀ ਚਰਚਾ ਕਰਵਾਉਂਦੇ ਹਨ। ਸ਼ਾਇਦ ਇਹ  ਪਹਿਲਾ ਲੇਖਕ ਹੈ ਜਿਸ ਦੀ ਅਜੇਂ ਕਿਤਾਬ ਵੀ ਨਹੀਂ  ਛਪੀ ਪਰ ਚਰਚਾ ਏਨੀ ਹੈ ਕਿ ਜਿਥੇ ਵੀ ਚਾਰ ਪੰਜਾਬੀ ਜੁੜਦੇ ਹਨ ਤਾਂ  ਬੁੱਧ  ਬੋਲ,  ਬੁੱਧ  ਚਿੰਤਨ  ਤੇ ਇਲਤੀ ਬਾਬਾ  ਦੀ ਗੱਲ ਹੁੰਦੀ  ਹੈ। ਉਹ  ਨਾ ਕਾਲਜ ਪੜ੍ਹਿਆ ਹੈ ਤੇ ਨਾ ਯੂਨੀਵਰਸਿਟੀ ਪੜ੍ਹਿਆ ਹੈ ਪਰ ਉਹ  ਸਾਹਿਤ  ਤੇ ਸਮਾਜ  ਨੂੰ ਏਨਾ ਪੜ੍ਹ ਗਿਆ  ਹੈ ਕਿ ਹਰ ਵਿਸ਼ੇ 'ਤੇ ਖੋਜ ਕਰਕੇ  ਲਿਖਣ ਦਾ ਮਾਹਿਰ ਬਣ ਗਿਆ  ਹੈ।  
ਪੰਜਾਬੀ ਭਾਸ਼ਾ , ਸਾਹਿਤ  ਤੇ ਸੱਭਿਆਚਾਰ  ਦੇ ਵਿੱਚ ਹੁੰਦੀਆਂ ਤੇ ਹੋਈਆਂ  ਜਾਅਲੀ ਡਿਗਰੀਆਂ ਦਾ ਪਰਦਾ  ਜਦੋਂ  ਉਸ  ਨੇ ਚੁੱਕਿਆ ਸੀ ਤੇ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਵਿੱਚ  ਭੁਚਾਲ  ਆ ਗਿਆ  ਸੀ। ਉਸ ਨੇ ਪੰਜਾਬੀ ਸਿੱਖਿਆ ਦੇ ਤੇ ਪੰਜਾਬੀ ਸਾਹਿਤ ਦੇ ਅਖੌਤੀ  ਬਣੇ ਡਾਕਟਰਾਂ ਦਾ ਅੰਦਰਲਾ ਸੱਚ ਲੋਕਾਂ ਦੇ ਸਾਹਮਣੇ ਰੱਖਿਆ । 


 ਇਹ  ਸ਼ਖਸ ਬਹੁਤ ਹੀ ਸਧਾਰਨ ਪਰਵਾਰ ਦੇ ਵਿੱਚ  ਜੰਮਿਆ  ਪਲਿਆ। ਅੱਠਵੀਂ ਵਿੱਚ  ਪੜ੍ਹਦੇ ਨੂੰ  ਸਕੂਲੋੰ ਹਟਾ ਕੇ ਸੀਰੀ ਰਲਾ ਦਿੱਤਾ ।  ਪਰ ਪ੍ਰਾਈਵੇਟ ਪੇਪਰ ਦੇ ਕੇ ਅੱਠਵੀਂ ਕਰਕੇ  ਫੇਰ ਸਕੂਲ ਪੜ੍ਹਨ  ਲੱਗ ਗਿਆ ।  ਦਸਵੀਂ ਦੇ ਵਿੱਚ  ਪੜ੍ਹਦਾ ਲੁਧਿਆਣੇ ਹਰ ਛੁੱਟੀ ਨੂੰ  ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ।  ਉਹ ਹਾਇਰ ਸੈਕੰਡਰੀ ਤੱਕ ਹੀ ਪੜ੍ਹ  ਸਕਿਆ । ਘਰ ਦੀ ਆਰਥਿਕ  ਤੰਗੀ ਨੇ ਉਸ ਦੇ ਪੜ੍ਹਨ ਦੇ ਚਾਅ ਪੂਰੇ ਨਾ ਹੋਣ ਦਿੱਤੇ। ਫੈਕਟਰੀਆਂ ਦੇ ਵਿੱਚ  ਕੰਮ ਕੀਤਾ  ਤੇ ਫੇਰ ਅਖਬਾਰ ਦੇ ਵਿੱਚ  ਬਤੌਰ ਪਰੂਫ ਰੀਡਰ ਲੱਗ ਗਿਆ । ਰੋਜ਼ਾਨਾ ਅੱਜ ਦੀ ਆਵਾਜ਼ ,  ਨਵਾਂ ਜਮਾਨਾ, ਅਕਾਲੀ ਪੱਤ੍ਰਿਕਾ  ਦੇ ਵਿੱਚ  ਕਈ ਵਰੇ ਸੰਪਾਦਕੀ ਬੋਰਡ ਵਿੱਚ  ਸੇਵਾਵਾਂ  ਨਿਭਾਉਂਦਾ ਰਿਹਾ।
ਪਿੰਡ ਨੀਲੋੰ ਕਲਾਂ ਜਿਲ੍ਹਾ  ਲੁਧਿਆਣਾ ਦਾ ਜੰਮਿਆ  ਬੁੱਧ  ਸਿੰਘ  ਨੀਲੋੰ ਹੁਣ ਲੁਧਿਆਣਾ ਵਿੱਚ  ਪੰਜਾਬੀ ਭਵਨ  ਦੇ ਰਹਿੰਦਾ ਹੈ।
ਪੰਜਾਬੀ ਦੀ ਕੋਈ  ਅਖਬਾਰ ਤੇ ਸਾਹਿਤਕ  ਮੈਗਜੀਨ  ਅਜਿਹਾ ਨਹੀ ਜਿਥੇ ਉਸ ਦੇ ਲੇਖ ਤੇ ਕਵਿਤਾਵਾਂ ਨਾ ਛਪੀਆਂ ਹੋਣ।  1983 ਦੇ ਵਿੱਚ  ਪੰਜਾਬੀ ਟ੍ਰਿਬਿਊਨ ਦੇ ਵਿੱਚ  ਲਗਾਤਾਰ ਛਪਣ ਲੱਗਿਆ । ਇਲਾਕੇ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਨਾਲ ਜੁੜਿਆ ਹੀ ਨਹੀਂ  ਰਿਹਾ ਸਗੋ ਪਿੰਡ  ਵਿੱਚ  ਹਰ ਸਾਲ ਸਾਹਿਤਕ  ਸਮਾਗਮ ਤੇ ਨਾਟਕ ਕਰਵਾਉਂਦਾ ਰਿਹਾ। ਅਨੇਕ ਨੌਜਵਾਨਾਂ ਨੂੰ  ਪੱਤਰਕਾਰਤਾ ਦੇ ਨਾਲ ਜੋੜਿਆ । ਖਬਰ ਲਿਖਣ ਦੇ ਗੁਰ ਦੱਸੇ।
 ਉਸ ਦੇ ਕੋਲ ਕੋਈ ਡਿਗਰੀ ਨਾ ਹੋਣ ਕਰਕੇ  ਸਰਕਾਰੀ  ਨੌਕਰੀ ਨਹੀਂ  ਕਰ ਸਕਿਆ ।  ਪੰਜਾਬੀ ਦੇ ਅਨੇਕ ਸਾਹਿਤਕ ਤੇ ਰਾਜਨੀਤਿਕ  ਮੈਗਜ਼ੀਨ ਦਾ ਕਾਲਮ ਨਵੀਸ ਰਿਹਾ। 
ਹੁਣ ਪਿਛਲੇ ਤੇਈ ਵਰਿਆਂ ਤੋਂ  ਪੰਜਾਬੀ ਸਾਹਿਤ  ਅਕਾਦਮੀ ਪੰਜਾਬੀ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਦੇ ਵਿੱਚ  ਸਹਾਇਕ ਵਜੋਂ  ਸੇਵਾਵਾਂ ਨਿਭਾਉਂਦਾ ਰਿਹਾ।  ਲਾਇਬ੍ਰੇਰੀ ਦੀਆਂ ਸੇਵਾਵਾਂ ਵੇਲੇ  ਉਸ  ਨੇ ਕਿਤਾਬਾਂ ਤੇ  ਅੈਮ.ਏ. ਅੈਮ.ਫਿਲ.ਪੀ.ਐਚ.ਡੀ ਤੇ ਡੀ. ਲਿਟ ਦੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਤੇ ਹਰ ਵਿਧਾ ਦੀਆਂ  ਕਿਤਾਬਾਂ  ਨੂੰ ਘੋਲ ਕੇ ਪੀ ਗਿਆ ।  
ਜਦੋਂ  ਉਸ ਨੇ ਪੀ.ਐਚ.ਡੀ. ਦੇ ਥੀਸਿਸ  ਪੜ੍ਹਨੇ ਸ਼ੁਰੂ ਕੀਤੇ ਤਾਂ  ਇਹਨਾਂ ਦੇ ਵਿੱਚ  ਹੋਈਆਂ  ਗੜਬੜਾਂ ਤੋਂ  ਪਰਦੇ ਚੁੱਕਿਆ  ਤੇ ਉਹ  ਦੀ ਚਰਚਾ  ਯੂਨੀਵਰਸਿਟੀਆਂ ਤੇ ਖੋਜਾਰਥੀਆਂ ਦੇ ਵਿੱਚ  ਹੋਣ ਲੱਗੀ ।ਉਸ ਨੇ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਹੋਏ ਥੀਸਿਸਾਂ ਦੀਆਂ  ਨਕਲਾਂ ਨੂੰ  ਸਬੂਤਾਂ ਸਮੇਤ ਅਖਬਾਰਾਂ ਦੇ ਵਿੱਚ  ਛਾਪਣ ਦਾ ਹੌਸਲਾ  ਕੀਤਾ । ਇਸ ਦੇ ਨਾਲ  ਉਸ ਦੀ ਚਰਚਾ ਤਾਂ  ਬਹੁਤ  ਹੋ ਗਈ ਪਰ ਉਸ ਨੂੰ  ਧਮਕੀਆਂ ਤੇ ਫਾਕੇ ਝੱਲਣੇ ਪਏ।  ਨੌਕਰੀ ਵੀ ਗਵਾਈ  ਪਰ ਉਸ ਨੇ ਆਪਣਾ ਖੋਜ ਦਾ ਕੰਮ ਨਾ ਛੱਡਿਆ। ਉਸ ਨੇ ਹੁਣ ਤੱਕ  ਪੰਜਾਬ , ਹਰਿਆਣਾ , ਦਿੱਲੀ  , ਚੰਡੀਗੜ੍ਹ  ਤੇ ਜੰਮੂ ਦੀਆਂ  ਯੂਨੀਵਰਸਿਟੀਆਂ ਦੇ ਵਿੱਚ ਹੋਏ ਸਾਰੇ ਨਹੀਂ  ਵੱਡੀ ਗਿਣਤੀ ਦੇ ਵਿੱਚ  ਥੀਸਿਸ ਪੜ੍ਹ  ਕੇ ਉਸਦਾ ਪਰਦਾ ਚਾਕ ਕੀਤਾ ।
ਉਸਨੇ ਪੰਜਾਬੀ ਦੇ ਲੋਕ ਕਵੀ ਤੇ ਕਵੀਸ਼ਰ ਬਾਬੂ ਰਜਬ ਅਲੀ ਦੀ ਪੁਸਤਕ  "" ਕਲਾਮ  ਬਾਬੂ  ਰਜਬ ਅਲੀ " 2009 ਦੇ ਵਿੱਚ  ਸੰਪਾਦਿਤ ਕੀਤੀ ।  ਜਿਸ ਦੇ ਹੁਣ ਤੱਕ ਪੰਜ ਅੈਡੀਸ਼ਨ ਆ ਚੁੱਕੇ ਹਨ। ਇਸ ਤੋਂ  ਬਿਨਾਂ ਸੱਤ ਕਿਤਾਬਾਂ  ਅਨੁਵਾਦ  ਕੀਤੀਆਂ  ਹਨ।  ਉਸ ਨੇ ਪੰਜਾਬ ਦੇ ਬਾਰੇ ਖੋਜ ਪੁਸਤਕ  " ਪੰਜਾਬ ਦੀ ਤਸਵੀਰ "  ਹੈ ਜਿਸ ਦੇ ਵੀ ਹੁਣ ਤਿੰਨ  ਅੈਡੀਸ਼ਨ ਆ ਚੁੱਕੇ ਹਨ। ਉਸਦੀ ਪੰਜਾਬੀ ਸਾਹਿਤ  ਤੇ ਯੂਨੀਵਰਸਿਟੀਆਂ ਦੇ ਵਿੱਚ  ਹੁੰਦੀ  ਘਪਲੇਬਾਜ਼ੀ ਦਾ ਪਰਦਾ ਚੁੱਕਦੀ ਪੁਸਤਕ  " ਪੰਜਾਬੀ ਸਾਹਿਤ ਦਾ ਮਾਫੀਆ " ਛਪ ਰਹੀ ਹੈ।  ਇਸ  ਕਿਤਾਬ ਦੀ ਹਰ ਕੋਈ ਬੇਸਬਰੀ ਦੇ ਨਾਲ ਉਡੀਕ  ਕਰ ਰਿਹਾ ਹੈ।
  ਉਸ ਦੇ ਕੋਲ ਕੋਈ  ਡਿਗਰੀ ਨਹੀਂ  ਪਰ ਉਸ ਨੇ ਅਨੇਕਾਂ  ਨੂੰ  ਡਿਗਰੀਆਂ ਤੇ ਨੌਕਰੀਆਂ  ਦਿਵਾਈਆਂ ਹਨ। 
ਹੁਣ ਵੀ ਉਹ  ਸੋਸ਼ਲ ਮੀਡੀਆ ਤੇ ਸਭ ਤੋਂ  ਵੱਧ ਲਿਖ ਰਿਹਾ ਹੈ। ਉਸਦੇ  ਨਾਲ ਟੀਵੀ  ਤੇ ਰੇਡੀਓ ਵਾਲੇ ਅਨੇਕਾਂ ਵਾਰ ਪੀਅੈਚ.ਡੀ. ਦੇ ਬਾਰੇ ਗੱਲਬਾਤ ਕਰ ਚੁੱਕੇ ਹਨ ਤੇ ਹੁਣ ਵੀ ਉਹ ਦੇਸ਼ ਵਿਦੇਸ਼ ਦੇ ਕਿਸੇ ਰੇਡੀਓ ਤੇ ਇਹਨਾਂ ਨਕਲੀ ਡਾਕਟਰਾਂ ਦੇ ਬੱਖੀਏ ਉਧੇੜਦਾ ਹੈ। 
ਉਸ ਨੂੰ  ਲਾਇਬ੍ਰੇਰੀ ਦੇ ਨਾਲ ਏਨਾ ਪਿਆਰ  ਹੋ ਗਿਆ ਸੀ ਕਿ ਉਹ ਲਾਇਬ੍ਰੇਰੀ ਦੀਆਂ  ਕਿਤਾਬਾਂ ਤੇ ਥੀਸਿਸ ਦੇ ਬਾਰੇ ਏਨਾ ਜਾਣਦਾ ਸੀ ਕਿ ਘਰੇ ਬੈਠਾ ਵੀ ਕਿਸੇ ਨੂੰ  ਲਾਇਬ੍ਰੇਰੀ ਦੇ ਵਿੱਚ  ਪਈਆਂ ਕਿਤਾਬਾਂ  ਬਾਰੇ ਦੱਸ ਸਕਦਾ ਸੀ।  ਹੁਣ ਉਸ  ਨੂੰ  ਨਿੱਤ ਖੋਜ ਕਰਨ ਵਾਲਿਆਂ ਦੇ ਹੀ ਨਹੀਂ  ਸਗੋਂ  ਉਸ ਦੀਆਂ  ਲਿਖਤਾਂ ਦੇ ਪਾਠਕਾਂ ਦੇ ਤੇ ਪੰਜਾਬੀ ਨੂੰ  ਪਿਆਰ ਕਰਨ ਵਾਲਿਆਂ ਦੇ ਫੋਨ ਆਉਦੇ ਹਨ। 
ਉਸ ਦੇ ਹੁਣ ਤੱਕ ਕੀਤੇ ਖੋਜ ਕਾਰਜ ਦਾ ਕਿਸੇ ਸੰਸਥਾ ਨੇ ਮੁੱਲ  ਨਹੀਂ  ਪਾਇਆ । ਇਹ ਖੋਜੀ ਲੇਖਕ  ਹਰ ਲੇਖ ਦੇ ਵਿੱਚ  ਹਰ ਦਿਨ ਨਵੀਆਂ  ਗੱਲਾਂ ਕਰਦਾ ਹੈ। ਪੰਜਾਬੀ ਦੇ ਕਈ ਅਖਬਾਰਾਂ ਦੀਆਂ ਸੰਪਾਦਕੀਆਂ ਵੀ ਲਿਖਦਾ ਹੈ।  ਉਸਦੇ ਕੋਲ ਬਹੁਤ ਲੋਕਾਂ ਦੀਆਂ  ਚਲਾਕੀਆਂ ਦੇ ਕਿੱਸੇ ਹਨ। ਕਿਸ ਨੇ ਕਿਸ ਦੇ ਥੀਸਿਸ ਤੇ ਕਿਤਾਬ  ਦੀ ਨਕਲ ਮਾਰੀ ਹੈ ਸਭ ਦਾ ਪਤਾ ਹੈ।
 ਹੁਣ ਲੁਧਿਆਣਾ ਤੋਂ  ਛਪਦੇ ਰੋਜ਼ਾਨਾ  ਪਹਿਰੇਦਾਰ ਤੇ ਰੋਜ਼ਾਨਾ  ਜੁਝਾਰ ਟਾਈਮਜ਼  ਦਾ ਸੀਨੀਅਰ ਸਬ ਅੈਡੀਟਰ ਵਜੋਂ  ਸੇਵਾਵਾਂ  ਨਿਭਾਉਂਦਾ ਰਿਹਾ  ਤੇ ਅੱਜਕੱਲ੍ਹ  ਰੋਜ਼ਾਨਾ  ਪ੍ਰਾਈਮ ਉਦੇ ਦਾ ਸਮਾਚਾਰ  ਸੰਪਾਦਕ  ਹੈ।  ਰੋਜ਼ਾਨਾ  ਸੰਪਾਦਕੀ ਤੇ ਬੁੱਧ  ਬੋਲ ,  ਤਾਇਆ ਬਿਸ਼ਨਾ,  ਪਿਆਜ ਦੇ ਛਿਲਕੇ, ਇਲਤੀਨਾਮਾ ਤੇ ਬੁੱਧ  ਚਿੰਤਨ  ਅਜਿਹੇ ਕਾਲਮ ਲਿਖਦਾ ਹੈ।
  ਆਪਣੀ  ਪਤਨੀ ਬਲਜੀਤ ਕੌਰ  ਤੇ ਬੇਟੇ ਗੌਰਵਦੀਪ ਸਿੰਘ  (ਦੀਪ ਸਾਹਨੀ) ਦੇ ਨਾਲ  ਬਹੁਤ ਹੀ ਸਧਾਰਨ  ਜ਼ਿੰਦਗੀ  ਜੀਅ ਰਿਹਾ ਹੈ। 
ਇਹ  ਸੱਚ ਮੁੱਚ ਦਾ ਪ੍ਰਲੋਤਾਰੀ ਹੈ।  ਜਿਹੜਾ  ਸਮਾਜ ਦੇ ਵਿੱਚ  ਵੱਧ ਰਹੇ ਸਾਹਿਤਕ ਪ੍ਰਦੂਸ਼ਣ ਨੂੰ  ਸਾਫ ਕਰਨ ਦਾ ਯਤਨ ਕਰਦਾ ਹੈ।  ਉਹ ਹੈ ਕੀ ਹੈ , ਉਸਦਾ ਪਤਾ ਨਹੀਂ ...?  
ਬਹੁਤੇ  ਲੋਕਾਂ ਨੂੰ  ਇਹ  ਭੁਲੇਖਾ ਹੈ ਕਿ ਉਹ  ਕਿਸੇ ਯੂਨੀਵਰਸਿਟੀ  ਜਾਂ  ਕਾਲਜ ਦੇ ਵਿੱਚ  ਪ੍ਰੋਫੈਸਰ  ਹੈ ਪਰ ਉਹ  ਤੇ ਇਕ ਕਲਮ ਦਾ ਮਜ਼ਦੂਰ  ਹੈ।ਮਜ਼ਦੂਰੀ ਕਰਦਾ ਹੈ ਤੇ ਲਿਖਣ  ਪੜ੍ਹਨ  ਦਾ ਫਰਜ਼ ਹੈ  ਜੋ ਆਪਣੇ  ਹਿੱਸੇ ਦਾ ਫਰਜ਼  ਨਿਭਾ ਰਿਹਾ ਹੈ।  ਉਸਨੂੰ  ਪਤਾ ਹੈ ਕੀ ਲਿਖਣਾ, ਹੈ ਤੇ ਕਿਵੇਂ  ਲਿਖਣਾ ਹੈ ਕੀਹਨਾ ਦੇ ਲਈ  ਲਿਖਣਾ ਤੇ ਉਸ ਨੂੰ  ਲਿਖਣ ਦੀ ਕਿਉਂ  ਲੋੜ  ਹੈ? ਦਾ ਗਿਆਨ  ਹੈ।
 ਜਿਵੇਂ  ਪਹਾੜਾਂ ਤੋਂ  ਟੁੱਟ ਕੇ ਧਰਤੀ  ਤੱਕ ਪੁਜਦਾ ਪੱਥਰ  ਗੋਲ ਹੋ ਜਾਂਦਾ  ਹੈ।  ਬਸ ਏਹੀ ਉਸਦੇ ਨਾਲ ਹੋਇਆ ਹੈ । ਸਮਾਜ ਦੇ ਵਿੱਚ  ਵਿਚਰਦਿਆਂ ਉਹ  ਗੋਲ ਨਹੀਂ  ਸਗੋਂ  ਤਿਕੋਣਾ ਬਣ ਗਿਆ  ਹੈ ਜਿਸ ਦੀਆਂ  ਲਿਖਤਾਂ  ਅਖੌਤੀ  ਵਿਦਵਾਨਾਂ  ਤੇ ਅਲੇਖਕਾਂ ਨੂੰ  ਤਾਂ  ਚੁੱਭਦੀਆਂ ਪਰ ਪੰਜਾਬੀ  ਮਾਂ ਬੋਲੀ ਨੂੰ  ਪਿਆਰ  ਕਰਨ ਵਾਲਿਆਂ  ਨੂੰ  ਬਹੁਤ  ਚੰਗੀਆਂ ਲੱਗਦੀਆਂ  ਹਨ। ਉਸ ਦੇ ਬਹੁਤ ਦੁਸ਼ਮਣ  ਹਨ, ਤੇ ਬਹੁਤ  ਪ੍ਰਸੰਸਕ ਹਨ।
  ਉਸ ਦੀਆਂ  ਲਿਖਤਾਂ ਨੂੰ  ਸੋਸ਼ਲ ਮੀਡੀਆ ਤੇ ਪਾਠਕ ਹਰ ਰੋਜ਼  ਉਡੀਕ ਦੇ ਹਨ। 
 ਉਸਦੇ ਬਾਰੇ ਮੈਨੂੰ ਏਨਾ ਕੁ ਪਤਾ  ਲੱਗਿਆ  ਹੈ ਪਰ ਉਹ  ਹੈ ? ਕੀ ਕਦੋਂ  ਪੜ੍ਹਦਾ ਤੇ ਲਿਖਦਾ..ਉਸ ਨੂੰ  ਹੀ ਪਤਾ ਹੈ  ਕਿ ਉਹ ਕੀ ਹੈ?...ਪਰ ਉਹ ਕਹਿੰਦਾ  ਮੈਂ  ਕੀ ਹਾਂ  ਤੇ ਕਿਉਂ  ਹਾਂ ਮੈਨੂੰ  ਵੀ ਪਤਾ ਨਹੀਂ ।  ਪਰ ਇਹ  ਸੱਚਮੁੱਚ ਦਾ ਪੰਜਾਬੀ ਸਾਹਿਤ  ਤੇ ਸਮਾਜ ਨੂੰ  ਮੁਹੱਬਤ ਕਰਨ ਵਾਲਾ ਉਹ ਕਲਮ ਦਾ ਯੋਧਾ  ਹੈ ਜਿਹੜਾ  ਬਿਨਾਂ  ਕਿਸੇ ਡਰ ਦੇ ਪੰਜਾਬੀ ਸਾਹਿਤ  ਦੇ ਨਿਵੇਕਲੀਆਂ ਉਹ ਪੈੜਾਂ  ਪਾ ਰਿਹਾ ਹੈ ਜੋ ਸਦਾ ਰਹਿਣਗੀਆਂ।
  ਉਸਦੇ ਨਾਲ ਕਿਸੇ ਵੀ ਵਿਸ਼ੇ ਤੇ ਤੁਸੀਂ  ਗੱਲ  ਕਰ ਸਕਦੇ ਹੋ...ਸੰਪਰਕ ਨੂੰ  94643 70823  ਹੈ। 

ਰਮੇਸ਼ਵਰ ਸਿੰਘ ਸੰਪਰਕ- 9914880392

14 ਜਨਵਰੀ,1760 - ਜਨਮ ਦਿਨ ਮਹਾਨ ਅਕਾਲੀ ਬਾਬਾ ਫੂਲਾ ਸਿੰਘ ਜੀ 

 

ਫੂਲਾ ਸਿੰਘ ਅਕਾਲੀ ਇਕ ਖੁੱਦਾਰ, ਸੂਰਵੀਰ ਅਤੇ ਨਿਧੜਕ ਨਿਹੰਗ ਜੱਥੇਦਾਰ ਸਨ, ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਵਿਸਤਾਰ ਵਿਚ ਅਦੁੱਤੀ ਸਹਿਯੋਗ ਦਿੱਤਾ।
ਆਪ ਜੀ ਦਾ ਜਨਮ 14 ਜਨਵਰੀ ਜਾਂ 1 ਜਨਵਰੀ,1760 ਨੂੰ ਸੰਗਰੂਰ ਜ਼ਿਲ੍ਹੇ ਦੇ ਮੂਣਕ ਕਸਬੇ ਤੋਂ ਪੰਜ ਕਿ.ਮੀ. ਪੱਛਮ ਵਾਲੇ ਪਾਸੇ ਸਥਿਤ ਸੀਹਾਂ ਪਿੰਡ ਦੇ ਨਿਵਾਸੀ ਸ. ਈਸ਼ਰ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ।
ਈਸ਼ਰ ਸਿੰਘ ਨਿਸ਼ਾਨਾਂ ਵਾਲੀ ਮਿਸਲ ਦਾ ਇਕ ਬਹਾਦਰ ਯੋਧਾ ਸੀ। ਕਹਿੰਦੇ ਹਨ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ 5 ਫਰਵਰੀ,1762 ਈ. ਨੂੰ ਕੁੱਪ ਰਹੀੜੇ ਦੇ ਮੁਕਾਮ’ਤੇ ਵੱਡੇ ਘੱਲੂਘਾਰੇ ਵਿਚ ਹਜ਼ਾਰਾਂ ਸਿੰਘ ਸ਼ਹੀਦ ਕੀਤੇ, ਉਦੋਂ ਈਸ਼ਰ ਸਿੰਘ ਵੀ ਘਾਇਲ ਹੋਇਆ ਅਤੇ ਜ਼ਖ਼ਮ ਠੀਕ ਨ ਹੋਣ ਕਾਰਣ ਕੁਝ ਸਮੇਂ ਬਾਦ ਗੁਜ਼ਰ ਗਿਆ। ਉਦੋਂ ਫੂਲਾ ਸਿੰਘ ਜੀ ਦੀ ਉਮਰ ਦੋ ਵਰ੍ਹਿਆਂ ਦੇ ਨੇੜੇ ਸੀ। ਮਰਨ ਤੋਂ ਪਹਿਲਾਂ ਈਸ਼ਰ ਸਿੰਘ ਨੇ ਆਪਣੇ ਦੋਹਾਂ ਪੁੱਤਰਾਂ—ਫੂਲਾ ਸਿੰਘ ਅਤੇ ਸੰਤ ਸਿੰਘ ਨੂੰ ਆਪਣੇ ਮਿੱਤਰ ਬਾਬਾ ਨਰੈਣ ਸਿੰਘ (ਨੈਣਾ ਸਿੰਘ) ਦੇ ਸਪੁਰਦ ਕੀਤਾ।
ਧਰਮ ਗ੍ਰੰਥਾਂ ਦੇ ਅਧਿਐਨ ਤੋਂ ਬਾਦ ਫੂਲਾ ਸਿੰਘ ਨੂੰ ਸ਼ਸਤ੍ਰ ਵਿਦਿਆ , ਘੋੜ ਸਵਾਰੀ ਅਤੇ ਜੰਗੀ ਕਰਤਬਾਂ ਦੀ ਸਿਖਲਾਈ ਕਰਾਈ ਗਈ। 14 ਵਰ੍ਹਿਆਂ ਦੀ ਉਮਰ ਵਿਚ ਹੀ ਫੂਲਾ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਗਿਆ। ਆਪ ਨੇ ਆਪਣੀ ਸਾਰੀ ਜਾਇਦਾਦ ਅਤੇ ਘਰ ਬਾਰ ਛੋਟੇ ਭਰਾ ਸੰਤ ਸਿੰਘ ਨੂੰ ਦੇ ਕੇ ਖ਼ੁਦ ਨਿਹੰਗ ਬਣ ਕੇ ਸ਼ਹੀਦਾਂ ਦੀ ਮਿਸਲ ਵਿਚ ਜਾ ਰਲੇ। ਬਾਬਾ ਨਰੈਣ ਸਿੰਘ ਤੋਂ ਅੰਮ੍ਰਿਤ ਪਾਨ ਕਰਕੇ ਅਤੇ ਉਸ ਦੇ ਜੱਥੇ ਵਿਚ ਰਹਿ ਕੇ ਕਈ ਗੁਰਦੁਆਰਿਆਂ ਦੀ ਸੇਵਾ ਕੀਤੀ ਅਤੇ ਜਦੋਂ ਕੋਈ ਅਵਸਰ ਬਣਿਆ, ਲੜਾਈਆਂ ਵਿਚ ਆਪਣੀ ਸੂਰਵੀਰਤਾ ਵੀ ਵਿਖਾਈ।
ਸੰਨ 1800 ਵਿਚ ਬਾਬਾ ਨਰੈਣ ਸਿੰਘ ਦੀ ਮੌਤ ਤੋਂ ਬਾਦ ਆਪਣੇ ਜਥੇ ਦਾ ਜੱਥੇਦਾਰ ਥਾਪਿਆ ਗਿਆ। ਜੱਥੇਦਾਰ ਬਣਨ ਉਪਰੰਤ ਇਹ ਸ੍ਰੀ ਦਰਬਾਰ ਸਾਹਿਬ , ਸ੍ਰੀ ਅਕਾਲ -ਤਖ਼ਤ ਅਤੇ ਪਾਵਨ ਸਰੋਵਰ ਦੀ ਕਾਰ-ਸੇਵਾ ਲਈ ਅੰਮ੍ਰਿਤਸਰ ਪਹੁੰਚੇ ਅਤੇ ਸਥਾਈ ਤੌਰ ’ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਨਿਵਾਸ ਬਣਾ ਲਿਆ। ਇਸ ਦੇ ਡੇਰੇ ਵਾਲੀ ਥਾਂ ਉਤੇ ਹੁਣ ‘ਬੁਰਜ ਬਾਬਾ ਫੂਲਾ ਸਿੰਘ ਅਕਾਲੀ’ (ਛਾਓਣੀ ਨਿਹੰਗਾਂ) ਬਣਿਆ ਹੋਇਆ ਹੈ।
ਜਨਵਰੀ 1802 ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਦੇ ਭੰਗੀ ਸਰਦਾਰ ਉਤੇ ਕੀਤੇ ਹਮਲੇ ਵੇਲੇ ਆਪ ਜੀ ਨੇ ਵਿਚ ਪੈ ਕੇ ਖ਼ੂਨ ਖ਼ਰਾਬਾ ਹੋਣੋਂ ਬਚਾ ਲਿਆ ਅਤੇ ਮਹਾਰਾਜੇ ਦਾ ਅੰਮ੍ਰਿਤਸਰ ਉਪਰ ਸਹਿਜ ਢੰਗ ਨਾਲ ਅਧਿਕਾਰ ਹੋ ਗਿਆ। ਇਸ ਘਟਨਾ ਦੇ ਫਲਸਰੂਪ ਆਪ ਜੀ ਦਾ ਮਾਣ ਸਤਿਕਾਰ ਬਹੁਤ ਵਧਿਆ। ਮਹਾਰਾਜੇ ਦੇ ਕਹੇ ’ਤੇ ਆਪ ਜੀ ਨੇ ਅੰਗ੍ਰੇਜ਼ ਸਫ਼ੀਰ ਮਿ. ਮੈਟਕਾਫ਼ ਦੇ ਨਾਲ ਆਏ ਮੁਸਲਮਾਨ ਸੈਨਿਕਾਂ ਦੁਆਰਾ ਦਰਬਾਰ ਸਾਹਿਬ ਦੇ ਨੇੜਿਓਂ ਮੁਹੱਰਮ ਦੇ ਅਵਸਰ ’ਤੇ ਤਾਜ਼ੀਆ ਕਢਣ ਨਾਲ ਹੋਈ ਅਮਰਯਾਦਾ ਕਾਰਣ ਦੰਡ ਦੇਣਾ ਰੋਕ ਦਿੱਤਾ। ਸ੍ਰੀ ਅੰਮ੍ਰਿਤਸਰ ਦੇ ਨਿਵਾਸ ਦੌਰਾਨ ਆਪ ਜੀ ਨੇ ਹੋਰ ਵੀ ਕਈ ਗੁਰੂ-ਧਾਮਾਂ ਦੀ ਸੇਵਾ ਕੀਤੀ।
ਅਕਾਲੀ ਫ਼ੌਜ ਦੇ ਕਮਾਂਡਰ ਵਜੋਂ ਆਪ ਜੀ  ਨੇ ਮਹਾਰਾਜੇ ਦੀ ਫ਼ੌਜ ਦੀ ਸਹਾਇਤਾ ਕਰਕੇ ਕਸੂਰ , ਮੁਲਤਾਨ , ਕਸ਼ਮੀਰ ਵਿਚ ਅਦੁੱਤੀ ਵੀਰਤਾ ਦਿਖਾਈ ਅਤੇ ਇਨ੍ਹਾਂ ਇਲਾਕਿਆਂ ਨੂੰ ਸਿੱਖ ਰਾਜ ਵਿਚ ਸ਼ਾਮਲ ਕੀਤਾ। ਆਪ ਸਿੱਖ- ਰਾਜ ਦੇ ਸੱਚੇ ਹਿਤੈਸ਼ੀ ਸਨ। ਆਮ ਤੌਰ ’ਤੇ ਆਪ ਜੀ ਫਰੰਗੀਆਂ, ਅਫ਼ਗ਼ਾਨਾਂ, ਡੋਗਰਿਆਂ ਅਤੇ ਵਿਦੇਸ਼ੀ ਕਾਰਿੰਦਿਆਂ ਉਤੇ ਵਿਸ਼ਵਾਸ ਨਹੀਂ ਕਰਦਾ ਸੀ।
ਇਕ ਵਾਰ ਕਿਸੇ ਕਾਰਣ ਮਹਾਰਾਜੇ ਨਾਲ ਨਾਰਾਜ਼ ਹੋ ਕੇ ਆਨੰਦਪੁਰ ਚਲੇ ਗਏ, ਪਰ ਜਦੋਂ ਕੌਮੀ ਕਰਤੱਵ ਨਿਭਾਉਣ ਲਈ ਮਹਾਰਾਜੇ ਨੇ ਸੁਨੇਹਾ ਭੇਜਿਆ, ਤਾਂ ਸਾਰੀ ਨਾਰਾਜ਼ਗੀ ਛਡ ਕੇ ਅੰਮ੍ਰਿਤਸਰ ਸਾਹਿਬ ਪਰਤ ਆਏ।

ਖ਼ਾਲਸਾਈ ਨਿਯਮਾਂ ਦੀ ਰਾਖੀ ਕਰਨ ਵੇਲੇ ਆਪ ਮਹਾਰਾਜੇ ਨੂੰ ਵੀ ਭਰੇ ਦੀਵਾਨ ਵਿਚ ਤਨਖ਼ਾਹ ਲਾਉਣ ਤੋਂ ਸੰਕੋਚ ਨਹੀਂ ਕਰਦੇ ਸੀ। ਆਪ ਨੇ ਆਖ਼ਰੀ ਲੜਾਈ ਨੌਸ਼ਹਿਰੇ ਵਿਚ ਲੜੀ ਅਤੇ ਆਪਣੀ ਅਦੁੱਤੀ ਬਹਾਦਰੀ ਨਾਲ ਹਾਰ ਨੂੰ ਜਿਤ ਵਿਚ ਬਦਲ ਕੇ 14 ਮਾਰਚ, 1823 ਨੂੰ ਇਹ ਮਹਾਨ ਸਿੱਖ ਯੋਧਾ ਵੀਰਗਤੀ ਪ੍ਰਾਪਤ ਕਰਗਿਆ।
ਆਪ ਜੀ ਦੀ ਸਮਾਧ ਨੌਸ਼ਹਿਰੇ ਤੋਂ 6 ਕਿ.ਮੀ. ਦੀ ਵਿਥ ’ਤੇ ਲੁੰਡੇ ਦਰਿਆ (ਕਾਬੁਲ ਨਦੀ) ਦੇ ਕੰਢੇ ਮੌਜੂਦ ਹੈ। ਦੇਸ਼ ਵੰਡ ਤੋਂ ਬਾਦ ਇਹ ਧਰਮ-ਧਾਮ ਪਾਕਿਸਤਾਨ ਵਿਚ ਰਹਿ ਗਿਆ ਹੈ।
ਅਕਾਲੀ ਜੀ ਦੀ ਯਾਦ ਵਿਚ ਪੂਸਾ ਰੋਡ ਦਿੱਲੀ ਵਿਚ ਇਕ ਗੁਰਦੁਆਰਾ ਅਤੇ ਸਕੂਲ ਬਣਾਇਆ ਗਿਆ ਹੈ। ਬਾਬਾ ਜੀ ਦੀ ਬਾਣੀ ਅਤੇ ਬਾਣੇ ਨਾਲ ਬਹੁਤ ਪਿਆਰ ਕਰਦੇ ਸਨ। ਇਹ ਸਚੇ ਅਰਥਾਂ ਵਿਚ ਸੰਤ ਸਿਪਾਹੀ ਸਨ।